ਜਨੌਰ…!!!

ਡਾ. ਸਵਾਮੀ ਸਰਬਜੀਤ

ਸਮਾਜ ਵੀਕਲੀ

ਰੇਲ-ਗੱਡੀ ਦੇ ਪਲੇਟਫ਼ਾਰਮ ’ਤੇ ਰੁਕਦਿਆਂ ਹੀ ਦੂਸਰੇ ਦਰਜੇ ਦੇ ਡੱਬੇ ਵਿੱਚ ਕੁਝ ਬੱਚੇ ਤੇ ਤੀਵੀਂਆਂ ਹਾਲਾ-ਲਾਲਾ ਕਰਦੇ ਚੜ੍ਹਨ ਲੱਗੇ। ਡੱਬੇ ’ਚ ਬੇਤਰਤੀਬਾ ਸ਼ੋਰ ਜਿਹਾ ਮੱਚ ਗਿਆ ਸੀ। ਪਤਾ ਨਹੀਂ ਉਹ ਬੰਗਾਲੇ ਸਨ ਕਿ ਗਿੱਦੜਮਾਰ ਕਿ ਢੇਹੇ… !!! ਉਨ੍ਹਾਂ ਦੇ ਮੈਲ਼ੇ–ਕੁਚੈਲ਼ੇ ਕੱਪੜੇ, ਅਣਧੋਤੇ ਜਟਾਵਾਂ ਵਰਗੇ ਵਾਲ਼, ਮੂੰਹ ਤੋਂ ਲੈ ਕੇ ਸਣੇ ਕੱਪੜਿਆਂ, ਗਿੱਟਿਆਂ ਤੀਕ ਜੰਮੀਂ ਮੈਲ ਤੇ ਕੱਛਾਂ ’ਚ ਦੱਬੀਆਂ ਮੈਲ਼ੀਆਂ–ਕੁਚੈਲ਼ੀਆਂ ਗੱਠੜੀਆਂ ਸਭ ਕਾਸੇ ਨੂੰ ਦੇਖ ਕੇ ਘ੍ਰਿਣਾ ਜਿਹੀ ਆ ਰਹੀ ਸੀ। ਉਹ ਫਟਾਫਟ ਸੀਟਾਂ ਮੱਲਣ ਲੱਗੇ। ਉਨ੍ਹਾਂ ਨੂੰ ਸੀਟਾਂ ’ਤੇ ਬੈਠਦਿਆਂ ਵੇਖ ਕੇ ਡੱਬੇ ਵਿਚਲੇ ‘ਭੱਦਰ ਪੁਰਸ਼ਾਂ’ ਨੇ ਵੀ ਰੌਲ਼ਾ ਪਾ ਦਿੱਤਾ।

ਇੱਕ ਭੱਦਰ ਪੁਰਸ਼ ਬੋਲਿਆ, “ਹੈਅ…! ਸਾਲ਼ਿਆਂ ਨੇ ਕੀ ਗੰਦ-ਪਿੱਲ ’ਕੱਠਾ ਕਰਿਐ, ਚਲੋ-ਚਲੋ ਗਾਹਾਂ ਹੋਜੋ ਐਥੇ ਨੀ ਬਹਿਣਾ।”
“ਭੈਂਚੋ ਕੁੱਤੇ ਸਾਲ਼ੇ, ਕਿਵੇਂ ਤਾਹਾਂ ਹੀ ਚੜ੍ਹਦੇ ਆਉਂਦੇ ਨੇ, ਓਏ ਪਾਸੇ ਹੋ ਕੇ ਬਹਿਜੋ, ਭੈਣ ਦੇ ਯਾਰ ਜੂੰਆਂ ਸਾਲ਼ੇ, ਨਦਾਰਦੀ ਨਾ ਹੋਣ ਕਿਸੇ ਥਾਂ ਦੇ।” ਦੂਸਰੇ ਭੱਦਰ ਪੁਰਸ਼ ਨੇ ਵੀ ਆਪਣਾ ਬਣਦਾ ਯੋਗਦਾਨ ਪਾ ਦਿੱਤਾ।

ਤੀਸਰਾ ਭੱਦਰ ਪੁਰਸ਼, ਜਿਹੜਾ ਆਪਣੀ ਤੀਵੀਂ ਤੇ 3–4 ਜੁਆਕਾਂ ਸਣੇ ਪੂਰੀ ਸੀਟ ’ਤੇ ਕੁੰਡਲੀ ਮਾਰੀ ਬੈਠਾ ਸੀ, ਉਹ ਵੀ ਬੋਲ ਪਿਆ, “ਵੇਖ, ਕਿਵੇਂ ਧੀ ਦੇ ਯਾਰਾਂ ਨੇ ਜਵਾਕ ਜੰਮ-ਜੰਮ ਢੇਰ ਲਾਇਐ। ਸਾਲ਼ੇ ਗੀਦੀ, ਕੀੜਿਆਂ ਵਾਗੂੰ ਕੁਰਬਲ-ਕੁਰਬਲ ਕਰਦੇ ਫਿਰਦੇ ਨੇ, ਗਾਹਾਂ ਹੋ ਜੋ ਗਾਹਾਂ ਐਥੇ ਨਹੀਂ ਬਹਿਣਾ, ਸੀਟਾਂ ਵਿਹਲੀਆਂ ਨਹੀਂ…”

“ਸਾਲ਼ੀ ਮੰਗਖਾਣੀ ਜਾਤ, ਭੈਂਚੋ, ਕਿੱਥੇ ਜਨੌਰ ’ਕੱਠੇ ਹੋਏ ਨੇ।” ਮੇਰੇ ਬਿਲਕੁਲ ਸਾਹਮਣੇ ਬੈਠੇ ਇੱਕ ਭੱਦਰ ਪੁਰਸ਼ ਨੇ ਤਿੰਨ-ਚਾਰ ਚੋਂਦੀਆਂ-ਚੋਂਦੀਆਂ ਜਿਹੀਆਂ ਗਾਲ਼ਾਂ ਕੱਢੀਆਂ ਤੇ ਸਾਹਮਣੇ ਵਾਲ਼ੀ ਸੀਟ ’ਤੇ ਬੈਠਣ ਲੱਗੀ ਇੱਕ ਨਿੱਕੀ ਜਿਹੀ ਜੁਆਕੜੀ ਦੇ ਦੋ-ਤਿੰਨ ਚਪੇੜਾਂ ਜੜ ਦਿੱਤੀਆਂ। ਉਹ ਅਜੇ ਵੀ ਬੋਲੀ ਜਾ ਰਿਹਾ ਸੀ, “ਧੀ ਦੇ ਯਾਰ, ਜਨੌਰ, ਹੂੰਅ… ਸਾਲ਼ੀ ਕੁੱਤੀ ਜਾਤ।”

ਉਸ ਭੱਦਰ ਪੁਰਸ਼ ਦਾ ਅਜਿਹਾ ਵਿਵਹਾਰ ਦੇਖ ਕੇ ਮੈਥੋਂ ਰਿਹਾ ਨਾ ਗਿਆ। ਮੈਂ ਉਸ ਨੂੰ ਸੰਬੋਧਿਤ ਹੋ ਕੇ ਬਾਕੀਆਂ ਨੂੰ ਸੁਣਾ ਕੇ ਕਿਹਾ, “ਭਾਈ ਸਾਹਬ, ਮੰਨਿਆ ਇਹ ਤਾਂ ਸਾਰੇ ਨਦਾਰਦੀ ਨੇ, ਗੰਦੀ ਨਾਲ਼ੀ ਦੇ ਕੀੜੇ ਨੇ, ਗੀਦੀ ਨੇ, ਜਨੌਰ ਨੇ ਪਰ ਤੁਸੀਂ ਕੀ ਓਂ ? ਤੁਸੀਂ ਸਾਰਿਆਂ ਨੇ ਇਨ੍ਹਾਂ ਨੂੰ ਗੰਦੀਆਂ ਗੰਦੀਆਂ ਗਾਲ਼ਾਂ ਕੱਢੀਆਂ ਤੇ ਤੁਸੀਂ ਤਾਂ ਆਹ ਨਿੱਕੀ ਜਿਹੀ ਜੁਆਕੜੀ ਦੇ ਥੱਪੜ ਵੀ ਮਾਰ ਦਿੱਤਾ…. ਕੀ ਤੁਸੀਂ ਮਹਾਂਪੁਰਸ਼ ਹੋ ?”
ਉਹ ਧਰਮਾਤਮਾ ਜਿਹੀ ਦਿਖ ਵਾਲ਼ਾ ਭੱਦਰ ਪੁਰਸ਼ ਕੁਝ ਨਾ ਬੋਲਿਆ ਪਰ ਉਹ ਮੇਰੇ ਵੱਲ੍ਹ ਇੰਝ ਕੌੜ-ਕੌੜ ਝਾਕ ਰਿਹਾ ਸੀ ਜਿਵੇਂ ਮੈਂ ਵੀ ਉਨ੍ਹਾਂ ‘ਜਨੌਰਾਂ’ ਦੇ ਹੀ ਵੰਸ਼ ’ਚੋਂ ਹੋਵਾਂ।

(ਮੇਰੇ ਲਘੂ–ਕਥਾ ਸੰਗ੍ਰਹਿ ”ਘੁੱਗੂ–ਘਾਂਗੜੇ” ਵਿੱਚੋਂ)

– ਡਾ.ਸਵਾਮੀ ਸਰਬਜੀਤ

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਲੋਟਨ ਮਿੱਤਰਾਂ ਦਾ, ਨਾਂ ਬੋਲਦਾ ਗੁਬਿੰਦੀ ਏ ਤੇਰਾ
Next articleਘੱਟ ਸ਼ਬਦਾਂ ਚ ਕਈ ਵਿਸ਼ੇ ਛੂਹੇ ਇੱਕ ਵਿਸ਼ੇ ਲਈ ਵਿਸਥਾਰ ਚ ਜਿੰਨਾ ਮਰਜ਼ੀ ਲਿਖੋ ਜਿਹੜੇ ਲਿਖ ਸਕਦੇ ਹੋ ….