ਹੀਰੋਸ਼ੀਮਾ (ਸਮਾਜ ਵੀਕਲੀ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਿਆਪਕ ਖੁਰਾਕ ਪ੍ਰਣਾਲੀ ਵਿਕਸਤ ਕਰਨ ਦਾ ਸੱਦਾ ਦਿੰਦਿਆਂ ਦੁਨੀਆ ਦੇ ਹਾਸ਼ੀਏ ’ਤੇ ਧੱਕੇ ਲੋਕਾਂ ਉਪਰ ਧਿਆਨ ਕੇਂਦਰਿਤ ਕਰਨ ਦੀ ਵਕਾਲਤ ਕੀਤੀ ਹੈ। ਉਨ੍ਹਾਂ ਕਿਹਾ ਕਿ ਦਰਮਿਆਨੇ ਕਿਸਾਨਾਂ ਨੂੰ ਉਚੇਚੇ ਤੌਰ ’ਤੇ ਤਰਜੀਹ ਦਿੱਤੀ ਜਾਣੀ ਚਾਹੀਦੀ ਹੈ। ਉਨ੍ਹਾਂ ਖਾਦ ਵਸੀਲਿਆਂ ’ਤੇ ਕਬਜ਼ੇ ਵਾਲੀ ‘ਵਿਸਤਾਰਵਾਦੀ ਮਾਨਸਿਕਤਾ’ ’ਤੇ ਵੀ ਨੱਥ ਪਾਉਣ ਲਈ ਕਿਹਾ ਹੈ। ਹੀਰੋਸ਼ੀਮਾ ’ਚ ਜੀ-7 ਸਿਖਰ ਸੰਮੇਲਨ ਦੇ ਇਕ ਸੈਸ਼ਨ ਨੂੰ ਸੰਬੋਧਨ ਕਰਦਿਆਂ ਮੋਦੀ ਨੇ ਤਕਨਾਲੋਜੀ ਦੇ ਲੋਕਤੰਤਰੀਕਰਨ ਦਾ ਪੱਖ ਪੂਰਦਿਆਂ ਕਿਹਾ ਕਿ ਇਹ ਵਿਕਾਸ ਅਤੇ ਲੋਕਤੰਤਰ ਵਿਚਕਾਰ ਪੁਲ ਦਾ ਕੰਮ ਕਰ ਸਕਦੀ ਹੈ। ਪ੍ਰਧਾਨ ਮੰਤਰੀ ਨੇ ਕੁਦਰਤੀ ਵਸੀਲਿਆਂ ਦੀ ਸੰਪੂਰਨ ਵਰਤੋਂ ’ਤੇ ਧਿਆਨ ਕੇਂਦਰਿਤ ਕਰਨ ਦੀ ਲੋੜ ’ਤੇ ਜ਼ੋਰ ਦਿੰਦਿਆਂ ਕਿਹਾ ਕਿ ਖ਼ਪਤਕਾਰ ਤੋਂ ਪ੍ਰੇਰਿਤ ਵਿਕਾਸ ਦੇ ਮਾਡਲ ਨੂੰ ਬਦਲਣਾ ਚਾਹੀਦਾ ਹੈ। ‘ਆਲਮੀ ਖਾਦ ਸਪਲਾਈ ਚੇਨਾਂ ਨੂੰ ਮਜ਼ਬੂਤ ਕੀਤਾ ਜਾਣਾ ਚਾਹੀਦਾ ਹੈ।
ਇਸ ’ਚ ਸਿਆਸੀ ਅੜਿੱਕੇ ਖ਼ਤਮ ਹੋਣੇ ਚਾਹੀਦੇ ਹਨ। ਖਾਦ ਵਸੀਲਿਆਂ ’ਤੇ ਕਬਜ਼ੇ ਵਾਲੀ ਵਿਸਤਾਰਵਾਦੀ ਮਾਨਸਿਕਤਾ ਰੁਕਣੀ ਚਾਹੀਦੀ ਹੈ। ਇਹ ਸਾਡੇ ਸਾਰਿਆਂ ਦੇ ਸਹਿਯੋਗ ਦਾ ਮਕਸਦ ਹੋਣਾ ਚਾਹੀਦਾ ਹੈ।’ ਉਂਜ ਪ੍ਰਧਾਨ ਮੰਤਰੀ ਨੇ ਕਿਸੇ ਵੀ ਮੁਲਕ ਦਾ ਨਾਮ ਨਹੀਂ ਲਿਆ। ਮੋਦੀ ਨੇ ਭੋਜਨ ਦੀ ਬਰਬਾਦੀ ਰੋਕਣ ’ਤੇ ਵੀ ਜ਼ੋਰ ਦਿੰਦਿਆਂ ਕਿਹਾ ਕਿ ਇਹ ਸਾਡੇ ਸਾਰਿਆਂ ਦੀ ਸਾਂਝੀ ਜ਼ਿੰਮੇਵਾਰੀ ਹੋਣੀ ਚਾਹੀਦੀ ਹੈ। ‘ਇਹ ਸਥਾਈ ਆਲਮੀ ਭੋਜਨ ਸੁਰੱਖਿਆ ਲਈ ਜ਼ਰੂਰੀ ਹੈ।’ ਉਨ੍ਹਾਂ ਵਿਕਾਸ, ਤਕਨਾਲੋਜੀ ਅਤੇ ਲੋਕਤੰਤਰ ਵੱਲ ਇਕੱਠਿਆਂ ਧਿਆਨ ਕੇਂਦਰਿਤ ਕਰਨ ’ਤੇ ਵੀ ਜ਼ੋਰ ਦਿੱਤਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਵਿਕਾਸ ਦੇ ਮਾਡਲ ਨੂੰ ਭਲਾਈ ਲਈ ਵਰਤਣਾ ਚਾਹੀਦਾ ਹੈ ਅਤੇ ਉਹ ਵਿਕਾਸਸ਼ੀਲ ਮੁਲਕਾਂ ਦੀ ਪ੍ਰਗਤੀ ’ਚ ਰੁਕਾਵਟ ਨਾ ਬਣਨ। ਉਨ੍ਹਾਂ ਕੁਦਰਤੀ ਖੇਤੀ ਦੀ ਅਹਿਮੀਅਤ ਦੀ ਵਕਾਲਤ ਕੀਤੀ। ‘ਅਸੀਂ ਖਾਦਾਂ ਦੇ ਬਦਲ ਵਜੋਂ ਕੁਦਰਤੀ ਖੇਤੀ ਦਾ ਨਵਾਂ ਮਾਡਲ ਅਪਣਾ ਸਕਦੇ ਹਾਂ। ਮੈਂ ਸਮਝਦਾ ਹਾਂ ਕਿ ਸਾਨੂੰ ਡਿਜੀਟਲ ਤਕਨਾਲੋਜੀ ਦਾ ਲਾਭ ਦੁਨੀਆ ਦੇ ਹਰੇਕ ਕਿਸਾਨ ਤੱਕ ਪਹੁੰਚਾਉਣਾ ਚਾਹੀਦਾ ਹੈ।’ ਮੋਦੀ ਨੇ ਆਰਗੈਨਿਕ ਭੋਜਨ ਦੀ ਵਕਾਲਤ ਕਰਦਿਆਂ ਕਿਹਾ ਕਿ ਇਹ ਸਿਹਤ ਨਾਲ ਜੁੜਨਾ ਚਾਹੀਦਾ ਹੈ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly