(ਸਮਾਜ ਵੀਕਲੀ) ਚਰਨਜੀਤ ਘਰ ਦੇ ਵਿਹੜੇ ਵਿੱਚ ਨਿੰਮ ਦੀ ਛਾਂ ਹੇਠ ਪਈ ਜ਼ਿੰਦਗੀ ਅਤੇ ਮੌਤ ਵਿਚਕਾਰ ਜੰਗ ਲੜ ਰਹੀ ਹੈ ਅਤੇ ਉਸਦੇ ਆਲੇ-ਦੁਆਲੇ ਉਸਦੀ ਧੀ ਤੇ ਉਸਦਾ ਜਵਾਈ ਤੋਂ ਇਲਾਵਾ ਕੁੱਝ ਹੋਰ ਲੋਕ ਵੀ ਖੜ੍ਹੇ ਹਨ। ਚਰਨਜੀਤ ਆਪਣੀ ਜ਼ਿੰਦਗੀ ਦੇ ਰਹਿੰਦੇ ਸਾਹ ਬਹੁਤ ਹੀ ਔਖੇ ਕੱਟ ਰਹੀ ਹੈ ਅਤੇ ਮੌਤ ਦਾ ਇੰਤਜਾਰ ਕਰ ਰਹੀ ਹੈ। ਇਸ ਸਮੇਂ ਦੌਰਾਨ ਚਰਨਜੀਤ ਦਾ ਧਿਆਨ ਆਪਣੀ ਬੀਤੀ ਜ਼ਿੰਦਗੀ ਵਿੱਚ ਚਲਾ ਜਾਂਦਾ ਹੈ ਅਤੇ ਉਸਨੂੰ ਸਭ ਕੁੱਝ ਯਾਦ ਆ ਜਾਂਦਾ ਹੈ ਕਿ ਕਿਵੇਂ ਉਸਦੇ ਪੈਦਾ ਹੋਣ ਦਾ ਸੁਣ ਕੇ ਉਸਦੇ ਮਾਂ ਬਾਪ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਸਨ। ਉਸਤੋਂ ਬਾਅਦ ਉਸਦੀ ਜ਼ਿੰਦਗੀ ਦੇ ਦੋ ਸਾਲ ਬੀਤ ਜਾਣ ਦੇ ਬਾਅਦ, ਉਸਦੇ ਘਰ ਵਿੱਚ ਉਸਦੇ ਵੀਰ ਦਾ ਜਨਮ ਹੁੰਦਾ ਹੈ। ਜਿਸਦੇ ਆਉਣ ਦੀ ਖੁਸ਼ੀ ਵਿੱਚ ਲੱਡੂ ਵੰਡੇ ਜਾਂਦੇ ਹਨ, ਭੰਗੜੇ ਪਾਏ ਜਾਂਦੇ ਹਨ ਅਤੇ ਘਰ ਦੇ ਦੁਆਰ ਤੇ ਨਿੰਮ ਬੰਨ੍ਹਿਆਂ ਜਾਂਦਾ ਹੈ। ਚਰਨਜੀਤ ਨੂੰ ਵੀ ਆਪਣੇ ਘਰ ਵਿੱਚ ਵੀਰ ਦੇ ਆਉਣ ਦੀ ਬਹੁਤ ਜਿਆਦਾ ਖੁਸ਼ੀ ਹੁੰਦੀ ਹੈ ਅਤੇ ਉਹ ਆਪਣੇ ਵੀਰ ਨੂੰ ਬਹੁਤ ਲਾਡ ਪਿਆਰ ਕਰਦੀ ਹੈ। ਕੁੱਝ ਸਮੇਂ ਬਾਅਦ ਉਸਦੇ ਭਰਾ ਦੇ ਵੱਡੇ ਹੋਣ ਤੇ ਉਸਨੂੰ ਸਕੂਲ ਭੇਜਿਆ ਜਾਂਦਾ ਹੈ, ਉਸ ਸਮੇਂ ਉਹ ਵੀ ਆਪਣੇ ਭਰਾ ਦੇ ਨਾਲ ਸਕੂਲ ਜਾਣ ਦੀ ਜਿੱਦ ਕਰਦੀ ਹੈ, ਪਰ ਉਸਨੂੰ ਨਹੀਂ ਪੜ੍ਹਾਇਆ ਜਾਂਦਾ। ਉਹ ਸਕੂਲ ਜਾਣ ਲਈ ਸਾਰਾ ਦਿਨ ਰੋਂਦੀ ਰਹਿੰਦੀ ਹੈ, ਉਹ ਨਾ ਕੁੱਝ ਖਾਂਦੀ ਹੈ ਅਤੇ ਨਾ ਹੀ ਪੀਂਦੀ ਹੈ। ਪਰ ਫਿਰ ਵੀ ਉਸਨੂੰ ਸਕੂਲ ਨਹੀਂ ਭੇਜਿਆ ਜਾਂਦਾ। ਆਖਰ ਉਹ ਥੱਕ ਹਾਰ ਕੇ ਆਪਣੀ ਜਿੱਦ ਛੱਡ ਦਿੰਦੀ ਹੈ। ਉਹ ਅਕਸਰ ਦੇਖਦੀ ਹੈ ਕਿ ਉਸਦੇ ਮਾਂ ਬਾਪ ਦੁਆਰਾ ਖਾਣ-ਪੀਣ ਤੋਂ ਲੈ ਕੇ ਹਰ ਚੀਜ਼ ਲਈ ਉਸਦੇ ਅਤੇ ਉਸਦੇ ਭਰਾ ਵਿਚਕਾਰ ਫਰਕ ਰੱਖਿਆ ਜਾਂਦਾ ਹੈ। ਪਰ ਫਿਰ ਵੀ ਉਹ ਕੋਈ ਸ਼ਿਕਵਾ ਨਹੀਂ ਕਰਦੀ ਅਤੇ ਆਪਣੇ ਭਰਾ ਨੂੰ ਬਹੁਤ ਪਿਆਰ ਕਰਦੀ ਹੈ। ਕੁੱਝ ਸਮੇਂ ਬਾਅਦ ਜਦੋਂ ਉਹ ਵੱਡੀ ਹੋ ਜਾਂਦੀ ਹੈ, ਉਸਦਾ ਘਰ ਤੋਂ ਬਾਹਰ ਨਿਕਲਣਾ ਅਤੇ ਹਾਣ ਦੀਆਂ ਕੁੜੀਆਂ ਵਿੱਚ ਬੈਠਣਾ ਬੰਦ ਕਰ ਦਿੱਤਾ ਜਾਂਦਾ ਹੈ। ਉਸਨੂੰ ਗੱਲ ਗੱਲ ਤੇ ਇਹ ਅਹਿਸਾਸ ਕਰਾਇਆ ਜਾਂਦਾ ਹੈ ਕਿ ਉਹ ਤਾਂ ਬੇਗਾਨੀ ਹੈ ਅਤੇ ਆਖਰ ਉਸਨੇ ਇੱਕ ਦਿਨ ਦੂਜੇ ਘਰ ਚਲੇ ਜਾਣਾ ਹੈ। ਇਹ ਸਭ ਸੁਣ ਕੇ ਉਹ ਕਈ ਵਾਰ ਲੁੱਕ ਲੁੱਕ ਕੇ ਰੋਂਦੀ ਹੈ। ਜਦੋਂ ਉਹ ਵੀਹ ਸਾਲ ਦੀ ਹੋ ਜਾਂਦੀ ਹੈ ਤਾਂ ਉਸਦਾ ਵਿਆਹ ਕਰ ਦਿੱਤਾ ਜਾਂਦਾ ਹੈ। ਜਿਸਦਾ ਨਾਲ ਉਸਦਾ ਵਿਆਹ ਹੁੰਦਾ ਹੈ, ਉਹ ਸ਼ਰਾਬੀ ਹੁੰਦਾ ਹੈ। ਉਹ ਰੋਜ ਸ਼ਰਾਬ ਪੀ ਕੇ ਉਸਨੂੰ ਕੁੱਟਦਾ ਮਾਰਦਾ ਹੈ ਅਤੇ ਉਸਦਾ ਪੇਕੇ ਘਰ ਤੱਕ ਜਾਣਾ ਵੀ ਬੰਦ ਕਰ ਦਿੰਦਾ ਹੈ। ਸਮਾਂ ਬੀਤਦਿਆਂ ਉਸਦੇ ਘਰ ਦੋ ਬੱਚੇ ਇੱਕ ਧੀ ਅਤੇ ਇੱਕ ਪੁੱਤ ਹੋ ਜਾਂਦੇ ਹਨ। ਇੱਕ ਦਿਨ ਉਸਦੇ ਸ਼ਰਾਬੀ ਘਰਵਾਲੇ ਦੀ ਮੌਤ ਹੋ ਜਾਂਦੀ ਹੈ। ਇਸਤੋਂ ਬਾਅਦ ਉਹ ਮਜ਼ਦੂਰੀ ਕਰਦੀ ਹੈ ਅਤੇ ਆਪਣਾ ਅਤੇ ਆਪਣੇ ਦੋ ਬੱਚਿਆਂ ਦਾ ਢਿੱਡ ਭਰਦੀ ਹੈ, ਉਹਨਾਂ ਨੂੰ ਪੜ੍ਹਾਉਂਦੀ ਲਿਖਾਉਂਦੀ ਹੈ। ਇੱਕ ਦਿਨ ਉਸਦੇ ਦੋਵੇਂ ਬੱਚੇ ਵਧੀਆ ਨੌਕਰੀ ਤੇ ਲੱਗ ਜਾਂਦੇ ਹਨ। ਇਸਤੋਂ ਬਾਅਦ ਉਹ ਉਹਨਾਂ ਦਾ ਵਿਆਹ ਕਰ ਦਿੰਦੀ ਹੈ ਅਤੇ ਸੋਚਦੀ ਹੈ ਕਿ ਉਹ ਹੁਣ ਆਪਣੀ ਜ਼ਿੰਦਗੀ ਖੁਸ਼ੀ ਨਾਲ ਜੀਵੇਗੀ। ਪਰ ਅਫਸੋਸ ਉਸਦੀ ਨੂੰਹ ਉਸ ਨਾਲ ਬੜਾ ਭੈੜਾ ਵਰਤਾਅ ਕਰਦੀ ਹੈ। ਫਿਰ ਇੱਕ ਦਿਨ ਉਸਦਾ ਪੁੱਤ ਅਤੇ ਉਸਦੀ ਨੂੰਹ ਉਸਨੂੰ ਘਰੋਂ ਕੱਢ ਦਿੰਦੇ ਹਨ। ਇਸਤੋਂ ਬਾਅਦ ਉਸਦੀ ਧੀ ਅਤੇ ਉਸਦਾ ਜਵਾਈ ਉਸਨੂੰ ਆਪਣੇ ਘਰ ਲੈ ਆਉਂਦੇ ਹਨ। ਹੁਣ ਉਹ ਆਪਣੀ ਧੀ ਦੇ ਘਰ ਰਹਿੰਦੀ ਹੈ। ਇਹ ਸਭ ਗੱਲਾਂ ਯਾਦ ਕਰਕੇ ਉਸਦੀਆਂ ਅੱਖਾਂ ਵਿੱਚੋਂ ਟਿੱਪ-ਟਿੱਪ ਕਰਕੇ ਹੰਝੂ ਵਹਿਣ ਲੱਗਦੇ ਹਨ। ਉਹ ਸੋਚਦੀ ਹੈ ਕਿ ਉਸਨੂੰ ਜਨਮ ਤੋਂ ਲੈ ਕੇ ਮਰਨ ਤੱਕ ਸੁਖ ਦਾ ਸਾਹ ਨਹੀਂ ਮਿਲਿਆ। ਉਸਦੀ ਧੀ ਉਸਦੀ ਬਾਹ ਫੜ ਕੇ ਉਸਨੂੰ ਡੂੰਘੀਆਂ ਸੋਚਾਂ ਵਿੱਚ ਬਾਹਰ ਕੱਢਦੀ ਹੈ। ਇਸੇ ਦੌਰਾਨ ਉਸਦੇ ਮੂੰਹ ਵਿੱਚੋਂ ਹਾਏ ਨਿਕਲਦੀ ਹੈ ਅਤੇ ਉਸਦੇ ਸਾਹ ਪੂਰੇ ਹੋ ਜਾਂਦੇ ਹਨ। ਉਹ ਸਦਾ ਲਈ ਸੌਂ ਜਾਂਦੀ ਹੈ।
ਮਨਪ੍ਰੀਤ ਕੌਰ।
ਪਿੰਡ ਬਖਸ਼ੀਵਾਲਾ, ਜਿਲ੍ਹਾ ਸੰਗਰੂਰ।
ਮੋ. ਨੰ. 84271-35578
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly



