ਮੋਗਾ/ਸਮਾਲਸਰ (ਸਮਾਜ ਵੀਕਲੀ): ਬਾਘਾਪੁਰਾਣਾ ਸਬ ਡਿਵੀਜ਼ਨ ਅਧੀਨ ਪਿੰਡ ਭਲੂਰ ਵਿਚ ਭਾਈਚਾਰਕ ਸਾਂਝ ਦੀ ਅਨੋਖੀ ਮਿਸਾਲ ਦੇਖਣ ਨੂੰ ਮਿਲੀ। ਹਿੰਦ-ਪਾਕਿ ਵੰਡ ਸਮੇਂ ਕੁਝ ਮੁਸਲਿਮ ਪਰਿਵਾਰ ਪਿੰਡ ਭਲੂਰ ਵਿਚ ਹੀ ਰਹਿ ਪਏ ਸਨ। ਇਥੇ ਵੰਡ ਤੋਂ ਪਹਿਲਾਂ ਬਣੀ ਮਸਜਿਦ ਖੰਡਰ ਬਣ ਗਈ ਸੀ ਜਿਥੇ ਹੁਣ ਦੁਬਾਰਾ ਮਸਜਿਦ ਬਣਾਈ ਜਾਵੇਗੀ। ਐਤਵਾਰ ਵਾਲੇ ਦਿਨ ਮਸਜਿਦ ਦਾ ਨੀਂਹ ਪੱਥਰ ਰੱਖਣ ਵੇਲੇ ਤੇਜ਼ ਮੀਂਹ ਆ ਗਿਆ ਜਿਸ ਕਾਰਨ ਸਰਪੰਚ ਪਾਲਾ ਸਿੰਘ ਤੇ ਸਾਬਕਾ ਸਰਪੰਚ ਬੋਹੜ ਸਿੰਘ ਢਿੱਲੋਂ ਦੀ ਅਗਵਾਈ ਹੇਠ ਪਿੰਡ ਵਾਸੀਆਂ ਵੱਲੋਂ ਸਮਾਗਮ ਦਾ ਪ੍ਰਬੰਧ ਪਿੰਡ ਦੇ ਗੁਰਦੁਆਰੇ ਵਿਚ ਕਰਵਾਇਆ ਗਿਆ।
ਇਸ ਮੌਕੇ ਸੰਗਤ ਲਈ ਲੰਗਰ ਦਾ ਪ੍ਰਬੰਧ ਵੀ ਕੀਤਾ ਗਿਆ ਅਤੇ ਪਿੰਡ ਵਾਸੀਆਂ ਨੇ ਮਸਜਿਦ ਦੇ ਨਿਰਮਾਣ ਲਈ ਦਾਨ ਵੀ ਦਿੱਤੇ। ਪਿੰਡ ਵਾਸੀਆਂ ਨੇ ਭਰੋਸਾ ਦਿੱਤਾ ਕਿ ਉਹ ਨਿਰਮਾਣ ਪੂਰਾ ਹੋਣ ਤੱਕ ਸੇਵਾ ਕਰਨਗੇ। ਇਸ ਸਮਾਗਮ ਵਿੱਚ ਪੰਜਾਬ ਦੇ ਨਾਇਬ ਸ਼ਾਹੀ ਇਮਾਮ ਮੌਲਾਨਾ ਉਸਮਾਨ ਰਹਿਮਾਨੀ ਲੁਧਿਆਣਵੀ, ਮੈਂਬਰ ਪੰਜਾਬ ਵਕਫ਼ ਬੋਰਡ ਸਤਾਰ ਮੁਹੰਮਦ ਲਿਬੜਾ, ਮੁਸਲਿਮ ਫਰੰਟ ਪੰਜਾਬ ਦੇ ਪ੍ਰਧਾਨ ਹੰਸ ਰਾਜ ਮੋਫ਼ਰ, ਡਾ.ਅਬਦੁਲ ਹਮੀਦ ਮੁਦਕੀ, ਸਰਫਰੋਜ਼ ਅਲੀ ਭੁੱਟੋ, ਜਨਰਲ ਸਕੱਤਰ ਮੁਸਲਿਮ ਫਰੰਟ ਪੰਜਾਬ, ਪੰਜਾਬ ਕਾਂਗਰਸ ਦੇ ਸਕੱਤਰ ਅਨਵਰ ਹੁਸੈਨ ਜ਼ੀਰਾ ਅਤੇ ਵੱਖ ਵੱਖ ਮਸਜਿਦਾਂ ਤੇ ਮਦਰੱਸਿਆਂ ਦੇ ਇਮਾਮਾਂ ਨੇ ਹਿੱਸਾ ਲਿਆ। ਇਸ ਮੌਕੇ ਨਾਇਬ ਸ਼ਾਹੀ ਇਮਾਮ ਨੇ ਕਿਹਾ ਕਿ ਇਹ ਦਿਨ ਇਤਿਹਾਸ ਦੇ ਸੁਨਹਿਰੀ ਅੱਖਰਾਂ ਵਿੱਚ ਲਿਖਿਆ ਜਾਵੇਗਾ ਕਿਉਂਕਿ ਮਸਜਿਦ ਦਾ ਨੀਂਹ ਪੱਥਰ ਰੱਖਿਆ ਜਾ ਰਿਹਾ ਹੈ ਅਤੇ ਪਿੰਡ ਵਾਸੀਆਂ ਨੇ ਸਾਰਾ ਪ੍ਰਬੰਧ ਗੁਰਦੁਆਰੇ ਵਿੱਚ ਕੀਤਾ ਹੈ।
ਉਨ੍ਹਾਂ ਪਿੰਡ ਵਾਸੀਆਂ ਦੇ ਪਿਆਰ ਦੀ ਤਾਰੀਫ ਕੀਤੀ। ਪਿੰਡ ਦੇ ਵਸਨੀਕ ਡਾ.ਅਨਵਰ ਖਾਂ ਨੇ ਕਿਹਾ ਕਿ ਦੇਸ਼ ਦੀ ਵੰਡ ਤੋਂ ਪਹਿਲਾਂ ਕਰੀਬ ਡੇਢ ਕਨਾਲ ਜ਼ਮੀਨ ਵਿਚ ਬਣੀ ਮਸਜਿਦ ਖੰਡਰ ਹੋ ਗਈ ਸੀ ਤੇ ਇਸ ਦਾ ਵਜੂਦ ਖ਼ਤਮ ਹੋ ਗਿਆ ਸੀ। ਉਨ੍ਹਾਂ ਕਿਹਾ ਕਿ ਪਿੰਡ ਵਿੱਚ ਮਸਜਿਦ ਨਾ ਹੋਣ ਕਾਰਨ ਉਨ੍ਹਾਂ ਨੂੰ ਬਹੁਤ ਮੁਸ਼ਕਲ ਆਉਂਦੀ ਸੀ। ਇਸ ਮੌਕੇ ਸਰਪੰਚ ਪਾਲਾ ਸਿੰਘ ਤੇ ਸਾਬਕਾ ਸਰਪੰਚ ਬੋਹੜ ਸਿੰਘ ਢਿੱਲੋਂ ਨੇ ਮਹਿਮਾਨਾਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਸਾਨੂੰ ਸਾਰੇ ਧਰਮਾਂ ਦਾ ਸਨਮਾਨ ਕਰਨਾ ਚਾਹੀਦਾ ਹੈ। ਇਸ ਮੌਕੇ ਕਾਜ਼ੀ ਲੁਕਮਾਨ ਇਕਬਾਲ ਮਦਰੱਸਾ ਮਾਣੂੰਕੇ, ਸਰਪੰਚ ਪਾਲਾ ਸਿੰਘ, ਫਿਰੋਜ਼ ਅਲੀ ਖਾਨ, ਸੁਰੇਸ਼ ਭੱਟੀ, ਦੀਨ ਮੁਹੰਮਦ ਬਿੱਟੂ ਹਾਜ਼ਰ ਸਨ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly