(ਸਮਾਜ ਵੀਕਲੀ)
ਆਪਣੇ ਤਜਰਬੇ ਤੇ ਅਧਾਰਤ
ਸਮਾਜ ਵਿੱਚੋਂ ਕੋਈ ਨਾ ਕੋਈ ਮਾਨਸਿਕ ਰੋਗਾਂ ਜਾਂ ਡਿਪ੍ਰੈਸ਼ਨ ਦਾ ਸ਼ਿਕਾਰ ਅਕਸਰ ਹੋ ਜਾਂਦਾ ਹੈ l ਭਾਵੇਂ ਕਿ ਡਿਪ੍ਰੈਸ਼ਨ ਵਿੱਚ ਜਾਣ ਦੇ ਵੱਖ ਵੱਖ ਕਾਰਣ ਹੁੰਦੇ ਹਨ ਪਰ ਸਭ ਤੋਂ ਵੱਡਾ ਕਾਰਣ ਜੋ ਵਾਰ ਵਾਰ ਸਾਹਮਣੇ ਆਉਂਦਾ ਹੈ ਉਹ ਹੈ ਮਨੁੱਖ ਜਾਂ ਪਰਿਵਾਰ ਦੀ ਡਗਮਗਾਉਂਦੀ ਆਰਥਿਕਤਾ l ਇਸ ਮੌਕੇ ਭਾਰਤ ਵਿੱਚ ਜਾਂ ਭਾਰਤੀ ਸਮਾਜ ਵਿੱਚ ਅਕਸਰ ਲੋਕ ਇਸ ਨੂੰ ਮਾਨਸਿਕ ਰੋਗ ਨਾ ਕਹਿ ਕੇ ਭੂਤ ਚੁੜੇਲ ਚਿੰਬੜਨਾ ਜਾਂ ਓਪਰੀ ਰੂਹ ਦੀ ਕਰੋਪੀ ਕਹਿੰਦੇ ਹਨ ਕਿਉਂਕਿ ਸਾਡੇ ਸਮਾਜ ਦਾ ਤਾਣਾ ਬਾਣਾ ਹੀ ਇਸ ਤਰਾਂ ਦਾ ਹੈ l
ਇਸ ਹਾਲਤ ਵਿੱਚ ਮਰੀਜ਼ ਆਪਣੇ ਫੈਸਲੇ ਖੁਦ ਕਰਨ ਯੋਗ ਨਹੀਂ ਰਹਿੰਦਾ ਅਤੇ ਪਰਿਵਾਰਕ ਮੈਂਬਰ ਅਕਸਰ ਉਸ ਨੂੰ ਸਾਧਾਂ ਸੰਤਾਂ ਕੋਲ ਜਾਂ ਧਾਰਮਿਕ ਅਸਥਾਨਾਂ ਤੇ ਇਲਾਜ ਲਈ ਲੈ ਜਾਂਦੇ ਹਨ ਜੋ ਉਪਾਅ ਕਰਨ ਦਾ ਝਾਂਸਾ ਦੇ ਕੇ ਮੋਟੀ ਰਕਮ ਵਸੂਲ ਕਰਦੇ ਹਨ ਅਤੇ ਉਪਾਅ ਫਿਰ ਵੀ ਨਹੀਂ ਹੁੰਦਾ ਬਲਕਿ ਮਰੀਜ਼ ਦੀ ਹਾਲਤ ਪਹਿਲਾਂ ਨਾਲੋਂ ਵੀ ਖਰਾਬ ਹੋ ਜਾਂਦੀ ਹੈ l
ਡਿਪ੍ਰੈਸ਼ਨ ਦਾ ਡਾਕਟਰੀ ਇਲਾਜ ਹੀ ਹੋ ਸਕਦਾ ਹੈ ਜੋ ਅਕਸਰ ਲੰਬਾ ਹੁੰਦਾ ਹੈ l ਇਸ ਦੇ ਨਾਲ ਇਹ ਵੀ ਜਰੂਰੀ ਹੈ ਕਿ ਡਿਪ੍ਰੈਸ਼ਨ ਦਾ ਅਸਲੀ ਇਲਾਜ ਇਹੀ ਹੈ ਕਿ ਕਾਰਣ ਲੱਭ ਕੇ ਸਮੱਸਿਆ ਦਾ ਹੱਲ ਲੱਭਣਾ l ਭਾਵ ਜਦੋਂ ਕਾਰਣ ਦੂਰ ਹੋ ਜਾਣਗੇ ਤਾਂ ਸਮੱਸਿਆ ਆਪ ਹੀ ਦੂਰ ਹੋ ਜਾਵੇਗੀ l ਮੈਂ ਕੋਈ ਹੈਲਥ ਸਪੈਸ਼ਲਿਸਟ ਜਾਂ ਮਾਨਸਿਕ ਰੋਗਾਂ ਦਾ ਮਾਹਿਰ ਨਹੀਂ ਕਿ ਮਰੀਜ਼ ਨੂੰ ਦਵਾਈਆਂ ਦੇ ਸਕਾਂ ਜਾਂ ਉਸ ਦਾ ਇਲਾਜ ਕਰ ਸਕਾਂ ਪਰ ਤਰਕਸ਼ੀਲ ਲਹਿਰ ਨਾਲ ਜੁੜਨ ਕਾਰਣ ਮੈਨੂੰ ਕਈ ਮਾਨਸਿਕ ਸਮੱਸਿਆਵਾਂ ਦਾ ਹੱਲ ਲੱਭਣ ਦਾ ਮੌਕਾ ਮਿਲਿਆ l ਜਿਆਦਾ ਤੌਰ ਤੇ ਤਰਕਸ਼ੀਲਾਂ ਕੋਲ ਸਾਧਾਂ ਸੰਤਾਂ ਦੇ ਵਿਗਾੜੇ ਹੋਏ ਕੇਸ ਹੀ ਠੀਕ ਕਰਨ ਲਈ ਆਉਂਦੇ ਹਨ l
ਮੈਨੂੰ ਵੀ ਕਈ ਕੇਸ ਹੱਲ ਕਰਨ ਦਾ ਮੌਕਾ ਮਿਲਿਆ ਜੋ ਬਿਨਾਂ ਦਵਾਈ ਅਤੇ ਬਿਨਾਂ ਕੋਈ ਪੈਸਾ ਲਏ ਤੋਂ ਹੱਲ ਕੀਤੇ ਗਏ l ਜਦੋਂ ਵੀ ਕਿਸੇ ਮੁਲਕ ਵਿੱਚ ਆਰਥਿਕ ਮੰਦੀ ਆਉਂਦੀ ਹੈ ਤਾਂ ਮਾਨਸਿਕ ਰੋਗਾਂ ਦੇ ਕੇਸ ਹੋਰ ਵਧ ਜਾਂਦੇ ਹਨ l ਇਸ ਸਮੇਂ ਵੀ ਦੁਨੀਆਂ ਵਿੱਚ ਆਰਥਿਕ ਮੰਦੀ ਚੱਲ ਰਹੀ ਹੈ ਜਿਸ ਵਿੱਚ ਨਿਊਜ਼ੀਲੈਂਡ ਵੀ ਸ਼ਾਮਿਲ ਹੈ l ਸਰਕਾਰਾਂ ਕਾਰਨਾਂ ਦਾ ਇਲਾਜ ਕਰਨ ਦੀ ਬਜਾਏ ਮਰੀਜ਼ਾਂ ਲਈ ਇਲਾਜ ਦੇ ਕੇਂਦਰ ਬਣਾ ਰਹੀਆਂ ਹਨ ਜੋ ਕਿ ਬਿਲਕੁਲ ਉਲਟ ਹੈ l
ਤਾਜ਼ਾ ਕੇਸ ਜੋ ਹੱਲ ਹੋਇਆ l ਉਹ ਹੈ ਮਾਣਯੋਗ ਲੇਖਕ ਬੇਦੀ ਮੀਰ ਪੁਰੀ ਜੀ ਦਾ ਜੋ ਡਿਪ੍ਰੈਸ਼ਨ ਵਿੱਚ ਚਲੇ ਗਏ ਸਨ ਜਿਨਾਂ ਆਪਣੀ ਫੇਸਬੁੱਕ ਤੇ ਇਸ ਬਾਰੇ ਜਾਣਕਾਰੀ ਦਿੱਤੀ ਸੀ l ਉਸ ਸਮੇਂ ਕਾਰਨਾਂ ਬਾਰੇ ਮੈਨੂੰ ਜਾਣਕਾਰੀ ਨਹੀਂ ਸੀ l ਮੈਂ ਉਸੇ ਵੇਲੇ ਉਥੇ ਉਨ੍ਹਾਂ ਦੇ ਦੋਸਤਾਂ ਨੂੰ ਕਮੈਂਟ ਕਰਕੇ ਕਿਹਾ ਕਿ ਡਿਪ੍ਰੈਸ਼ਨ ਦੇ ਕਾਰਣ ਪਤਾ ਕਰੋ ਅਤੇ ਕਾਰਣ ਦੂਰ ਕਰਨ ਦੀ ਕੋਸ਼ਿਸ਼ ਕਰਦੇ ਹਾਂ ਤੇ ਡਿਪ੍ਰੈਸ਼ਨ ਦੂਰ ਹੋ ਜਾਵੇਗਾ l ਲੋੜ ਪਈ ਤੇ ਡਾਕਟਰੀ ਇਲਾਜ ਹੋ ਸਕਦਾ ਹੈ l
ਮੈਂ ਆਪਣੇ ਦੋਸਤ ਡਾਕਟਰ ਪਰਮਿੰਦਰ ਸਿੰਘ ਜੀ ਨੂੰ ਬੇਨਤੀ ਕੀਤੀ ਕਿ ਬੇਦੀ ਜੀ ਨੂੰ ਘਰ ਜਾ ਕੇ ਮਿਲਣ ਅਤੇ ਕੌਂਸਲਿੰਗ ਕਰਕੇ ਆਉਣ ਅਤੇ ਕਾਰਨਾਂ ਦੀ ਜਾਂਚ ਕਰਨ l ਉਨ੍ਹਾਂ ਅਜਿਹਾ ਹੀ ਕੀਤਾ ਅਤੇ ਬੇਦੀ ਜੀ ਕੁੱਝ ਹਫਤਿਆਂ ਦੇ ਇਲਾਜ ਬਾਦ ਠੀਕ ਹੋ ਕੇ ਘਰ ਆਏ ਭਾਵੇਂ ਕਿ ਦਵਾਈ ਬਾਦ ਵਿੱਚ ਚੱਲਦੀ ਹੈ ਪਰ ਉਨ੍ਹਾਂ ਆਪਣਾ ਕੰਮਕਾਰ ਸਾਂਭ ਲਿਆ l
ਮੈਂ ਆਪਣੇ ਦੋਸਤ ਡਾਕਟਰ ਪਰਮਿੰਦਰ ਸਿੰਘ ਜੀ ਦਾ ਧੰਨਵਾਦੀ ਹਾਂ ਜਿਨਾਂ ਕੌਂਸਲਿੰਗ ਅਤੇ ਇਲਾਜ ਲਈ ਆਰਥਿਕ ਮੱਦਦ ਕੀਤੀ ਅਤੇ ਨਿਊਜ਼ੀਲੈਂਡ ਤੋਂ ਸ਼ਹੀਦ ਭਗਤ ਸਿੰਘ ਚੈਰੀਟੇਬਲ ਟਰੱਸਟ ਔਕਲੈਂਡ ਨਿਊਜ਼ੀਲੈਂਡ ਦੇ ਮੈਂਬਰਾਂ ਦਾ ਵੀ ਧੰਨਵਾਦੀ ਹਾਂ ਜਿਨਾਂ ਆਰਥਿਕ ਸਹਿਯੋਗ ਦਿੱਤਾ l ਇਸ ਦੇ ਨਾਲ ਹੀ ਆਪ ਨਾਲ ਸਾਂਝ ਪਾਉਣੀ ਚਾਹਾਂਗਾ ਕਿ ਮਾਨਸਿਕ ਰੋਗੀ ਹੋਣ ਤੋਂ ਪਹਿਲਾਂ ਜੇ ਤੁਸੀਂ ਤਰਕਸ਼ੀਲ ਸਾਹਿਤ ਪੜ੍ਹਦੇ ਹੋ ਤਾਂ ਤੁਸੀਂ ਆਪਣੇ ਆਪ ਨੂੰ ਮਾਨਸਿਕ ਤੌਰ ਤੇ ਮਜ਼ਬੂਤ ਕਰ ਲੈਂਦੇ ਹੋ ਤੇ ਤੁਹਾਡੇ ਮਾਨਸਿਕ ਰੋਗੀ ਹੋਣ ਦੇ ਮੌਕੇ ਬਹੁਤ ਘਟ ਜਾਂਦੇ ਹਨ l
ਇਹ ਤਜਰਬਾ ਮੈਂ ਆਪਣੀ ਜਿੰਦਗੀ ਵਿੱਚ ਖੁਦ ਕੀਤਾ ਸੀ l ਆਪ ਵਿੱਚੋਂ ਬਹੁਤੇ ਜਾਣਦੇ ਹਨ ਕਿ ਜਿੰਦਗੀ ਵਿੱਚ ਮੈਨੂੰ ਅਣਗਿਣਤ ਸਮੱਸਿਆਵਾਂ ਆਈਆਂ ਸਨ ਜਿਨਾਂ ਵਿੱਚੋਂ ਮੁੱਖ ਤੌਰ ਤੇ ਮੇਰੇ ਮਾਂ, ਬਾਪ, ਭਰਾ ਦੀ ਮੌਤ, ਨਿਊਜ਼ੀਲੈਂਡ ਤੋਂ ਮੇਰਾ ਓਵਰਸਟੇ ਹੋਣ ਕਾਰਣ ਡਿਪੋਰਟ ਹੋਣਾ, ਡਿਪੋਰਟ ਹੋਣ ਵੇਲੇ ਮੇਰੀ ਪਤਨੀ ਅਤੇ ਮੇਰਾ ਦੋ ਮੁਲਕਾਂ ਵਿੱਚ ਵੰਡੇ ਜਾਣਾ, ਮੇਰੀ ਸਵਾ ਲੱਖ ਡਾਲਰ ਸਲਾਨਾ ਤਨਖਾਹ ਵਾਲੀ ਜੌਬ 2005 ਵਿੱਚ ਖੁੱਸ ਜਾਣਾ ਅਤੇ ਜਿੰਦਗੀ ਵਿੱਚ ਨਿਊਜ਼ੀਲੈਂਡ ਹੁੰਦਿਆਂ ਕਈ ਵਾਰ ਬੇਘਰ ਹੋਣਾ ਅਤੇ ਤੰਬੂਆਂ ਅਤੇ ਸੜਕਾਂ ਦੇ ਕਿਨਾਰਿਆਂ ਤੇ ਸੌਣਾ ਸ਼ਾਮਿਲ ਸੀ l
ਐਨੀਆਂ ਘਟਨਾਵਾਂ ਘਟਣ ਤੋਂ ਬਾਦ ਵੀ ਮੈਂ ਮਾਨਸਿਕ ਰੋਗੀ ਹੋਣੋਂ ਬਚ ਗਿਆ ਸੀ l ਮੈਨੂੰ ਇਹ ਸਵਾਲ ਅਕਸਰ ਪਾਠਕਾਂ ਵਲੋਂ ਕੀਤਾ ਜਾਂਦਾ ਹੈ ਕਿ ਐਨੀਆਂ ਘਟਨਾਵਾਂ ਬਾਦ ਮੈਂ ਮਾਨਸਿਕ ਰੋਗੀ ਕਿਉਂ ਨਹੀਂ ਹੋਇਆ? ਇਹ ਸਵਾਲ ਮੈਨੂੰ ਇੱਕ ਸਾਇਕਾਈਟ੍ਰਿਸਟ (ਮਾਨਸਿਕ ਰੋਗਾਂ ਦਾ ਮਾਹਰ ਡਾਕਟਰ) ਨੇ ਵੀ ਕੀਤਾ ਸੀ l ਉਸ ਦਾ ਸੌਖਾ ਜਵਾਬ ਇਹੀ ਸੀ ਕਿ ਮੈਂ ਤਰਕਸ਼ੀਲ ਲਿਟਰੇਚਰ ਬਹੁਤ ਸਾਲਾਂ ਤੋਂ ਪੜ੍ਹਦਾ ਸੀ ਅਤੇ ਸਮੇਂ ਦਾ ਸੱਚ ਕਬੂਲਣਾ ਸਿੱਖ ਗਿਆ ਸੀ l
ਕੋਈ ਵੀ ਵਿਅਕਤੀ ਜੇਕਰ ਆਪਣੇ ਆਪ ਨੂੰ ਮਾਨਸਿਕ ਤੌਰ ਤੇ ਮਜ਼ਬੂਤ ਕਰਨਾ ਚਾਹੁੰਦਾ ਹੈ ਤਾਂ ਉਸ ਵਾਸਤੇ ਤਰਕਸ਼ੀਲ/ਵਿਗਿਆਨਕ ਸੋਚ ਅਪਣਾਉਣੀ ਜਰੂਰੀ ਹੈ ਤਾਂ ਕਿ ਉਹ ਮਾਨਸਿਕ ਰੋਗਾਂ ਤੋਂ ਖੁਦ ਵੀ ਦੂਰ ਰਹਿ ਸਕੇ ਅਤੇ ਆਪਣੇ ਪਰਿਵਾਰ ਨੂੰ ਵੀ ਦੂਰ ਰੱਖ ਸਕੇ l
ਅਵਤਾਰ ਤਰਕਸ਼ੀਲ ਨਿਊਜ਼ੀਲੈਂਡ
ਜੱਦੀ ਪਿੰਡ ਖੁਰਦਪੁਰ (ਜਲੰਧਰ)
006421392147
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly