*ਵਿਗਿਆਨ ਵਿੱਚ ਪੀਐੱਚ.ਡੀ. ਕਰਨ ਵਾਲੀ ਭਾਰਤ ਦੀ ਪਹਿਲੀ ਔਰਤ : ਡਾ.ਕਮਲਾ ਸੋਹਾਨੀ*-ਤਰਕਸ਼ੀਲ
(ਸਮਾਜ ਵੀਕਲੀ) ਕਮਲਪ੍ਰੀਤ ਲੈਕਚਰਾਰ ਫਿਜ਼ਿਕਸ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਕੋਟ ਭਾਈ (ਮੁਕਤਸਰ) ਲਿਖਦੇ ਹਨ ਕਿ ਅਸੀਂ ਅਕਸਰ ਸੋਚਦੇ ਹਾਂ ਕਿ ਵੱਡੇ ਵਿਦਵਾਨ ਤੇ ਵਿਗਿਆਨੀ ਸਿਰਫ਼ ਕਿਤਾਬਾਂ ਵਿੱਚ ਜਾਂ ਹੋਰ ਦੇਸ਼ਾਂ ਦੇ ਵਿੱਚ ਹੀ ਮਿਲਦੇ ਹਨ। ਪਰ ਭਾਰਤ ਵਿੱਚ ਵੀ ਕੁਝ ਅਜਿਹੀਆਂ ਸਖ਼ਸ਼ੀਅਤਾਂ ਹਨ ਜਿਨ੍ਹਾਂ ਨੇ ਸਾਰੀ ਦੁਨੀਆ ਅੱਗੇ ਆਪਣੇ ਗਿਆਨ ਅਤੇ ਸੰਘਰਸ਼ ਨਾਲ ਸਿਰਫ਼ ਦੇਸ਼ ਦਾ ਨਾਮ ਹੀ ਰੌਸ਼ਨ ਨਹੀਂ ਕੀਤਾ ਬਲਕਿ ਆਉਣ ਵਾਲੀਆਂ ਪੀੜ੍ਹੀਆਂ ਲਈ ਸਫਲਤਾ ਦੇ ਉਹ ਦਰਵਾਜੇ ਖੋਲ੍ਹੇ ਜਿਨ੍ਹਾਂ ਉਪਰ ਸਮਾਜ ਦੀ ਮਰਦ ਪ੍ਰਧਾਨ ਸੋਚ ਨੇ ਵੱਡੇ ਵੱਡੇ ਤਾਲੇ ਲਗਾਏ ਹੋਏ ਸਨ। ਇਨ੍ਹਾਂ ਵਿੱਚੋਂ ਇੱਕ ਸੀ ਡਾ. ਕਮਲਾ ਸੋਹਾਨੀ – ਭਾਰਤ ਦੀ ਪਹਿਲੀ ਮਹਿਲਾ ਪੀਐਚ.ਡੀ. ਹਾਸਲ ਕਰਨ ਵਾਲੀ ਵਿਗਿਆਨਕ ਜਿਸਨੇ ਅਜਿਹੀਆਂ ਸੋਚਾਂ ਦੇ ਪਿੰਜਰੇ ਤੋੜ ਕੇ ਸਾਇੰਸ ਦੇ ਖੇਤਰ ਵਿੱਚ ਉਚੀਆਂ ਉਡਾਰੀਆਂ ਲਗਾਈਆਂ। ਡਾ. ਕਮਲਾ ਸੋਹਾਨੀ ਦੀ ਕਹਾਣੀ ਸਾਨੂੰ ਦਿਖਾਉਂਦੀ ਹੈ ਕਿ ‘ਜਿੱਥੇ ਚਾਹ ਹੁੰਦੀ ਹੈ, ਓਥੇ ਰਾਹ ਵੀ ਬਣ ਜਾਂਦਾ ਹੈ।’ ਬੱਸ ਜਰੂਰਤ ਹੁੰਦੀ ਹੈ ਆਪਣੀ ਕਾਬਲੀਅਤ ਨੂੰ ਪਹਿਚਾਨਣ ਦੀ। ਡਾ. ਕਮਲਾ ਸੋਹਾਨੀ 20ਵੀਂ ਸਦੀ ਦੀ ਸ਼ੁਰੂਆਤ ਵਿੱਚ ਜਨਮੀ ਸੀ। ਉਸ ਸਮੇਂ ਲੋਕ ਕਹਿੰਦੇ ਸਨ ਕਿ “ਕੁੜੀਆਂ ਦਾ ਕੀ ਕੰਮ ਪੜ੍ਹਾਈ ਵਿੱਚ? ਪਰ ਕਮਲਾ ਜੀ ਨੇ ਇਹ ਸਾਬਿਤ ਕਰ ਦਿੱਤਾ ਕਿ ਵਿਦਿਆ ‘ਔਰਤ’ ਜਾਂ ‘ਮਰਦ’ ਦੀ ਵਿਅਕਤੀਗਤ ਜਾਇਦਾਦ ਨਹੀਂ ਹੁੰਦੀ – ਇਹ ਹਰ ਕਿਸੇ ਦਾ ਅਧਿਕਾਰ ਹੈ। 18 ਜੂਨ 1911 ਨੂੰ ਇੰਦੌਰ ਵਿੱਚ ਜਨਮੀ ਕਮਲਾ ਇੱਕ ਵਿਗਿਆਨੀ ਪਰਿਵਾਰ ਦੀ ਬੇਟੀ ਸੀ, ਜਿਥੇ ਉਸਦੇ ਪਿਤਾ ਨਾਰਾਇਣਰਾਓ ਅਤੇ ਚਾਚਾ ਮਾਧਵਰਾਓ ਰਸਾਇਣ ਵਿਗਿਆਨੀ ਸਨ – IISc ਬੈਂਗਲੋਰ ਤੋਂ ਪੜ੍ਹੇ ਹੋਏ ਸਨ। ਬਚਪਨ ਤੋਂ ਹੀ ਬਹੁਤ ਤੇਜ਼ ਦਿਮਾਗ ਹੋਣ ਕਾਰਨ ਉਸ ਨੇ ਸਕੂਲ ਵਿਚ ਸ਼ਾਨਦਾਰ ਨੰਬਰ ਲਏ। 1933 ਵਿੱਚ ਬੰਬਈ ਯੂਨੀਵਰਸਿਟੀ ਤੋਂ ਓਹਨਾਂ ਨੇ ਬੀ.ਐਸਸੀ. ਅਤੇ ਐਮ.ਐਸਸੀ. ਰਸਾਇਣ ਵਿਗਿਆਨ (Chemistry) ਵਿੱਚ ਕੀਤੀ। ਉਸ ਵੇਲੇ ਮਹਿਲਾਵਾਂ ਲਈ ਉੱਚ ਤਾਲੀਮ ਲੈਣਾ ਬਹੁਤ ਮੁਸ਼ਕਿਲ ਸੀ – ਕਾਲਜਾਂ ਵਿੱਚ ਮਹਿਲਾ ਵਿਦਿਆਰਥੀਆਂ ਦੀ ਗਿਣਤੀ ਹੱਥ ਦੀਆਂ ਉਂਗਲੀਆਂ ‘ਤੇ ਗਿਣੀ ਜਾ ਸਕਦੀ ਸੀ। ਇਹ ਉਹ ਸਮਾਂ ਸੀ ਜਦੋਂ ਇਹ ਧਾਰਨਾ ਆਮ ਪ੍ਰਚਲਤ ਸੀ ਕਿ ‘ਕੁੜੀਆਂ ਵਿਗਿਆਨ ਨਹੀਂ ਪੜ੍ਹ ਸਕਦੀਆਂ’ ਵਿਗਿਆਨ ਦੇ ਰਸਤੇ ਕੁੜੀਆਂ ਲਈ ਖੁੱਲ੍ਹੇ ਨਹੀਂ ਸਨ। ਅਜਿਹੇ ਸਮੇਂ ਵਿੱਚ ਕਮਲਾ ਨੇ IISc (ਇੰਡੀਅਨ ਇੰਸਟੀਚਿਊਟ ਆਫ਼ ਸਾਇੰਸਜ਼) ਵਿੱਚ ਫੈਲੋਸ਼ਿਪ ਲਈ ਅਰਜ਼ੀ ਦਿੱਤੀ। ਪਰ ਆਪਣੀ ਪੜ੍ਹਾਈ ਵਿੱਚ ਸਰਵਉੱਚ ਸਥਾਨ ਹਾਸਲ ਕਰਨ ਦੇ ਬਾਵਜੂਦ ਉਨ੍ਹਾਂ ਦੀ ਅਰਜੀ ਠੁਕਰਾ ਦਿੱਤੀ ਗਈ, ਸਿਰਫ ਇਸ ਕਰਕੇ ਕਿ ਉਹ ਇੱਕ ਲੜਕੀ ਸੀ। ਤੁਸੀਂ ਇਹ ਜਾਣ ਕੇ ਹੈਰਾਨ ਹੋਵੋਗੇ ਕਿ ਇਹ ਫੈਸਲਾ ਕਿਸੇ ਹੋਰ ਨੇ ਨਹੀਂ ਬਲਕਿ ਉਸ ਵੇਲੇ ਦੇ ਪ੍ਰਸਿੱਧ ਵਿਗਿਆਨੀ, ਨੋਬਲ ਪੁਰਸਕਾਰ ਵਿਜੇਤਾ ਸਰ ਸੀ.ਵੀ. ਰਮਨ ਦੁਆਰਾ ਲਿਆ ਗਿਆ। ਸੀ.ਵੀ. ਰਮਨ ਨੇ ਕਿਹਾ, “not for girls, ਮੇਰੀ ਇੰਸਟੀਚਿਊਟ ਵਿੱਚ ਔਰਤਾਂ ਲਈ ਜਗ੍ਹਾ ਨਹੀਂ ਹੈ” ਅਤੇ ਉਸਦੀ ਅਰਜ਼ੀ ਅਸਵੀਕਾਰ ਕਰ ਦਿੱਤੀ। ਪਰ ਕਮਲਾ ਨੇ ਹਾਰ ਨਹੀਂ ਮੰਨੀ। ਉਸਨੇ ਕਿਹਾ, ਮੈਂ ਆਪਣੀ ਮੰਜਿਲ ਤੱਕ ਪਹੁੰਚਣ ਲਈ ਕਿਸੇ ਵੀ ਰੁਕਾਵਟ ਨੂੰ ਨਹੀਂ ਮਨੂੰਗੀ।” ਉਸਨੇ ਆਪਣੀ ਮਾਂ ਨਾਲ ਮਿਲ ਕੇ IISc ਦੇ ਦਰਵਾਜ਼ੇ ‘ਤੇ ਸਤਿਆਗ੍ਰਿਹ ਕੀਤਾ ਅਤੇ ਆਖਿਰਕਾਰ ਉਸ ਨੂੰ ਆਰਜ਼ੀ ਤੌਰ ‘ਤੇ ਦਾਖਲਾ ਮਿਲਿਆ, ਉਹ ਵੀ ਸ਼ਰਤਾਂ ‘ਤੇ ਕਿ ਉਹ ਸਿਰਫ ਰਾਤ ਨੂੰ ਹੀ ਇੱਕ ਸਾਲ ਦੇ ਲਈ ਕੰਮ ਕਰ ਸਕਣਗੇ, ਹੋਰ ਵਿਦਿਆਰਥੀਆਂ ਦਾ ਧਿਆਨ ਭੰਗ ਨਹੀਂ ਕਰਨਗੇ ਅਤੇ ਕਿਸੇ ਵੀ ਤਰ੍ਹਾਂ ਦੇ ਲੈਬ ਦੇ ਕੰਮ ਦੇ ਵਿੱਚ ਰੁਕਾਵਟ ਨਹੀਂ ਪੈਦਾ ਕਰਨਗੇ। ਜੇ ਇਸ ਤੋਂ ਬਾਅਦ ਉਨ੍ਹਾਂ ਦਾ ਕੰਮ ਤਸੱਲੀਬਖ਼ਸ਼ ਲਗੇਗਾ ਤਾਂ ਹੀ ਉਨ੍ਹਾਂ ਦਾ ਦਾਖਲਾ ਅੱਗੇ ਮਨਜ਼ੂਰ ਕੀਤਾ ਜਾਵੇਗਾ। ਪਰ ਕਮਲਾ ਨੇ ਹਾਰ ਨਹੀਂ ਮੰਨੀ ਅਤੇ ਇਨ੍ਹਾਂ ਚੁਣੌਤੀਆਂ ਨੂੰ ਹੱਸਦੇ ਹੋਏ ਪ੍ਰਵਾਨ ਕਰਕੇ ਆਪਣੀ ਪੜ੍ਹਾਈ ਜਾਰੀ ਰੱਖੀ। ਉਨ੍ਹਾਂ ਦੇ ਇਸ ਸੰਘਰਸ਼ ਦੇ ਵਿੱਚ ਉਸ ਸਮੇਂ ਉਨ੍ਹਾਂ ਦੇ ਮਾਰਗ ਦਰਸ਼ਕ ਦੇ ਰੂਪ ਵਿੱਚ ਡਾਕਟਰ ਐਮ ਸ੍ਰੀਨਿਵਾਸਿਆ ਨੇ ਪੂਰਾ ਸਾਥ ਦਿੰਦੇ ਹੋਏ ਕਿਹਾ ਕਿ “ਸਾਇੰਸ ਨੂੰ ਕੋਈ ਫਰਕ ਨਹੀਂ ਪੈਂਦਾ ਕਿ ਤੁਸੀਂ ਲੜਕਾ ਹੋ ਜਾਂ ਲੜਕੀ, ਬੱਸ ਫਰਕ ਪੈਂਦਾ ਹੈ ਤਾਂ ਤੁਹਾਡੇ ਨਤੀਜਿਆਂ ਦੀ ਸਟੀਕਤਾ ਤੋਂ।” ਉਨ੍ਹਾਂ ਦੀ ਮਿਹਨਤ ਅਤੇ ਲਗਨ ਨੇ ਡਾਕਟਰ ਸੀ.ਵੀ. ਰਮਨ ਨੂੰ ਫਿਰ ਤੋਂ ਆਪਣੀ ਫੈਸਲੇ ਪ੍ਰਤੀ ਸੋਚਣ ਲਈ ਮਜਬੂਰ ਕਰ ਦਿੱਤਾ ਅਤੇ ਅਗਲੇ ਸਾਲ ਤੋਂ ਹੀ ਉਨ੍ਹਾਂ ਨੇ ਆਪਣੀ ਇੰਸਟੀਚਿਊਟ ਵਿੱਚ ਲੜਕੀਆਂ ਲਈ ਦਰਵਾਜੇ ਖੋਲ੍ਹ ਦਿੱਤੇ। ਕਮਲਾ ਸੋਹਾਨੀ ਨੇ 1936 ਵਿੱਚ ਆਪਣੀ ਡਿਗਰੀ ਪੂਰੀ ਕੀਤੀ। ਆਪਣੀ ਲੈਬ ਵਿਚ ਸਵੇਰੇ 5 ਵਜੇ ਤੋਂ ਰਾਤ 10 ਵਜੇ ਤੱਕ ਕੰਮ ਕਰਕੇ ਉਨ੍ਹਾਂ ਨੇ ਦੁੱਧ ਅਤੇ ਦਾਲਾਂ ਦੇ ਵਿੱਚ ਮੌਜੂਦ ਪ੍ਰੋਟੀਨ ‘ਤੇ ਖੋਜ ਕੀਤੀ ਜੋ ਪਹਿਲੀ ਵਾਰ ਭਾਰਤ ਵਿੱਚ ਹੋਈ। ਫਿਰ ਉਸ ਨੂੰ 1937 ਵਿੱਚ ਕੈਮਬ੍ਰਿਜ ਯੂਨੀਵਰਸਿਟੀ ਤੋਂ ਫੈਲੋਸ਼ਿਪ ਮਿਲੀ, ਜਿੱਥੇ ਉਸਨੇ ਕੇਵਲ 14 ਮਹੀਨੇ ਵਿੱਚ ਆਪਣੀ ਪੀਐਚ.ਡੀ. ਪੂਰੀ ਕੀਤੀ ਅਤੇ ਪੀਐਚ.ਡੀ. ਹਾਸਲ ਕਰਨ ਵਾਲੀ ਭਾਰਤ ਦੀ ਪਹਿਲੀ ਮਹਿਲਾ ਵਿਗਿਆਨਕ ਬਣੀ। ਉਸਦੀ ਥੀਸਿਸ 40 ਪੰਨਿਆਂ ਦੀ ਸੀ ਪਰ ਬਹੁਤ ਹੀ ਮਹੱਤਵਪੂਰਨ ਸੀ। ਉਸਨੇ ਆਲੂਆਂ ਵਿੱਚੋਂ Cytochrome C enzyme ਦੀ ਖੋਜ ਕੀਤੀ, ਜੋ ਜੀਵਾਂ ਵਿੱਚ ਊਰਜਾ ਤਿਆਰ ਕਰਨ ਵਿੱਚ ਮਦਦ ਕਰਦਾ ਹੈ। 1939 ਵਿੱਚ ਭਾਰਤ ਵਾਪਸ ਆ ਕੇ ਉਸਨੇ ਲੇਡੀ ਹਾਰਡਿੰਗ ਮੈਡੀਕਲ ਕਾਲਜ ਵਿੱਚ ਬਾਇਓਕੈਮਿਸਟਰੀ ਵਿਭਾਗ ਦੀ ਅਗਵਾਈ ਕੀਤੀ ਅਤੇ ਕਨੂਰ ਵਿੱਚ Nutrition Research Laboratory ਵਿੱਚ ਸਹਾਇਕ ਡਾਇਰੈਕਟਰ ਬਣੀ। 1947 ਵਿੱਚ ਮੁੰਬਈ ਆ ਕੇ Royal Institute of Science ਵਿੱਚ ਪ੍ਰੋਫੈਸਰ ਅਤੇ ਬਾਅਦ ਵਿੱਚ ਡਾਇਰੈਕਟਰ ਬਣੀ, ਜਿੱਥੇ ਫਿਰ ਉਨ੍ਹਾਂ ਨੂੰ ਔਰਤ ਹੋਣ ਦਾ ਖਮਿਆਜਾ ਭੁਗਤਣਾ ਪਿਆ ਜਿਸ ਕਰਕੇ ਇਹ ਪੋਸਟ ਉਨ੍ਹਾਂ ਨੂੰ ਚਾਰ ਸਾਲ ਦੇ ਸੰਘਰਸ਼ ਤੋਂ ਬਾਅਦ ਮਿਲੀ। ਪਰ ਉਸਨੇ ਕਦੇ ਹਿੰਮਤ ਨਾ ਹਾਰੀ। ਉਸ ਦੀ ਸਭ ਤੋਂ ਵੱਡੀ ਖੋਜ ‘Neera’ ਸੀ – ਪਾਮ ਨੈਕਟਰ, ਜਿਸ ਵਿੱਚ ਵਿਟਾਮਿਨ ਏ, ਸੀ. ਅਤੇ ਲੋਹਾ ਹੁੰਦਾ ਹੈ। ਇਸ ਖੋਜ ਨਾਲ ਕਬਾਇਲੀ ਬੱਚਿਆਂ ਅਤੇ ਗਰਭਵਤੀ ਮਹਿਲਾਵਾਂ ਦੀ ਪੋਸ਼ਟਿਕਤਾ ਵਿੱਚ ਸੁਧਾਰ ਆਇਆ, ਜਿਸ ਲਈ 1970 ਵਿੱਚ ਉਸਨੂੰ ਰਾਸ਼ਟਰਪਤੀ ਇਨਾਮ ਮਿਲਿਆ। 1980 ਦੇ ਦਹਾਕੇ ਵਿੱਚ ਉਸਨੇ ਖੁਰਾਕ ਵਿੱਚ ਮਿਲਾਵਟ ਦੇ ਖ਼ਿਲਾਫ਼ Consumer Guidance Society of India ਦੀ ਅਗਵਾਈ ਕੀਤੀ ਅਤੇ ਲੋਕਾਂ ਨੂੰ ਸੁਰੱਖਿਅਤ ਖਾਣ-ਪੀਣ ਬਾਰੇ ਚੇਤਨ ਕੀਤਾ। ਦੁੱਖਦਾਈ ਗੱਲ ਇਹ ਹੈ ਕਿ ਭਾਰਤੀ ਲੋਕ, ਖ਼ਾਸ ਕਰਕੇ ਕੁੜੀਆਂ, ਉਸਦੀ ਮਹਾਨਤਾ ਅਤੇ ਉਸਦੇ ਸੰਘਰਸ਼ ਬਾਰੇ ਬਹੁਤ ਘੱਟ ਜਾਣਦੇ ਹਨ, ਪਰ ਅੰਤਰਰਾਸ਼ਟਰੀ ਪੱਧਰ ਉੱਤੇ ਉਸਦੀ ਕਦਰ ਕੀਤੀ ਗਈ ਹੈ। 2023 ਵਿੱਚ Google ਨੇ ਉਸਦੇ 112ਵੇਂ ਜਨਮ ਦਿਹਾੜੇ ‘ਤੇ ਉਸਦੀ ਯਾਦ ਵਿੱਚ ਵਿਸ਼ੇਸ਼ ਡੂਡਲ ਬਣਾਇਆ, ਜਿਸ ਨਾਲ ਸਾਰੀ ਦੁਨੀਆ ਨੇ ਉਸਨੂੰ ਸਨਮਾਨ ਦਿੱਤਾ। ਡਾ. ਕਮਲਾ ਸੋਹਾਨੀ ਦੀ ਕਹਾਣੀ ਇਹ ਦੱਸਦੀ ਹੈ ਕਿ ਹੌਂਸਲਾ ਅਤੇ ਸੰਘਰਸ਼ ਦੇ ਨਾਲ ਕੰਮ ਕਰਦੇ ਹੋਏ ਹਰ ਮੁਸ਼ਕਿਲ ਨੂੰ ਸਰ ਕੀਤਾ ਜਾ ਸਕਦਾ ਹੈ। ਉਹ ਸਿਰਫ਼ ਭਾਰਤ ਦੀ ਪਹਿਲੀ ਮਹਿਲਾ PhD ਨਹੀਂ ਸੀ, ਉਹ ਇਕ ਪ੍ਰੇਰਨਾ ਹੈ ਜੋ ਅੱਜ ਵੀ ਸਾਡੇ ਲਈ ਇੱਕ ਚਾਨਣ ਮੁਨਾਰਾ ਹੈ। ਆਓ, ਉਨ੍ਹਾਂ ਦੇ ਇਸ ਤੋਂ ਸਿੱਖੀਏ, ਹਿੰਮਤ ਨਾ ਹਾਰੀਏ ਅਤੇ ਆਪਣੀਆਂ ਮੰਜਿਲਾਂ ਨੂੰ ਹਾਸਲ ਕਰਨ ਲਈ ਸਦਾ ਅੱਗੇ ਵਧੀਏ।
ਮਾਸਟਰ ਪਰਮਵੇਦ
ਤਰਕਸ਼ੀਲ ਆਗੂ ਤਰਕਸ਼ੀਲ ਸੁਸਾਇਟੀ ਪੰਜਾਬ
9417422349
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



