.ਅਜਾਦੀ

(ਸਮਾਜ ਵੀਕਲੀ)

ਭੁੱਲ ਤੂੰ ਸਾਥੋਂ ਨਾ ਹੁੰਦੀ ,ਸੀਨ੍ਹੇ ਕੰਡਿਆਂ ਵਾਂਗ ਪਰੋਈਏ।
ਅਜ਼ਾਦੀਏ ਸਾਡੀਆਂ ਲੋਥਾਂ ਦੀਏ, ਆਜਾ ਗਲ਼ ਲੱਗ ਰੋਈਏ ।

ਸਾਡੇ ਸਿਰਾਂ ਤੇ ਨੱਚੀ ਏਂ,ਸਾਡੀਆਂ ਇੱਜਤਾਂ ਨਾਲ ਖੇਡਦੀਏ।
ਲੱਖਾਂ ਤੋਂ ਕੱਖ ਕਰਨ ਵਾਲੀਏ,ਅੱਜ ਸਾਥੋਂ ਬੂਹੇ ਭੇੜਦੀਏ ।
ਉਜਾੜਕੇ ਘਰ ਆਪਣੇ,ਅਸੀਂ ਆਪਣਿਆਂ ਨੂੰ ਸਦਾ ਰੋਈਏ,
ਅਜ਼ਾਦੀਏ ਸਾਡੀਆਂ ਲੋਥਾਂ ਦੀਏ ਆਜਾ ਗਲ਼ ਲੱਗ ਰੋਈਏ ।
ਆਪਣੇ ਅਸੀਂ ਮਰਵਾਏ ਨੇ,ਅਜਾਦ ਹੋਕੇ ਗਲ੍ਹਾਂ ਚ ਟਾਇਰ ਪੁਆਏ ਨੇ।
ਖਾਲੀ ਹੱਥ ਸਾਡੇ ਠੂਠੇ ਦਿੱਤੇ,ਹਰ ਪਾਸਿਉਂ ਧੱਕੇ ਪੁਆਏ ਨੇ।
ਲੀਡਰਾਂ ਨੇ ਮੌਜਾਂ ਮਾਣੀਆਂ, ਅਸੀਂ ਹੱਥ ਹੰਝੂਆਂ ਨਾਲ ਧੋਈਏ
ਅਜ਼ਾਦੀਏ ਸਾਡੀਆਂ ਲੋਥਾਂ ਦੀਏ ਆਜਾ ਗਲ਼ ਲੱਗ ਰੋਈਏ ।

ਜਾਤਾਂ ਦੇ ਪਾੜੇ ਡੂੰਘੇ ਹੋਏ,ਧਰਮਾਂ ਨੇ ਹਾਲ੍ਹ ਦੁਹਾਈ ਪਾਈ ਆ।
ਵੋਟਾਂ ਦੀ ਰਾਜਨੀਤੇ ਨੇ ਬਣਾਏ ਟੋਏ,ਇਕ ਪਾਸੇ ਖਾਈ ਆ ।
ਸ਼ਰਾਬ ਦੀ ਬੋਤਲ ਤੇ ਵਿਕਦੇ,ਕਿਦਾਂ ਦੱਸ ਅਸੀਂ ਕੱਠੇ ਹੋਈਏ ,
ਅਜ਼ਾਦੀਏ ਸਾਡੀਏ ਲੋਥਾਂ ਦੀਏ ਆਜਾ ਗਲ਼ ਲੱਗ ਰੋਈਏ ।

ਪੰਜਾਬ ਦਾ ਹੋਇਆ ਬਟਵਾਰਾ, ਸਾਡੇ ਪੱਲੇ ਦੱਸ ਕੀ ਆਇਆ
ਜਵਾਨੀ ਥੱਕ ਹਾਰ ਵਿਦੇਸ਼ਾਂ ਭੱਜੀ,ਕਿਥੇ ਗਿਆ ਸਰਮਾਇਆ।
ਮੰਗੀਏ ਹੱਕ ਤੇ ਮਿਲਦੀ ਗੋਲੀ “ਜਿੰਦਰ’ ਨੀ ਬੁਕਲ ਦੀ ਲੋਈਏ
ਅਜ਼ਾਦੀਏ ਸਾਡੀਆਂ ਲੋਥਾਂ ਦੀਏ ਆਜਾ ਗਲ਼ ਲੱਗ ਰੋਈਏ ।.
ਅਜ਼ਾਦੀਏ ਸਾਡੀਆਂ ਲੋਥਾਂ ਦੀਏ ਆਜਾ ਗਲ਼ ਲੱਗ ਰੋਈਏ ।

ਹਰਜਿੰਦਰ ਸਿੰਘ ਸੰਘਾ ਕੈਨੇਡਾ

ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕਿਸਾਨਾਂ ਦੇ ਹੱਕ ‘ਚ ਨਹੀ ਹਨ ਸਰਕਾਰੀ ਨੀਤੀਆਂ
Next article” ਨਾ ਕਰੋ “