(ਸਮਾਜ ਵੀਕਲੀ)
ਮੈਂ ਬਚਪਨ ਤੋਂ ਲੈ ਕੇ ਹੁਣ ਤੱਕ, ਆਪਣੇ ਭਵਿੱਖ ਦੇ ਸੰਬੰਧ ਵਿੱਚ ਇੰਨੀ ਗਹਿਰੀ ਕਲਪਨਾ ਕਰਦਾ ਰਿਹਾ ਹਾਂ ਕਿ ਉਹ ਮੇਰੇ ਜੀਵਨ ਦਾ ਯਥਾਰਥ ਬਣ ਗਿਆ।ਆਪਣੇ ਖਿਆਲਾਂ ਵਿੱਚ ਵਸੀ ਹੋਈ ਕੁੜੀ ਦੀ ਤਸਵੀਰ ਤੇ ਕਵਿਤਾ ਲਿਖ ਉਸ ਦੀ ਸੂਰਤ ਤੇ ਸੀਰਤ ਨੂੰ ਬਿਆਨ ਕਰਨਾ,ਜਿਵੇਂ:-
“ਇੱਕ ਕੁੜੀ ਹਵਾ ਦੇ ਝੋਕੇ ਵਰਗੀ
ਸਾਦੇ ਕੱਪੜੇ ਪਾਉਂਦੀ ਹੈ
ਜਦ ਮੈਂ ਖੋਵਾਂ ਖਿਆਲਾਂ ਦੇ ਵਿੱਚ
ਸਾਹਮਣੇ ਮੇਰੇ ਆਉਂਦੀ ਹੈ
ਨਾ ਗੋਰੀ ਹੈ ਨਾ ਕਾਲ਼ੀ ਹੈ
ਉਹਦੀ ਸ਼ਕਲ਼ ਤਾਂ ਭੋਲ਼ੀ-ਭਾਲੀ ਹੈ
ਉਹ ਰੱਬ ਨੇ ਮੇਰੇ ਲਈ ਪਾਲ੍ਹੀ ਹੈ
ਉਹਦੀ ਤੋਰ ਬੜੀ ਮਤਵਾਲੀ ਹੈ
ਮੋਰਾਂ ਵਾਂਗੂੰ ਪੈਲ੍ਹਾਂ ਪਾਉਂਦੀ ਹੈ
ਜਦ ਮੈਂ ਖੋਵਾਂ ਖਿਆਲਾਂ ਦੇ ਵਿੱਚ
ਸਾਹਮਣੇ ਮੇਰੇ ਆਉਂਦੀ ਹੈ”।
ਉਸ ਦੇ ਆਉਣ ਦੇ ਇੰਤਜ਼ਾਰ ਦੀ ਕਲਪਨਾ ਕਰਦੇ ਹੋਏ ਇਹ ਲਿਖਣਾ:-
“ਇੱਕ ਦਿਨ ਆਵੇਗਾ
ਜਦੋਂ ਮੇਰੀ ਮੰਜ਼ਿਲ
ਜਦੋਂ ਮੇਰੀ ਤਲਾਸ਼
ਜਿਸ ਦੇ ਸਹਾਰੇ ਚੱਲ ਰਹੇ ਨੇ
ਯਾਰੋ ਮੇਰੇ ਸਵਾਸ
ਖੁੱਦ ਚੱਲ ਕੇ ਆਵੇਗੀ ਉਹ
ਇੱਕ ਦਿਨ ਮੇਰੇ ਪਾਸ
ਇੱਕ ਦਿਨ ਆਵੇਗਾ”।
ਆਪਣੇ ਦੋਸਤ ਸੁਖਬੀਰ(ਪ੍ਰਸਿੱਧ ਆਰਟਿਸਟ)ਤੋਂ ਉਸਦੀ ਕਾਲਪਨਿਕ ਤਸਵੀਰ ਬਣਵਾਉਣਾ,ਕਾਲਜ ਸਮੇਂ ਉਸ ਤਸਵੀਰ ਨੂੰ ਆਪਣੇ ਮੋਬਾਈਲ ਵਿੱਚ “ਪ੍ਰਿਅੰਕਾ” ਨਾਮ ਤੇ ਸੇਵ ਕਰ, ਆਪਣੀ ਗਰਲਫਰੈਂਡ ਦੱਸ ਆਪਣੇ ਦੋਸਤਾਂ ਦਾ ਮੂਰਖ ਬਣਾਉਣਾ,ਨਸ਼ੇ ਦੀ ਹਾਲਤ ਵਿੱਚ ਆਪਣੇ ਸੁਨਿਆਰ ਦੋਸਤ ਨੂੰ ਪਹਾੜਾਂ ਵਿੱਚ ਦੱਬੇ ਹੋਏ ਕਿਸੇ ਖਜ਼ਾਨੇ ਦੇ ਬਾਰੇ ਕਹਿਣਾ।ਇਹ ਕਲਪਨਾ ਨਹੀਂ ਤਾਂ ਹੋਰ ਕੀ ਸੀ।ਮੇਰਾ ਅਵਚੇਤਨ ਮਨ ਕਲਪਨਾ ਦੇ ਉੱਚੇ ਅੰਬਰਾਂ ਵਿੱਚ ਉਡਾਰੀਆਂ ਲਾਉਂਦਾ ਰਹਿੰਦਾ।ਇਹ ਕਲਪਨਾ ਉਦੋਂ ਯਥਾਰਥ ਬਣ ਜਾਂਦੀ ਹੈ ਜਦੋਂ ਮੇਰੀ ਕਾਲਪਨਿਕ ਤਸਵੀਰ ਵਿਚਲੀ ਕੁੜੀ(ਮਾਸੂਮ ਪਹਾੜਨ)ਯਥਾਰਥਕ ਰੂਪ ਵਿੱਚ,ਉਹੀ ਜਿਹੀ ਸੂਰਤ-ਸੀਰਤ, ਉਸੇ ਤਰੀਕੇ ਨਾਲ ਮੇਰੀ ਜ਼ਿੰਦਗੀ ਵਿੱਚ ਆਉਂਦੀ ਹੈ ਜਿਸ ਤਰ੍ਹਾਂ ਮੈ ਕਲਪਨਾ ਤੇ ਕਵਿਤਾ ਵਿੱਚ ਬਿਆਨ ਕੀਤਾ ਸੀ। ਇਹੀ ਨਹੀਂ ਉਸ ਦੱਬੇ ਹੋਏ ਖਜ਼ਾਨੇ ਬਾਰੇ ਵੀ ਉਦੋਂ ਪਤਾ ਲੱਗਦਾ ਹੈ ਜਦੋਂ ਮੈਨੂੰ,ਮੇਰੀ ਘਰਵਾਲੀ ਤੇ ਮੇਰੀ ਦੋ ਸਾਲ ਦੀ ਬੱਚੀ ਨੂੰ ਸੁੱਤੇ ਪਿਆਂ ਨੂੰ ਵੱਢ ਕੇ ਜਾਨੋ ਮਾਰ ਦੇਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ।ਪਰ ਅਸੀਂ ਬਚ ਜਾਂਦੇ ਹਾਂ ਕਿਉਂਕਿ ਇਸ ਘਟਨਾ ਸਬੰਧੀ ਵੀ ਮੇਰਾ ਚੇਤਨ ਮਨ ਮੈਨੂੰ ਪਹਿਲਾ ਸੰਕੇਤ ਦੇ ਚੁੱਕਿਆ ਸੀ।
ਅੱਜ ਮੇਰੀ ਤੇ ਮੇਰੀ ਕਾਲਪਨਿਕ ਪ੍ਰੇਮਿਕਾ ਤੇ ਯਥਾਰਥਕ ਪਤਨੀ(ਅਖਰੋਟਾਂ, ਨਾਸ਼ਪਾਤੀਆਂ,ਸੰਗਤਰਿਆਂ,ਕਿਨੂੰਆਂ, ਅਮਰੂਦਾਂ ਤੇ ਅੰਬਾਂ ਦੇ ਬਾਗਾਂ ਦੀ ਮਾਲਕਣ) ਦੇ ਵਿਆਹ ਨੂੰ ਪੂਰੇ ਛੇ ਸਾਲ ਹੋ ਚੁੱਕੇ ਹਨ।ਮੂੰਹ ਬੋਲਦੀਆਂ ਤਸਵੀਰਾਂ ਤੁਹਾਡੇ ਸਾਹਮਣੇ ਹਨ ਤੇ ਦੱਬੇ ਹੋਏ ਖਜ਼ਾਨੇ ਵਾਲੀ ਗੱਲ ਤੁਸੀਂ ਮੇਰੇ ਸੁਨਿਆਰ ਦੋਸਤ ਨੂੰ ਅੱਜ ਵੀ ਪੁੱਛ ਸਕਦੇ ਹੋ।
ਜੇ.ਐੱਸ.ਮਹਿਰਾ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly