ਕਰਨੈਲ ਸਿੰਘ ਐੱਮ.ਏ.
(ਸਮਾਜ ਵੀਕਲੀ) ਪੰਜਾਬ ਦੀ ਜਰਖੇਜ਼ ਧਰਤੀ ਨੂੰ ਇਹ ਮਾਣ ਹੈ ਉਹਨੇ ਆਪਣੇ ਉੱਪਰ ਵੱਡੇ-ਵੱਡੇ ਰਿਸ਼ੀ-ਮੁਨੀਆਂ, ਸਾਧੂ ਸੰਤਾਂ ਨੂੰ ਜਨਮ ਦਿੱਤਾ , ਜਿਨ੍ਹਾਂ ਨੇ ਸਮੇਂ-ਸਮੇ ਇਸ ਧਰਤੀ ਤੇ ਆ ਕੇ ਕਈ ਅਧਿਆਤਮ ਤੋਂ ਸੁੱਕਿਆਂ ਕੋਰਿਆਂ ਨੂੰ ਅਧਿਆਤਮ ਵਾਲੇ ਪਾਸੇ ਤੋਰ ਕੇ ਮਾਲਕ ਦੇ ਚਰਨਾਂ ਨਾਲ ਜੋੜਿਆ। ਇਨ੍ਹਾਂ ਮਹਾਨ ਸਖਸ਼ੀਅਤਾਂ ਵਿੱਚੋਂ ਇੱਕ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅਤੁੱਟ ਪਿਆਰ ਤੇ ਅਦਬ ਵਿੱਚ ਜੀਊਣ ਵਾਲੀ ਸਖਸ਼ੀਅਤ ਸਨ- ਸ਼੍ਰੀਮਾਨ ਸੰਤ ਬਾਬਾ ਸੁਚਾ ਸਿੰਘ ਜੀ ਬਾਨੀ ਜਵੱਦੀ ਟਕਸਾਲ। ਇਨ੍ਹਾਂ ਦਾ ਜਨਮ ਮਿਤੀ 1 ਅਕਤੂਬਰ 1948 ਨੂੰ ਪਿਤਾ ਸ੍ਰ. ਨਗੀਨਾ ਸਿੰਘ ਜੀ ਅਤੇ ਮਾਤਾ ਧੰਨ ਕੌਰ ਜੀ ਦੀ ਕੁੱਖੋਂ ਪਿੰਡ ਜਮੀਅਤਗੜ੍ਹ ਭੱਲੇ, ਗੜ੍ਹਸ਼ੰਕਰ ਵਿੱਚ ਹੋਇਆ। ਆਪ ਜੀ ਭਗਤੀ-ਭਾਵ ਤੇ ਪ੍ਰਭੂ ਪ੍ਰੇਮ ਵਿੱਚ ਭਿੱਜੀ ਹੋਈ ਆਤਮਾ ਸਨ। ਆਪ ਜੀ ਵਧਦੀ ਉਮਰ ਦੇ ਨਾਲ-ਨਾਲ ਆਪਣੇ ਪਿਤਾ ਜੀ ਨਾਲ ਖੇਤੀ ਦੀ ਕਿਰਤ ਕਰਦੇ ਤੇ ਇਕਾਂਤ ਵਿੱਚ ਰਹਿ ਕੇ ਪ੍ਰਭੂ ਸਿਮਰਨ ਦਾ ਆਨੰਦ ਮਾਣਦੇ। ਮਾਤਾ ਜੀ ਦੇ ਦੇਹਾਂਤ ਤੋਂ ਬਾਅਦ ਉਪਰਾਮ ਬਿਰਤੀ ਹੋਣ ਕਾਰਨ ਆਪ ਜੀ ਘਰ ਦਾ ਤਿਆਗ ਕਰਕੇ ਉਸ ਪਿਆਰੇ ਦੀ ਮਹਾਨ ਬਖਸ਼ਿਸ਼ ਦਾ ਆਨੰਦ ਮਾਨਣ ਲਈ ਇਕਾਂਤ ਦੇ ਮੁਦੱਈ ਹੋ ਗਏ ਅਤੇ ਬੜੀ ਕਠਿਨ ਘਾਲਣਾ ਘਾਲੀ। ਆਪ ਜੀ ਨੇ ਸਮੇਂ-ਸਮੇਂ ਅਧਿਆਤਮ ਸਿੱਖਿਆ ਲਈ ਸ਼੍ਰੀਮਾਨ ਸੰਤ ਬਾਬਾ ਤਾਰਾ ਸਿੰਘ ਜੀ ਬਲਾਚੌਰ , ਬ੍ਰਹਮ- ਗਿਆਨੀ ਸੰਤ ਬਾਬਾ ਅਜੀਤ ਸਿੰਘ ਜੀ ਹੰਸਾਲੀ ਸਾਹਿਬ ਅਤੇ ਮਹਾਨ ਮਹਾਂਪੁਰਸ਼ ਸ਼੍ਰੀਮਾਨ ਸੰਤ ਬਾਬਾ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲਿਆਂ ਦੇ ਚਰਨਾ ‘ਚ ਰਹਿ ਕੇ ਜੀਵਨ ਬਤੀਤ ਕੀਤਾ । ਫਿਰ ਬੜੂ ਸਾਹਿਬ ਦੀਆਂ ਪਹਾੜੀਆਂ ਵਿੱਚ ਇਕਾਂਤ ਮਾਨਣ ਲੱਗੇ। ਸਮਾਂ ਪਾ ਕੇ ਲੁਧਿਆਣੇ ਦੀਆਂ ਕੁਝ ਸੰਗਤਾਂ ਉਨਾਂ ਨੂੰ ਮਿਲਣ ਉਥੇ ਜਾਂਦੀਆਂ ਅਤੇ ਉਨਾਂ ਦੇ ਬੁਲਾਵੇ ਤੇ ਆਪ ਜੀ ਲੁਧਿਆਣੇ ਵੀ ਆਉਂਦੇ ਰਹੇ। ਆਪ ਜੀ 1986 ਵਿੱਚ ਲੁਧਿਆਣਾ ਦੀ ਖੱਬੀ ਵੱਖੀ ਤੇ ਵਸੇ ਪਿੰਡ ਜਵੱਦੀ ਕਲਾਂ ਵਿੱਚ ਨਾਮ ਬਾਣੀ ਤੇ ਸੇਵਾ ਸਿਮਰਨ ਨਾਲ ਜੁੜ ਕੇ ਇੱਕ ਆਤਮਿਕ ਜੀਵਨ ਦੀ ਉਸਾਰੀ ਲਈ ਇੱਕ ਧਾਰਮਿਕ ਕੇਂਦਰ ਸਥਾਪਿਤ ਕੀਤਾ ਤੇ ਇਸ ਦਾ ਨਾਮ “ਗੁਰਦੁਆਰਾ ਗੁਰ ਗਿਆਨੁ ਪ੍ਰਕਾਸ਼, ਜਵੱਦੀ ਟਕਸਾਲ” ਰੱਖਿਆ । ਆਪ ਜੀ ਨੇ ਧਰਮ ਪ੍ਰਚਾਰ ਦੇ ਬਹੁਤ ਵੱਡੇ ਕਾਰਜ ਕੀਤੇ। ਜਿਨ੍ਹਾਂ ਅਧੀਨ ਪ੍ਰਮੁੱਖ ਤੌਰ ਤੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਆਏ 31 ਸ਼ੁਧ ਤੇ 31 ਮਿਸਰਤ ਰਾਗਾਂ ਨੂੰ ਨਿਰਧਾਰਤ ਰਾਗਾਂ ਵਿੱਚ ਗਾਇਨ ਕਰਵਾਉਣ ਹਿਤ “ਰਾਗ ਨਿਰਣਾਇਕ ਕਮੇਟੀ” ਗਠਿਤ ਕਰਕੇ ਰਾਗਾਂ ਦੇ ਸਰੂਪ ਨਿਸ਼ਚਿਤ ਕਰਵਾਏ ਤੇ 1991 ਵਿੱਚ ਉਨਾਂ ਦਾ ਗਾਇਨ ਕਰਵਾਇਆ। ਆਪ ਜੀ ਨੇ “ਗੁਰਮੁਖਿ ਬੈਸਹੁ ਸਫਾ ਵਿਛਾਇ” ਦੇ ਸਿਧਾਂਤ ਨੂੰ ਸੰਗਤ ਸਾਹਮਣੇ ਉਜਾਗਰ ਕਰਦਿਆਂ ਦੇਸ਼-ਪ੍ਰਦੇਸ਼ ਦੀਆਂ ਯੂਨੀਵਰਸਿਟੀਆਂ ਦੇ ਵਿਦਵਾਨਾਂ ਤੇ ਪ੍ਰੋਫੈਸਰਾਂ ਨੂੰ ਇੱਕੋ ਮੰਚ ਤੇ ਇਕੱਠਾ ਕਰਕੇ ਸੈਮੀਨਾਰ ਪ੍ਰੰਪਰਾ ਨੂੰ ਕਾਲਜਾਂ , ਯੂਨੀਵਰਸਿਟੀਆਂ ਤੋਂ ਕੱਢ ਕੇ ਇੱਕ ਧਾਰਮਿਕ ਸਥਾਨ ਤੇ ਵੀ ਲਿਆਂਦਾ । ਉਨ੍ਹਾਂ ਨੇ ਆਪਣੀ ਹਿਆਤੀ ਵਿੱਚ ਸ਼ਬਦ ਦਾ ਸੰਕਲਪ , ਦੇਹੀ ਸੰਕਲਪ ਇਤਿਆਦਿ ਅਨੇਕਾਂ ਅੰਤਰ- ਰਾਸ਼ਟਰੀ ਸੈਮੀਨਾਰ ਕਰਵਾਏ । ਵਿਸਮਾਦ ਨਾਦ ਸੰਸਥਾ ਅਧੀਨ ਅਨੇਕਾਂ ਪੁਸਤਕ ਸੰਪਾਦਿਤ ਕਰਵਾਈਆਂ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਆਏ ਭਗਤਾਂ ਦੇ ਸਥਾਨਾਂ ਤੇ ਜਾ ਕੇ ਸਬਦ ਯਾਤਰਾ ਦੀ ਪਰੰਪਰਾ ਆਰੰਭ ਕੀਤੀ ਤੇ ਇਹ ਜਣਾਇਆ ਕਿ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਮੁੱਚੇੇ ਜਗਤ ਨੂੰ ਆਪਣੀ ਰੋਸ਼ਨੀ ਤੇ ਸੁਖ ਭਰੀ ਬੁੱਕਲ ਦਾ ਨਿੱਘ ਦੇਣ ਦੇ ਸਮਰੱਥ ਹਨ । ਬਾਬਾ ਜੀ ਨੇ ਵਿਸ਼ਵ ਸਿੱਖ ਸੰਮੇਲਨ ਕਰਨ ਦਾ ਸੁਪਨਾ ਲਿਆ ਜੋ ਕਿ ਜਥੇਦਾਰ ਟੌਹੜਾ ਦੇ ਕਹਿਣ ਤੇ ਸ਼੍ਰੋਮਣੀ ਕਮੇਟੀ ਵੱਲੋਂ ਕਰਵਾਇਆ ਗਿਆ । ਆਪ ਜੀ ਨੇ ‘ਗੁਰਸ਼ਬਦ ਸੰਗੀਤ ਅਕੈਡਮੀ’ ਸਥਾਪਿਤ ਕੀਤੀ , ਜਿਸ ਵਿੱਚ ਗੁਰਬਾਣੀ, ਕੀਰਤਨ, ਸੰਥਿਆ, ਕਥਾ, ਤਬਲਾ ਅਤੇ ਤੰਤੀ ਸਾਜਾਂ ਦੀ ਸਿਖਲਾਈ ਦਿੱਤੀ ਜਾਂਦੀ ਹੈ। ਅੱਜ ਹਜ਼ਾਰਾਂ ਹੀ ਵਿਦਿਆਰਥੀ ਗੁਰਮਤਿ ਸੰਗੀਤ ਤੇ ਸਿਧਾਂਤ ਦੀ ਸਿੱਖਿਆ ਪ੍ਰਾਪਤ ਕਰਕੇ ਵੱਖ-ਵੱਖ ਥਾਵਾਂ ਤੇ ਸੇਵਾਵਾਂ ਨਿਭਾ ਰਹੇ ਹਨ । ਇਉ ਸੰਤ ਬਾਬਾ ਸੁਚਾ ਸਿੰਘ ਜੀ ਆਪਣੀ ਵਿਲੱਖਣ ਸਖਸ਼ੀਅਤ ਦੇ ਆਪ ਮਾਲਕ ਸਨ । ਉਹਨਾਂ ਦੀ ਸੁਹਜ ਤੇ ਸਿਆਣਪ ਦਾ ਕੋਈ ਮੁਕਾਬਲਾ ਨਹੀ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ ਉਹਨਾਂ ਨੇ ਪ੍ਰੈਕਟੀਕਲ ਰੂਪ ਵਿੱਚ ਸੰਗਤ ਨੂੰ ਦੱਸਿਆ ਤੇ ਪ੍ਰਚਾਰ ਕੀਤਾ। ਉਹਨਾਂ ਦੀਆਂ ਉਪਰੋਕਤ ਸੇਵਾਵਾਂ ਨੂੰ ਮੁੱਖ ਰੱਖਦਿਆਂ ਤਖਤ ਸ਼੍ਰੀ ਹਜੂਰ ਸਾਹਿਬ ਵੱਲੋਂ ਉਨਾਂ ਨੂੰ ਪੰਜ ਸ਼ਸਤਰਾਂ ਨਾਲ ਸਨਮਾਨਿਤ ਕੀਤਾ ਗਿਆ । ਉਹਨਾ ਦੇ ਅਕਾਲ ਚਲਾਣੇ ਤੋਂ ਬਾਅਦ ਤਖਤ ਸ੍ਰੀ ਅਕਾਲ ਤਖਤ ਸਾਹਿਬ ਅੰਮ੍ਰਿਤਸਰ ਵੱਲੋਂ “ਸ਼੍ਰੋਮਣੀ ਗੁਰਮਤਿ ਸੰਗੀਤ ਪ੍ਰਚਾਰਕ” ਅਤੇ ਤਖਤ ਸ੍ਰੀ ਪਟਨਾ ਸਾਹਿਬ ਵੱਲੋਂ “ਸ਼੍ਰੋਮਣੀ ਸੇਵਾ ਰਤਨ” ਦੀ ਉਪਾਧੀ ਉਨਾਂ ਦੇ ਉਤਰਾਧਿਕਾਰੀ ਸੰਤ ਬਾਬਾ ਅਮੀਰ ਸਿੰਘ ਜੀ ਮੌਜੂਦਾ ਮੁਖੀ ਜਵੱਦੀ ਟਕਸਾਲ ਵੱਲੋਂ ਪ੍ਰਪਤ ਕੀਤੀ ਗਈ । ਸੋ ਐਸੇ ਮਹਾਂਪੁਰਸ਼ ਧਾਰਮਿਕ ਕਾਰਜ ਤੇ ਪਰਉਪਕਾਰ ਕਰਦਿਆਂ 27 ਅਗਸਤ 2002 ਨੂੰ ਆਪ ਸਰੀਰਕ ਜਾਮਾ ਤਿਆਗ ਕੇ ਅਕਾਲ ਚਲਾਣਾ ਕਰ ਗਏ । ਉਹਨਾ ਤੋਂ ਬਾਦ ਅੱਜ ਉਨਾਂ ਦੇ ਜਾਨਸ਼ੀਨ ਸੰਤ ਬਾਬਾ ਅਮੀਰ ਸਿੰਘ ਜੀ, ਮਹਾਪੁਰਸ਼ਾਂ ਵੱਲੋਂ ਲੱਗੀਆਂ ਸੇਵਾਵਾਂ ਨੂੰ ਹੂ-ਬ-ਹੂ ਔਰ ਬੜੀ ਚੜ੍ਹਦੀ ਕਲਾ ਨਾਲ ਨਿਭਾ ਰਹੇ ਹਨ। ਗੁਰਦੁਆਰਾ ਸਾਹਿਬ ਵਿਖੇ ਅਕੈਡਮੀ, ਲੰਗਰ ਅਤੇ ਦਰਬਾਰ ਸਾਹਿਬ ਦੀਆਂ ਅਨੇਕਾਂ ਨਵੀਆਂ ਬਿਲਡਿੰਗਾਂ ਦਾ ਨਿਰਮਾਣ , ਸੰਮੇਲਨਾਂ ਨੂੰ ਹੋਰ ਪ੍ਰਪੱਕ ਰੂਪ ਵਿੱਚ ਬਹੁਤ ਵੱਡੀ ਪੱਧਰ ਤੇ ਦੁਨੀਆਂ ਸਾਹਮਣੇ ਲੈ ਕੇ ਜਾਣਾ ਆਦਿ ਸੇਵਾ ਕਰਦੇ ਹੋਏ ਸੰਤ ਬਾਬਾ ਅਮੀਰ ਸਿੰਘ ਜੀ ਟਕਸਾਲ ਨੂੰ ਹੋਰ ਚਾਰ ਚੰਨ ਲਗਾ ਰਹੇ ਹਨ । ਇਹ ਸਭ ਸੰਤ ਬਾਬਾ ਸੁਚਾ ਸਿੰਘ ਜੀ ਮਹਾਪੁਰਖਾਂ ਦੀ ਕਮਾਈ ਦਾ ਹੀ ਪ੍ਰਤਾਪ ਹੈ । ਮਹਾਂਪੁਰਖਾਂ ਦੀ 22ਵੀਂ ਬਰਸੀ ਤੇ ਅਸੀਂ ਉਨਾਂ ਦੇ ਮਹਾਨ ਕਰਨੀ ਨਾਮੇ ਨੂੰ ਪ੍ਰਣਾਮ ਕਰਦੇ ਹਾਂ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly