(ਸਮਾਜ ਵੀਕਲੀ)
ਦੀਪ ਇੱਕ ਗਰੀਬ ਘਰ ਦੀ ਕੁੜੀ ਸੀ । ਇਸੇ ਕਰਕੇ ਦੀਪ ਦਾ ਵਿਆਹ ਉਸ ਦੇ ਘਰਦਿਆਂ ਨੇ ਛੋਟੀ ਉਮਰ ਵਿੱਚ ਹੀ ਕਰ ਦਿੱਤਾ ਸੀ । ਉਸ ਦੇ ਮਾਂ ਬਾਪ ਨੇ ਉਸ ਨੂੰ ਇਹੋ ਗੱਲ ਸਮਝਾਈ ਸੀ ਕਿ ਹੁਣ ਉਸ ਦਾ ਘਰ ਉਹੀ ਹੈ, ਉਹ ਆਪਣੇ ਸੱਸ ਸਹੁਰੇ ਨੂੰ ਆਪਣੇ ਮਾਂ ਬਾਪ ਸਮਝ ਕੇ ਉਨ੍ਹਾਂ ਦੀ ਸੇਵਾ ਕਰੇ, ਜੇ ਉਹ ਉਸ ਨੂੰ ਕੁੱਝ ਕਹਿਣ ਵੀ ਤਾਂ ਵੀ ਉਹ ਚੁੱਪ ਕਰ ਜਾਵੇ, ਉਨ੍ਹਾਂ ਨੂੰ ਕਦੇ ਪਲਟ ਕੇ ਜਵਾਬ ਨਾ ਦਵੇ।
ਦੀਪ ਸੁਭਾਅ ਦੀ ਬਹੁਤ ਨਰਮ ਕੁੜੀ ਸੀ। ਉਸ ਨੇ ਬਿਲਕੁਲ ਉਦਾਂ ਹੀ ਕੀਤਾ ਜਿਵੇ ਉਸ ਦੇ ਮਾਂ ਬਾਪ ਨੇ ਉਸ ਨੂੰ ਸਮਝਾ ਕੇ ਭੇਜਿਆ ਸੀ। ਉਸ ਨੇ ਆਪਣੇ ਆਪ ਨੂੰ ਉਸ ਪਰਿਵਾਰ ਦੇ ਅਨੁਸਾਰ ਆਪਣੇ ਆਪ ਨੂੰ ਢਾਲ ਲਿਆ। ਉਹ ਪਰਿਵਾਰ ਦੀ ਕਿਸੇ ਵੀ ਗੱਲ ਵਿੱਚ ਦਖਲ ਨਾ ਦਿੰਦੀ । ਜੇ ਉਸ ਨੂੰ ਕੋਈ ਕੁੱਝ ਕਹਿ ਦਿੰਦਾ ਤਾਂ ਉਹ ਚੁੱਪ ਕਰ ਜਾਂਦੀ , ਅੱਗੋਂ ਪਲਟ ਕੇ ਜਵਾਬ ਨਾ ਦਿੰਦੀ। ਸਾਰਾ ਦਿਨ ਉਹ ਬਸ ਘਰ ਦੇ ਕੰਮਾਂ ਵਿੱਚ ਲੱਗੀ ਰਹਿੰਦੀ।
ਪਰ ਹੋਲੀ ਹੋਲੀ ਉਸ ਦੀ ਨਰਮਾਈ ਦਾ ਉਸਦੇ ਘਰ ਦੇ ਫਾਇਦਾ ਚੁੱਕਣ ਲੱਗੇ, ਇੱਥੋਂ ਤੱਕ ਕਿ ਉਹ ਲੋਕਾਂ ਨੂੰ ਵੀ ਇਹ ਕਹਿਣ ਲੱਗੇ ਕਿ ਦੀਪ ਨੂੰ ਤਾਂ ਦੁਨੀਆਂ ਦਾਰੀ ਦਾ ਕੁਝ ਨੀ ਪਤਾ, ਜਦੋਂ ਦੀਪ ਨੇ ਨੌਕਰੀ ਕਰਨ ਦੀ ਇੱਛਾ ਜ਼ਾਹਿਰ ਕੀਤੀ ਤਾਂ ਉਸਦੇ ਸਹੁਰੇ ਪਰਿਵਾਰ ਨੇ ਤਾਅਨੇ ਦੇਣੇ ਸ਼ੁਰੂ ਕਰ ਦਿੱਤੇ ਕਿ ਇਸ ਤੋਂ ਘਰ ਦੇ ਕੰਮ ਸਾਂਭੇ ਜਾਣ ਉਹੀ ਬਹੁਤ ਆ, ਇਹ ਘਰ ਤੋਂ ਬਾਹਰ ਕੰਮ ਕਿਵੇਂ ਕਰ ਲਵੇਗੀ, ਇਸ ਨੂੰ ਪੈਸੇ ਤੱਕ ਨੀ ਗਿਣਨੇ ਆਉਂਦੇ। ਦੀਪ ਨੂੰ ਇਹ ਗੱਲ ਸੁਣ ਕੇ ਬਹੁਤ ਦੁੱਖ ਹੁੰਦਾ ਕਿ ਉਸ ਨੇ ਆਪਣੀਆਂ ਇੱਛਾਵਾਂ ਭੁਲਾ ਕੇ ਆਪਣੀ ਜ਼ਿੰਦਗੀ ਇਸ ਪਰਿਵਾਰ ਦੇ ਲੇਖੇ ਲਾ ਦਿੱਤੀ ਅਤੇ ਇਹ ਹੁਣ ਲੋਕਾਂ ਕੋਲ ਅਜਿਹੀਆਂ ਗੱਲਾਂ ਕਰਦੇ ਹਨ।
ਦੀਪ ਜਦੋਂ ਇਹ ਗੱਲਾਂ ਆਪਣੀ ਮਾਂ ਨੂੰ ਦੱਸਦੀ ਤਾਂ ਅੱਗੋਂ ਉਸਦੀ ਮਾਂ ਕਹਿ ਦਿੰਦੀ , ਕੋਈ ਨਾ ਪੁੱਤ , ਤੂੰ ਫ਼ਿਕਰ ਨਾ ਕਰ, ਸਮਾਂ ਪਾ ਕੇ ਆਪੇ ਸਭ ਠੀਕ ਹੋ ਜਾਵੇਗਾ। ਇਸੇ ਤਰ੍ਹਾਂ ਕੁਝ ਸਾਲ ਬੀਤ ਗਏ, ਪਰ ਦੀਪ ਦੇ ਘਰ ਦੇ ਹਾਲਾਤ ਹੋਰ ਵਿਗੜਨ ਲੱਗੇ। ਹੁਣ ਦੀਪ ਉਸ ਘਰ ਵਿੱਚ ਉਹ ਸਿਰਫ ਇੱਕ ਕੰਮ ਕਰਨ ਵਾਲੀ ਨੌਕਰਾਣੀ ਬਣ ਕੇ ਰਹਿ ਗਈ ਸੀ। ਉਸ ਦੀ ਖ਼ੁਸ਼ੀ ਗਮੀ ਦੀ ਕਿਸੇ ਨੂੰ ਵੀ ਕੋਈ ਪ੍ਰਵਾਹ ਨਹੀਂ ਸੀ, ਕੋਈ ਕਦੇ ਬਿਮਾਰੀ ਵੇਲੇ ਵੀ ਉਸਦਾ ਹਾਲ ਚਾਲ ਨਾ ਪੁੱਛਦਾ ।
ਇਹ ਸਭ ਤੋਂ ਅੱਕ ਕੇ ਜਦੋਂ ਦੀਪ ਨੇ ਇੱਕ ਦਿਨ ਆਪਣੇ ਪਤੀ ਨੂੰ ਕਿਹਾ ਕਿ ਉਸ ਦੀ ਵੀ ਕੋਈ ਜ਼ਿੰਦਗੀ ਹੈ, ਉਸ ਨੇ ਵੀ ਆਪਣੀਆਂ ਇੱਛਾਵਾਂ ਪੂਰੀਆਂ ਕਰਨੀਆਂ ਹਨ ਜੇਕਰ ਉਸਦਾ ਪਤੀ ਉਸ ਨੂੰ ਕੁੱਝ ਪੈਸੇ ਦੇ ਦਿਆ ਕਰੇ ਅਤੇ ਕੰਮ ਤੋਂ ਆ ਕੇ ਕੁਝ ਸਮਾਂ ਉਸ ਕੋਲ ਆ ਕੇ ਬੈਠ ਜਾਵੇ ਤਾਂ ਉਸਦਾ ਕੀ ਘਟ ਜਾਵੇਗਾ?
ਉਸਦੀ ਇਹ ਗੱਲ ਸੁਣ ਕੇ ਉਸ ਦਾ ਪਤੀ ਇਕਦਮ ਗੁੱਸੇ ਵਿੱਚ ਆ ਗਿਆ ਤੇ ਉੱਚੀ ਉੱਚੀ ਬੋਲਣ ਲੱਗ ਗਿਆ ਕਿ ਤੈਨੂੰ ਅਸੀਂ ਘਰ ਖਾਣ ਪੀਣ ਨੂੰ ਵਧੀਆ ਦਿੰਦੇ ਹਾਂ,ਹੋਰ ਕੀ ਚਾਹੀਦਾ ਤੈਨੂੰ? ਤੂੰ ਕੀ ਕਰਨਾ ਪੈਸਿਆਂ ਦਾ? ਬਾਕੀ ਰਹੀ ਗੱਲ ਸਮੇਂ ਦੀ, ਇੱਕ ਤਾਂ ਹਫ਼ਤੇ ਵਿੱਚ ਛੁੱਟੀ ਹੁੰਦੀ ਏ , ਉਹ ਆਪਣੇ ਦੋਸਤਾਂ ਨਾਲ ਬਤੀਤ ਕਰੇਗਾ , ਤੇਰੇ ਕੋਲ ਬੈਠ ਕੇ ਜ਼ਿੰਦਗੀ ਬਰਬਾਦ ਥੋੜੀ ਕਰਨੀ ਏ?
ਆਪਣੇ ਪਤੀ ਦੇ ਮੂੰਹੋਂ ਇਹ ਗੱਲ ਸੁਣ ਕੇ ਦੀਪ ਹੱਕੀ ਬੱਕੀ ਰਹਿ ਗਈ , ਉਸ ਗੱਲ ਤੋਂ ਦੀਪ ਆਪਣੇ ਪਤੀ ਨਾਲ ਨਰਾਜ਼ ਹੋ ਗਈ ਅਤੇ ਉਸ ਨੇ ਪੂਰਾ ਦਿਨ ਕੁਝ ਨਾ ਖਾਧਾ ਪਰ ਅਫਸੋਸ ਘਰ ਵਿੱਚੋਂ ਕਿਸੇ ਨੇ ਵੀ ਉਸ ਤੋਂ ਖਾਣਾ ਨਾ ਖਾਣ ਦਾ ਕਾਰਨ ਨੀ ਪੁੱਛਿਆ, ਦੀਪ ਆਪਣੇ ਖਿਆਲਾਂ ਵਿੱਚ ਗੁਆਚ ਗਈ ਅਤੇ ਸੋਚਣ ਲੱਗੀ ਕਿ ਅਸਲ ਵਿੱਚ ਜ਼ਿੰਦਗੀ ਕਿਸ ਦੀ ਬਰਬਾਦ ਹੋਈ ਹੈ?
ਮਨਪ੍ਰੀਤ ਕੌਰ
ਸਮਾਉਂ (ਮਾਨਸਾ)
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly