(ਸਮਾਜ ਵੀਕਲੀ)- ਮੱਧ-ਯੁੱਗ ‘ਚ ਨਵੇਂ ਰੂਪ ਰਾਹੀਂ ਸਾਮੰਤਵਾਦ ਦੇ ਯੂਰਪ ਦੇ ਕਈ ਵਿਕਸਤ ਦੇਸ਼ਾਂ ਅੰਦਰ ਆਪਣੇ ਪ੍ਰਸਾਰ ਲਈ ਬਸਤੀਵਾਦ ਅਤੇ ਅਗੋਂ ਨਵ ਬਸਤੀਵਾਦ ਨੂੰ ਜਨਮ ਦਿੱਤਾ ਜਿਸ ਨੇ ਗੁਲਾਮਦਾਰੀ ਯੁੱਗ ਵੇਲੇ ਆਪਣੀ ਲੁੱਟ ਲਈ ਪ੍ਰਸਾਰਵਾਦ ਰਾਹੀਂ ਗੁਲਾਮ ਤੇ ਪੱਛੜੇ ਦੇਸ਼ਾਂ-ਅਫ਼ਰੀਕਾ, ਉੱਤਰੀ ਅਤੇ ਦੱਖਣੀ ਅਮਰੀਕਾ ਅਤੇ ਏਸ਼ੀਆ ਅੰਦਰ ਆਪਣੇ ਸਾਮਰਾਜ ਦੀ ਮਜ਼ਬੂਤੀ ਲਈ ਲੋਕਾਂ ‘ਤੇ ਆਪਣੀ ਪਕੜ ਮਜ਼ਬੂਤ ਕਰਨ ਲਈ ਬਹੁਤ ਸਾਰੇ ਅਮਾਨਵੀ ਜ਼ੁਲਮਾਂ ਭਰੇ ਅਤੇ ਬਰਬਰਤਾ ਵਾਲੇ ਢੰਗ-ਤਰੀਕੇ ਵਰਤੇ। ਇਹ ਵਰਤਾਰਾ ਅੱਗੋਂ ਵਿਕਾਸਸ਼ੀਲ ਤੇ ਅਜ਼ਾਦ ਹੋਏ ਦੇਸ਼ਾਂ ਅੰਦਰ ਪੂੰਜੀਵਾਦੀ ਸਰਕਾਰਾਂ ਨੇ, ਵੀ ਖੁਦ ਅਪਣਾ ਲਿਆ। ਹੱਕ ਮੰਗਦੇ ਲੋਕਾਂ ‘ਤੇ ਅੱਜ ਹਾਕਮਾਂ ਵਲੋ ਲੋਕ-ਰੋਹ ਨੂੰ ਦਬਾਉਣ ਲਈ ਹਰ ਤਰ੍ਹਾਂ ਦੇ ਤਸ਼ਦਦ ਕੀਤੇ ਜਾ ਰਹੇ ਹਨ। ਖਾਸ ਤੌਰ ਤੇ ਜਿਨ੍ਹਾਂ ਦੇਸ਼ਾਂ ਅੰਦਰ ਹਾਕਮਾਂ ਨੇ, ਪੂੰਜੀਵਾਦੀ-ਧਾਰਮਿਕ ਭਾਵਨਾ ਦਾ ਲਿਬਾਸ ਪਾਇਆ ਹੋਇਆ ਹੈ। ਉੱਥੇ ਧਰਮ ਦੇ ਨਾਂ ਹੇਠ ਨਿੱਤ ਆਏ ਦਿਨ ਨਵੇਂ-ਨਵੇਂ ਢੰਗਾਂ ਨਾਲ ਨਸਲ, ਰੰਗ-ਭੇਦ ਭਾਵ, ਜਾਤ-ਪਾਤ ‘ਤੇ ਘੱਟ ਗਿਣਤੀਆਂ ਉੱਪਰ ਹਮਲੇ ਹੋ ਰਹੇ ਹਨ। ਗੁਲਾਮੀ ਵੇਲੇ ਅਤੇ ਅੱਜ ਵੀ ‘‘ਭੀੜ-ਰਾਹੀਂ“ ਲੋਕਾਂ ‘ਤੇ ਅਤੇ ਖਾਸ ਕਰਕੇ ਘੱਟ ਗਿਣਤੀ ਫਿਰਕੇ ਦੇ ਲੋਕਾਂ ‘ਤੇ ਹਮਲੇ ਹੋ ਰਹੇ ਹਨ। ਭਾਰਤ ਵਰਗੇ ਦੇਸ਼ ਅੰਦਰ ਹਿੰਦੂਤਵ ਬਹੁ-ਗਿਣਤੀ ਸੋਚ ਵਾਲੀ ਕਾਬਜ਼ ਰਾਜਨੀਤੀ ਵਲੋਂ ਸ਼ਰੇਆਮ ਅਜਿਹੇ ਹਮਲੇ ਹੋ ਰਹੇ ਹਨ ; ਜੋ ਭਾਰਤ ਵਰਗੇ ਲੋਕਤੰਤਰੀ ਦੇਸ਼ ਅੰਦਰ ਅਤਿ ਨਿੰਦਣ ਯੋਗ ਹੈ !
ਗੈਰ ਕਾਨੂੰਨੀ ਢੰਗ ਨਾਲ ਭੀੜ ਵਲੋਂ ਕਿਸੇ ਵਿਅਕਤੀ ਨੂੰ ਸਜ਼ਾ ਦੇੇਣੀ, ਕੁੱਟ-ਮਾਰ ਕਰਨੀ, ਜਾਨੋ ਮਾਰ ਦੇਣਾ (ੜਜਰ;ਕਅਵ ਸ਼ਚਅਜਤੀਠਕਅਵ) ਭੜਕਾਊ ਸਜ਼ਾ ਦਾ ਵਰਤਾਓ, ਇਹ ਸਾਰੇ ਦੇਸ਼ਾਂ ਵਿੱਚ ਹੀ ਚੱਲ ਰਿਹਾ ਹੈ। ਪਰ ! 19-ਵੀਂ ਸਦੀ ਦੇ ਸ਼ੁਰੂ ‘ਚ ‘‘ਉੱਤਰੀ ਅਤੇ ਦੱਖਣੀ ਅਮਰੀਕਾ“ ਅੰਦਰ ਗੁਲਾਮਦਾਰੀ ਵੇਲੇ ਵਿਰੋਧੀ ਲੋਕ ਜਿਹੜੇ ਗੁਲਾਮ ਜਾਂ ਅਧੀਨ ਸਨ ਖਾਸ ਕਰਕੇ (ਅਫਰੀਕੀ-ਅਮਰੀਕੀ) ਗੁਲਾਮਾਂ ਨੂੰ ਸਜਾ ਵਜੋਂ ਮਾਰ ਦਿੱਤਾ ਜਾਂਦਾ ਸੀ। ਇਹ ਕਾਰਾ ਦੱਖਣੀ ਅਮਰੀਕਾ ‘ਚ ‘ਸਪੇਨੀ ਅਤੇ ਪੁਰਤਗਾਲੀ ਹਾਕਮ` ਅਤੇ ਉੱਤਰੀ ਅਮਰੀਕਾ ਵਿੱਚ ਭੂਮੀ ਮਾਲਕ ਬਰਤਾਨਵੀ ਗੋਰੇ ਸਨ। ਗੁਲਾਮਾਂ ਨੂੰ ਸਜ਼ਾ ਦੇਣ ਵਜੋਂ ਫੜ ਕੇ ਮਾਰ ਦਿੰਦੇ ਸਨ। ਅਮਰੀਕਾ ਅੰਦਰ ਜਦੋਂ ਉੱਤਰ ਦੇ ਪੁੰਜੀਪਤੀ ਸਨਅਤਕਾਰਾਂ ਨੂੰ ਕਿਰਤੀ ਲੋਕਾਂ ਦੀ ਲੋੜ ਪਈ, ਜੋ ਉਨ੍ਹਾਂ ਨੂੰ ਦੱਖਣੀ ਭਾਗਾਂ ਦੇ ਭੂਮੀ ਮਾਲਕਾਂ ਪਾਸ ਕੰਮ ਕਰਦੇ ਕਿਰਤੀਆਂ ਤੋਂ ਪੂਰੀ ਹੋ ਸਕਦੀ ਸੀ। ਉਸ ਵੇਲੇ ਜਿਹੜੀ ਅਮਰੀਕਾ ‘ਚ ਸਿਵਲ ਵਾਰ ਚਲੀ ਇਹ ਕਿਰਤ-ਸ਼ਕਤੀ ਦੀ ਲੁੱਟ ਲਈ ਉਦਯੋਗਪਤੀਆਂ ਤੇ ਭੂਮੀ ਮਾਲਕਾਂ ਵਿਚਕਾਰ ਲੜਾਈ ਸੀ। ਉੱਤਰ ਦੇ ਉਦਯੋਗਪਤੀ ਜਿੱਤ ਗਏ ਸਨ ਅਤੇ ਉਨਾਂ ਨੇ 14-ਵੀਂ ਸੰਵਿਧਾਨਕ ਸੋਧ ਰਾਹੀਂ ਗੁਲਾਮਦਾਰੀ ਪ੍ਰਥਾ ਖਤਮ ਕਰ ਦਿੱਤੀ ਸੀ। ਉਸ ਵੇਲੇ ਗੋਰਿਆਂ ਵਲੋਂ ਫਿਰਕੂ-ਨਸਲਵਾਦੀ ਲਹਿਰ, ‘‘ਕੁੂ, ਕਲੱਕਸ, ਕਲਾਨ“ ਸ਼ੁਰੂ ਕੀਤੀ ਸੀ, ‘‘ਕਿ ਅਸੀ ਉਚੱਤਮ ਹਾਂ ਤੇ ਸਿਆਹ-ਫਾਂਮ ਸਾਡੇ ਬਰਾਬਰ ਨਹੀਂ ਹੋ ਸਕਦੇ ਸਨ ?“1880 ਤੋਂ 1930 ਤੱਕ ‘ਮੋਬ ਲਿਚਿੰਗ` ਮਨਸੂਬਿਆਂ ਅੰਦਰ 2400 ਸਿਆਹ-ਫਾਂਮ ਜਿਨ੍ਹਾਂ ਵਿੱਚ 300 ਹੋਰ ਲੋਕ ਸਨ ਮਾਰ ਦਿੱਤੇ ਗਏ ਸਨ। ਇਸੇ ਤਰ੍ਹਾਂ ਅੱਜ ਭਾਰਤ ਅੰਦਰ ਵੀ ਭਾਰੂ ਬਹੁ-ਗਿਣਤੀ ਹਿੰਦੂਤਵ -ਰਾਜਨੀਤੀ ਵਾਲੀ ਰਾਜਸਤਾ ‘ਤੇ ਕਾਬਜ ਜਮਾਤ ਬੀ.ਜੇ.ਪੀ., ਘੱਟ ਗਿਣਤੀ, ਦਲਿਤਾਂ ਅਤੇ ਇਸਤਰੀਆਂ ਤੇ ਅਜਿਹੇ ਘਿਨਾਉਣੇ ਹਮਲੇ ਕਰ ਰਹੀ ਹੈ; ਜੋ ਚਿੰਤਾ ਦਾ ਵਿਸ਼ਾ ਹੈ ?
ਕਿਸੇ ਵੀ ਵਿਕਸਤ ਜਾਂ ਵਿਕਾਸਸ਼ੀਲ ਦੇਸ਼ ਦੇ ਲੋਕਤੰਤਰੀ ਰਾਜ ਅੰਦਰ ‘ਵਿਰੋਧ ਅਤੇ ਅਸਿਹਮਤੀ` ਕਰਨ ਦਾ ਕਿਸੇ ਵੀ ਨਾਗਰਿਕ ਦਾ ਅਧਿਕਾਰ ਹੁੰਦਾ ਹੈ। ਉਸ ਦੇ ਇਸ ਅਧਿਕਾਰ ਦੀ ਰੱਖਿਆ ਕਰਨੀ, ਉਸ ਦੇਸ਼, ਰਾਜ ਅਤੇ ਨਿਆਂ-ਕਾਨੂੰਨ ਨੇ ਹੀ ਵਿਵਸਥਾ ਕਰਨੀ ਹੁੰਦੀ ਹੈ, ਨਾ ਕਿ ਉਸ ਨਾਗਰਿਕ ਦੇ ਵਿਰੁੱਧ ਹਿੰਸਾ ਜਾਂ ਹਮਲਾਵਰੀ ਰੂਪ ਧਾਰਨ ਕਰਕੇ ਕੁੱਟਮਾਰ, ਗਾਲੀ-ਗਲੋਚ ਜਾਂ ‘‘ਧਮੀੜ“ (ਮਾਬ ਲਿਚਿੰਗ) ਵਲੋਂ ਕੁੱਟ-ਕੁੱਟ, ਕੇ ਮੌਤ ਦੇ ਘਾਟ ਉਤਾਰ ਦੇਣਾ; ਇਹ ਇਕ ਤਰ੍ਹਾਂ ਦੇ ਨਾਲ ਮਨੁੱਖਤਾ ਦਾ ਘਾਣ ਕਰਨ ਦੇ ਬਰਾਬਰ ਹੈ। ਨੋਬਲ ਪੁਰਸਕਾਰ ਵਿਜੇਤਾ ਅਰਥ-ਸ਼ਾਸਤਰੀ ‘‘ਅਮ੍ਰੱਤਿਆ ਸੇਨ“ ਨੇ ਇਸ ਤਰ੍ਹਾਂ ਦੀਆ ਦੇਸ਼ ਭਰ ਵਿੱਚ ਵਾਪਰ ਰਹੀਆਂ ਘਟਨਾਵਾਂ ਤੇ ਰੋਸ ਪ੍ਰਗਟ ਕਰਦਿਆਂ ਕਿਹਾ ਸੀ, ‘‘ਕਿ ਦੇਸ਼ ਅੰਦਰ ‘‘ਚਰਚਾ ਅਤੇ ਅਸਹਿਮਤੀ“ ਦੀ ਭੂਮਿਕਾ ਘੱਟਦੀ ਜਾ ਰਹੀ ਹੈ ? ਸਾਨੂੰ ਇਹ ਵੀ ਫਿਕਰ ਹੋਣਾ ਚਾਹੀਦਾ ਹੈ, ਕਿ ਦੇਸ਼ ਵਿੱਚ ਇਹੋ ਜਿਹੀਆਂ ਮਾਬ ਲਿਚਿੰਗ ਨਾਲ ਮਾਰਨ ਜਿਹੀਆਂ ਘਟਨਾਵਾਂ ਤੇਜ਼ੀ ਨਾਲ ਵੱਧ ਰਹੀਆਂ ਹਨ। ਉਥੇ ਪੁਲੀਸ ਦੀ ਹਿਰਾਸਤ ਵਿੱਚ ਵੀ ਇਸ ਤਰ੍ਹਾਂ ਦੀਆਂ ਘਟਨਾਵਾਂ ਵਾਪਰਨ ਤੇ ਵੀ ਚਿੰਤਾ ਹੋਣੀ ਚਾਹੀਦੀ ਹੈ? ਕਿਸੇ ਦੀ ਬਿਨ੍ਹਾਂ ਤਫ਼ਤੀਸ਼ ਕੀਤਿਆਂ ਸ਼ੱਕ ਦੀ ਬਿਨਾਂ ਤੇ ਹੀ ਕਿਸੇ ਨਾਗਰਿਕ ਨੂੰ ਭੀੜ ਰਾਹੀਂ ਕੁੱਟ-ਕੁੱਟ ਕੇ ਮਾਰ ਦੇਣ ਅਤੇ ਉਨ੍ਹਾਂ ਹੁੜਦੰੁਗਾਂ ਵਿਰੁੱਧ ਕੋਈ ਕਾਨੂੰਨੀ ਕਾਰਵਾਈ ਵੀ ਨਾ ਹੋਣੀ, ਭਾਰਤ ਦੇਸ਼ ਦੇ ਲੋਕਤੰਤਰੀ ਰਾਜ ਵਿੱਚ ਇਕ ਘਾਤਕ ਕਾਰਨਾਮਾ ਹੈ ?`
ਭਾਰਤ ਵਿੱਚ ਪਿਛਲੇ ਕੁਝ ਸਮੇਂ ਤੋਂ, ਜਦੋਂ ਦੀ ਕੇਂਦਰ ਵਿੱਚ ਮੋਦੀ ਦੀ ਭਾਜਪਾ ਸਰਕਾਰ ਆਈ ਹੈ; ਤਾਂ ! ‘‘ਮਾਬ ਲਿੰਚਿਗ“ ਦੀਆਂ ਘਟਨਾਵਾਂ ਵਿੱਚ ਤੇਜ਼ੀ ਨਾਲ ਵਾਧਾ ਹੋਇਆ ਹੈ। ਕਦੀ ਧਰਮ ਦੇ ਨਾਂ ਤੇ, ਚੋਰੀ ਦੇ ਨਾਂ ‘ਤੇ, ਅਣਖ ਦੇ ਨਾਂ ‘ਤੇ, ਗਊ ਮਾਸ ਦੇ ਨਾਂ ‘ਤੇ ਅਤੇ ਲਵ-ਜੇਹਾਦ ਦੇ ਨਾਂ ‘ਤੇ ਭੀੜ ਵਲੋਂ ਬਿਨ੍ਹਾਂ ਤਫ਼ਤੀਫ਼ ਕੀਤਿਆਂ ਭੀੜ ਵਲੋਂ ਕੁੱਟ-ਕੁੱਟ ਕੇ ਮਾਰ ਦੇਣ ਦੀਆਂ ਖਬਰਾਂ ਦੇਸ਼ ਭਰ ਵਿੱਚ ਤੇਜ਼ੀ ਨਾਲ ਫੈਲ ਰਹੀਆਂ ਹਨ। ਇਹ ਇਕ ਅਫਸੋਸਨਾਕ ਵਾਕਿਆਤ ਹਨ ।
26-ਮਈ, 2017 ਨੂੰ ਭਾਰਤ ਸਰਕਾਰ ਨੇ ‘ਪ੍ਰੋਵੈਸ਼ਨਲ ਆਫ ਕਰੂਇਲਟੀ ਅਗੇਂਸਟ ਐਨੀਮਲ“ ਕਾਨੂੰਨ ਦੇਸ਼ ਭਰ ਵਿੱਚ ਮਾਸ ਖਰੀਦਣ ਵਾਲੇ ਚਾਰ ਪੈਰਾਂ ਵਾਲੇ ਪਸ਼ੂਆਂ ਦੀ ਖਰੀਦੋ-ਫਰੋਖਤ ਤੇ ਰੋਕ ਲਾਉਣ ਵਾਲਾ ਕਾਨੂੰਨ ਬਣਾਇਆ ਸੀ। ਉਸ ਸਮੇਂ ਸਾਰੇ ਦੇਸ਼ ਵਿੱਚ ਗਊ-ਹੱਤਿਆ ਦੇ ਵਿਰੋਧ ਵਿਚ ਇਕ ਸਨਸਨੀ ਫੈਲਾਅ ਕੇ, ਜਿਹੜੇ ਗਊਆਂ ਮੁੱਲ ਲੈ ਕੇ ਵੀ ਜਾ ਰਹੇ ਸਨ, ਉਨ੍ਹਾਂ ਨੂੰ ਵੀ ਗਊ ਹੱਤਿਆ ਦੇ ਨਾਂ ਤੇ ਕੁੱਟ-ਕੁੱਟ ਕੇ ਮਾਰਨ ਦੀਆਂ ਹੱਤਿਆਵਾਂ ਦੀਆਂ ਵੀ ਸਨਸਨੀ-ਖੇਜ਼ ਖਬਰਾਂ ਅਖਬਾਰਾਂ ਵਿੱਚ ਛੱਪੀਆਂ ਸਨ। ਇਹੋ ਜਿਹੀਆਂ ਹਿੰਸਾ ਨਾਲ ਮਰਨ ਵਾਲੇ ਨਾਗਰਿਕਾਂ ਦੀਆਂ ਵਾਰਦਾਤਾਂ ਵੱੱਧਣ ਨਾਲ ਮਾਣਯੋਗ ਸੁਪਰੀਮ ਕੋਰਟ ਨੇ ਜੁਲਾਈ 2017 ‘ਚ ਇਸ ਕਾਨੂੰਨ ਤੇ ਲਗਾਈ ਰੋਕ ਨੂੰ ਹਟਾ ਦਿੱਤਾ ਸੀ।
‘‘ਮਾਬ ਲਿੰਚਿਗ“ ਕੀ ਹੈ, ਇਸ ਸ਼ਬਦਾਵਲੀ ਬਾਰੇ ਵੀ ਜਾਨਣਾ ਜ਼ਰੂਰੀ ਹੈ? ਲਿੰਚਿਗ ਸ਼ਬਦ ਅਮਰੀਕਾ ਦੀ ਦੇਣ ਹੈ। ਇਹ ਸ਼ਬਦ ਹੁਣ ਸਾਰੀ ਦਨੀਆਂ ‘ਚ ਪ੍ਰਚਾਰਿਆ ਜਾਣ ਲਗ ਪਿਆ ਹੈ।ਜਿਸ ਵਿੱਚ ਹੁਣ ਕੋਈ ਹੈਰਾਨੀ ਵਾਲੀ ਗੱਲ ਵੀ ਨਹੀਂ ਹੈ। ਮਾਬ ਲਿੰਚਿਗ ਵੀ ਅਮਰੀਕਾ ਦੇਸ਼ ਤੋਂ ਹੀ ਸ਼ੁਰੂ ਹੋਈ, ਜਦੋਂ ਉਥੇ ਗੁਲਾਮ ਪ੍ਰਥਾ ਸੀ। ਪਰ! ਜਦੋਂ ਅਮਰੀਕਾ ‘ਚ ਕ੍ਰਾਂਤੀ ਆਈ ਸੀ ਤਾਂ! ਵਰਜੀਨੀਆ ਦੇ ‘ਵੇਡਫਰਡ ਕਾਂਉਟੀ ਚਾਰਲਸ ਲਿੰਚ` ਨੇ ਇਕ ਵਿਲੱਖਣ, ਪਰ! ਬਹੁਤ ਘੱਟੀਆ ਤੇ ਘਿਨਾਉਣਾ ਫੈਸਲਾ ਕੀਤਾ ਸੀ। ਉਸ ਨੇ ਅਪਰਾਧੀਆਂ ਨੂੰ ਸਜ਼ਾ ਦੇਣ ਲਈ ਸਾਰੇ ਕਾਇਦੇ-ਕਾਨੂੰਨ ਛਿੱਕੇ ਟੰਗ ਕੇ, ਆਪਣੀਆਂ ਨਿੱਜੀ ਅਦਾਲਤਾਂ ਦਾ ਗਠਨ ਕਰਕੇ ਅਪਰਾਧਿਕ ਵਿਰਤੀ ਵਾਲੇ ਲੋਕਾਂ ਅਤੇ ਅਪਰਾਧੀਆਂ ਨੂੰ, ਜਾਂ ਸ਼ੱਕੀ ਲੋਕਾਂ ਨੂੰ ਵੀ ਫੜ ਕੇ, ਬਿਨ੍ਹਾਂ ਪੁੱਛ-ਪੜਤਾਲ ਕੀਤਿਆਂ ਸਜ਼ਾਵਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਸਨ। ਅਪਰਾਧੀਆਂ ਨੂੰ ਸਜ਼ਾਵਾਂ ਦੇਣ ਸਮੇਂ ਲੋਕਾਂ ਦਾ ਇੱਕ ਇਕੱਠ (ਇਕ ਭੀੜ ਦੀ ਤਰ੍ਹਾਂ) ਕਰਕੇ ‘ਤੇ ਉਨ੍ਹਾਂ ਲੋਕਾਂ ਦੇ ਸਾਹਮਣੇ ਹੀ ਅਪਰਾਧੀਆਂ ਨੂੰ ਦਰੱਖਤਾਂ, ਪੁਲਾਂ ਜਾਂ ਕੋਈ ਹੋਰ ਇਹੋ ਜਿਹੀ ਥਾਂ ਤੇ ਵਿਵਸਥਾ (ਪ੍ਰਬੰਧ) ਕੀਤੀ ਜਾਂਦੀ ਸੀ; ਜਿਥੇ ਉਨ੍ਹਾਂ ਨੂੰ ਜਿਊਦਿਆਂ ਨੂੰ ਹੀ ਟੰਗ ਕੇ ਕੁੱਟਿਆ, ਮਾਰਿਆ ਤੇ ਪੁੱਠਿਆਂ ਕਰਕੇ ਲਟਕਾਇਆ ਜਾਦਾ ਸੀ ਤੇ ਫਿਰ ਜਿਊਦਿਆਂ ਦੇ ਹੀ ਅੰਗ ਵੱਢ ਕੇ ਤੇ ਜਿਊਦਿਆਂ ਨੂੰ ਹੀ ਸਾੜ ਦਿੱਤਾ ਜਾਂਦਾ ਸੀ।
ਅਮਰੀਕਾ ਦੀ ਇਕ ਸਿਆਹ-ਫਾਂਮ ਲੋਕਾਂ ਦੀ ਸੰਸਥਾਂ ‘‘ਨੈਸ਼ਨਲ ਐਸੋਸੀਏਸ਼ਨ ਦੀ ਐਡਵਾਂਸਮੈਂਟ ਆਫ ਕਲਰਡ ਪੀਪਲ“ ਦੇ ਅੰਕੜਿਆਂ ਅਨੁਸਾਰ 1882 ਤੋਂ ਲੈ ਕੇ 1968 ਤੱਕ ਅਮਰੀਕਾ ਵਿੱਚ 4743 ਲੋਕਾਂ ਦੀ ਹੱਤਿਆ ਇਹੋ ਜਿਹੀ ਭੀੜ (ਜਿਸ ਨੂੰ ਚਾਰਲਸ ਲਿੰਚ ਦੇ ਸ਼ਬਦ ਨਾਲ ਜ਼ੋੜ ਕੇ ਲਿੰਚਿਗ ਕਰ ਦਿੱਤਾ ਗਿਆ) ਰਾਂਹੀ ਕੀਤੀ ਗਈ ਸੀ। ਲਿੰਚਿਗ ਦਾ ਸ਼ਿਕਾਰ ਲੋਕਾਂ ਦੀ ਗਿਣਤੀ ਵਿੱਚ 3446 ਸਿਆਹ-ਫਾਂਮ ਅਫਰੀਕੀ-ਅਮਰੀਕੀ ਸਨ ਅਤੇ 1297 ਗੈਰ ਸਿਆਹ-ਫਾਮ ਲੋਕ ਸ਼ਾਮਲ ਸਨ ।
ਮੌਜੂਦਾ ਸੰਦਰਭ ਵਿੱਚ ਅੱਜ ਦੇ ਸਮਾਜਿਕ ਵਰਤਾਰੇ ਅੰਦਰ ਭੀੜ ਦੀ ਹਿੰਸਾਂ ਰਾਹੀਂ (ਮਾਬ ਲਿੰਚਿਗ) ਲੋਕਾਂ ਨੂੰ ਕੁੱਟ-ਕੁੱਟ ਕੇ ਮਾਰ ਦੇਣ ਜਾਣ ਦੀਆਂ ਘਟਨਾਵਾਂ ਦੇ ਕਈ ਰੂਪ ਹਨ। ਮਾਬ ਲਿੰਚਿਗ ਦੀਆਂ ਘਟਨਾਵਾਂ ਭਾਂਵੇ! ਪਿਛਲੇ ਸਮਿਆਂ ਅੰਦਰ ਵੀ ਹੁੰਦੀਆਂ ਰਹੀਆਂ ਹਨ; ਪ੍ਰਤੂੰ ਅੱਜ! ਜਦੋਂ ਸਮਾਜ ਨੇ ਕਾਫੀ ਤਰੱਕੀ ਕਰ ਲਈ ਹੈ; ਤਾਂ ਇਹੋ ਜਿਹੀਆਂ ਘਿਨਾਉਣੀਆਂ ਘਟਨਾਵਾਂ ਦਾ ਕਿਸੇ ਨਾ ਕਿਸੇ ਰੂਪ ਵਿੱਚ ਸਾਰੇ ਹੀ ਦੇਸ਼ਾਂ ਵਿੱਚ ਵਾਪਰਨਾ ਇਕ ਚਿੰਤਾ ਦਾ ਵਿਸ਼ਾ ਹੈ। ਭਾਰਤ ਜਿਹੇ ਲੋਕਤੰਤਰੀ ਕਹਾਉਣ ਵਾਲੇ ਬਹੁਲਤਾਵਾਦੀ ਦੇਸ਼ ਵਿੱਚ ਜਿਥੇ ਭਿੰਨ-ਭਿੰਨ ਜਾਤਾਂ, ਵਰਗਾ, ਧਰਮਾਂ ਤੇ ਬਹੁ-ਭਾਸ਼ਾਈ ਲੋਕਾਂ ਦੀ ਗਿਣਤੀ ਹੈ ਤਾਂ ! ਉਥੇ ਇਹੋ ਜਿਹੀਆਂ ਘਟਨਾਵਾਂ ਦਾ ਵਾਪਰਨਾ ਮੰਦਭਾਗਾ ਹੈ। ਝਾਰਖੰਡ ਵਿੱਚ ਸਭ ਤੋਂ ਪਹਿਲਾਂ ਭੀੜ ਨੇ ‘‘ਡਾਇਣ“ ਕਹਿ ਕੇ ਇਸਤਰੀਆਂ ਨੂੰ ਆਪਣਾ ਨਿਸ਼ਾਨਾ ਬਣਾਇਆ ਸੀ, ‘ਤੇ ਇਸ ਤਰ੍ਹਾਂ ਕਈ ਇਸਤਰੀਆਂ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ ਸੀ। ਜਿਸ ਦਾ ਨਤੀਜਾ ਇਹ ਹੋਇਆ, ਕਿ ਇਨ੍ਹਾਂ ਘਟਨਾਵਾਂ ਨੂੰ ਸੁਰਖੀਆਂ ਰਾਂਹੀ ਅਖਬਾਰਾਂ ਵਿੱਚ ਦੇ ਕੇ ਫੈਲਾਇਆ ਗਿਆ ਅਤੇ ਕਈਆਂ ਘਟਨਾਵਾਂ ਨੂੰ ‘‘ਧਾਰਮਿਕ ਰੰਗ“ ਵੀ ਦਿੱਤੇ ਗਏ, ਜੋ ਅੰਧ-ਵਿਸ਼ਵਾਸ਼ ਅਤੇ ਜਗੀਰੂ ਰਹਿੰਦ-ਖੂਹੰਦ ਦਾ ਨਤੀਜਾ ਸੀ।
‘‘ਇੰਡੀਸਪੈਂਡ ਵੈਬਸਾਈਟ“ ਦੇ ਅਨੁਸਾਰ 2010 ਤੋਂ 2017 ਵਿੱਚ 63 ਮਾਮਲਿਆਂ ਵਿਚੋਂ 97 ਫੀ-ਸੱਦ ਮਾਮਲੇ ਪਿਛਲੇ ਤਿੰਨਾਂ ਸਾਲਾਂ ‘ਚ ਦਰਜ ਹੋਏ। ਜੇਕਰ ਰਿਪੋਰਟ ਦਾ ਅੰਕੜਾ ਮਿੱਥਿਆ ਜਾਵੇ ਤਾਂ 2012 ਤੋਂ ਹੁਣ ਤੱਕ ਫਿਰਕਾਪ੍ਰਸਤੀ ਦੀਆਂ ਅਜਿਹੀਆਂ 168 ਘਟਨਾਵਾਂ ਹੋ ਚੁੱਕੀਆਂ ਹਨ। ਜਿਨ੍ਹਾਂ ਵਿਚੋਂ 47 ਲੋਕਾਂ ਦੀਆਂ ਮੌਤਾਂ ਹੋਈਆਂ ਤੇ 175 ਲੋਕ ਗੰਭੀਰ ਰੂਪ ‘ਚ ਜਖ਼ਮੀ ਹੋਏ। ਜਨਵਰੀ-2017 ਤੋਂ 2018 ਤੱਕ ਦਰਜ ਕੀਤੇ ਗਏ ਮਾਮਲਿਆਂ ਵਿਚੋਂ ਕੇਵਲ ‘‘ਬੱਚੇ-ਚੋਰੀ“ ਕਰਨ ਦੀਆਂ ਅਫ਼ਵਾਹਾਂ ‘ਚ 33-ਲੋਕਾਂ ਦੀ ਮੌਤ ਭੀੜ-ਹਿੰਸਾ ਦੇ ਦੌਰਾਨ ਹੋਈ ।
‘‘ਰਾਸ਼ਟਰੀ ਅਪਰਾਧ ਬਿਊਰੋ“ ਅਨੁਸਾਰ 2001 ਤੋਂ 2014 ਤੱਕ ਦੇਸ਼ ਵਿੱਚ 2290 ਇਸਤਰੀਆਂ ਦੀਆਂ ਹਤਿਆਵਾਂ ‘ਡਾਇਣ` ਕਹਿ ਕੇ ਕੁੱਟ-ਕੁੱਟ ਕੇ ਭੀੜ ਵਲੋਂ ਕੀਤੀਆਂ ਗਈਆਂ। ਜਿਨ੍ਹਾਂ ਵਿਚੋਂ 464 ਮੌਤਾਂ ਕੇਵਲ ਝਾਰਖੰਡ ਵਿੱਚ ਹੀ ਹੋਈਆਂ। ਇਸੇ ਤਰ੍ਹਾਂ ਉੜੀਸਾ ‘ਚ 415, ਆਂਧਰਾਪ੍ਰਦੇਸ਼ ‘ਚ 383 ਅਤੇ ਹਰਿਆਣਾ ‘ਚ 209 ਮੌਤਾਂ ਭੀੜ ਵਲੋਂ ਕੁੱਟ-ਮਾਰ ਕਰਕੇ ਹੋਈਆਂ। ‘ਸਟੇਪਸ ਫਾਂਊਡੇਸ਼ਨ` ਦੇ ਅਨੁਸਾਰ 28 ਸਤੰਬਰ 2018 ਤੋਂ 7 ਜੂਨ 2019 ਤੱਕ ਇਹੋ ਜਿਹੀਆਂ ਘਟਨਾਵਾਂ ਜੋ ਵਾਪਰੀਆਂ ਸਨ, ਵਿੱਚ 141 ਲੋਕਾਂ ਦੀ ਜਾਨ ਗਈ। ਇਨ੍ਹਾਂ ਵਿਚੋਂ ਮਰਨ ਵਾਲਿਆਂ ਵਿਚ 70 ਲੋਕ ਮੁਸਲਿਮ ਅਤੇ 71ਗੈਰ ਮੁਸਲਿਮ ਸਨ। ਜਿਥੋਂ ਇਹ ਸਿੱਧ ਹੁੰਦਾ ਹੈ, ਕਿ ਭੀੜ ਵਿੱਚ (ਮਾਬ ਲਿੰਚਿਗ) ਆਏ ਇਕ ਖਾਸ ਫਿਰਕੇ ਦੇ ਲੋਕਾਂ ਵਲੋਂ ਫੜਕੇ ਦੂਸਰੇ ਖਾਸ ਧਰਮ, ਜਾਤ ਦਾ ਕੋਈ ਵੀ ਬੰਦਾ ਹੋਵੇ ਫਿਰਕੂ ਨਾਹਰਿਆਂ ਰਾਹੀਂ ਕੁੱਟ-ਕੁੱਟ ਕੇ ਮਾਰ ਦਿਓ ? ਉਪਰੋਕਤ ਘਟਨਾਵਾਂ ਦੇ ਅੰਕੜਿਆਂ ਮੁਤਾਬਿਕ ਸਭ ਤੋਂ ਜ਼ਿਆਦਾ ਘਟਨਾਵਾਂ 2018 ‘ਚ ਹੋਈਆਂ ਹਨ ਜਦੋਂ ‘‘ਹਿੰਦੂਤਵ ਬੁਖਾਰ ਚੜ੍ਹਾਈ ਤੇ ਸੀ ?`
ਭਾਂਵ ! 2018 ‘ਚ ਮਾਨਯੋਗ ਸੁਪਰੀਮ ਕੋਰਟ ਨੇ ਮਾਬ ਲਿੰਚਿਗ ‘ਤੇ ਰੋਕ ਲਾਉਣ ਤੇ ਜਾਂਚ ਕਰਨ ਦੇ ਕਾਰਨਾਂ ਦਾ ਪਤਾ ਲਾਉਣ ਲਈ ਇਕ ਡੀ.ਐਸ.ਪੀ. ਦੇ ਪੱਧਰ ਤੇ ਕੰਮ ਕਰਦੀ ਪੁਲਿਸ ਅਧਿਕਾਰੀਆਂ ਦੀ ਜਿੰਮੇਵਾਰੀ ਹਰ ਜ਼ਿਲ੍ਹੇ ‘ਚ ਭੀੜ ਹਿੰਸਾਂ ਦੀ ਜਾਂਚ ਕਰਨ ਦੇ ਹੁਕਮ (ਆਦੇਸ਼) ਦਿੱਤੇ ਗਏ ਸਨ; ਜਾਂ ! ਇਕ ਵਿਸ਼ੇਸ਼ ਫੋਰਸ ਨੂੰ, ਜੋ ਇਹੋ ਜਿਹੀਆਂ ਵਾਰਦਾਤਾਂ ਦੇਣ ਨੂੰ ਅੰਜਾਮ ਦੇ ਰਹੇ ਹਨ ਜਾਂ ਅਫਵਾਹਾਂ ਫੈਲਾ ਰਹੇ ਹਨ ਵਿਰੁਧ ਗਠਨ ਕਰਨ ਲਈ ਕਿਹਾ ਸੀ। ਮਾਣ-ਯੋਗ ਸੁਪਰੀਮ ਕੋਰਟ ਨੇ ਉਸ ਸਮੇਂ ਟਿੱਪਣੀ ਕੀਤੀ ਸੀ, ‘ਕਿ ਦੇਸ਼ ਦਾ ਕੋਈ ਵੀ ਨਾਗਰਿਕ ਆਪਣੇ ਆਪ ਕੋਈ ਵੀ ਕਾਨੂੰਨ ਨਹੀਂ ਬਣਾ ਸਕਦਾ ਅਤੇ ਨਾ ਹੀ ਇਸ ਲੋਕਤੰਤਰ ਦੇਸ਼ ਵਿੱਚ ਇਹੋ ਜਿਹੀ ਭੀੜ ਨੂੰ ਇਜ਼ਾਜ਼ਤ ਹੀ ਦਿੱਤੀ ਜਾਵੇਗੀ?` ਪ੍ਰਤੂੰ ਅਫਸੋੋਸ ਹੈ ਕਿ 2018 ‘ਚ ਇਹੋ ਜਿਹੀਆਂ ਮਾਬ ਲਿੰਚਿਗ ਤੇ ਰੋਕ ਲਾਉਣ ਦੀ ਇਨਕੁਆਰੀ ਦਾ ਕੀ ਬਣਿਆ; ਅਜੇ ਤੱਕ ਕੋਈ ਪਤਾ ਨਹੀਂ ਹੈ?
ਇਸ ਦੇ ਬਾਵਜੂਦ ਵੀ ਪਿਛਲੇ ਕਾਫੀ ਲੰਬੇ ਸਮੇਂ ਤੋਂ ਪੰਜਾਬ ਵਿਚ ਵੀ, ਜਿਥੇ ਇਹੋ ਜਿਹੀਆਂ ਘਟਨਾਵਾਂ ਕਦੇ ਵਾਪਰੀਆਂ ਹੀ ਨਹੀਂ ਸਨ, ਅੱਜ! ਇਹੋ ਜਿਹੇ ਹੁੜਦੁੰਗਾਂ ਨੇ ਇਥੇ ਵੀ ਪੈਰ ਪਸਾਰ ਲਏ ਲਗਦੇ ਹਨ। ‘‘ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ“ ਦੀਆਂ ਹੋ ਰਹੀਆਂ ਬੇ-ਅਦਬੀਆਂ ਦੇ ਕਾਰਨ ਅਤੇ ਦੋਸ਼ੀਆਂ ਨੂੰ ਫੜਨ ਜਾਂ ਸਜ਼ਾ ਨਾ ਦਿੱਤੇ ਜਾਣ ਕਾਰਨ ਇਹੋ ਜਿਹੀ ਭੀੜ ਵਲੋਂ ਹੁਣ ਸ਼ੱਕ ਵਿੱਚ ਆਏ ਲੋਕਾਂ ਨੂੰ ਕੁੱਟ-ਕੁੱਟ ਕੇ ਮਾਰਨ ਦੀਆਂ ਖਬਰਾਂ ਤੇਜ਼ੀ ਨਾਲ ਫੈਲਣ ਕਾਰਨ ਪੰਜਾਬ ਦਾ ਮਹੌਲ ਖਰਾਬ ਕੀਤਾ ਜਾ ਰਿਹਾ ਹੈ। ਪੰਜਾਬ ਦੀ ਧਰਤੀ ਗੁਰੂਆਂ, ਪੀਰਾਂ, ਯੋਧਿਆਂ, ਸੂਫ਼ੀ-ਸੰਤਾਂ, ਮਹਾਂਪੁਰਸ਼ਾਂ, ਇਨਕਲਾਬੀਆਂ ਤੇ ਗਦਰੀ ਬਾਬਿਆਂ ਦੀ ਧਰਤੀ ਹੈ। ਸਾਡੇ ਗੁਰੂਆਂ ਨੇ ਲੋਕਾਈ ਨੂੰ ਸਹਿਣ-ਸ਼ੀਲਤਾ ਦਾ ਉਪਦੇਸ਼ ਦਿੱਤਾ ਸੀ। ਪਰ! ਅੰਜ ਪੰਜਾਬ ‘ਚ ਵੀ ਜਾਤਾਂ-ਧਰਮਾਂ ਅਤੇ ਬੇਅਦਬੀਆਂ ਦੇ ਨਾਂ ਤੇ, ਬਿਨ੍ਹਾਂ ਕਿਸੇ ਦੀ ਸ਼ਨਾਖਤ ਕੀਤਿਆਂ ਪਿਛਲੇ ਦਿਨੀ ਕਪੂਰਥਲਾ ਵਿਖੇ ਇਕ ਨਾਗਰਿਕ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ ਗਿਆ। ਇਸ ਤੋਂ ਪਹਿਲਾਂ ਵੀ ਅੰਮ੍ਰਿਤਸਰ ਦਰਬਾਰ ਸਾਹਿਬ ਵਿਖੇ ਵੀ ਇਕ ਇਹੋ ਜਿਹੀ ਮੰਦਭਾਗੀ ਘਟਨਾ ਵਾਪਰੀ ਸੀ। ਜੋ ਨਿੰਦਣਯੋਗ ਹੈ। ਅਜਿਹੀਆਂ ਘਟਨਾਵਾਂ ਸਿਰਫ ਮੰਦਭਾਗੀਆਂ ਹੀ ਨਹੀਂ ਹਨ; ਸਗੋਂ ਤੇ ਹਾਕਮਾਂ ਲਈ ਵੀ ਇਕ ਚੁਨੌਤੀ ਹੈ ਅਤੇ ਅਮਨ ਪਸੰਦ ਲੋਕ ਇਹੋ ਜਿਹੀਆਂ ਦੋਨੋਂ ਪੱਖ ਦੀਆਂ ਘਟਨਾਵਾਂ ਵਾਪਰਨ ਤੇ ਚਿੰਤਾਂ ਜਾਹਿਰ ਕਰ ਰਹੇ ਹਨ। ‘‘ਪਛਤਾਂਵਾ ਸਮਾਗਮ“ ਕਰਕੇ ਹੀ ਇਹੋ ਜਿਹੀਆਂ ਘਟਨਾਵਾਂ ਨਹੀਂ ਰੁੱਕ ਸਕਦੀਆਂ, ਸਗੋਂ ਭੀੜ ਵਲੋਂ ਮਾਰਨ ਵਾਲੇ ਲੋਕਾਂ ਨੁੰ ਸੱਖਤ ਸਜ਼ਾਵਾਂ ਦਿੱਤੀਆਂ ਜਾਣ। ਪਹਿਲਾਂ ਵੀ ਸਾਲ 2015 ਦੌਰਾਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਲਈ ਦੋਸ਼ੀਆਂ ਨੂੰ ਸਜਾਵਾਂ ਨਾ ਮਿਲਣ ਕਾਰਨ ਹਾਲਾਤਾਂ ‘ਚ ਅਜੇ ਗੁੱਸਾ ਪੂਰੀ ਤਰ੍ਹਾਂ ਭਰਿਆ ਪਿਆ ਹੈ। ਜਿਸ ਲਈ ਸਰਕਾਰਾਂ ਵੀ ਖੁੱਦ ਜਿੰਮੇਵਾਰ ਹਨ ।
ਅਜਿਹੀਆਂ ਘਟਨਾਵਾਂ ਕਾਰਨ ਅੱਜ! ਦੇਸ਼ ਦਾ ਹਰ ਨਾਗਰਿਕ ਆਪਣੇ-ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਿਹਾ ਹੈ। ਨਾ ਤਾਂ, ਦੇਸ਼ ਦੇ ਹਾਕਮ ਤੇ ਨਾ ਹੀ ਰਾਜ ਸਰਕਾਰਾਂ ਨੂੰ ਲੋਕਾਂ ਦੇ ਮਸੱਲਿਆਂ ਨੂੰ ਹੱਲ ਕਰਨ ਦੀ ਚਿੰਤਾ ਹੈ। ਲੋਕਾਂ ‘ਚ ਰੋਹ ਫੈਲ ਰਿਹਾ ਹੈ, ਕਿ ਇਨ੍ਹਾਂ ਹਾਲਾਂਤਾ ਲਈ ਰਾਜਨੀਤਕ ਪਾਰਟੀਆਂ ਹੀ ਜੁੰਮੇਵਾਰ ਹਨ ਕਿਉਂਕਿ ਉਹ ਲੋਕਾਂ ਦੇ ਮਸਲੇ ਹੱਲ ਕਰਨ ਦੀ ਥਾਂ ਆਪਣੀ ਗਦੀ ਕਾਇਮ ਰੱਖਣ ਲਈ ਇਹੋ ਜਿਹੀ ਭੀੜ ਦਾ ਸਹਾਰਾ ਲੈ ਕੇ ਲੋਕਾਂ ਨੂੰ ਧਰਮ, ਜਾਤ ਤੇ ਫਿਰਕਾਪ੍ਰਸਤੀ ਦੇ ਨਾਂ ਤੇ ਲੜਾ ਕੇ, ਆਪਸੀ ਕੁੱਟ-ਮਾਰ ਕਰਾ ਕੇ, ਮਾਰਾ-ਮਾਰੀ ਕਰਾ ਰਹੀਆਂ ਹਨ। ਇਹੋ ਜਿਹੀਆਂ ਵਾਪਰੀਆਂ ਦੁੱਖਦਾਈ ਘਟਨਾਵਾਂ ਦੇ ਪੀੜਤ ਲੋਕਾਂ ਨਾਲ ਸਗੋਂ ਰਾਜਨੀਤਕ ਪਾਰਟੀਆਂ ਵਲੋਂ ਹਮਦਰਦੀ ਵੀ ਨਹੀਂ ਪ੍ਰਗਟਾਈ ਜਾ ਰਹੀ ਹੈ। ਇਹੋ ਜਿਹੀ ਹੀ ਇਕ ਸਨਸਨੀ ਖੇਜ਼ ਘਟਨਾ ਪਿਛਲੇ ਦਿਨੀ ਕਿਸਾਨੀ ਮੋਰਚੇ ਦੌਰਾਨ ਵੀ ਘਟੀ ਸੀ। ਜੋ ਸਿਰਫ਼ ਕਿਸਾਨ ਅੰਦੋਲਨ ਨੂੰ ਬਦਨਾਮ ਕਰਨ ਦੀ ਇਕ ਸਾਜਿਸ਼ ਸੀ। 2021 ਦੇ ਕ੍ਰਿਸਮਿਸ ਮੌਕੇ ‘ਤੇ ਵੀ ਅੰਬਾਲਾ ਕੈਂਟ ਦੇ ਚਰਚ, ਆਸਾਮ ਤੇ ਆਗਰਾ ਵਿੱਚ ਵੀ ਈਸਾਈ ਭਾਈਚਾਰੇ ਦੇ ਲੋਕਾਂ ਤੇ ਹੋਏ ਹਮਲਿਆਂ ਤੇ ‘‘ਯਿਸ਼ੂ ਮਸੀਹ ਦੇ ਬੁੱਤ“ ਦੀ ਤੋੜ-ਭੰਨ ਕੀਤੀ ਗਈ। ਅਸਾਮ ਵਿੱਚ ਚਰਚ ਵਿੱਚ ਹੋ ਰਹੇ ਸਮਾਰੋਹ ਸਮੇਂ ‘‘ਭਗਵੇਂ ਮਫ਼ਲਰ“ ਵਾਲੇ ਇਕ ਸਮੂਹ ਨੇ ਵੀ ਵੱਡਾ ਹੁੜਦੁੰਗ ਮਚਾਇਆ ਸੀ। ਇਸੇ ਤਰ੍ਹਾਂ ਆਗਰੇ ਦੀ ਘਟਨਾ ਵਿੱਚ ਬਜਰੰਗ-ਦੱਲ ਦੇ ਆਗੂਆਂ ਦੀ ਭੂਮਿਕਾ ਵੀ ਨੰਗੀ ਹੋ ਗਈ ਜੋ ਅਜਿਹੀਆਂ ਘਟਨਾਵਾਂ ਅਤਿ ਨਿੰਦਣਯੋਗ ਹਨ ।
ਗੈਰ ਸਰਕਾਰੀ ਜੱਥੇਬੰਦੀਆਂ ‘‘ਯੂਨਾਈਟਿਡ ਅਗੈਂਸਟ-ਹੇਟ, ਐਸੋਸੀਏਸ਼ਨ ਫਾਰ ਪ੍ਰੋਟੈਕਸ਼ਨ ਆਫ ਸਿਵਲ ਰਾਈਟਸ ਅਤੇ ਯੂਨਾਈਟਿਡ ਕ੍ਰਿਸਚਿਅਨ ਫੋਰਸ“ ਵਲੋਂ ਜਾਰੀ ਇਕ ਖੋਜ਼ ਰਿਪੋਰਟ ‘ਚ ਇਸ ਸਾਲ ਈਸਾਈਆਂ ‘ਤੇ ਭੀੜ ਵਲੋਂ ਕੀਤੇ ਹਮਲਿਆਂ ‘ਚ 300 ਤੋਂ ਵੀ ਵੱਧ ਮਾਮਲੇ ਦਰਜ ਹੋਏ ਹਨ। ਪਹਿਲੇ ਨੰਬਰ ਤੇ ਉਤਰ ਪ੍ਰਦੇਸ਼ (ਕਰਮਵਾਰ) ਛੱਤੀਸਗੜ੍ਹ, ਉਤਰਾਖੰਡ, ਕਰਨਾਟਕ, ਹਰਿਆਣਾ ਅਤੇ ਛੇਵਾਂ ਦਿੱਲੀ ਵਿੱਚ ਲਗਾਤਾਰ ਹਮਲੇ ਹੋਏ ਹਨ ।
ਭਾਂਵੇ! ਭਾਰਤ ਦੇ ਸੰਵਿਧਾਨ ਵਿੱਚ ‘‘ਅਸੀਂ“ ਸ਼ਬਦ ਦੇਸ਼ ਵਿੱਚ ਵਸਦੇ ਸਾਰੇ ਨਾਗਰਿਕਾਂ ਲਈ ਹੀ ਵਰਤਿਆ ਜਾ ਰਿਹਾ ਹੈ; ਪਰ ! ਜਦੋਂ ‘‘ਮਾਬ ਲਿੰਚਿਗ“ ਜਿਹੀਆਂ ਘਟਨਾਵਾਂ ਵਾਪਰਦੀਆਂ ਹਨ ਤਾਂ ਇਸ ‘‘ਅਸੀਂ“ ਸ਼ਬਦ ਤੇ ਪ੍ਰਸ਼ਨ-ਚਿੰਨ੍ਹ ਲਗ ਜਾਂਦਾ ਹੈ ? ਦੇਸ਼ ਵਿੱਚ ਅੱਜ ਜਾਤਾਂ, ਧਰਮਾਂ, ਭਾਸ਼ਾਵਾਂ, ਖਿੱਤਿਆਂ ਤੇ ਭੜਕਾਊ ਨਾਅਰੇ ਲਾ ਕੇ ਇਕ ਫਿਰਕੇ ਦੇ ਲੋਕਾਂ ਵਲੋਂ ਘੱਟ-ਗਿਣਤੀਆਂ ਤੇ ਰਾਜਨੀਤੀ ਦੀ ਆੜ ਹੇਠ ਭੀੜ ਰਾਹੀਂ ਬਿਨ੍ਹਾਂ ਤਸਦੀਕ ਕੀਤਿਆਂ ਕੁੱਟ-ਮਾਰ ਤੇ ਜਾਨੋ ਮਾਰਨ ਦੀਆਂ ਅਜਿਹੀਆਂ ਘਟਨਾਵਾਂ ਵਿੱਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ। ਜੋ ਦੇਸ਼ ਦੀ ਏਕਤਾ-ਅਖੰਡਤਾ ਲਈ ਖਤਰਾ ਹੈ।
ਮਨੋਵਿਗਿਆਨੀ ‘‘ਜੀ.ਲੀ.ਬਾਨ“ ਨੇ 19-ਵੀ-ਸਦੀ ਦੇ ਅੰਤ ਵਿੱਚ ਆਪਣੀ ਲਿੱਖੀ ਪ੍ਰਸਿੱਧ ਕਿਤਾਬ ‘‘ਦੀ ਕਰਾਊਡ“ ‘ਚ ਬਹੁਤ ਹੀ ਚੰਗੀ ਤਰ੍ਹਾਂ ਸਮਝਾਇਆ ਹੈ, ‘‘ਕਿ ਭੀੜ ਵਿੱਚ ਸ਼ਾਮਲ ਲੋਕ ਭਾਵੇਂ! ਕਿਸੇ ਵੀ ਤਰ੍ਹਾਂ ਦੇ ਹੋਣ, ਪਰ! ਸਚਾਈ ਇਹ ਹੈ; ਕਿ ਉਹ ਭੀੜ ਦਾ ਹਿੱਸਾ ਬਣ ਚੁੱਕੇ ਹਨ। ਭਾਵ! ਉਨ੍ਹਾਂ ਦੀ ਸੋਚਣ ਸਮਝਣ ਦੀ ਮਨੋਦਸ਼ਾ ਸਮੂਹਿਕ ਭੀੜ ਨਾਲ ਜੁੜ ਜਾਂਦੀ ਹੈ। ਇਹ ਇਕੱਠ ਤੈਅ ਕਰਦਾ ਹੈ; ਕਿ ਉਹ ਵਿਅਕਤੀ ਕਿਵੇਂ ਸੋਚੇਗਾ। ਮਹਿਸੂਸ ਕਰੇਗਾ ਤੇ ਕਿਸੇ ਖਾਸ ਸਮੇਂ ਤੇ ਕਿਸ ਤਰਾਂ ਦੀ ਪ੍ਰੀਕ੍ਰਿਆ ਦੇਵੇਗਾ ।`
ਬੁੱਧੀਜੀਵੀਆਂ ਦਾ ਮੰਨਣਾ ਹੈ;‘‘ਕਿ ਇਹ ਇਕ ‘‘ਰਾਜਨੀਤਕ ਹੱਥਕੰਡਾ“ ਹੈ। ਜਿਸ ਵਿੱਚ ਦੇਸ਼ ਦੇ ਵੱਖ-ਵੱਖ ਗੁੱਟਾਂ ਦੇ ਲੋਕ ਧਰਮ ਦੇ ਨਾਂ ਤੇ ਫਿਰਕਿਆਂ ਨੂੰ ਲੜਾਉਣ ਦੀ ਕੋਸ਼ਿਸ਼ ਵਿੱਚ ਹਨ। ਜਿਵੇਂ ਰਾਸ਼ਟਰਵਾਦ, ਗਊ ਰੱਖਿਆ, ਲਵ-ਜਿਹਾਦ, ਡਾਇਣ, ਜਾਦੂਗਰਨੀ, ਬੱਚਾ ਚੋਰ, ਧਾਰਮਿਕ, ਅਫ਼ਵਾਹਾਂ ਫੈਲਾ ਕੇ ਤੇ ਹੋਰ ਕਈ ਮਾਮਲਿਆ ਵਿੱਚ ਲੋਕਾਂ ਦੀਆਂ ਭਾਵਨਾਵਾਂ ਨੂੰ ਭੜਕਾਇਆ ਜਾਣਾ। ਤਾਂ! ਜੋ ਉਹ ਆਪਸ ‘ਚ ਲੜਨ ਤੇ ਰਾਜਨੀਤਕ ਦਲ ਉਨ੍ਹਾਂ ਉਪੱਰ ਰਾਜ ਕਰਨ। ਮਸਲਨ (ਡੀਵਾਈਡ ਐਂਡ ਰੂਲ) ਪਾੜੋ ਤੇ ਰਾਜ ਕਰੋ ਦੀ ਨੀਤੀ। ਇਨ੍ਹਾਂ ਲੋਕਾਂ ‘ਚ ਫੁੱਟ ਪਾਓ ਤੇ ਰਾਜ ਕਰੋ, ਇਹ 21-ਵੀਂ ਸਦੀ ਦਾ ਤਰੀਕਾ ਹੈ ।`
ਭਾਰਤ ‘‘ਸੰਸਾਰ ਸੁੱਖ ਸ਼ਾਂਤੀ ਦੇ ਇੰਡੈਕਸ“ ਦੇ 163 ਦੇਸ਼ਾਂ ਦੇ ਅੰਦਰ 137ਵੇਂ ਥਾਂ ਤੇ ਆੳਂਦਾ ਹੈ। ਲੋਕਾਂ ਨੂੰ ਸੁਰੱਖਿਆ ਤੇ ਬਚਾਅ, ਝਗੜਿਆਂ ਤੋਂ ਮੁਕਤ ਰੱਖਣ ਲਈ ਅਸੀਂ ਬਹੁਤ ਪਿਛੇ ਹਾਂ। ਸਾਲ 2013 ਤੋਂ ਲੈ ਕੇ 2021 ਤੱਕ ਅਜਿਹੀਆਂ ਘਟਨਾਵਾਂ ‘ਚ ਵਾਧਾ ਹੋਣਾ, ਜਿਥੇ ਇਕ ਪਾਸੇ ਅੰਧ-ਵਿਸ਼ਵਾਸ਼ ਨੂੰ ਫੈਲਾਇਆ ਜਾ ਰਿਹਾ ਹੈ; ਉਥੇ ਦੇਸ਼ ਅੰਦਰ ਵਿਗਿਆਨਕ ਸੋਚ ਨੂੰ ਕਮਜ਼ੋਰ ਕੀਤਾ ਜਾ ਰਿਹਾ ਹੈ; ਜੋ ਹਿੰਦੂਤਵ ਦੀ ਯੋਜਨਾ ਦੀ ਪੂਰਤੀ ਦਾ ਮੁੱਖ ਹਿੱਸਾ ਹੈ ।
ਪਿਛਾਂਹ-ਖਿੱਚੂ, ਸ਼ਾਵਨਵਾਦੀ ਅਤੇ ਧਾਰਮਿਕ ਕਟੜਵਾਦੀ ਵਿਚਾਰ ਧਾਰਾ ਤੇ ਤਾਕਤਾਂ ਵਿਰੁੱਧ ਸਾਰੀਆਂ ਹੀ ਧਰਮ-ਨਿਰਪੱਖ ਤੇ ਜਮਹੂਰੀ ਸ਼ਕਤੀਆਂ ਨੂੰ ਇਕ ਜੁੱਟ ਹੋ ਕੇ ਇਨਾਂ ਵਹਿਸ਼ੀ ਤੇ ਭੜਕਾਊ ਨਾਅਰੇ ਦੇਣ ਵਾਲੀਆਂ ਸ਼ਕਤੀਆਂ ਵਿਰੁੱਧ ਲਾਮਬੰਦ ਹੋਣਾ ਚਾਹੀਦਾ ਹੈ।
ਰਾਜਿੰਦਰ ਕੌਰ ਚੋਹਕਾ
91-98725-44738
001-403-285-4208
EMail: chohkarajinder@gmail.com
Harsh Ohri
New Arya Commercial College
Kotwali Bazar
Hoshiarpur – 146001 (Punjab)
M. 9417347447
‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly