ਖੁੱਲ੍ਹੀ (Free)ਬਨਾਮ ਖ਼ਾਲੀ (Blank) ਕਵਿਤਾ-

ਪ੍ਰਵੇਸ਼ ਸ਼ਰਮਾ
 (ਸਮਾਜ ਵੀਕਲੀ)
ਹਾਲ ਹੀ ਵਿੱਚ ਨਫ਼ੀਸ ਕਵਿੱਤਰੀ ਕੁਲਵਿੰਦਰ ਚਾਵਲਾ ਨੂੰ ਮਿਲਣ ਦਾ ਸ਼ਰਫ਼ ਹਾਸਲ ਹੋਇਆ। ਪਹਿਲੀ ਮਿਲਣੀ ਦੌਰਾਨ ਗੱਲੀਂ ਬਾਤੀਂ ਖੁੱਲ੍ਹੀ ਕਵਿਤਾ ਦੇ ਵਿਸ਼ੇ ਤੇ ਚਰਚਾ ਛਿੜ ਪਈ। ਸਿੱਟਾ ਇਹ  ਨਿੱਕਲਿਆ ਕਿ ਖੁੱਲ੍ਹੀ ਕਵਿਤਾ ਲਈ ‘ਬਲੈਂਕ ਵਰਸ’ ਸ਼ਬਦ ਦਾ ਇਸਤੇਮਾਲ ਇਸ ਵਿਧਾ ਦੀ ਤੌਹੀਨ ਹੈ।ਇਸ ਗੱਲ ਨਾਲ ਸਹਿਮਤ ਹੋਣ ਦੇ ਬਾਵਜੂਦ ਵੀ ਖੁੱਲ੍ਹੀ ਕਵਿਤਾ ਨਾਲ  ਸਬੰਧਤ  ਆਮ ਰਾਇ ਤੇ ਆਧਾਰਤ ਇੱਕ ਟੋਟਕਾ ਯਾਦ ਆ ਗਿਆ।
ਅਖੇ, ਕਿਸੇ ਕਵੀ ਦਰਬਾਰ ਵਿੱਚ ਪੰਜਾਬੀ ਸਾਹਿਤ ‘ਚ ਖੁੱਲ੍ਹੀ ਕਵਿਤਾ ਦੇ ਬਾਨੀ ਪ੍ਰੋਫੈਸਰ ਪੂਰਨ ਸਿੰਘ ਵੀ ਆਪਣੀ ਮਸ਼ਹੂਰ ਕਵਿਤਾ “ਜਵਾਨ ਪੰਜਾਬ ਦੇ” ਸੁਣਾ ਰਹੇ ਸਨ:
ਇਹ ਬੇਪਰਵਾਹ ਜਵਾਨ ਪੰਜਾਬ ਦੇ,
ਮੌਤ ਨੂੰ ਕਰਨ ਮਖੌਲਾਂ,
ਟੈਂ ਨਾ ਮੰਨਣ ਕਿਸੇ ਦੀ,
ਖਲੋ ਜਾਣ ਡਾਂਗਾਂ ਮੋਢੇ ਤੇ ਉਲਾਰ ਕੇ,
ਪਰ ਪਿਆਰ ਨਾਲ ਇਹ ਕਰਨ ਗ਼ੁਲਾਮੀ……….. ਵਗ਼ੈਰਾ ……ਵਗ਼ੈਰਾ।
ਕਵਿਤਾ ਪਾਠ ਮੁੱਕਣ ਤੇ ਕਹਿੰਦੇ ਇੱਕ ਜੱਟ ਬਾਬਾ ਖੜ੍ਹਾ ਹੋ ਗਿਆ ਅਖੇ ਸਰਦਾਰਾ ਇਹ ਵੀ ਭਲਾ ਕੋਈ ਕਵਿਤਾ ਹੋਈ। ਨਾ ਸਿਰ ਨਾ ਪੈਰ।ਨਾ ਈ ਇਹ ਜੁੜੇ ਕਿਸੇ ਪਾਸਿਉਂ।ਇਹੋ ਜਿਹੀ ਤਾਂ ਮੈਂ ਉਈਂ ਲੰਘਦਾ ਵੜਦਾ ਬਣਾ ਦਿਆਂ।
“ਕਹਿਣਾ ਸੌਖੈ ਬਾਬਿਓ।ਜ਼ਰਾ ਸੁਣਾਉ ਤਾਂ ਬਣਾ ਕੇ ਇੱਕ ਬੰਦ,” ਪ੍ਰੋਫੈਸਰ ਸਾਹਿਬ ਬੋਲੇ।
ਬਾਬਾ ਤਾਂ ਜਿਵੇਂ ਮੌਕਾ ਹੀ ਭਾਲ਼ਦਾ ਸੀ।ਕਹਿੰਦਾ ਆਹ ਲੈ:
ਬਾਰੀਂ ਬਰਸੀਂ ਖਟਣ ਗਿਆ ਸੀ, ਖਟ ਕੇ ਲਿਆਂਦੀ ਡਾਂਗ,
ਜਾਹ ਮੈਂ ਨਾ ਤੇਰੇ ਰਹਿੰਦੀ ਮਿੱਤਰਾ, ਤੇਰੀ ਖਾਂਦੇ ਦੀ ਹਿੱਲਦੀ ਦਾਹੜੀ।
“ਇਹ ਭਲਾਂ ਕੀ ਗੱਲ ਬਣੀ।” ਪੂਰਨ ਸਿੰਘ ਕਹਿਣ ਲੱਗੇ, “ਕਵਿਤਾ ਐਵੇਂ ਨਹੀਂ ਬਣ ਜਾਂਦੀ।ਇਸ ਵਿੱਚ ਕੋਈ ਵਲਵਲਾ ਚਾਹੀਦੈ, ਜਜ਼ਬਾ ਚਾਹੀਦੈ।”
“ਤੇਰੇ ਵਾਲ਼ੀ ਕਿਹੜਾ ਸਰਦਾਰ ਜੀ ਭੋਰਾ ਵੀ ਜੁੜੀ ਸੀ।ਪਰ ਤੂੰ ਨਾ ਕਹੀਂ ਬਾਬਾ ਬਚਨਾਂ ਤੋਂ ਫਿਰ ਗਿਆ, ਆਹ ਚੱਕ ਵਲਵਲਾ:
ਦਿਲ ਮੇਰੇ ਦੀ ਵਾਦੀ ਅੰਦਰ, ਯਾਦ ਤੇਰੀ ਦੇ ਕੱਟੇ ਚਰਦੇ,
ਚੈਨ ਦਾ ਪੱਤਾ ਇੱਕ ਨਾ ਛੱਡਣ,
ਨਾਲੇ ਮਾਰਨ ਢੁੱਡ।
ਕਹਿੰਦੇ ਪੂਰਨ ਸਿੰਘ ਬਾਬੇ ਅੱਗੇ ਹੱਥ ਬੰਨ੍ਹ ਕੇ ਆਪਣੀ ਥਾਂ ਤੇ ਬਹਿ ਗਿਆ।
ਖ਼ੈਰ, ਇਸ ਤਰਾਂ ਦੀ ਖੁੱਲ੍ਹੀ ਕਵਿਤਾ ਸਾਹਿਤ ਵਿੱਚ ਹੀ ਨਹੀਂ ਹੁੰਦੀ। ਪਿੱਛੇ ਜਿਹੇ ਮੈਂ ਇਹ ਜੋਤਿਸ਼ ਸ਼ਾਸਤਰ ਵਿੱਚ ਵੀ ਦੇਖੀ।ਟੀਵੀ ਤੇ ਕੋਈ ਤਿਲਕਧਾਰੀ ਪੰਡਤ ਜੀ ਫੋਨ ਤੇ ਹੀ ਦਰਸ਼ਕਾਂ ਦੇ ਕਸ਼ਟ ਨਿਵਾਰਨ ਲੱਗੇ ਹੋਏ ਸਨ।
ਕਸ਼ਟ ਨੰ: 1-ਮੇਰੀ ਸਹੁਰਿਆਂ ਨਾਲ ਨਹੀਂ ਬਣਦੀ।
ਪੰਡਤ- ਇੱਕ ਇੱਕ ਕਿੱਲੋ ਗਊ ਦਾ ਘਿਉ, ਤਿਲ਼ਾਂ ਦਾ ਤੇਲ ਤੇ ਚੌਲ਼ ਲੈ ਕੇ ਹੋਲੀ ਵਾਲੇ ਦਿਨ ਹੋਲਿਕਾ ਦਹਿਨ ਵਾਲ਼ੀ ਅੱਗ ਵਿੱਚ ਹੋਮ ਕਰ ਦੇਣਾ।ਸਹੁਰਿਆਂ ਨਾਲ ਸਬੰਧ ਸੁਧਰ ਜਾਣਗੇ।
ਕਸ਼ਟ ਨੰ:2- ਮੇਰੇ ਮੁੰਡੇ ਦਾ ਪੜ੍ਹਾਈ ਵਿੱਚ ਮਨ ਨਹੀਂ ਲੱਗਦਾ।
ਪੰਡਤ-ਗਾਂ ਦੇ ਗੋਹੇ ਦੀ ਪਾਥੀ ਉੱਤੇ ਕਪੂਰ ਦੀ ਟਿੱਕੀ ਰੱਖ ਕੇ ਉਸ ਤੇ ਕਾਲ਼ਾ ਟਿੱਕਾ ਲਾਉਣੈ।ਫਿਰ ਇਸ ਨੂੰ ਇਸ ਹਿਸਾਬ ਨਾਲ ਧੁਖਾਉਣੈ ਕਿ ਇਸ ਦਾ ਧੂੰਆਂ ਬੱਚੇ ਦੇ ਕਮਰੇ ‘ਚ ਜਾਵੇ।ਪੜ੍ਹਾਈ ਵਿੱਚ ਮਨ ਲੱਗਣ ਲੱਗੇਗਾ।
ਕਸ਼ਟਾਂ ਦਾ ਉਪਾਉ ਦੇ ਨਾਲ ਹੈ ਕੋਈ ਮੇਲ ਕੋਹਾਂ ਤੱਕ? ਖੁੱਲ੍ਹੀ ਕਵਿਤਾ ਹੋਰ ਕੀ ਹੁੰਦੀ ਹੈ?                                            ਪ੍ਰਵੇਸ਼ ਸ਼ਰਮਾ

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸ਼ੁਭ ਸਵੇਰ ਦੋਸਤੋ
Next articleਨਵਾਂ ਸਾਲ ਮੁਬਾਰਕ ਇੰਝ ਵੀ ਹੁੰਦਾ ਏ-