ਅੰਡਰ-17 ਫੁੱਟਬਾਲ ਪ੍ਰਤੀਯੋਗਤਾ ’ਚ ਪਾਲਦੀ ਦੀ ਟੀਮ ਨੇ ਜਿੱਤਿਆ ਸੋਨੇ ਦਾ ਤਗਮਾ
ਹੁਸ਼ਿਆਰਪੁਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਪੰਜਾਬ ਸਰਕਾਰ ਦੇ ਖੇਡ ਵਿਭਾਗ ਦੁਆਰਾ ’ਖੇਡਾਂ ਵਤਨ ਪੰਜਾਬ ਦੀਆਂ ’ ਤਹਿਤ ਆਯੋਜਿਤ ਜ਼ਿਲ੍ਹਾ ਪੱਧਰੀ ਖੇਡਾਂ ਦੀ ਸਮਾਪਤੀ ਫੁੱਟਬਾਲ ਅਕਾਦਮੀ ਮਾਹਿਲਪੁਰ ’ਚ ਕੀਤੀ ਗਈ। ਇਸ ਮੌਕੇ ਜ਼ਿਲ੍ਹਾ ਖੇਡ ਅਫ਼ਸਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਇਨ੍ਹਾਂ ਜ਼ਿਲ੍ਹਾ ਪੱਧਰੀ ਖੇਡਾਂ ਵਿਚ ਵੱਖ-ਵੱਖ ਉਮਰ ਵਰਗ ਦੇ ਖਿਡਾਰੀਆਂ ਨੇ ਹਿੱਸਾ ਲਿਆ, ਜਿਸ ਵਿਚ ਅੰਡਰ-14 ਤੋਂ ਲੈ ਕੇ 70 ਸਾਲ ਤੋਂ ਵੱਧ ਉਮਰ ਵਰਗ ਦੇ ਖਿਡਾਰੀ ਸ਼ਾਮਲ ਸਨ। ਇਹ ਖੇਡਾਂ 16 ਸਤੰਬਰ ਤੋਂ 22 ਸਤੰਬਰ 2024 ਤੱਕ ਬੜੀ ਮਿਹਨਤ ਅਤੇ ਲਗਨ ਨਾਲ ਆਯੋਜਿਤ ਕੀਤੀਆਂ ਗਈਆਂ। ਸਾਰੇ ਕੋਚ ਅਤੇ ਅਧਿਕਾਰੀਆਂ ਦੇ ਸਹਿਯੋਗ ਨਾਲ ਇਨ੍ਹਾਂ ਖੇਡਾਂ ਨੂੰ ਸਫ਼ਲਤਾਪੂਰਵਕ ਮੁਕੰਮਲ ਕੀਤਾ ਗਿਆ। ਅੱਜ ਅੰਡਰ-17 ਲੜਕੀਆਂ ਦੀ ਫੁੱਟਬਾਲ ਪ੍ਰਤੀਯੋਗਤਾ ਦੇ ਫਾਈਨਲ ਮੈਚ ਆਯੋਜਿਤ ਕੀਤੇ ਗਏ। ਫੁੱਟਬਾਲ ਅਕਾਦਮੀ ਮਾਹਿਲਪੁਰ ਅਤੇ ਫੁੱਟਬਾਲ ਅਕਾਦਮੀ ਮਜਾਰਾ ਡਿੰਗਰੀਆ ਦੇ ਵਿਚ ਹੋਏ ਸੈਮੀਫਾਈਨਲ ਮੈਚ ਵਿਚ ਮਾਹਿਲਪੁਰ ਦੀ ਟੀਮ ਨੇ ਪੈਨਲਟੀ ਸ਼ੂਟਆਊਟ ਵਿਚ 4-2 ਨਾਲ ਜਿੱਤ ਹਾਸਲ ਕੀਤੀ ਅਤੇ ਫਾਈਨਲ ਵਿਚ ਆਪਣੀ ਜਗ੍ਹਾ ਬਣਾਈ। ਇਸੇ ਤਰ੍ਹਾਂ ਫੁੱਟਬਾਲ ਅਕਾਦਮੀ ਪਾਲਦੀ ਦੀ ਟੀਮ ਨੇ ਮੁਕੇਰੀਆਂ ਦੀ ਟੀਮ ਨੂੰ ਹਰਾ ਕੇ ਫਾਈਨਲ ਵਿਚ ਪਹੁੰਚੀ।
ਫਾਈਨਲ ਮੁਕਾਬਲੇ ਵਿਚ ਫੁੱਟਬਾਲ ਅਕਾਦਮੀ ਪਾਲਦੀ ਨੇ ਮਾਹਿਲਪੁਰ ਦੀ ਟੀਮ ਨੂੰ ਹਰਾ ਕੇ ਸੋਨੇ ਦਾ ਤਗਮਾ ਜਿੱਤਿਆ। ਮਾਹਿਲਪੁਰ ਦੀ ਟੀਮ ਨੇ ਦੂਜੇ ਸਥਾਨ ’ਤੇ ਰਹਿੰਦੇ ਹੋਏ ਚਾਂਦੀ ਦਾ ਤਗਮਾ ਜਿੱਤਿਆ, ਜਦਕਿ ਮਜਾਰਾ ਡਿੰਗਰੀਆ ਦੀ ਟੀਮ ਨੇ ਤੀਜਾ ਸਥਾਨ ਪ੍ਰਾਪਤ ਕਰਕੇ ਕਾਂਸੇ ਦਾ ਤਗਮਾ ਹਾਸਲ ਕੀਤਾ। ਸਮਾਪਤੀ ਸਮਾਰੋਹ ਦੌਰਾਨ ਜ਼ਿਲ੍ਹਾ ਖੇਡ ਅਫਸਰ ਗੁਰਪ੍ਰੀਤ ਸਿੰਘ ਨੇ ਸਾਰੇ ਕੋਚ, ਅਧਿਕਾਰੀਆਂ, ਅਧਿਆਪਕ ਅਤੇ ਹੋਰ ਸਹਿਯੋਗੀਆਂ ਦਾ ਧੰਨਵਾਦ ਕੀਤਾ, ਜਿਨ੍ਹਾਂ ਨੇ ਇਨ੍ਹਾਂ ਜ਼ਿਲ੍ਹਾ ਪੱਧਰੀ ਖੇਡਾਂ ਨੂੰ ਸਫ਼ਲ ਬਣਾਉਣ ਵਿਚ ਮਹੱਤਵਪੂਰਨ ਭੂਮਿਕਾ ਨਿਭਾਈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly