ਯਾਦਾਂ ਦੇ ਝਰੋਖੇ ਚੋਂ ਅੱਜ ਦਾ ਸੰਦਰਭ !

ਜਸਪਾਲ ਜੱਸੀ
*ਪੁਲਿਸ ਗ਼ਲਤੀ ਦਾ ਅਹਿਸਾਸ ਵੀ ਕਰਦੀ ਹੈ ਤੇ ਮੁਆਫ਼ੀ ਵੀ ਮੰਗਦੀ ਹੈ ਪਰ ਬਾਹਰ ਪਬਲਿਕ ਵਿਚ ਆ ਕੇ ਕਦੇ ਨਹੀਂ ਮੰਨਦੀ ਕਿ ਮੈਂ ਮੁਆਫ਼ੀ ਮੰਗ ਲਈ ਹੈ। ਲੋਕ ਭਾਵੇਂ ਕੁਝ ਮਰਜ਼ੀ ਕਹੀ ਜਾਣ।*
*ਪੁਲਿਸ ਪੁਰਾਣੀਆਂ ਕਿੜਾਂ ਵੀ ਕੱਢਦੀ ਹੈ,ਇਹ   ਇਹਨਾਂ ਦੇ ਖ਼ੂਨ ਵਿਚ ਹੁੰਦਾ ਹੈ।*
(ਸਮਾਜ ਵੀਕਲੀ)  ਸੱਚਮੁੱਚ ਪੁਲਿਸ, ਪੁਲਿਸ ਹੀ ਹੁੰਦੀ ਹੈ। ਇਸ ਦੇ ਕਿਰਦਾਰ ਵਿਚ ਸੈਂਕੜੇ,ਹਜ਼ਾਰਾਂ ਸਾਲਾਂ ਤੋਂ, ਕੋਈ ਫ਼ਰਕ ਨਹੀਂ ਆਇਆ, ਹਾਂ ਥੋੜ੍ਹਾ ਮੌਡਰੇਟ ਜ਼ਰੂਰ ਹੋ ਗਈ ਹੈ।
ਗੱਲ ਬਹੁਤ ਪੁਰਾਣੀ ਹੈ, ਘੱਟੋ ਘੱਟ, ਸੱਤਰ ਪਚ੍ਹੱਤਰ ਸਾਲ।
ਪਿਤਾ ਜੀ 1947 ਵਿਚ ਪੰਜਾਬ ਪੁਲਿਸ ਵਿਚ ਭਰਤੀ ਹੋਏ। ਪੰਜਾਬ,ਹਰਿਆਣਾ,ਹਿਮਾਚਲ, ਇਕੱਠਾ ਸੀ। ਰੇਲਵੇ ਪੁਲਿਸ ਦਾ ਦਾਇਰਾ ਦਿੱਲੀ ਤੱਕ ਸੀ।
ਉਹ ਦੱਸਦੇ ਸਨ ਕਿ ਉਸ ਸਮੇਂ ਬੁਢਲਾਡਾ ਦਾ ਜ਼ਿਲ੍ਹਾ ਹਿਸਾਰ ਸੀ ਤੇ ਉਹਨਾਂ ਦੀ ਪੋਸਟਿੰਗ ਲੁਹਾਰੂ (ਅੱਜਕਲ੍ਹ ਹਰਿਆਣਾ) ਦੇ ਇਲਾਕੇ ਵਿਚ ਸੀ।
ਉਸ ਸਮੇਂ ਜ਼ਿਲ੍ਹਾ ਪੁਲਿਸ ਮੁਖੀ ਐੱਸ.ਪੀ.ਰੈਂਕ ਦਾ ਬੰਦਾ ਹੁੰਦਾ ਸੀ।
ਪੰਜਾਬ ਪੁਲਿਸ ਦੇ ਨਾਕੇ ਅੱਜ ਵਾਂਗ ਹੀ ਲੱਗਦੇ ਸਨ। ਨਵੀਂ ਨਵੀਂ ਆਜ਼ਾਦੀ ਮਿਲੀ ਸੀ। ਅੰਗਰੇਜ਼ਾਂ ਦੇ ਚੁੰਗਲ ਦੇ ਵਿੱਚੋਂ ਨਿਕਲੇ ਮੁਲਾਜ਼ਮ,ਡਿਊਟੀ ਵੀ ਬੜੀ ਮੁਸਤੈਦੀ ਤੇ ਸੌਂਕ ਨਾਲ ਕਰਦੇ ਸਨ।
ਰਿਸ਼ਵਤਖੋਰੀ ਦੀਆਂ ਜੜਾਂ ਅੰਗਰੇਜ਼ਾਂ ਵੇਲੇ ਤੋਂ ਸਨ। ਉਸ ਸਮੇਂ ਰਿਸ਼ਵਤ ਰੁਪਏ,ਪੈਸੇ ਵਿਚ ਘੱਟ ਹੁੰਦੀ ਸੀ। ਪੁਲਿਸ ਵਾਲੇ ਜੋ ਵਗਾਰ ਥਾਨੇ ਕੰਮ ਕਰਾਉਣ ਆਏ ਬੰਦਿਆਂ ਨੂੰ ਪਾਉਂਦੇ ਸਨ, ਉਹ ਜਿਨਸ ਦੇ ਰੂਪ ਵਿਚ ਹੁੰਦੀ ਸੀ, ਖ਼ਾਸ ਕਰ ਕੇ ਦੇਸੀ ਘਿਓ,ਬੱਕਰੇ ਦਾ ਤੇ ਰੋਜ੍ਹਾਂ ਦੇ ਮੀਟ ਦਾ ਅਚਾਰ ਤੇ ਕਣਕ,ਦਾਲਾਂ,ਰਿਸ਼ਵਤ ਖੋਰੀ ਦਾ ਜ਼ਰੀਆ ਸਨ।
                      ਉਹਨਾਂ ਨੇ ਉਸ ਸਮੇਂ ਦੀ ਇੱਕ ਘਟਨਾ ਸੁਣਾਈ ਕਿ,” ਅਸੀਂ ਕਈ ਮੁਲਾਜ਼ਮ ਨਾਕੇ ਉੱਤੇ ਸਾਂ। ਇੱਕ ਟਰੱਕ ਆਇਆ,ਉਸ ਨੂੰ ਰੁਕਣ ਲਈ,ਪੁਲਿਸ ਮੁਲਾਜ਼ਮਾਂ ਨੇ ਹੱਥ ਦਿੱਤਾ,ਪਰ ਡਰਾਈਵਰ ਟਰੱਕ ਨੂੰ ਰੋਕਦਾ ਰੋਕਦਾ ਨਾਕੇ ਤੋਂ ਥੋੜ੍ਹਾ ਅੱਗੇ ਲੈ ਗਿਆ। ਡਰਾਈਵਰ,ਟਰੱਕ ਦਾ, ਖ਼ੁਦ ਮਾਲਕ ਵੀ ਸੀ।
ਸਭ ਤੋਂ ਪਹਿਲਾਂ ਮੁਲਾਜ਼ਮਾਂ ਨੇ ਉਸ ਡਰਾਈਵਰ ਦੇ ਟਰੱਕ ‘ਚੋਂ ਉਤਰਦਿਆਂ ਹੀ, ਚੱਜ ਨਾਲ ਪੰਜ, ਸੱਤ ਥੱਪੜ ਜੜੇ ਤੇ ਚੰਗੀ ਪਰੇਡ ਕੀਤੀ। ਉਸ ਨੂੰ ਪੁੱਛਿਆ,” ਤੂੰ ਕਿੱਥੋਂ ਦਾ ਰਹਿਣ ਵਾਲਾ ਹੈ ?
ਉਸ ਨੇ ਸਾਰੀ ਗੱਲ ਦੱਸੀ ਕਿ,” ਮੈਂ ਡੀ.ਐੱਸ.ਪੀ.ਸਾਹਿਬ ਦਾ ਰਿਸ਼ਤੇਦਾਰ ਹਾਂ। ਉਸ ਨੇ ਇੱਕ ਹੋਰ ਲੀਡਰ ਦਾ ਨਾਮ ਲਿਆ ਕਿ ਮੈਂ ਉਹਨਾਂ ਦਾ ਵੀ ਰਿਸ਼ਤੇਦਾਰ ਹਾਂ।
ਪਿਤਾ ਜੀ ਨੇ ਉਸ ਨੂੰ ਕਿਹਾ ਕਿ,” ਤੂੰ ਪਹਿਲਾਂ ਇਹ ਗੱਲ ਕਿਉਂ ਨਹੀਂ ਦੱਸੀ,ਕਿ ਮੈਂ ਉਹਨਾਂ ਦਾ ਰਿਸ਼ਤੇਦਾਰ ਹਾਂ।”
ਉਸਨੇ ਕਿਹਾ,” ਜਨਾਬ ! ਆਪ ਜੀ ਦੇ ਪੁਲਿਸ ਵਾਲੇ ਮੁਲਾਜ਼ਮਾਂ ਨੇ ਇਹ ਗੱਲ ਦੱਸਣ ਦਾ ਤਾਂ ਮੈਨੂੰ ਮੌਕਾ ਹੀ ਨਹੀਂ ਦਿੱਤਾ।”
ਪਿਤਾ ਜੀ ਨੇ ਉਸ ਨੂੰ ਆਪਣੇ ਕੋਲ ਬਿਠਾ ਕੇ,ਠੰਡੀ ਲੱਸੀ ਪਿਲਾਈ ਤੇ ਮੁਲਾਜ਼ਮਾਂ ਦੀ ਗ਼ੁਸਤਾਖ਼ੀ ਲਈ ਖੇਦ ਵੀ ਪ੍ਰਗਟ ਕੀਤਾ ਤੇ ਉਸ ਨੂੰ ਇੱਜ਼ਤ ਨਾਲ ਉੱਥੋਂ ਭੇਜਿਆ।
ਉਸ ਤੋਂ ਬਾਅਦ ਪਿਤਾ ਜੀ ਨੇ, ਆਪਣੇ ਨਾਲ ਵਾਲੇ ਸਾਥੀ ਮੁਲਾਜ਼ਮਾਂ ਨੂੰ ਪੁੱਛਿਆ ਕਿ,” ਤੁਸੀਂ ਉਸ ਨੂੰ ਬਿਨਾਂ ਵਜਾਹ ਅਤੇ ਗੱਲ ਪੁੱਛੇ ਬਿਨਾਂ ਹੀ ਕੁਟਾਪਾ ਕਿਉਂ ਚਾੜ੍ਹ ਦਿੱਤਾ?”
ਉਹਨਾਂ ਮੁਲਾਜ਼ਮਾਂ ਨੇ ਕਿਹਾ ਕਿ,” ਤੁਸੀਂ ਹੀ ਤਾਂ ਕਿਹਾ ਸੀ ਕਿ,” ਕਿਸੇ ਦੀ ਸਿਫ਼ਾਰਿਸ਼ ਆਉਣ ਤੋਂ ਪਹਿਲਾਂ ਜਿੰਨੀ ਛੱਤਰ ਪਰੇਡ ਆਪਾਂ ਕਰ ਦੇਵਾਂਗੇ ਉਹ ਹੀ ਆਪਣੀ ਹੈ। ਬਾਅਦ ਵਿਚ ਤਾਂ ਸਿਫ਼ਾਰਿਸ਼ਾਂ ਆ ਜਾਂਦੀਆਂ ਨੇ।
ਉਹ ਪਿਤਾ ਜੀ ਦੇ ਮੂੰਹ ਵਿਚ ਗੱਲ ਪਾਉਣ ਦੀ ਕੋਸ਼ਿਸ਼ ਕਰ ਰਹੇ ਸਨ ਤੇ ਪਿਤਾ ਜੀ ਉਹਨਾਂ ਦੇ ਮੂੰਹ ਵੱਲ ਦੇਖ ਰਹੇ ਸਨ‌।  ਉਹ ਗ਼ਲਤੀ ਦਾ ਅਹਿਸਾਸ ਕੀਤੇ ਬਿਨਾਂ, ਮੁਸਕਰਾ ਵੀ ਰਹੇ ਸਨ।
ਥਾਨੇ ਦੇ ਕਵਾਟਰ ਵਿਚ ਪਹੁੰਚ ਕੇ ਉਹ ਸਾਰੇ ਪੁਲਿਸ ਮੁਲਾਜ਼ਮ, ਕਿੱਲੀਆਂ ‘ਤੇ ਆਪਣੀਆਂ ਵਰਦੀਆਂ ਟੰਗ ਰਹੇ ਸਨ ਤੇ ਪਿਤਾ ਜੀ ਦਫ਼ਤਰ ਵਿਚ ਬੈਠੇ ਡੀ.ਐੱਸ.ਪੀ.ਤੇ ਨੇਤਾ ਜੀ ਦੇ ਫ਼ੋਨ ਦਾ ਇੰਤਜ਼ਾਰ।
(ਜਸਪਾਲ ਜੱਸੀ)
Previous articleਅਜੀਤ ਪਵਾਰ ਦੀ ਪਤਨੀ ਸੁਨੇਤਰਾ ਜਾਵੇਗੀ ਰਾਜ ਸਭਾ, ਜ਼ਿਮਨੀ ਚੋਣ ਲਈ ਨਾਮਜ਼ਦਗੀ ਦਾਖਲ
Next articleਬੁਲਟ ਮੋਟਰਸਾਈਕਲ ਦੇ ਸਾਈਲੈਂਸਰ ਨਾਲ ਪਟਾਕੇ ਚਲਾਉਣ ‘ਤੇ ਹੋਵੇਗੀ ਕਾਰਵਾਈ: ਸੰਯੁਕਤ ਕਮਿਸ਼ਨਰ ਪੁਲਿਸ