ਗਦਰੀ ਭਾਈ ਸੰਤੋਖ ਸਿੰਘ ਧਰਦਿਓ ਪੁਰਸਕਾਰ 2023 ਮਿਲੇਗਾ ਦੁਸਾਂਝ ਜੋੜੀ ਨੂੰ

ਕੈਪਸ਼ਨ-ਕਮਲ ਦੁਸਾਂਝ ਤੇ ਸ਼ੁਸ਼ੀਲ ਦੁਸਾਂਝ ਦੀ ਜੋੜੀ ਦੀ ਫੋਟੋ

ਅੱਪਰਾ (ਸਮਾਜ ਵੀਕਲੀ):  ਅਸਟਰੇਲੀਆ ਦੀ ਸਿਰਮੌਰ ਸਾਹਿਤਕ ਸੰਸਥਾ ਇੰਡੋਜ ਪੰਜਾਬੀ ਸ਼ੋਸ਼ਲ ਅਕੈਡਮੀ ਆਫ ਅਸਟਰੇਲੀਆ ( ਇਪਸਾ) ਵੱਲੋਂ ਸਾਹਿਤ ਕਲਾ ਕੇਂਦਰ ਜਲੰਧਰ ਦੇ ਸਹਿਯੋਗ ਨਾਲ ਹਰੇਕ ਸਾਲ ਦਿੱਤਾ ਜਾਣ ਵਾਲਾ ਗਦਰੀ ਭਾਈ ਸੰਤੋਖ ਸਿੰਘ ਧਰਦਿਓ ਪੁਰਸਕਾਰ ਇਸ ਵਰ੍ਹੇ ਪ੍ਰਤੀਬੱਧ ਪੱਤਰਕਾਰੀ,ਸੰਜੀਦਾ ਟੈਲੀ ਵਾਰਤਾਕਾਰੀ, ਲੋਕ ਸਾਹਿਤਕਾਰੀ ਅਤੇ ਸਮਾਜਿਕ ਸਰੋਕਾਰਾਂ ਨਾਲ ਜੁੜੇ ਲੀਕ ਤੋਂ ਵੱਖਰੇ ਮੈਗਜ਼ੀਨ (ਹੁਣ) ਦੀ ਸੰਪਾਦਕੀ ਲਈ ਅਦਬੀ ਹਲਕਿਆਂ ਵਿੱਚ ਜਾਣੀ ਪਹਿਚਾਣੀ ਅਤੇ ਗੁਣਵੰਤੀ ਦੁਸਾਂਝ ਜੋੜੀ ਨੂੰ ਦਿੱਤਾ ਜਾਵੇਗਾ। ਸ਼ੁਸ਼ੀਲ ਦੁਸਾਂਝ ਅਤੇ ਕਮਲ ਦੁਸਾਂਝ ਨੇ ਗ੍ਰਹਿਸਤ ਜੀਵਨ ਦੀਆਂ ਜਹਿਮਤਾਂ ਅਤੇ ਜੁੰਮੇਵਾਰੀਆਂ ਨਾਲ ਸਿੱਝਦਿਆਂ ਅਤੇ ਸੱਤਾ ਸਥਾਪਤੀ ਦੇ ਖ਼ਿਲਾਫ਼ ਲੋਕ ਰੋਹ ਦੀ ਵੰਗਾਰ ਬਣਦਿਆਂ ਸਦਾ ਹੀ ਸਮੇਂ ਦੇ ਸੱਚ ਨੂੰ ਪੇਸ਼ ਕੀਤਾ ਹੈ।

ਜਿੱਥੇ ਸ਼ੁਸ਼ੀਲ ਦੁਸਾਂਝ ਨੇ ਸ਼ਾਇਰੀ ਸੰਪਾਦਕੀ ਅਤੇ ਪੱਤਰਕਾਰੀ ਦੇ ਖੇਤਰ ਵਿੱਚ ਆਪਣੇ ਦਾਇਤਵ ਨੂੰ ਨਿਭਾਉਂਦਿਆਂ ਸਦਾ ਹੀ ਨਜ਼ਰ ਅੰਦਾਜ਼ ਹੋ ਰਹੀਆਂ ਧਿਰਾਂ ਅਤੇ ਜਾਗਦੇ ਸਿਰਾਂ ਦੀ ਪ੍ਰਤਿਨਿਧਤਾ ਕੀਤੀ ਹੈ , ਉੱਥੇ ਕਮਲ ਦੁਸਾਂਝ ਨੇ ਵੀ ਇਸੇ ਹੀ ਪੈੜ ਵਿੱਚ ਪੈਰ ਧਰਦਿਆਂ ਲੋਕ ਹਿਤੈਸ਼ੀ ਪੱਤਰਕਾਰੀ ਦੀ ਅਸਲ ਭੂਮਿਕਾ ਅਤੇ ਦਾਇਰੇ ਨੂੰ ਹੋਰ ਵੀ ਵਿਸ਼ਾਲ ਕੀਤਾ ਹੈ। ‘ਇਪਸਾ’ ਇਸ ਜੋੜੀ ਦੇ ਸਮੁੱਚੇ ਕਾਰਜਾਂ ਦੀ ਸਨਦ ਅਤੇ ਸ਼ਲ਼ਾਘਾ ਕਰਦਿਆਂ ਸ਼ੁਸ਼ੀਲ ਦਸਾਂਝ ਅਤੇ ਕਮਲ ਦੁਸਾਂਝ ਦੇ ਨਾਮ ਇਸ ਸਾਲ ਦੇ ਗਦਰੀ ਭਾਈ ਸੰਤੋਖ ਸਿੰਘ ਧਰਦਿਓ ਪੁਰਸਕਾਰਾਂ ਲਈ ਨਾਮਜ਼ਦ ਕਰਦਿਆਂ ਬਹੁਤ ਖੁਸ਼ੀ ਮਹਿਸੂਸ ਕਰ ਰਹੀ ਹੈ। ਸਾਹਿਤ ਕਲਾ ਕੇਂਦਰ ਜਲੰਧਰ ਦੀ ਦੇਖ ਰੇਖ ਵਿੱਚ ਦਿੱਤਾ ਜਾਣ ਵਾਲਾ ਇਹ ਵੱਕਾਰੀ ਪੁਰਸਕਾਰ ਗਦਰੀ ਬਾਬਿਆਂ ਦੀ ਸੋਚ ਅਤੇ ਦੇਸ਼ ਪ੍ਰਤੀ ਕੁਰਬਾਨੀ ਦੀ ਅਡੋਲ ਭਾਵਨਾ ਨੂੰ ਸਮਰਪਿਤ ਹੈ।

ਇਸ ਪੁਰਸਕਾਰ ਵਿੱਚ ਦੋਵਾਂ ਹਸਤੀਆਂ ਨੂੰ ਦੋ ਦੁਸ਼ਾਲੇ, ਦੋ ਸੋਵੀਨਾਰ , ਅਤੇ 21-21 ਹਜ਼ਾਰ ਰੁਪਏ ਦੀ ਰਾਸ਼ੀ ਨਾਲ ਨਿਵਾਜਿਆਂ ਜਾਵੇਗਾ। ਇਸ ਪ੍ਰਤੀ ਜਾਣਕਾਰੀ ਸਾਂਝੀ ਕਰਦਿਆਂ ਪ੍ਰਸਿੱਧ ਕ੍ਰਾਂਤੀਕਾਰੀ ਗਾਇਕ ਧਰਮਿੰਦਰ ਮਸਾਣੀ ਨੇ ਦੱਸਿਆ ਕਿ ਸੰਸਥਾ ਇੰਡੋਜ ਪੰਜਾਬੀ ਸ਼ੋਸ਼ਲ ਅਕੈਡਮੀ ਆਫ ਅਸਟਰੇਲੀਆ ਦੀ ਚੋਣ ਨੂੰ ਉਹ ਸਲਾਮ ਕਰਦੇ ਹਨ ਜ਼ਿਹਨਾਂ ਨੇ ਫਾਸ਼ੀਵਾਦੀ ਅਤੇ ਜਾਲਮ ਹਕੂਮਤਾਂ ਦੇ ਖ਼ਿਲਾਫ਼ ਲਿਖਣ , ਪੜ੍ਹਨ, ਤੇ ਬੋਲਣ ਵਾਲੀ ਇਸ ਜੋੜੀ ਨੂੰ ਇਹ ਪੁਰਸਕਾਰ ਦੇਣ ਦਾ ਐਲਾਨ ਕੀਤਾ ਹੈ ਉਹਨਾਂ ਦੱਸਿਆ ਕਿ ਇਹ ਸਨਮਾਨ ਸਾਮਾਰੋਹ ਮਿਤੀ 29 ਜਨਵਰੀ ਦਿਨ ਐਤਵਾਰ ਨੂੰ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਆਯੋਜਿਤ ਹੋਵੇਗਾ।

 

Previous articleਸਾਡਾ ਤਿਰੰਗਾ
Next article‘‘ਨਸ਼ਿਆਂ ਤੋਂ ਬਚਾਅ ਸਬੰਧੀ ਉਪਾਅ, ਰੋਕਥਾਮ’’