

(ਸਮਾਜ ਵੀਕਲੀ) ਪੁਰਾਣੇ ਸਮੇਂ ਨੂੰ ਯਾਦ ਕਰਕੇ ਕਈ ਵਾਰ ਯਕੀਨ ਨਹੀਂ ਹੁੰਦਾ ਕਿ ਸਾਡਾ ਅਤੀਤ ਸਾਡੇ ਵਰਤਮਾਨ ਤੋਂ ਬੌਣਾ ਪ੍ਰਤੀਤ ਹੁੰਦਾ ਹੈ l ਅਜੋਕੇ ਸਮੇਂ ਦੀਆਂ ਤਾਜ਼ੀਆਂ ਅਤੇ ਚੋਪੜੀਆਂ ਗਲਾਂ ਪੁਰਾਣੇ ਸਮਿਆਂ ਨੂੰ ਭੁੱਲਣ ਨਹੀਂ ਦਿੰਦੀਆਂ ਉਹ ਸਮਾਂ ਸੀ ਜਦੋਂ ਸਕੂਲ ਜਾਣ ਤੋਂ ਪਹਿਲਾਂ ਕਲਾਸ ਵਿੱਚ ਬੈਠਣ ਦਾ ਆਪਣੀ ਬੋਰੀ ਦਾ ਇੰਤਜ਼ਾਮ ਖੁਦ ਨੂੰ ਘਰੋਂ ਕਰਕੇ ਤੁਰਨਾ ਪੈਂਦਾ ਸੀl ਰੇਹ ਵਾਲਾ ਗੱਟਾ ਜੇਕਰ ਕਿਤੇ ਨਵਾਂ ਮਿਲ ਜਾਂਦਾ ਤਾਂ ਖੁਸ਼ੀ ਦੀ ਕੋਈ ਹੱਦ ਨਾ ਰਹਿੰਦੀ ,ਗਲ ਵਿੱਚ ਪਾਇਆ ਬਸਤਾ ਵੀ ਨਵੇਂ ਗੱਟੇ ਦਾ ਕਦੇ ਕਦੇ ਹੀ ਨਸੀਬ ਹੁੰਦਾ ਸੀ l ਖੈਰ ! ਇਹ ਉਹ ਸਮਾਂ ਸੀ ਜਦ ਪੜ੍ਹਾਈ ਨੂੰ ਕੋਈ ਬਹੁਤ ਹੀ ਅਹਿਮੀਅਤ ਨਹੀਂ ਦਿੱਤੀ ਜਾਂਦੀ ਸੀ l ਜਮਾਤਾਂ ਵੀ ਨਿੰਮ ਦੇ ਹੇਠਾਂ ਹੀ ਲੱਗਦੀਆਂ l ਪਹਿਲੀ ਵਾਰ ਉਦੋਂ ਬੜੀ ਖੁਸ਼ੀ ਹੋਈ ਜਦੋਂ ਚੌਥੀ ਜਮਾਤ ਵਿੱਚ ਨਵੇਂ ਕਮਰੇ ਦੇ ਨਾਲ ਸਾਨੂੰ ਨਵੇਂ ਤੱਪੜ ਵੀ ਨਸੀਬ ਹੋਏ ਅਤੇ ਫਿਰ ਸੀਨੀਅਰ ਜਮਾਤਾਂ ਵਿੱਚ ਸਾਡੀ ਟੌਰ ਨਵਾਬਾਂ ਵਰਗੀ ਹੁੰਦੀ ਸੀ l ਸਮੇਂ ਨੇ ਕਰਵਟ ਲਈ ਸਕੂਲਾਂ ਵਿੱਚ ਪੜ੍ਹ ਕੇ ਕਾਲਜ,ਯੂਨੀਵਰਸਿਟੀ ਹੁੰਦੇ ਹੋਏ ਸਰਕਾਰੀ ਅਧਿਆਪਕ ਲੱਗਣ ਦਾ ਮਾਣ ਪ੍ਰਾਪਤ ਹੋਇਆ l ਉਸ ਵਕਤ ਸਰਕਾਰੀ ਸਕੂਲਾਂ ਵਿੱਚ ਪਹਿਲਾ ਨਾਲੋਂ ਥੋੜਾ ਸੁਧਾਰ ਸੀ l ਤਹਈਆ ਕੀਤਾ ਕਿ ਇਹਨਾਂ ਬੱਚਿਆਂ ਨੂੰ ਸਮੇਂ ਦੇ ਹਾਣੀ ਬਣਾਉਣ ਦੀ ਬਹੁਤ ਜਰੂਰਤ ਹੈ l ਸਭ ਤੋਂ ਪਹਿਲਾਂ ਬੱਚਿਆਂ ਨੂੰ ਪੜ੍ਹਾਈ ਦਾ ਮਾਹੌਲ ਦੇਣ ਦੀ ਜਰੂਰਤ ਸੀ l ਸਕੂਲਾਂ ਵਿੱਚ ਨਵੇਂ ਕਮਰੇ ਬਣੇ ਅਤੇ ਬਿਲਡਿੰਗ ਦਾ ਪੱਧਰ ਉੱਚਾ ਹੋਇਆ । ਬੱਚਿਆਂ ਨੂੰ ਟੈਕਨੋਲਜੀ ਨਾਲ ਜੋੜਿਆ ਗਿਆ ਸਕੂਲਾਂ ਨੂੰ ਸਮਾਰਟ ਬਣਾਉਣ ਦਾ ਸਿਲਸਿਲਾ ਸ਼ੁਰੂ ਹੋਇਆ l ਨਵੇਂ ਯੁੱਗ ਦੀ ਸ਼ੁਰੂਆਤ ਨੇ ਸਕੂਲਾਂ ਨੂੰ ਸਮਾਰਟ ਦਿਖ ਦਿੱਤੀ । ਇਸ ਕੰਮ ਲਈ ਅਧਿਆਪਕਾਂ ਦੀ ਕਾਫੀ ਮਿਹਨਤ ਸਦਕਾ ਸਮੁਦਾਇ ਦੀ ਸਮੂਲੀਅਤ ਤੇ ਮਹਿਕਮੇ ਦੇ ਯੋਗਦਾਨ ਨਾਲ ਸਕੂਲਾਂ ਵਿੱਚ ਕ੍ਰਾਂਤੀਕਾਰੀ ਸੁਧਾਰ ਆਏ । ਸਕੂਲਾਂ ਵਿੱਚ ਟੈਕਨੋਲੋਜੀ ਨਾਲ ਪੜ੍ਹਾਈ ਹੋਣ ਲੱਗੀ ਹੈ। ਸਭ ਤੋਂ ਪਹਿਲਾਂ ਐਲਈਡੀ ਕੰਪਿਊਟਰ ਅਤੇ ਪ੍ਰੋਜੈਕਟ ਆਉਣ ਨਾਲ ਸਕੂਲਾਂ ਦੀ ਸਮਾਰਟ ਦਿੱਖ ਬਣ ਗਈ । ਪਰ ਅੱਜ ਨਵੀਂ ਤਕਨਾਲੋਜੀ ਦਾ ਜੁਗ ਹੋਣ ਕਾਰਨ ਸਕੂਲਾਂ ਵਿੱਚ ਟੱਚ ਪੈਨਲ ਆਉਣ ਨਾਲ ਇੱਕ ਨਵੇਂ ਯੁਗ ਦੀ ਸ਼ੁਰੂਆਤ ਹੋ ਚੁੱਕੀ ਹੈ । ਬਹੁਤੇ ਸਕੂਲਾਂ ਵਿੱਚ ਤਾਂ ਏਸੀ ਵੀ ਲੱਗ ਚੁੱਕੇ ਹਨ ਸਕੂਲਾਂ ਵਿੱਚ ਨਵੀਂ ਟੈਕਨੋਲਜੀ ਨਾਲ ਅਪਡੇਟ ਅਧਿਆਪਕ ਬੱਚਿਆਂ ਦੇ ਉਜਵਲ ਭਵਿੱਖ ਲਈ ਆਪਣਾ ਯੋਗਦਾਨ ਪਾ ਰਹੇ ਹਨ । ਅਸੀਂ ਆਪਣੇ ਅਤੀਤ ਤੋਂ ਬਹੁਤ ਕੁਝ ਸਿੱਖਿਆ ਹੈ, ਪਰ ਸਿਆਣੇ ਕਹਿੰਦੇ ਹਨ ਕਿ ਆਪਣੇ ਸੱਭਿਅਤਾ ਅਤੇ ਵਿਰਸੇ ਨੂੰ ਕਦੇ ਵੀ ਭੁਲਾਉਣਾ ਨਹੀਂ ਚਾਹੀਦਾ ਬਦਲਾਵ ਕੁਦਰਤ ਦਾ ਨਿਯਮ ਹੈ ,ਸਮੇਂ ਸਮੇਂ ਉਹ ਉੱਪਰ ਹਰ ਚੀਜ਼ ਵਿੱਚ ਤਬਦੀਲੀ ਆਉਣੀ ਲਾਜ਼ਮੀ ਹੈ । ਮੈਨੂੰ ਪੂਰਨ ਆਸ ਹੈ ਕਿ ਸਾਡੇ ਇਸ ਸਕੂਲੀ ਢਾਂਚੇ ਵਿੱਚ ਆਈ ਤਬਦੀਲੀ ਸਾਡੇ ਬੱਚਿਆਂ ਸਮਾਜ ਅਤੇ ਦੇਸ਼ ਦੀ ਤਰੱਕੀ ਵਿੱਚ ਵਡਮੁੱਲਾ ਯੋਗਦਾਨ ਪਾਵੇਗੀ।
https://play.google.com/store/apps/details?id=in.yourhost.samajweekly