ਪਿੰਡ ਵਾਸੀਆਂ ਨੂੰ ਭੂਤ ਪਰੇਤ ਦੇ ਡਰ ਤੋਂ ਮੁਕਤ ਕੀਤਾ-

ਪਰਮ ਵੇਦ ਸੰਗਰੂਰ

(ਸਮਾਜ ਵੀਕਲੀ)

ਸੰਗਰੂਰ ਵਿੱਚ ਪੈਂਦੇ ਇਕ ਪਿੰਡ ਦੇ ਕੁਝ ਵਿਅਕਤੀ ਮੈਨੂੰ ਆ ਕੇ ਕਹਿੰਦੇ ਕਿ ਸਾਡੇ ਪਿੰਡ ਕੋਈ ਭੂਤ ਪਰੇਤ ਆਉਂਦਾ ਹੈ।ਉਸ ਉਸ ਦੀ ਹਰਕਤਾਂ ਤੋਂ ਅਸੀਂ ਪਿੰਡ ਵਾਲੇ ਬਹੁਤ ਪਰੇਸ਼ਾਨ ਹਾਂ । ਪਿੰਡ ਵਿੱਚ ਉਸ ਦੇ ਆਉਣ ਵੇਲੇ ਪਤਾ ਨਹੀਂ ਲੱਗਦਾ , ਪਰ ਪਿੰਡ ਵਿੱਚ ਉਸ ਰਾਹੀਂ ਕੀਤੀਆਂ ਕਾਰਵਾਈਆਂ /ਘਟਨਾਵਾਂ/ ਹਰਕਤਾਂ ਦੇਖਣ ਨੂੰ ਮਿਲਦੀਆਂ ਨੇ। ਪਿੰਡ ਵਿੱਚ ਡਰ ਦਾ ਮਾਹੌਲ ਬਣਿਆ ਹੈ।ਮੈਂ ਉਨ੍ਹਾ ਨੂੰ ਅਗਲੇ ਦਿਨ ਉਨਾਂ ਦੇ ਪਿੰਡ ਆਉਣ ਦਾ ਵਿਸ਼ਵਾਸ ਦਵਾ ਕੇ ਵਾਪਸ ਮੋੜ ਦਿੱਤਾ।

ਕ੍ਰਿਸ਼ਨ ਸਿੰਘ , ਗੁਰਦੀਪ ਸਿੰਘ ਤੇ ਮੈਂ ਅਗਲੇ ਦਿਨ ਸੰਬੰਧਿਤ ਪਿੰਡ ਦੇ ਸਰਪੰਚ ਕੋਲ ਪਹੁੰਚੇ।ਉਸ ਦੇ ਪਿੰਡ ਵਿੱਚ ਫੈਲੇ ਡਰ ਬਾਰੇ ਵਿਸਥਾਰ ਵਿੱਚ ਗਲ ਕਰਨ ਤੋਂ ਬਾਅਦ ਅਸੀਂ ਜਿਨ੍ਹਾਂ ਘਰਾਂ ਵਿੱਚ ਭੂਤ ਪਰੇਤ ਦੁਆਰਾ ਹੁੰਦੀਆਂ ਕਰਵਾਈਆਂ ਸਮਝੀਆਂ ਜਾਂਦੀਆ ਸਨ,ਉਨ੍ਹਾਂ ਦੇ ਘਰ ਜਾਣਾ ਸ਼ੁਰੂ ਕਰ ਦਿੱਤਾ। ਪਹਿਲੇ ਘਰੇ ਗਏ ਉਸ ਤੋਂ ਹੁੰਦੀਆਂ ਘਟਨਾਵਾਂ ਬਾਰੇ ਪੁੱਛਿਆ। ਉਹ ਕਹਿੰਦਾ ,”ਸਾਡੇ ਘਰ ਦੇ ਅੰਦਰ ਪਏ ਬੂਟ ਸਵੇਰ ਵੇਲੇ ਘਰ ਤੋਂ ਬਾਹਰ ਬਾਹਰ ਪਏ ਮਿਲੇ।” ਉਸ ਦੀ ਘਰਵਾਲੀ ਕਹਿੰਦੀ,” ਰਾਤ ਨੂੰ ਮੇਰੇ ਕੰਨਾਂ ਦੀਆਂ ਵਾਲੀਆਂ ਭੂਤ ਨੇ ਖਿੱਚ ਲਈਆਂ ।”ਮੈਂ ਪੁੱਛਿਆ,,”ਵਾਲੀਆਂ ਮਿਲੀਆਂ।”

ਉਸ ਨੇ ਕਿਹਾ,” ਸਵੇਰੇ ਵਿਹੜੇ ਵਿੱਚ ਪਈਆਂ ਮਿਲੀਆਂ।” ਅਸੀਂ ਫਿਰ ਪੁੱਛਿਆ ,”ਕੰਨਾਂ ਨੂੰ ਕੁਝ ਹੋਇਆ ।”ਕਹਿੰਦੀ , “ਕੰਨ ਤਾਂ ਠੀਕ ਨੇ।” ਫਿਰ ਅਸੀਂ ਇੱਕ ਹੋਰ ਘਰੇ ਗਏ ਉਸਨੇ ਕਿਹਾ”ਇਕ ਰਾਤ ਪ੍ਰੇਤ ਨੇ ਮੇਰੀਆਂ ਚੂੜੀਆਂ ਮੇਰੀ ਬਾਂਹ ਵਿਚੋਂ ਖਿਚ ਲਈਆਂ ਲਈਆਂ।”ਮੈਂ ਕਿਹਾ,” ਚੂੜੀਆਂ ਮਿਲੀਆਂ।”ਕਹਿੰਦੀ,’ ਉਹ ਤਾਂ ਸਾਡੀ ਮੰਜੀ ਦੇ ਹੇਠਾਂ ਪਈਆਂ ਮਿਲੀ ਗਈਆਂ ਸਨ।” ਮੈਂ ਪੁੱਛਿਆ, ” ਹੱਥਾਂ ਦੀਆਂ ਉਂਗਲਾਂ ਜਾਂ ਗੁਟ ਤੇ ਜ਼ਖ਼ਮ ਹੋਏ।”ਕਹਿੰਦੀ,” ਉਨ੍ਹਾਂ ਨੂੰ ਤਾਂ ਕੁਝ ਨਹੀਂ ਹੋਇਆ ।”ਉਸ ਦੀ ਗਲ ਸੁਨਣ ਤੋਂ ਬਾਅਦ ਅਸੀਂ ਇਕ ਹੋਰ ਆਦਮੀ ਨਾਲ ਗੱਲਾਂ ਕਰਨੀਆਂ ਸੁਰੂ ਕਰ ਦਿਤੀਆਂ।ਉਹ ਕਹਿੰਦਾ ,” ਭੂਤ ਦਰੱਖਤ ਤੇ ਬੈਠਾ ਸੀ, ਜਦ ਮੈਂ ਦਰੱਖ਼ਤ ਤੇ ਚੜ੍ਹਨ ਲੱਗਿਆ ਤਾਂ ਉਸ ਨੇ ਮੈਨੂੰ ਥੱਲੇ ਸੁੱਟ ਦਿੱਤਾ, ਜਦੋਂ ਮੈਂ ਗੋਲੀ ਚਲਾਉਣ ਲੱਗਿਆ ਤਾਂ ਉਹ ਗਾਇਬ ਹੋ ਗਿਆ।”

ਫਿਰ ਅਸੀਂ ਇੱਕ ਹੋਰ ਘਰੇ ਗਏ ਤੇ ਪਰਿਵਾਰ ਦੇ ਮੁਖੀ ਨੇ ਲੰਮੀ ਚੌੜੀ ਗੱਲ ਸੁਣਾਈ।ਉਸ ਕਿਹਾ,” ਇਕ ਰਾਤ ਮੈਂ ਮੰਜੇ ਤੇ ਪਿਆ ਸੀ, ਪਰੇਤ ਮੇਰੇ ਮੰਜੇ ਤੇ ਆ ਗਿਆ ਤੇ ਮੈਨੂੰ ਦੱਬ ਲਿਆ।ਫਿਰ ਮੈਂ ਉਸ ਨੂੰ ਦੱਬ ਲਿਆ,ਅਸੀਂ ਕੁੱਝ ਸਮਾਂ ਗੁੱਥਮ ਗੁੱਥਾ ਹੁੰਦੇ ਰਹੇ।ਫਿਰ ਅਸੀਂ ਮੰਜੇ ਤੋਂ ਹੇਠਾਂ ਡਿੱਗ ਪਏ।ਸਾਡੇ ਵਿੱਚ ਕਾਫੀ ਘੋਲ ਹੋਇਆ।ਮੈਂ ਉਸ ਤੋਂ ਛੁੱਡਾ ਕੇ ਕੁਹਾੜੀ ਲੈਣ ਅੰਦਰ ਚਲਾ ਗਿਆ।ਜਦ ਮੈਂ ਕੁਹਾੜੀ ਲੈ ਕੇ ਵਾਪਸ ਆਇਆ ਤਾਂ ਉਹ ਦੌੜ ਗਿਆ।ਮੀਂਹ ਨਾਲ ਵਿਹੜਾ ਗਿੱਲਾ ਸੀ,ਮੈਨੂੰ ਕੁਹਾੜੀ ਲਿਆਉਣ ਵਿੱਚ ਦੇਰੀ ਹੋ ਗਈ ਸੀ।” ਮੈਂ ਪੁੱਛਿਆ,” ਤੂੰ ਦੱਸ ਰਿਹਾ ਹੈਂ ਕਿ ਤੁਸੀਂ ਮੰਜੇ ਤੇ ਘੁਲਦੇ ਘੁਲਦੇ ਥੱਲੇ ਡਿੱਗ ਪਏ , ਤੇਰੇ ਕੱਪੜੇ ਕਿੰਨੇ ਕੁ ਖਰਾਬ ਹੋਏ,ਕਿੰਨੇ ਨੂੰ ਮਿੱਟੀ ਨਾਲ ਲਿਬੜੇ?”

,”ਮੇਰੇ ਕੱਪੜੇ ਤਾਂ ਬਿਲਕੁਲ ਵੀ ਖ਼ਰਾਬ ਨਹੀਂ ਹੋਏ,ਭੋਰਾ ਵੀ ਮਿਟੀ ਨਹੀਂ ਲੱਗੀ।” ਉਸ ਕਿਹਾ ਅਸੀਂ ਫਿਰ ਪਿੰਡ ਦੇ ਲੋਕਾਂ ਦਾ ਇਕੱਠ ਕੀਤਾ ਬਹੁਤ ਸਾਰੇ ਮੁੰਡੀਹਰ ਸਾਡੇ ਨਾਲ ਸੀ ।ਉਹ ਦੇਖਣਾ ਚਾਹੁੰਦੇ ਸਨ ਕਿ ਤਰਕਸ਼ੀਲ ਭੂਤ ਕਿਵੇਂ ਫੜ੍ਹਨਗੇ। ਫਿਰ ਮੈਂ ਪਿੰਡ ਵਿੱਚ ਪਹਿਰਾ ਦੇ ਰਹੇ ਲੋਕਾਂ ਨਾਲ ਗੱਲ ਕੀਤੀ ਉਨ੍ਹਾਂ ਵਿੱਚੋਂ ਇੱਕ ਨੇ ਕਿਹਾ ਅਸੀਂ ਪਿੰਡ ਦੇ ਚਾਰੇ ਪਾਸੇ ਖੜ੍ਹਦੇ ਹਾਂ

ਪ੍ਰੇਤ ਆਉਂਦਾ ਤਾਂ ਦਿਸਦਾ ਨ੍ਹੀਂ ਪਰ ਉਸਦੀ ਹਰਕਤਾਂ ਦੇਖਣ ਨੂੰ ਮਿਲਦੀਆਂ ਹਨ। ਅਸੀਂ ਪੰਜ ‘ਸਿਆਣੇ’ ਬੁਲਾ ਕੇ ਉਸ ਨੂੰ ਕਾਬੂ ਕਰਨ ਲਈ ਕਹਿ ਚੁੱਕੇ ਹਾਂ ,ਉਹ ਸਾਰੇ ਕਹਿੰਦੇ ਪ੍ਰੇਤ ਭਾਰੀ ਹੈ ,ਇਹ ਸਾਡੇ ਕਾਬੂ ਆਉਣ ਵਾਲਾ ਨਹੀਂ। ਕੜਾਹੀ ਦੇ ਨਾਂ ਤੇ ‘ਸਿਆਣੇ ‘ ,ਸਾਡੇ ਤੋਂ ਹਜ਼ਾਰਾਂ ਰੁਪਏ ਲੈ ਜਾਂਦੇ ਹਨ,ਕਪੜੇ ਵੀ ਲੈ ਜਾਂਦੇ ਹਨ। ਸਾਨੂੰ ਸਮਝ ਨਹੀਂ ਲੱਗ ਆ ਰਿਹਾ, ਇਹ ਕਿਵੇਂ ਹੋ ਰਿਹਾ ਹੈ।

ਸਰਪੰਚ ਨੇ ਕਿਹਾ ਕਿ ਇੱਕ ਤਾਂ ਕਾਲੇ ਕੱਛੇ ਵਾਲਿਆਂ ਨੇ ਦਹਿਸ਼ਤ ਪਾਈ ਹੋਈ ਹੈ ,ਦੂਜਾ ਇਸ ਪਰੇਤ ਨੇ ਸਾਡੀ ਜਾਨ ਖਾ ਰੱਖੀ ਹੈ, ਅਸੀਂ ਅਤੀ ਪਰੇਸ਼ਾਨ ਹਾਂ, ਬੜੇ ਦੁਖੀ ਹਾਂ।ਸਾਨੂੰ ਇਸ ਸਮੱਸਿਆ ਵਿੱਚੋਂ ਕੱਢੋ, ਅਸੀਂ ਸਭ ਕੁਝ ਕਰਨ ਨੂੰ ਤਿਆਰ ਹਾਂ ।ਸਾਰੇ ਲੋਕ ਡਰੇ ਹੋਏ ਹਨ।ਮੈਂ ਫਿਰ ਪ੍ਰੇਤ ਦੀ ਵਿਗਿਆਨਕ ਤੇ ਮਨੋਵਿਗਿਆਨਕ ਨਜ਼ਰੀਏ ਤੋਂ ਵਿਆਖਿਆ ਕਰਕੇ ਪ੍ਰੇਤ ਦੇ ਡਰ ਨੂੰ ਉਨ੍ਹਾਂ ਦੇ ਮਨਾਂ ਵਿੱਚੋਂ ਕੱਢਣ ਦੀ ਕੋਸ਼ਿਸ਼ ਕੀਤੀ। ਮੈਂ ਕਿਹਾ,” ਅਸੀਂ ਉਨਾਂ ਪੰਜ ਘਰਾਂ ਵਿੱਚ ਗਏ ਜਿਨਾਂ ਦੇ ਘਰਾਂ ਵਿੱਚ ਭੂਤਾਂ ਪਰੇਤਾਂ ਦੁਆਰਾ ਘਟਨਾਵਾਂ ਹੋਈਆਂ ਸਮਝੀਆਂ ਜਾ ਰਹੀਆਂ ਸਨ ਤੇ ਉਨ੍ਹਾ ਦੇ ਪਰਿਵਾਰਕ ਮੈਬਰ ਡਰੇ ਹੋਏ ਸਨ। ਡਰ ਨਾਲ ਭੈਅ ਭੀਤ , ਪਹਿਲੀ ਔਰਤ ਦੇ ਕੰਨਾਂ ਦੀਆਂ ਬਾਲੀਆਂ ਖਿੱਚੀਆ ਪਰ ਬਾਲੀਆਂ ਘਰੋਂ ਹੀ ਮਿਲੀਆਂ, ਕੰਨਾਂ ਨੂੰ ਕੁੱਝ ਨਹੀਂ ਹੋਇਆ,

ਇਕ ਰਾਤ ਪ੍ਰੇਤ ਇੱਕ ਘਰ ਆਇਆ ਪਰੇਤ ਤੇ ਇੱਕ ਬੰਦਾ ਗੁੱਥਮ ਗੁੱਥੇ ਹੋਏ ਕੱਚੇ ਵਿਹੜੇ ਵਿੱਚ ਗਿੱਲੀ ਥਾਂ ਤੇ ਘੁਲਦੇ ਰਹੇ ਪਰ ਕੱਪੜਿਆਂ ਨੂੰ ਕੁਝ ਨਹੀਂ ਹੋਇਆ। ਜਦੋਂ ਕਿ ਥਾਂ ਗਿੱਲੀ ਸੀ ।ਜਿਸ ਵਿਅਕਤੀ ਦੇ ਬੂਟ ਗੁੰਮ ਹੋਏ ਉਹ ਘਰੋਂ ਬਾਹਰ ਮਿਲੇ। ਪਿੰਡ ਦੇ ਲੋਕਾਂ ਨੇ ਇੱਕ ਦਿਨ ਪ੍ਰੇਤ ਰੁੱਖ ਤੇ ਬੈਠਾ ਦੇਖਿਆ ਜਦ ਸ਼ੇਰੂ ਨਾਮ ਦਾ ਵਿਅਕਤੀ ਦਰੱਖਤ ‘ਤੇ ਚੜ੍ਹਨ ਲੱਗਿਆ ਤਾਂ ਉਹ ਦਰੱਖਤ ਤੋਂ ਡਿੱਗ ਪਿਆ ਜਦੋਂ ਬੰਦੂਕ ਦੀ ਗੋਲੀ ਚਲਾਉਣ ਲੱਗਿਆ ਤਾਂ ਪ੍ਰੇਤ ਭੱਜ ਗਿਆ। ਇਹ ਸਾਰਾ ਮਨ ਦਾ ਡਰ ਹੈ ,ਤੁਸੀਂ ਕਾਲੇ ਕੱਛੇ ਵਾਲਿਆਂ ਤੋਂ ਡਰੇ ਹੋਏ ਹੋ ਤੇ ਡਰੇ ਮਨ ਨਾਲ ਸੁਪਨੇ ਵਿੱਚ ਤੁਸੀਂ ਕਾਰਵਾਈਆਂ /ਘਟਨਾਵਾਂ ਆਪ ਕਰਦੇ ਹੋ ।

ਗਿੱਲੀ ਥਾਂ ਤੇ ਕੱਪੜੇ ਖ਼ਰਾਬ ਨਾ ਹੋਣਾ ਕੀ ਦਰਸਾਉਂਦਾ ਹੈ, ਪ੍ਰੇਤ ਨਾਲ ਸੁਪਨੇ ਵਿਚ ਘੋਲ। ਸਾਡੀ ਵਿਗਿਆਨ ਨੇ ਸਿੱਧ ਕੀਤਾ ਹੈ ਕਿ ਮਨੁੱਖ ਦਾ ਜਨਮ ਇੱਕੋ ਹੀ ਹੁੰਦਾ ਹੈ ,ਇਹੋ ਸਾਡਾ ਜੀਵਨ ਹੈ ।ਵਿਗਿਆਨ ਅਨੁਸਾਰ ਮਰਨ ਤੋਂ ਬਾਅਦ ਦੂਜਾ ਜੀਵਨ ਨਹੀਂ।ਭੂਤ ਪ੍ਰੇਤ ਸਭ ਕਲਪਤ ਹਨ ,ਤੁਸੀਂ ਕਲਪਤ ਪ੍ਰੇਤ ਦੇ ਸਾਏ ਹੇਠ ਰਹਿ ਰਹੇ ਹੋ, ਆਪਣੇ ਮਨਾਂ ਅੰਦਰੋਂ ਭੂਤ ਪਰੇਤ ਦਾ ਡਰ ਖਤਮ ਕਰੋ।ਅਖੌਤੀ ਸਿਆਣਿਆਂ ਕੋਲ ਕੋਈ ਗੈਬੀ ਸ਼ਕਤੀ ਨਹੀਂ ਜਿਸ ਨਾਲ ਉਹ ਕੋਈ ਚਮਤਕਾਰ ਕਰ ਸਕਣ ਜਾਂ ਤੁਹਾਨੂੰ ਕਿਸੇ ਮੁਸੀਬਤ ਵਿਚੋਂ ਕਢ ਸਕਣ।ਤੁਸੀ ਇਹ ਢੌਂਗੀ ਬੁਲਾਏ, ਤੁਹਾਡੀ ਲੁੱਟ ਜਾਂ ਤੁਹਾਨੂੰ ਡਰਾਉਣ ਤੋਂ ਸਿਵਾਏ ਇਨ੍ਹਾਂ ਕੀ ਕੀਤਾ।ਤੁਸੀਂ ਡਰੀ ਗਏ, ਇਹ ਹੋਰ ਡਰਾਈ ਗਏ ,ਤੁਸਾਂ ਨੂੰ ਲੁੱਟੀ ਗਏ,ਤੁਸੀਂ ਲੁਟਾ ਹੋਈ ਗੇ, ਵਿਗਿਆਨਕ ਵਿਚਾਰਾਂ ਦੇ ਧਾਰਨੀ ਬਣੋ, ਅੰਧਵਿਸ਼ਵਾਸ ਤਿਆਗੋ।

ਤੀਜੇ ਦਿਨ ਫਿਰ ਅਸੀਂ ਦੁਆਰਾ ਪਿੰਡ ਗਏ ਤਾਂ ਪਿੰਡ ਦੇ ਲੋਕ ਸਾਡੀ ਭੂਤਾਂ ਪ੍ਰੇਤਾਂ ਦੀ ਵਿਗਿਆਨਕ ਵਿਆਖਿਆ ਤੋਂ ਬਾਗੋ ਬਾਗ ਸਨ ।ਉਨ੍ਹਾਂ ਦਾ ਰੋਮ ਰੋਮ ਅਹਿਸਾਨ ਪ੍ਰਗਟਾਉਂਦਾ ਨਜ਼ਰ ਆ ਰਿਹਾ ਸੀ ਉਨ੍ਹਾਂ ਦਾ ਚਾਅ ਤੇ ਖੁਸ਼ੀ ਦੇਖਣ ਵਾਲੀ ਸੀ ਪੀਡ਼ਤ ਲੋਕਾਂ ਨੂੰ ਕਲਪਿਤ ਭੂਤ ਪ੍ਰੇਤਾਂ ਦੇ ਡਰ ਤੋਂ ਮੁਕਤ ਕਰਨ ਲਈ ਸਾਨੂੰ ਬੇਹੱਦ ਖੁਸ਼ੀ ਸੀ ।ਲੋਕਾਂ ਵਿੱਚ ਅਸੀਂ ਵਿਗਿਆਨਕ ਵਿਚਾਰਾਂ ਦਾ ਛੱਟਾ ਦੇਣ ਵਿੱਚ ਕਾਮਯਾਬ ਹੋਏ।

ਮਾਸਟਰ ਪਰਮ ਵੇਦ
ਜ਼ੋਨ ਜਥੇਬੰਦਕ ਮੁਖੀ
ਤਰਕਸ਼ੀਲ ਸੁਸਾਇਟੀ ਪੰਜਾਬ
9417422349

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਗੱਲ ਤਾਂ ਬਣਦੀ…
Next articleਇਤਿਹਾਸਕ ਸੰਘਰਸ਼- ਕਿਸਾਨੀ ਅੰਦੋਲਨ