ਚੌਥੀ ਸਲਾਨਾ ਧਾਰਮਿਕ ਪ੍ਰਤੀਯੋਗਤਾ ਵਿਚ ਅਮਰੀਕਾ ਦੇ ਈਸਟ-ਕੋਸਟ ਦੀਆਂ 7 ਸਟੇਟਾਂ ਵਿਚ ਕਰਵਾਏ ਗਏ ਬੱਚਿਆਂ ਦੇ ਮੁਕਾਬਲਿਆਂ ਨੇ ਛੂਹੀਆਂ ਨਵੀਆਂ ਬੁਲੰਦੀਆਂ -ਚਾਰ ਸਾਹਿਬਜ਼ਾਦਿਆਂ ਦੀ ਮਹਾਨ ਸ਼ਹਾਦਤ ਨੂੰ, ਸਮਰਪਿਤ ਵਰਲਡ ਸਿੱਖ ਪਾਰਲੀਮੈਂਟ ਦੀਆਂ ਵਿਦਿਅਕ, ਧਾਰਮਿਕ ਕੌਂਸਲਾਂ ਦੇ ਇਸ ਉੱਦਮ ਨੂੰ ਮਿਲ ਰਿਹਾ ਹੈ ਬਹੁਤ ਪਿਆਰ ਅਤੇ ਵੱਡਾ ਹੁਲਾਰਾ

ਨਿਊਯਾਰਕ (ਸਮਾਜ ਵੀਕਲੀ) ਸਿੱਖ ਕੌਮ ਦੇ ਮਾਣਮੱਤੇ ਇਤਿਹਾਸ, ਵਿਰਸੇ ਤੇ ਗੁਰਬਾਣੀ ਨਾਲ ਜੋੜਣ ਲਈ ਵਰਲਡ ਸਿੱਖ ਪਾਰਲੀਮੈਂਟ ਦੀਆਂ ਵਿਦਿਅਕ, ਧਾਰਮਿਕ ਕੌਂਸਲਾਂ ਵਲੋਂ ਗੁਰੂ ਸਾਹਿਬ ਦੀ ਕਿਰਪਾ ਨਾਲ ਵੱਖ ਵੱਖ ਪ੍ਰੋਗਰਾਮ ਉਲੀਕੇ ਜਾਂਦੇ ਹਨ। ਅਮਰੀਕਾ ਵਿਚ ਹਰ ਸਾਲ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਧਾਰਮਿਕ ਪ੍ਰਤੀਯੋਗਤਾ ਮੁਕਾਬਲੇ ਕਰਵਾਏ ਜਾਂਦੇ ਹਨ। ਜਿਸ ਨਾਲ ਕਿ ਪੱਛਮੀ ਸੱਭਿਆਚਾਰ ਦੇ ਅਸਰ ਹੇਠ ਆਪਣੇ ਮਾਣਮੱਤੇ ਇਤਿਹਾਸ ਤੋਂ ਦੂਰ ਹੋ ਰਹੀ ਨੌਜਵਾਨ ਪੀੜ੍ਹੀ ਨੂੰ ਮੁੜ ਦੁਨੀਆ ਦੇ ਇਤ੍ਹਿਹਾਸ ਵਿਚ ਨਿਵੇਕਲੇ ਇਸ ਲਾਸਾਨੀ ਸਿੱਖ ਵਿਰਸੇ ਬਾਰੇ ਜਾਣੂ ਕਰਵਾਕੇ ਜੋੜਿਆ ਜਾ ਸਕੇ। ਇਸ ਪ੍ਰੋਗਰਾਮ ਲਈ ਬੱਚਿਆਂ ਨੂੰ ਤਿੰਨ ਉਮਰ ਵਰਗਾਂ ਵਿਚ ਰੱਖਿਆ ਜਾਂਦਾ ਹੈ, ਅਤੇ ਹਰ ਵਰਗ ਦੇ ਬੱਚਿਆਂ ਨੇ ਸਵਾਲ-ਜਵਾਬ (ਕੁਇਜ਼), ਗੁਰਬਾਣੀ ਕੰਠ, ਅਤੇ ਸਪੀਚ ਦੇ ਨਾਲ-ਨਾਲ ਇਸ ਵਾਰ ਤੀਰ ਅੰਦਾਜੀ

ਦੇ ਮੁਕਾਬਲਿਆਂ ਵਿਚ ਵੀ ਹਿਸਾ ਲਿਆ। 30 ਨਵੰਬਰ ਤੋ ਸ਼ੁਰੂ ਹੋ ਕੇ 21 ਦਸੰਬਰ ਤੱਕ ਚੱਲੇ ਇਸ ਪ੍ਰੋਗਰਾਮ ਵਿਚ ਹਰ ਵੀਕਐਂਡ ਤੇ ਸ਼ੁੱਕਰ, ਸ਼ਨੀ ਤੇ ਐਤਵਾਰ ਨੂੰ ਮੁਕਾਬਲਿਆਂ ਲਈ ਸੱਤ ਸਟੇਟਾਂ ਵਿਚ ਵੱਖ ਵੱਖ ਪੰਦਰਾਂ ਸੈਂਟਰ ਬਣਾਏ ਗਏ, ਜਿਨ੍ਹਾਂ ਵਿਚ ਵਰਜੀਨੀਆ ਦੇ ਗੁਰਦੁਆਰਾ ਸਿੰਘ ਸਭਾ ਫੇਅਰਫੈਕਸ। ਨਿਊਯਾਰਕ ਦੇ ਗੁਰਦੁਆਰਾ ਸਿੱਖ ਕਲਚਰਲ ਸੋਸਾਇਟੀ ਰਿਚਮੰਡ ਹਿੱਲ, ਸਿੱਖ ਸੈਂਟਰ ਆਫ ਨਿਊਯਾਰਕ ਫਲੱਸ਼ਿੰਗ/ਕੁਈਨਜ ਵਿਲੇਜ, ਗੁਰਦੁਆਰਾ ਬਾਬਾ ਮੱਖਣ ਸ਼ਾਹ ਲੁਬਾਣਾ ਸਿੱਖ ਸੈਂਟਰ, ਗੁਰੂ ਗੋਬਿੰਦ ਸਿੰਘ ਸਿੱਖ ਸੈਂਟਰ ਪਲੇਨਵਿਊ। ਨਿਊਜਰਸੀ ਦੇ ਗੁਰਦੁਆਰਾ ਦਸ਼ਮੇਸ਼ ਦਰਬਾਰ ਕਾਰਟਰੇਟ, ਸਿੱਖ ਗੁਰਦੁਆਰਾ ਆਫ ਪਾਈਨਹਿੱਲ, ਸ਼੍ਰੀ ਗੁਰੂ ਸਿੰਘ ਸਭਾ ਗਲੈਨਰਾਕ। ਕਨੈਕਟੀਕਟ ਦੇ ਗੁਰਦੁਆਰਾ ਗੁਰੂ ਨਾਨਕ ਦਰਬਾਰ ਸਾਊਥਿੰਗਟਨ।

ਪੈਨਸਿਲਵੇਨੀਆ ਦੇ ਗੁਰਦੁਆਰਾ ਸਿੱਖ ਸੋਸਾਇਟੀ ਆਫ ਹੈਰਿਸਬਰਗ, ਗੁਰਦੁਆਰਾ ਗੁਰੂ ਨਾਨਕ ਸਿੱਖ ਸੋਸਾਇਟੀ ਆਫ ਲੀਹਾਈ ਵੈਲੀ ਨੈਜਰਥ, ਗੁਰਦੁਆਰਾ ਸਿੱਖ ਸਾਧਸੰਗਤ ਈਸਟਨ। ਮੇਰੀਲੈਂਡ ਦੇ ਗੁਰਦੁਆਰਾ ਬਾਲਟੀਮੋਰ ਸਿੱਖ ਸੋਸਾਇਟੀ। ਮੈਸਾਚਿਊਸਟਸ ਦੇ ਗੁਰਦੁਆਰਾ ਸਿੱਖ ਸੰਗਤ ਐਵਰੈਟ ਬੌਸਟਨ, ਗੁਰਦੁਆਰਾ ਗੁਰੂ ਨਾਨਕ ਦਰਬਾਰ ਮੈਡਫੋਰਡ ਬੌਸਟਨ; ਵਿਖੇ ਸੈਂਟਰ ਬਣਾਏ ਗਏ। ਜਿੰਨਾ ਵਿੱਚ ਸੱਤ ਸੌ ਤੋਂ ਵੱਧ ਬੱਚਿਆਂ ਨੇ ਹਿਸਾ ਲਿਆ। ਇਸ ਧਾਰਮਿਕ ਪ੍ਰਤੀਯੋਗਤਾ ਦਾ ਫਾਈਨਲ ਪ੍ਰੋਗਰਾਮ 21 ਦਸੰਬਰ 2024 ਨੂੰ ਸਿੱਖ ਗੁਰਦੁਆਰਾ ਆਫ ਪਾਈਨਹਿੱਲ, ਨਿਊਜਰਸੀ ਦੇ ਵਿਚ ਕਰਵਾਇਆ ਗਿਆ। ਜਿਥੇ ਕੇ ਸਾਰੇ 15 ਸੈਂਟਰਾਂ ਤੋਂ ਤਿੰਨੇ ਉਮਰ ਵਰਗਾਂ ਵਿਚੋਂ ਅੱਵਲ ਰਹੇ ਬੱਚਿਆਂ ਨੇ ਫਾਈਨਲ ਸਪੀਚ ਮੁਕਾਬਲੇ ਵਿਚ ਗੁਰੂ ਅਮਰਦਾਸ ਜੀ, ਗੁਰੂ ਰਾਮਦਾਸ ਜੀ ਅਤੇ ੧੯੮੪ ਨਾਲ ਸਬੰਧਤ ਆਪੋ ਆਪਣੇ ਵਿਸ਼ਿਆਂ ਬਾਰੇ ਬਹੁਤ ਭਾਵਪੂਰਤ ਸਪੀਚਾਂ ਦਿੱਤੀਆਂ ।

ਪ੍ਰੋਗਰਾਮ ਦੇ ਅਖੀਰ ਵਿਚ ਇਕ ਬਹੁਤ ਹੀ ਪ੍ਰਭਾਵਸ਼ਾਲੀ ਇਨਾਮ ਵੰਡ ਸਮਾਗਮ ਹੋਇਆ। ਜਿਸ ਦੌਰਾਨ ਈਸਟ-ਕੋਸਟ ਦੀਆਂ ਪ੍ਰਸਿੱਧ ਹਸਤੀਆਂ ਅਤੇ ਸਿੱਖ ਲੀਡਰਾਂ ਨੇ ਆਪਣੇ ਕਰ ਕਮਲਾਂ ਨਾਲ, ਸਵਾਲ-ਜਵਾਬ (ਕੁਇਜ਼), ਗੁਰਬਾਣੀ ਕੰਠ, ਅਤੇ ਸਪੀਚ ਦੇ ਮੁਕਾਬਲਿਆਂ ਵਿਚ ਤਿੰਨੇ ਉਮਰ ਵਰਗਾਂ ਵਿਚ ਪਹਿਲੇ, ਦੂਜੇ, ਤੀਜੇ ਸਥਾਨ ਤੇ ਰਹਿਣ ਵਾਲੇ ਬੱਚਿਆਂ ਨੂੰ ਬਹੁਤ ਹੀ ਆਕਰਸ਼ਕ ਅਤੇ ਵੱਡੇ ਇਨਾਮ ਦਿਤੇ, ਅਤੇ ਨਾਲ ਹੀ ਸਾਰੇ ਭਾਗ ਲੈਣ ਵਾਲੇ ਬੱਚਿਆਂ ਨੂੰ ਗਿਫਟ-ਕਾਰਡ ਦਿੱਤੇ ਗਏ। ਸਾਰੇ ਗੁਰਦੁਆਰਾ ਸੈਂਟਰਾਂ ਨੂੰ ਵਿਸ਼ੇਸ਼ ਯਾਦਗਾਰੀ ਸਨਮਾਨ ਭੇਟ ਕੀਤੇ ਗਏ।ਅਮਰੀਕਾ ਰੀਜਨ ਵਿਚ ਈਸਟ-ਕੋਸਟ ਲੈਵਲ ਦੇ ਇਸ ਪ੍ਰੋਗਰਾਮ ਨੂੰ ਸਫਲ ਬਣਾਉਣ ਵਿਚ ਬੱਚਿਆਂ ਦੇ ਮਾਪਿਆਂ ਦੇ ਨਾਲ, ਸਾਰੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਖਾਲਸਾ ਸਕੂਲਾਂ, ਪੰਥਕ ਜਥੇਬੰਦੀਆਂ, ਅਤੇ ਸਿੱਖ ਸੰਗਤਾਂ ਨੇ ਭਰਪੂਰ ਸਹਿਜੋਗ ਦਿਤਾ ਅਤੇ ਵਿਦਿਅਕ, ਧਾਰਮਿਕ ਕੌਂਸਲਾਂ ਦੇ ਇਸ ਉਦਮ ਦੀ ਸ਼ਲਾਘਾ ਕੀਤੀ।ਆਉਣ ਵਾਲੇ ਸਮੇ ਵਿਚ ਸੰਗਤਾਂ ਵੱਲੋਂ ਇਹ ਪ੍ਰੋਗਰਾਮ ਅਮਰੀਕਾ ਅਤੇ ਹੋਰ ਰੀਜਨਾਂ ਵਿਚ ਕਰਵਾਉਣ ਦੀ ਪ੍ਰਬੰਧਕਾਂ ਕੋਲੋਂ ਬਹੁਤ ਪੁਰਜ਼ੋਰ ਮੰਗ ਕੀਤੀ ਗਈ। ਸੇਵਾਦਾਰਾਂ ਵੱਲੋ ਗੁਰੂ ਪਾਤਸ਼ਾਹ ਦੀ ਕਿਰਪਾ ਤੇ ਸੰਗਤਾਂ ਦੇ ਸਹਿਯੋਗ ਨਾਲ ਸਿੱਖੀ ਦੇ ਪ੍ਰਚਾਰ ਪ੍ਰਸਾਰ ਦੇ ਉਦਮ ਉਪਰਾਲੇ ਕਰਦੇ ਰਹਿਣ ਲਈ ਅਰਜੋਈ ਹੈ ਕਿ ਮਹਾਰਾਜ ਕਿਰਪਾ ਕਰਨ ਤਾਂ ਕਿ ਗੁਰੂ ਨਾਨਕ ਸਾਹਿਬ ਦਾ ਸਰਬ ਸਾਂਝੀਵਾਲਤਾ ਦਾ ਮਨੁੱਖਤਾਵਾਦੀ ਸੰਦੇਸ਼ ਨੌਜਵਾਨਾਂ ਬੱਚਿਆਂ ਤੋਂ ਲੈ ਕੇ ਦੁਨੀਆ ਦੇ ਹਰ ਕੋਨੇ ਵਿੱਚ ਪਹੁੰਚਾਇਆ ਜਾਵੇ॥

ਜਾਰੀ ਕਰਤਾਃ ਹਿੰਮਤ ਸਿੰਘ (ਵਰਲਡ ਸਿੱਖ ਪਾਰਲੀਮੈਂਟ ਕੋਆਰਡੀਨੇਟਰ)
646-348-7745

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

Previous articleਸ਼ਹੀਦ ਕਿਸਾਨ ਔਰਤਾਂ ਨੂੰ ਦੇਸ਼ ਭਗਤ ਯਾਦਗਾਰ ਕਮੇਟੀ ਵੱਲੋਂ ਸ਼ਰਧਾਂਜਲੀ
Next articleਇੱਕੀ ਪੋਹ ਦੀ ਸ਼ਾਮ , ਦਸ਼ਮੇਸ਼ ਪਿਤਾ ਦੇ ਨਾਮ ਸਾਹਿਤ ਸਭਾ ਧੂਰੀ