ਫਿਲੌਰ/ਅੱਪਰਾ, (ਸਮਾਜ ਵੀਕਲੀ) ਦੀਪਾ-ਪਿੰਡ ਔਜਲਾ ਢੱਕ ਵਿਖੇ ਕ੍ਰਾਂਤੀ ਜੋਤ ਮਾਤਾ ਸਵਿੱਤਰੀ ਬਾਈ ਫੂਲੇ ਐਜੂਕੇਸ਼ਨਲ ਅਤੇ ਵੈਲਫੇਅਰ ਸੋਸਾਇਟੀ ਵੱਲੋਂ ਪਿੰਡ ‘ਚ ਮੁਫਤ ਟਿਊਸ਼ਨ ਸੈਂਟਰ ਦਾ ਉਦਘਾਟਨ ਮਾਣਯੋਗ ਮਾਸਟਰ ਲਾਲ ਚੰਦ ਔਜਲਾ ਨੇ ਆਪਣੇ ਕਰ ਕਮਲਾਂ ਨਾਲ ਕੀਤਾ ਗਿਆ। ਇਸ ਸਮਾਗਮ ਦੁਕਾਨ ਆਪਣੇ ਸੰਬੋਧਨ ਵਿਚ ਮਾਸਟਰ ਔਜਲਾ ਨੇ ਸਕੂਲ ਦੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਦੱਸਿਆ ਕਿ ਇਹ ਟਿਊਸ਼ਨ ਸੈਂਟਰ ਬਿਲਕੁਲ ਮੁਫ਼ਤ ਤੀਜੀ ਤੋਂ ਨੌਵੀਂ ਜਮਾਤ ਤੱਕ ਦੇ ਪ੍ਰਾਈਵੇਟ ਤੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਸੇਵਾਵਾਂ ਦੇਵੇਗਾ। ਜਿਸ ਲਈ ਉਚ ਯੋਗਤਾ ਅਧਿਆਪਕ ਨਿਯੁਕਤ ਕੀਤੇ ਗਏ ਹਨ। ਇਹ ਸੈਂਟਰ ਨਾਲ ਦੀ ਨਾਲ ਦੇਸ ਦੇ ਰਹਿਬਰਾਂ ਬਾਰੇ ਵੀ ਵਿਦਿਆਰਥੀਆਂ ਨੂੰ ਜਾਣੂ ਕਰਾਉਣ ਲਈ ਯਤਨ ਕਰੇਗਾ। ਉਨ੍ਹਾਂ ਅੱਗੇ ਕਿਹਾ ਕਿ ਸਿੱਖਿਆਂ ਇੱਕ ਵਿਅਕਤੀ ਲਈ ਬਹੁਤ ਜਰੂਰੀ ਹੈ ਕਿਉਂਕਿ ਸਿੱਖਿਆ ਵਿਹੀਣ ਨਰ ਪਸ਼ੂ ਸਮਾਨ ਹੁੰਦਾ ਹੈ। ਅਜੋਕੇ ਸਮੇਂ ਵਿੱਚ ਦੇਸ਼ ਵਿੱਚ ਬੱਚਿਆਂ ਦੀ ਸਿੱਖਿਆ ਨੂੰ ਸੰਭਾਲਣ ਲਈ ਆਮ ਲੋਕਾਂ ਨੂੰ ਅੱਗੇ ਆਉਣਾ ਪਵੇਗਾ ਕਿਉਂਕਿ ਸਿੱਖਿਆ ਦਾ ਪੱਧਰ ਦਿਨ ਪ੍ਰਤੀ ਦਿਨ ਹੇਠਾਂ ਵੱਲ ਨੂੰ ਜਾ ਰਿਹਾ ਹੈ। ਬੱਚਿਆਂ ਵਿੱਚ ਸਿੱਖਿਆਂ ਪ੍ਰਤੀ ਰੁਝਾਨ ਘਟਦਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਬੱਚਿਆਂ ਦੇ ਮਾਪੇ ਸਹਿਬਾਨ ਸਿੱਖਿਆਂ ਦੇ ਮਹੱਤਵ ਨੂੰ ਸਮਝਦੇ ਹੋਏ ਇਸ ਵੱਲ ਉਚੇਚਾ ਧਿਆਨ ਦੇਣ। ਸਰਕਾਰਾਂ ਦੇ ਅਜੰਡੇ ਉਪਰ ਸਿਹਤ ਤੇ ਸਿੱਖਿਆਂ ਦੋਨੋ ਹਾਸ਼ੀਏ ਉਪਰ ਹਨ। ਅਧਿਆਪਕਾਂ ਕੋਲੋਂ ਲਗਾਤਾਰ ਗੈਰ ਵਿੱਦਿਅਕ ਕੰਮ ਲਏ ਜਾ ਰਹੇ ਹਨ। ਅਧਿਆਪਕ ਉਲਝਣਾਂ ਵਿੱਚ ਹੀ ਫਸੇ ਹੋਏ ਹਨ। ਇਸੇ ਕਰਕੇ ਸਰਕਾਰੀ ਸਕੂਲਾਂ ਵਿੱਚ ਬੱਚਿਆਂ ਦੀ ਗਿਣਤੀ ਲਗਾਤਾਰ ਘਟ ਰਹੀ ਹੈ। ਜਿਸ ਨੂੰ ਬਹਾਨਾ ਬਣਾ ਕੇ ਮੌਜੂਦਾ ਸਰਕਾਰਾਂ ਨਾ ਨਵੀ ਭਰਤੀ ਕਰ ਰਹੀਆਂ ਹਨ ਨਾ ਬੱਚਿਆਂ ਦੇ ਪੱਧਰ ਸੁਧਾਰਨ ਲਈ ਉਪਰਾਲਾ ਕਰ ਰਹੀਆਂ ਹਨ, ਸਗੋਂ ਲਗਾਤਾਰ ਸਰਕਾਰੀ ਸਕੂਲਾਂ ਨੂੰ ਤਾਲੇ ਲਗਾਉਣ ਦੀ ਨੀਤੀ ਤੇ ਪਹਿਰਾ ਦੇ ਰਹੀਆਂ ਹਨ। ਇਸ ਲਈ ਲੋਕਾਂ ਨੂੰ ਜਾਗਰੂਕ ਹੋਣਾ ਚਾਹੀਦਾ ਹੈ ਅਤੇ ਬੱਚਿਆਂ ਦੇ ਭਵਿੱਖ ਲਈ ਇਹੋ ਜਿਹੇ ਕਾਰਜ ਪਿੰਡ-ਪਿੰਡ ਅਰੰਭਣੇ ਚਾਹੀਦੇ ਹਨ। ਇਸ ਮੌਕੇ ਮਾਸਟਰ ਜਸਵਿੰਦਰ ਔਜਲਾ, ਕ੍ਰਿਸ਼ਨ ਕੁਮਾਰ, ਦੇਸ ਰਾਜ, ਬਰਿੰਦਰ ਔਜਲਾ ਪੰਚ, ਸਰਵਣ ਰਾਮ, ਰੁਪਿੰਦਰ ਗੋਰਾ, ਹਰੀ ਪਾਲ, ਮਨਦੀਪ ਕੌਰ, ਸੀਮਾ ਰਾਣੀ, ਕਮਲਜੀਤ ਕੌਰ, ਰੀਨਾ ਰਾਣੀ ਅਤੇ ਵਿਦਿਆਰਥੀ ਅਤੇ ਉਨ੍ਹਾਂ ਦੇ ਮਾਪੇ ਤੇ ਹੋਰ ਪਿੰਡ ਦੇ ਪਤਵੰਤੇ ਸੱਜਣ ਭਾਰੀ ਗਿਣਤੀ ਵਿੱਚ ਆਦਿ ਹਾਜ਼ਰ ਸਨ।
HOME ਔਜਲਾ ਢੱਕ ਵਿਖੇ ਮੁਫਤ ਟਿਊਸ਼ਨ ਸੈਂਟਰ ਦਾ ਉਦਘਾਟਨ ਕੀਤਾ



