ਗ਼ਜ਼ਲ

ਜਗਦੀਸ਼ ਰਾਣਾ

 (ਸਮਾਜ ਵੀਕਲੀ) 

ਜਿੱਤੀ ਬਾਜ਼ੀ ਹਾਰਨ ਵਾਲ਼ੇ
ਸਾਡੇ ਹੀ ਨੇ ਸਾਡੇ ਹੀ ਨੇ।
ਸਾਨੂੰ ਜੀਂਦੇ ਮਾਰਨ ਵਾਲ਼ੇ
ਸਾਡੇ ਹੀ ਨੇ ਸਾਡੇ ਹੀ ਨੇ ।

ਦਸਮ ਪਿਤਾ ਨੇ ਸਿਰ ਮੰਗੇ ਜਦ,
ਸੋਚਾਂ ਵਿਚ ਸਭ ਲੋਕ ਪਏ ਸਨ,
ਭੀੜ੍ਹ ‘ਚੋਂ ਉੱਠੇ ਸਿਰ ਵਾਰਨ ਵਾਲ਼ੇ,
ਸਾਡੇ ਹੀ ਨੇ ਸਾਡੇ ਹੀ ਨੇ।

ਸ਼ਿੱਕਵੇ ਕਰੀਏ ਜਾਂ ਸ਼ੁਕਰਾਨੇ
ਏਹੋ ਗੱਲ਼ ਨਾ ਖਾਨੇ ਪੈਂਦੀ,
ਸਾਨੂੰ ਡੋਬਣ ਤਾਰਨ ਵਾਲ਼ੇ,
ਸਾਡੇ ਹੀ ਨੇ ਸਾਡੇ ਹੀ ਨੇ ।

ਕਿਰਤੀ ਦੇ ਪੁੱਤ ਕੱਚੇ ਘਰ ਵਿਚ,
ਸਾਰਾ ਜੀਵਨ ਜੀਂਦੇ ਫਿਰ ਵੀ,
ਇਹ ਜੋ ਮਹਿਲ ਉਸਾਰਨ ਵਾਲ਼ੇ,
ਸਾਡੇ ਹੀ ਨੇ ਸਾਡੇ ਹੀ ਨੇ।

ਜ਼ਰਦਾਰਾਂ ਤੋਂ ਡਰ ਕੇ ਸਾਰੇ
ਚੁੱਪ ਧਾਰੀ ਬੈਠੇ ਨੇ ਐਪਰ,
ਜ਼ਾਲਿਮ ਨੂੰ ਲਲਕਾਰਨ ਵਾਲ਼ੇ,
ਸਾਡੇ ਹੀ ਨੇ ਸਾਡੇ ਹੀ ਨੇ ।

ਸਦੀਆਂ ਤੀਕਰ ਏਸ ਜ਼ਮਾਨੇ,

ਜਿਹਨਾਂ ਨੂੰ ਇਨਸਾਨ ਨਾ ਮੰਨਿਆ,
ਏਡੇ ਜ਼ੁਲਮ ਸਹਾਰਨ ਵਾਲ਼ੇ
ਸਾਡੇ ਹੀ ਨੇ ਸਾਡੇ ਹੀ ਨੇ।

ਮਤਲਬਖ਼ੋਰ ਜ਼ਮਾਨੇ ਦੇ ਵਿਚ,
ਕੌਣ ਕਿਸੇ ਦਾ ਦੁੱਖ ਸਮਝਦਾ,
ਇਹ ਜੋ ਦੁੱਖ ਨਿਵਾਰਨ ਵਾਲ਼ੇ
ਸਾਡੇ ਹੀ ਨੇ, ਸਾਡੇ ਹੀ ਨੇ ।

ਜਿਹਨਾਂ ਨੇ ਗ਼ੱਦਾਰੀ ਕੀਤੀ
ਉਹ ਸਾਡੇ ਕਿੰਝ ਹੋ ਸਕਦੇ ਹਨ ?
ਦੇਸ਼ ਤੋਂ ਜਾਨਾਂ ਵਾਰਨ ਵਾਲ਼ੇ,
ਸਾਡੇ ਹੀ ਨੇ ਸਾਡੇ ਹੀ ਨੇ ।

ਮੌਤ ਨੂੰ ਮਾਸੀ ਕਹਿਣ ਹਮੇਸ਼ਾਂ,
ਮਾਫ਼ੀ ਮੰਗ ਨਾ ਜਾਨ ਛਡਾਉਂਦੇ,
ਹਾਕਮ ਨੂੰ ਵੰਗਾਰਨ ਵਾਲ਼ੇ
ਸਾਡੇ ਹੀ ਨੇ ਸਾਡੇ ਹੀ ਨੇ।

ਜਗਦੀਸ਼ ਰਾਣਾ

Previous articleਡਾਕਟਰ ਅੰਬੇਡਕਰ ਜਾਗਰਤੀ ਮੇਲਾ ਕਰਵਾਇਆ ਗਿਆ।
Next articleਸੱਜਣੋ