(ਸਮਾਜ ਵੀਕਲੀ)
“ਯੂਨੀਅਨ ਜੈੱਕ ਤੋਂ ਝੰਡਾ ਲਾਹਕੇ ਲਾਲ ਕਿਲੇ ਤਿਰੰਗਾ ਚਾੜਿਆ ਏ,
ਪਾੜੋ ਅਤੇ ਰਾਜ ਕਰੋ ਦੀ ਨੀਤੀ ਨੂੰ ਰੰਗ ਕਾਲੇ ਅੰਗਰੇਜ਼ਾਂ ਚਾੜਿਆ ਏ;
ਗੋਰੇ ਜਾਣੇ, ਕਾਲੇ ਆਉਣੇ ਗੱਲ ਭਗਤ ਸਿੰਘ ਨੂੰ ਖਟਕ ਰਹੀ ਏ,
75 ਸਾਲ ਹੋਏ ਮੁਲਖ ਨੂੰ ਵੰਡਿਆ,
ਆਜ਼ਾਦੀ ਰਾਹਾਂ ਵਿੱਚ ਹੀ ਭਟਕ ਰਹੀ ਏ….;
ਨਹਿਰੂ ਜਿਨਾਹ ਨੇ ਹਸਤਾਖਰ ਕੀਤੇ,ਹਲਫੀਏ ਉਹ ਮੌਤ ਦੇ ਸੀ,
ਵੰਡ ਲਏ ਵੇਹੜੇ,ਵੰਡ ਲਏ ਪਾਣੀ,ਪੱਲੇ ਬਚਿਆ ਪੰਜਾਬ ਦੇ ਕੀ;
ਵਾਹਗੇ ਦੀ ਸਰਹੱਦ ਹੈ ਰੋਂਦੀ, ਗੱਡੀ ਲੀਹੋਂ ਭਟਕ ਗਈ,
75 ਸਾਲ ਹੋਏ ਮੁਲਖ ਨੂੰ ਵੰਡਿਆ,
ਆਜ਼ਾਦੀ ਰਾਹਾਂ ਵਿੱਚ ਹੀ ਭਟਕ ਰਹੀ ਏ….;
ਰੰਗ ਜਾਤ ਪਾਤ ‘ਚ ਵੰਡਿਆ,ਵੰਡਿਆ ਨਾਂ ਅਸੀਂ ਦੁੱਖਾਂ ਨੂੰ,
ਵੰਡੀਆਂ ਨਾਂ ਕਦੇ ਮਾਵਾਂ ਛਾਵਾਂ,ਵੰਡਿਆ ਨਾਂ ਕਦੇ ਭੁੱਖਾਂ ਨੂੰ;
ਇਹ ਹਤਿਆਰੀ ਨਜ਼ਰ ਜੋ ਸਾਨੂੰ,ਹੁਕਮਰਾਨਾਂ ਦੀ ਝਟਕ ਰਹੀ ਏ,
75 ਸਾਲ ਹੋਏ ਮੁਲਖ ਨੂੰ ਵੰਡਿਆ,
ਆਜ਼ਾਦੀ ਰਾਹਾਂ ਵਿੱਚ ਹੀ ਭਟਕ ਰਹੀ ਏ….;
ਭਗਤ ਸਿਹਾਂ ਤੇ ਸਰਾਭਾ ਕਿੰਨੇ ਪੁੱਤ ਕੁਰਬਾਨ ਹੋਏ,
ਦਿੱਲ੍ਹੀ ਹੋਏ ਫੈਸਲਿਆਂ ਤੋੰ ਬਸ! ਪੰਜਾਬਾ ਦਾ ਹੀ ਨੁਕਸਾਨ ਹੋਏ;
ਕਦੋਂ ਲਾਹੌਰ ਤੋਂ ਚੱਲਕੇ ਗੱਡੀ ਅੰਬਰਸਰ ਨੂੰ ਆਵੇਗੀ,
ਕਦੋਂ ਬਾਪੂ ਦੀ ਨਜ਼ਰ ਜੋ ਝੌਲ਼ੀ ਨਨਕਾਣੇ ਨੂੰ ਗਲ ਲਾਵੇਗੀ;
ਦੁਆ ਦੇ ਬਦਲੇ ਅਰਦਾਸ ਅਸਾਡੀ,ਹੁਕਮਰਾਨਾਂ ਨੂੰ ਖਟਕ ਰਹੀ ਏ,
75 ਸਾਲ ਹੋਏ ਮੁਲਖ ਨੂੰ ਵੰਡਿਆ,
ਆਜ਼ਾਦੀ ਰਾਹਾਂ ਵਿੱਚ ਹੀ ਭਟਕ ਰਹੀ ਏ;
ਉਹੀ ਭਾਸ਼ਣ,ਉਹੀ ਲੀਡਰ ਬਦਲਿਆ ਕੁੱਝ ਵੀ ਇਥੇ ਨਾਂ,
ਫੋਕੀਆਂ ਗੱਲਾਂ ਤੋਂ ਬਣ ਜਾਂਦੇ ਮੂਰਖ ਲੋਕ ਨੇ ਇਥੇ ਤਾਂ;
ਮਰੋੜਕੇ ਸੰਘੀ ਨੋਚ ਦਿੱਤੇ,ਨਾਂ ਹੰਸਾਂ ਵਾਂਗੂ ਮੜਕ ਰਹੀ ਏ,
75 ਸਾਲ ਹੋਏ ਮੁਲਖ ਨੂੰ ਵੰਡਿਆ,
ਆਜ਼ਾਦੀ ਰਾਹਾਂ ਵਿੱਚ ਹੀ ਭਟਕ ਰਹੀ ਏ….!!”
ਹਰਕਮਲ ਧਾਲੀਵਾਲ
ਸੰਪਰਕ:- 8437403720
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly