ਕੋਲਕਾਤਾ (ਸਮਾਜ ਵੀਕਲੀ): ਭਾਰਤ ਦੇ ਸਾਬਕਾ ਮਿੱਡਫੀਲਡਰ ਅਤੇ ਬੰਗਾਲ ਦੇ ਪ੍ਰਸਿੱਧ ਫੁਟਬਾਲ ਖਿਡਾਰੀ ਸੁਰਜੀਤ ਸੇਨਗੁਪਤਾ ਦਾ ਲੰਮਾ ਸਮਾਂ ਕਰੋਨਾ ਲਾਗ ਨਾਲ ਜੂਝਣ ਪਿੱਛੋਂ ਇੱਥੇ ਸ਼ਹਿਰ ਦੇ ਇੱਕ ਹਸਪਤਾਲ ਵਿੱਚ ਦੇਹਾਂਤ ਹੋ ਗਿਆ। ਸੇਨਗੁਪਤਾ 71 ਵਰ੍ਹਿਆਂ ਦੇ ਸਨ। ਪੱਛਮੀ ਬੰਗਾਲ ਦੀ ਮੁੱਖ ਮੰਤਰੀ ਬੈਨਰਜੀ ਨੇ ਟਵੀਟ ਕੀਤਾ, ‘‘ਅੱਜ ਸਟਾਰ ਫੁਟਬਾਲਰ ਸੁਰਜੀਤ ਸੇਨਗੁਪਤਾ ਨੂੰ ਗੁਆ ਦਿੱਤਾ। ਫੁਟਬਾਲ ਪ੍ਰਸ਼ੰਸਕਾਂ ਦੇ ਦਿਲਾਂ ਦੀ ਧੜਕਣ ਅਤੇ ਬੇਹਤਰੀਨ ਕੌਮੀ ਖਿਡਾਰੀ ਤੋਂ ਇਲਾਵਾ ਸੁਰਜੀਤ ਨਿਹਾਇਤ ਖੂਬਸੂਰਤ ਇਨਸਾਨ ਸਨ। ਉਹ ਹਮੇਸ਼ਾ ਸਾਡੇ ਦਿਲਾਂ ਵਿੱਚ ਰਹਿਣਗੇ। ਮੈਂ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕਰਦੀ ਹਾਂ।’’
ਕਰੋਨਾ ਪਾਜ਼ੇਟਿਵ ਪਾਏ ਜਾਣ ਮਗਰੋਂ ਸੁਰਜੀਤ ਸੇਨਗੁਪਤਾ ਨੂੰ 23 ਜਨਵਰੀ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਸੀ, ਜਿੱਥੇ ਅੱਜ ਦੁਪਹਿਰ ਉਨ੍ਹਾਂ ਨੇ ਆਖਰੀ ਸਾਹ ਲਿਆ। ਸੁਰਜੀਤ ਸੇਨਗੁਪਤਾ ਈਸਟ ਬੰਗਾਲ ਦੀ ਉਸ ਟੀਮ ਦਾ ਹਿੱਸਾ ਸਨ, ਜਿਸ ਨੇ 1970 ਤੋਂ 1976 ਵਿਚਕਾਰ ਲਗਾਤਾਰ 6 ਵਾਰ ਕਲਕੱਤਾ ਫੁਟਬਾਲ ਲੀਗ ਦਾ ਖ਼ਿਤਾਬ ਜਿੱਤਣ ਤੋਂ ਇਲਾਵਾ ਛੇ ਵਾਰ ਆਈਐੱਫਏ ਸ਼ੀਲਡ ਅਤੇ ਤਿੰਨ ਵਾਰ ਡੂਰੰਡ ਕੱਪ ਜਿੱਤਿਆ ਸੀ। ਸੇਨਗੁਪਤਾ ਦਾ ਜਨਮ 30 ਅਗਸਤ 1951 ਨੂੰ ਹੋਇਆ ਸੀ ਅਤੇ ਉਨ੍ਹਾਂ ਨੇ ਆਪਣੇ ਫੁਟਬਾਲ ਕਰੀਅਰ ਦੀ ਸ਼ੁਰੂਆਤ ਕਿਦਰਪੋਰ ਕਲੱਬ ਨਾਲ ਕੀਤੀ ਸੀ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly