ਸੰਸਦ ਤੋਂ ਪੰਚਾਇਤਾਂ ਤੱਕ ਔਰਤਾਂ ਨੇ ਮੁਕਾਮ ਹਾਸਲ ਕੀਤੇ: ਮੋਦੀ

Prime Minister Narendra Modi

ਨਵੀਂ ਦਿੱਲੀ (ਸਮਾਜ ਵੀਕਲੀ):  ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਭਾਰਤ ਵਿੱਚ ਮਹਿਲਾਵਾਂ ਨੇ ਹਰ ਖੇਤਰ ’ਚ ਵੱਡੇ ਮੁਕਾਮ ਹਾਸਲ ਕੀਤੇ ਹਨ ਅਤੇ ਉਨ੍ਹਾਂ ਹਰ ਪੁਰਾਣੀ ਮਿੱਥ ਤੋੜੀ ਹੈ। 8 ਮਾਰਚ ਨੂੰ ਆ ਰਹੇ ਕੌਮਾਂਤਰੀ ਮਹਿਲਾ ਦਿਵਸ ਨੂੰ ਮੁੱਖ ਰੱਖਦਿਆਂ ਉਨ੍ਹਾਂ ਆਪਣੇ ਮਹੀਨਾਵਾਰ ਰੇਡੀਓ ਪ੍ਰੋਗਰਾਮ ‘ਮਨ ਕੀ ਬਾਤ’ ਦੌਰਾਨ ਕਿਹਾ ਕਿ ਭਾਰਤ ਦੀਆਂ ਮਹਿਲਾਵਾਂ ਨੇ ਹਰ ਖੇਤਰ ’ਚ ਆਪਣੇ ਹੁਨਰ ਦਾ ਲੋਹਾ ਮਨਵਾਇਆ ਹੈ ਫਿਰ ਭਾਵੇਂ ਉਹ ਸਕਿੱਲ ਇੰਡੀਆ ਹੋਵੇ, ਸੈਲਫ ਹੈਲਪ ਗਰੁੱਪ ਹੋਣ ਜਾਂ ਛੋਟੀ ਜਾਂ ਵੱਡੀ ਸਨਅਤ ਹੋਵੇੇ। ਉਨ੍ਹਾਂ ਕਿਹਾ ਕਿ ਸੰਸਦ ਤੋਂ ਪੰਚਾਇਤ ਤੱਕ ਮਹਿਲਾਵਾਂ ਨੇ ਨਵੀਆਂ ਉਚਾਈਆਂ ਛੋਹੀਆਂ ਹਨ।

ਦੇਸ਼ ਦੀਆਂ ਧੀਆਂ ਹੁਣ ਫੌਜ ’ਚ ਵੀ ਨਵੀਆਂ ਤੇ ਵੱਡੀਆਂ ਭੂਮਿਕਾਵਾਂ ਨਿਭਾਅ ਰਹੀਆਂ ਹਨ ਅਤੇ ਦੇਸ਼ ਦੀ ਰਾਖੀ ਕਰ ਰਹੀਆਂ ਹਨ। ਉਨ੍ਹਾਂ ਜਨਵਰੀ ਮਹੀਨੇ ਗਣਤੰਤਰ ਦਿਵਸ ਮੌਕੇ ਵੀ ਇਸ ਗੱਲ ਦਾ ਜ਼ਿਕਰ ਕੀਤਾ ਸੀ ਕਿ ਦੇਸ਼ ਦੀਆਂ ਧੀਆਂ ਹੁਣ ਆਧੁਨਿਕ ਲੜਾਕੂ ਜਹਾਜ਼ ਉਡਾਉਣਗੀਆਂ। ਉਨ੍ਹਾਂ ਕਿਹਾ ਕਿ ਸੈਨਿਕ ਸਕੂਲਾਂ ’ਚ ਲੜਕੀਆਂ ਦੇ ਦਾਖਲੇ ’ਤੇ ਪਾਬੰਦੀ ਹਟਾ ਦਿੱਤੀ ਗਈ ਹੈ ਅਤੇ ਹੁਣ ਦੇਸ਼ ਭਰ ’ਚ ਲੜਕੀਆਂ ਇਨ੍ਹਾਂ ਸਕੂਲਾਂ ’ਚ ਦਾਖਲੇ ਲੈ ਰਹੀਆਂ ਹਨ।

ਮੋਦੀ ਨੇ ਕਿਹਾ, ‘ਪਿਛਲੇ ਸਾਲਾਂ ’ਚ ਦੇਸ਼ ਅੰਦਰ ਹਜ਼ਾਰਾਂ ਸਟਾਰਟਅੱਪ ਸ਼ੁਰੂ ਕੀਤੇ ਗਏ ਹਨ ਅਤੇ ਇਨ੍ਹਾਂ ’ਚੋਂ ਤਕਰੀਬਨ ਅੱਧੇ ਸਟਾਰਟਅੱਪ ’ਚ ਮਹਿਲਾਵਾਂ ਦੀ ਮੁੱਖ ਭੂਮਿਕਾ ਹੈ। ਪਿੱਛੇ ਜਿਹੇ ਮਹਿਲਾਵਾਂ ਲਈ ਪ੍ਰਸੂਤਾ ਛੁੱਟੀ ਦੀ ਮਿਆਦ ਵਧਾਈ ਗਈ ਹੈ ਅਤੇ ਦੇਸ਼ ’ਚ ਲੜਕੇ ਤੇ ਲੜਕਿਆਂ ਨੂੰ ਬਰਾਬਰ ਹੱਕ ਦਿਵਾਉਣ ਦੀ ਕੋਸ਼ਿਸ਼ ਤਹਿਤ ਵਿਆਹ ਲਈ ਉਮਰ ਹੱਦ ’ਚ ਤਬਦੀਲੀ ਕੀਤੀ ਗਈ ਹੈ।’

ਉਨ੍ਹਾਂ ਕਿਹਾ ਕਿ ਸਰਕਾਰ ‘ਬੇਟੀ ਬਚਾਓ, ਬੇਟੀ ਪੜ੍ਹਾਓ’ ਵਰਗੀਆਂ ਸ਼ੁਰੂ ਕੀਤੀਆਂ ਗਈਆਂ ਸਮਾਜਕ ਮੁਹਿੰਮਾਂ ਕਾਰਨ ਅਜਿਹੀਆਂ ਵੱਡੀਆਂ ਤਬਦੀਲੀਆਂ ਸੰਭਵ ਹੋ ਸਕੀਆਂ ਹਨ ਅਤੇ ਦੇਸ਼ ਅੰਦਰ ਲਿੰਗ ਅਨੁਪਾਤ ਸੁਧਰਿਆ ਹੈ ਤੇ ਸਕੂਲ ਜਾਣ ਵਾਲੀਆਂ ਲੜਕੀਆਂ ਦੀ ਗਿਣਤੀ ਵੀ ਵਧੀ ਹੈ। ਉਨ੍ਹਾਂ ਕਿਹਾ ਕਿ ਇਹ ਹੁਣ ਉਨ੍ਹਾਂ ਦੀ ਜ਼ਿੰਮੇਵਾਰੀ ਹੈ ਕਿ ਉਨ੍ਹਾਂ ਦੀਆਂ ਧੀਆਂ ਸਕੂਲ ਨਾ ਛੱਡਣ। ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ‘ਸਵੱਛ ਭਾਰਤ ਮੁਹਿੰਮ’ ਨੇ ਔਰਤਾਂ ਨੂੰ ਖੁੱਲ੍ਹੇ ’ਚ ਸ਼ੌਚ ਜਾਣ ਕਾਰਨ ਹੋਣ ਵਾਲੀ ਪ੍ਰੇਸ਼ਾਨੀ ਤੋਂ ਰਾਹਤ ਦਿਵਾਈ ਅਤੇ ਮੁਸਲਿਮ ਭੈਣਾਂ ਨੂੰ ਤਿੰਨ ਤਲਾਕ ਤੋਂ ਮੁਕਤ ਕਰਵਾਇਆ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਯੂਕਰੇਨ ਲਈ ਕਿਰਾਏ ’ਤੇ ਲਈਆਂ ਉਡਾਣਾਂ ਦਾ ਖ਼ਰਚ 7-8 ਲੱਖ ਰੁਪਏ ਪ੍ਰਤੀ ਘੰਟਾ
Next articleਟੀ-20: ਭਾਰਤ ਨੇ ਸ੍ਰੀਲੰਕਾ ਨੂੰ ਹਰਾ ਕੇ ਲੜੀ ’ਤੇ ਹੂੰਝਾ ਫੇਰਿਆ