ਲੁਧਿਆਣਾ (ਸਮਾਜ ਵੀਕਲੀ) (ਕਰਨੈਲ ਸਿੰਘ ਐੱਮ.ਏ.) ਫੋਰਟਿਸ ਹਸਪਤਾਲ, ਮਾਲ ਰੋਡ, ਲੁਧਿਆਣਾ ਨੇ ਲੁਧਿਆਣਾ ਪੁਲਿਸ ਦੇ ਸਹਿਯੋਗ ਨਾਲ ਬੰਬ ਧਮਕੀ ਮੌਕ ਡ੍ਰਿਲ ਦਾ ਸਫਲ ਆਯੋਜਨ ਕੀਤਾ। ਇਸ ਮਸ਼ਕ ਦਾ ਉਦੇਸ਼ ਐਮਰਜੈਂਸੀ ਹਾਲਤਾਂ ਦਾ ਮੁਲਾਂਕਣ ਕਰਨਾ ਅਤੇ ਲੋਕਾਂ ਨੂੰ ਸੁਰੱਖਿਆ ਬਾਰੇ ਜਾਗਰੂਕ ਕਰਨਾ ਸੀ। ਡ੍ਰਿਲ ਦੌਰਾਨ, ਹਸਪਤਾਲ ਪ੍ਰਸ਼ਾਸਨ ਅਤੇ ਸੁਰੱਖਿਆ ਟੀਮਾਂ ਨੇ ਲੁਧਿਆਣਾ ਪੁਲਿਸ ਦੇ ਨਾਲ ਮਿਲ ਕੇ ਇੱਕ ਨਕਲੀ ਬੰਬ ਧਮਕੀ ‘ਤੇ ਪ੍ਰਤੀਕਿਰਿਆ ਦੀ ਮਸ਼ਕ ਕੀਤੀ। ਇਸ ਵਿੱਚ ਸਿਸਟਮੈਟਿਕ ਇਵੈਕੂਏਸ਼ਨ , ਐਮਰਜੈਂਸੀ ਪ੍ਰਬੰਧਨ ਅਤੇ ਮੈਡੀਕਲ ਤੇ ਸੁਰੱਖਿਆ ਟੀਮਾਂ ਵਿਚਕਾਰ ਸਹਿਕਾਰੀ ਯਤਨ ਦਰਸਾਏ ਗਏ। ਇਹ ਡ੍ਰਿਲ ਪ੍ਰਤੀਕਿਰਿਆ ਦੇ ਸਮੇਂ, ਸੰਚਾਰ ਰਣਨੀਤੀਆਂ ਅਤੇ ਸੰਕਟ ਪ੍ਰਬੰਧਨ ਦੀ ਯੋਗਤਾ ਦੀ ਜਾਂਚ ਕਰਨ ਲਈ ਯੋਜਨਾ ਅਨੁਸਾਰ ਕੀਤੀ ਗਈ। ਇਸ ਮੌਕੇ ‘ਤੇ ਸ਼੍ਰੀ ਗੁਰਦਰਸ਼ਨ ਸਿੰਘ ਮੰਗਟ, ਯੂਨਿਟ ਹੈੱਡ -ਫੋਰਟਿਸ ਹਸਪਤਾਲ ਮਾਲ ਰੋਡ, ਲੁਧਿਆਣਾ, ਨੇ ਕਿਹਾ: “ਸਾਡੇ ਮਰੀਜ਼ਾਂ ਅਤੇ ਕਰਮਚਾਰੀਆਂ ਦੀ ਸੁਰੱਖਿਆ ਸਾਡੀ ਸਭ ਤੋਂ ਵੱਡੀ ਤਰਜੀਹ ਹੈ। ਲੁਧਿਆਣਾ ਪੁਲਿਸ ਨਾਲ ਇਹ ਸਾਂਝਾ ਅਭਿਆਸ ਸਾਨੂੰ ਕਿਸੇ ਵੀ ਐਮਰਜੈਂਸੀ ਨਾਲ ਨਿਪਟਣ ਲਈ ਤਿਆਰ ਰਹਿਣ ਵਿੱਚ ਮਦਦ ਕਰਦਾ ਹੈ। ਅਜੇਹੀਆਂ ਮਸ਼ਕਾਂ ਬਹੁਤ ਜ਼ਰੂਰੀ ਹਨ ਤਾਂ ਜੋ ਅਸੀਂ ਹਰ ਕਿਸੇ ਸੰਕਟ ਦਾ ਪ੍ਰਭਾਵਸ਼ਾਲੀ ਢੰਗ ਨਾਲ ਮੁਕਾਬਲਾ ਕਰ ਸਕੀਏ।”
ਲੁਧਿਆਣਾ ਪੁਲਿਸ ਨੇ ਫੋਰਟਿਸ ਹਸਪਤਾਲ ਵੱਲੋਂ ਸੁਰੱਖਿਆ ਪ੍ਰਤੀ ਲਿਆ ਗਿਆ ਜਾਗਰੂਕਤਾ ਭਰਿਆ ਕਦਮ ਅਤੇ ਸਰਗਰਮ ਹਿੱਸੇਦਾਰੀ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਦੱਸਿਆ ਕਿ ਇਹੋ ਜਿਹੀਆਂ ਮਸ਼ਕਾਂ ਨਿਯਮਿਤ ਤੌਰ ‘ਤੇ ਹੋਣੀਆਂ ਚਾਹੀਦੀਆਂ ਹਨ, ਤਾਂ ਜੋ ਸੁਰੱਖਿਆ ਪ੍ਰਬੰਧ ਹੋਰ ਮਜ਼ਬੂਤ ਬਣ ਸਕਣ। ਫੋਰਟਿਸ ਹਸਪਤਾਲ ਮਾਲ ਰੋਡ, ਲੁਧਿਆਣਾ, ਹਮੇਸ਼ਾਂ ਮਰੀਜ਼ਾਂ ਦੀ ਸੁਰੱਖਿਆ ਅਤੇ ਐਮਰਜੈਂਸੀ ਪ੍ਰਬੰਧਨ ਨੂੰ ਆਪਣੀ ਪਹਿਲੀ ਤਰਜ਼ੀਹ ਦਿੰਦਾ ਹੈ। ਹਸਪਤਾਲ ਲੋਕਾਂ ਨੂੰ ਚੌਕਸ ਰਹਿਣ ਅਤੇ ਸੁਰੱਖਿਆ ਨਿਰਦੇਸ਼ਾਂ ਦੀ ਪਾਲਣਾ ਕਰਨ ਦੀ ਅਪੀਲ ਕਰਦਾ ਹੈ, ਤਾਂ ਜੋ ਹਰ ਕਿਸੇ ਲਈ ਸੁਰੱਖਿਅਤ ਵਾਤਾਵਰਣ ਯਕੀਨੀ ਬਣਾਇਆ ਜਾ ਸਕੇ।