(ਸਮਾਜ ਵੀਕਲੀ)
ਕੌਮੀ ਕਵੀ ਮਾਣਯੋਗ ਗੁਰਦਾਸ ਰਾਮ ਆਲਮ ਜੀ ਦੀ ਮਿਸ਼ਨਰੀ ਕਲਮ ਤੋਂ
ਕਿਉਂ ਬਈ ਨਿਹਾਲਿਆ, ਆਜ਼ਾਦੀ ਨਹੀਂ ਵੇਖੀ?
‘ਨਾ ਬਈ ਭਰਾਵਾ, ਨਾ ਖਾਧੀ ਨਾ ਵੇਖੀ’।
ਮੈਂ ਜੱਗੂ ਤੋਂ ਸੁਣਿਆਂ, ਅੰਬਾਲੇ ਖੜੀ ਸੀ,
ਬੜੀ ਭੀੜ ਉਸਦੇ, ਦੁਆਲੇ ਖੜੀ ਸੀ।
ਬਿਰਲੇ ਦੇ ਘਰ ਵਲ, ਅਗਾੜੀ ਸੀ ਉਸ ਦੀ,
ਤੇ ਲੋਕਾਂ ਦੇ ਮੂੰਹ ਵਲ, ਪਛਾੜੀ ਸੀ ਉਸ ਦੀ,
ਆਈ ਨੂੰ ਭਾਵੇਂ, ਤੀਆ ਸਾਲ ਬੀਤਾ,
ਅਸੀਂ ਤਾਂ ਅਜੇ ਤੱਕ, ਦਰਸ਼ਨ ਨਹੀਂ ਕੀਤਾ। (1)
ਦਿੱਲੀ ‘ਚ ਆਂਉਂਦੀ ਹੈ, ਸਰਦੀ ਦੀ ਰੁੱਤੇ,
ਤੇ ਹਾੜਾਂ ਨੂੰ ਰਹਿੰਦੀ, ਪਹਾੜਾਂ ਦੇ ਉਤੇ।
ਗਰੀਬਾਂ ਨਾਲ ਲੱਗਦੀ, ਲੜੀ ਹੋਈਆ ਖਬਰੇ,
ਅਮੀਰਾਂ ਦੇ ਹੱਥੀਂ, ਚੜ੍ਹੀ ਹੋਈਆਂ ਖਬਰੇ।
ਅਖਬਾਰਾਂ ‘ਚੋਂ ਪੜ੍ਹਿਆ, ਜਰਵਾਣੀ ਜਹੀ ਏ,
ਕੋਈ ਸੋਹਣੀ ਤਾਂ ਨਹੀਂ, ਐਵੇਂ ਕਾਣੀ ਜਹੀ ਏ। (2)
ਮੰਨੇ ਜੇ ਉਹ ਕਹਿਣਾਂ, ਅਸੀਂ ਵੀ ਮੰਗਾਈਏ,
ਛੰਨਾਂ ਤੇ ਢਾਰਿਆਂ ‘ਚ ਭੁੰਜੇ ਸੁਆਈਏ।
ਪਰ ਏਨਾ ਪਤਾ ਨਹੀਂ, ਕੀ ਖਾਂਦੀ ਹੁੰਦੀ ਏ,
ਕਿਹੜੀ ਚੀਜ਼ ਤੋਂ ਦਿਲ, ਚੁਰਾਦੀ ਹੁੰਦੀ ਏ !
ਸ਼ਿਮਲੇ ਤਾਂ ਉਸ ਅੱਗੇ ਆਂਡੇ ਹੁੰਦੇ ਨੇ,
ਬਈ ਸਾਡੀ ਤਾਂ ਖੁਰਲੀ ‘ਚ ਟਾਂਡੇ ਹੁੰਦੇ ਨੇ। (3)