ਪੈਰਿਸ (ਸਮਾਜ ਵੀਕਲੀ) : ਫਰਾਂਸ ਵਿੱਚ ਐਲਪਸ ਖੇਤਰ ਦੇ ਇੱਕ ਸ਼ਹਿਰ ਵਿਚਲੇ ਪਾਰਕ ’ਚ ਅੱਜ ਇੱਕ ਵਿਅਕਤੀ ਵੱਲੋਂ ਚਾਕੂ ਨਾਲ ਕੀਤੇ ਗਏ ਹਮਲੇ ’ਚ ਘੱਟੋ ਘੱਟ ਦੋ ਬਾਲਗਾਂ ਤੋਂ ਇਲਾਵਾ ਕਈ ਬੱਚੇ ਜ਼ਖ਼ਮੀ ਹੋ ਗਏ ਜਿਨ੍ਹਾਂ ’ਚੋਂ ਚਾਰ ਦੀ ਹਾਲਤ ਗੰਭੀਰ ਹੈ।
ਪੁਲੀਸ ਨੇ ਹਮਲਾਵਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੌਂ ਨੇ ਕਿਹਾ, ‘ਬੱਚੇ ਤੇ ਇੱਕ ਬਾਲਗ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਹੇ ਹਨ।’ ਉਨ੍ਹਾਂ ਇਸ ਘਟਨਾ ਨੂੰ ਇੱਕ ਕਾਇਰਾਨਾ ਹਮਲਾ ਕਰਾਰ ਦਿੱਤਾ ਹੈ।
ਉਨ੍ਹਾਂ ਟਵੀਟ ਕੀਤਾ, ‘ਸਾਰਾ ਮੁਲਕ ਇਸ ਘਟਨਾ ਕਾਰਨ ਸਦਮੇ ’ਚ ਹੈ।’ ਗ੍ਰਹਿ ਮੰਤਰੀ ਜੇਰਾਲਡ ਡਾਰਮੈਨਿਨ ਨੇ ਕਿਹਾ ਕਿ ਇਹ ਪੁਲੀਸ ਨੇ ਹਮਲਾਵਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਇਸ ਹਮਲੇ ’ਚ ਜ਼ਖ਼ਮੀ ਹੋਏ ਚਾਰ ਬੱਚਿਆਂ ਦੀ ਉਮਰ ਪੰਜ ਸਾਲ ਹੈ। ਇਸ ਹਮਲੇ ਦੇ ਇੱਕ ਚਸ਼ਮਦੀਦ ਨੇ ਕਿਹਾ ਕਿ ਹਮਲਾਵਰ ਨੇ ਇੱਕ ਬੱਘੀ ’ਚ ਬੈਠੇ ਬੱਚੇ ’ਤੇ ਹਮਲਾ ਕੀਤਾ ਤੇ ਉਸ ਨੂੰ ਚਾਕੂ ਮਾਰਨੇ ਸ਼ੁਰੂ ਕਰ ਦਿੱਤੇ। ਉਸ ਨੇ ਦੱਸਿਆ ਕਿ ਹਮਲਾਵਰ ਨੇ ਇੱਕ ਬਜ਼ੁਰਗ ਵਿਅਕਤੀ ਨੂੰ ਵੀ ਚਾਕੂ ਮਾਰ ਕੇ ਜ਼ਖ਼ਮੀ ਕਰ ਦਿੱਤਾ।
ਪੁਲੀਸ ਨੇ ਦੱਸਿਆ ਕਿ ਦੋ ਬੱਚੇ ਜਿਨ੍ਹਾਂ ਦੀ ਉਮਰ ਤਿੰਨ ਸਾਲ ਦੇ ਕਰੀਬ ਹੈ, ਦੀ ਹਾਲਤ ਗੰਭੀਰ ਬਣੀ ਹੋਈ ਹੈ। ਇੱਕ ਬਾਲਗ ਵੀ ਗੰਭੀਰ ਜ਼ਖ਼ਮੀ ਹੋਇਆ ਹੈ। ਉਨ੍ਹਾਂ ਦੱਸਿਆ ਕਿ ਇਸ ਹਮਲੇ ’ਚ ਜ਼ਖ਼ਮੀ ਹੋਇਆ ਇੱਕ ਹੋਰ ਬਾਲਗ ਵੀ ਹਸਪਤਾਲ ’ਚ ਜ਼ੇਰੇ ਇਲਾਜ ਹੈ। ਅਧਿਕਾਰੀਆਂ ਨੇ ਦੱੱਸਿਆ ਕਿ ਇਸ ਹਮਲੇ ’ਚ ਜ਼ਖ਼ਮੀ ਹੋਏ ਵਿਅਕਤੀਆਂ ਦੀ ਗਿਣਤੀ ਵਧ ਸਕਦੀ ਹੈ, ਕਿਉਂਕਿ ਘਟਨਾ ਦੇ ਪੂਰੇ ਵੇਰਵੇ ਅਜੇ ਹਾਸਲ ਨਹੀਂ ਹੋਏ ਹਨ। ਇਸ ਘਟਨਾ ਨੂੰ ਲੈ ਕੇ ਪੈਰਿਸ ਦੇ ਸੰਸਦ ਮੈਂਬਰਾਂ ਨੇ ਸੰਸਦ ਦੀ ਕਾਰਵਾਈ ਵਿਚਾਲੇ ਇੱਕ ਮਿੰਟ ਦਾ ਮੌਨ ਵੀ ਰੱਖਿਆ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly