(ਸਮਾਜ ਵੀਕਲੀ) ਮਨੁੱਖ ਸਮਾਜਿਕ ਪ੍ਰਾਣੀ ਹੋਣ ਕਰਕੇ ਰਿਸ਼ਤੇ ਬਣਾਉਣ ਨੂੰ ਹਮੇਸ਼ਾ ਪਹਿਲ ਦਿੰਦਾ ਹੈ। ਭਾਰਤੀ ਸੱਭਿਆਚਾਰ ਵਿੱਚ ਤਾਂ ਰਿਸ਼ਤਿਆਂ ਦੀ ਅਹਿਮੀਅਤ ਸਭ ਤੋਂ ਉੱਪਰ ਮੰਨੀ ਜਾਂਦੀ ਹੈ । ਹਰ ਰਿਸ਼ਤੇ ਦੀ ਆਪਣੀ ਅਹਿਮੀਅਤ ਨਾਲ ਹੀ ਇਹ ਸਮਾਜਿਕ ਜ਼ਿੰਦਗੀ ਚਲਦੀ ਹੈ ।ਰਿਸ਼ਤਿਆਂ ਕਾਰਨ ਹੀ ਅਸੀਂ ਇੱਕ ਦੂਜੇ ਨਾਲ ਜੁੜਦੇ ਹੋਏ ਜ਼ਿੰਦਗੀ ਦਾ ਲੁਤਫ਼ ਉਠਾ ਸਕਦੇ ਹਾਂ। ਰਿਸ਼ਤਿਆਂ ਦੀ ਇੱਕ ਵੱਡੀ ਲੜੀ ਵਿੱਚ ਅੱਜ ਅਸੀਂ ਨਨਾਣ ਭਰਜਾਈ ਦੇ ਰਿਸ਼ਤੇ ਬਾਰੇ ਜਾਣਗੇ । ਇਹ ਰਿਸ਼ਤਾ ਸਾਡੇ ਸੱਭਿਆਚਾਰ ਵਿੱਚ ਬਹੁਤ ਪਿਆਰਾ ਰਿਸ਼ਤਾ ਮੰਨਿਆ ਗਿਆ ਹੈ। ਜਦੋਂ ਕੁੜੀ ਸਹੁਰੇ ਘਰ ਵਿਆਹ ਕੇ ਆਉਂਦੀ ਹੈ ਤਾਂ ਉਹ ਆਪਣੀ ਪਤੀ ਦੀ ਭੈਣ ਦੀ ਭਰਜਾਈ ਬਣਦੀ ਹੈ ਅਤੇ ਪਤੀ ਦੀ ਭੈਣ ਨਨਾਣ ਦੇ ਰਿਸ਼ਤੇ ਨਾਲ ਜਾਣੀ ਜਾਣ ਲੱਗਦੀ ਹੈ । ਨਨਾਣ ਆਪਣੀ ਭਰਜਾਈ ਦੇ ਆਉਣ ਤੇ ਬਹੁਤ ਸ਼ਗਨ ਵਿਹਾਰ ਕਰਦੀ ਹੈ । ਉਹ ਆਪਣੀ ਭਰਜਾਈ ਨੂੰ ਚਾਅ ਨਾਲ ‘ਭਾਬੋ’ ਕਹਿ ਕੇ ਸੰਬੋਧਨ ਕਰਦੀ ਹੈ। ਉਹ ਉਸਦਾ ਸ਼ਿੰਗਾਰ ਕਰਨ ,ਉਸਨੂੰ ਬਣ ਸੰਵਰ ਕੇ ਰਹਿਣ ਵਿੱਚ ਪੂਰਾ ਸਹਿਯੋਗ ਕਰਦੀ ਰਹਿੰਦੀ ਹੈ । ਉਹ ਆਪਣੇ ਵੀਰ ਦੀ ਪਸੰਦ ਅਤੇ ਨਾਪਸੰਦ ਦੱਸ ਕੇ ਉਸਦੀ ਨਵੀਂ ਜ਼ਿੰਦਗੀ ਨੂੰ ਵਧੀਆ ਬਣਾਉਣ ਲਈ ਮਦਦ ਵੀ ਕਰਦੀ ਹੈ।
ਇੱਕ ਬੋਲੀ …
ਚੰਨ ਵਰਗੀ ਭਰਜਾਈ ,
ਮੇਰਾ ਵੀਰ ਵਿਆਹ ਕੇ ਲਿਆਇਆ,
ਹੱਥੀ ਉਸਦੇ ਛਾਪਾਂ ਛੱਲੇ,
ਬਾਹੀਂ ਚੂੜਾ ਪਾਇਆ
ਨੀ ਉੱਠ ਕੇ ਨੱਚ ਭਾਬੋ,
ਦਿਨ ਸ਼ਗਨਾਂ ਦਾ ਆਇਆ।
ਜੇ ਦੋਵੇਂ ਨਨਾਣ ਭਰਜਾਈ ਹਮ ਉਮਰ ਹੋਣ ਤਾਂ ਉਹਨਾਂ ਵਿੱਚ ਪਿਆਰ ਸਖੀਆਂ ਵਾਂਗ ਹੋ ਜਾਂਦਾ ਹੈ। ਉਹ ਇੱਕ ਦੂਜੇ ਨਾਲ ਆਪਣੇ ਦੁੱਖ ਸੁੱਖ ਸਾਂਝੇ ਕਰਦੀਆਂ ਹਨ ।ਕਈ ਵਾਰ ਭਰਜਾਈ ਆਪਣੀ ਨਨਾਣ ਨੂੰ ਆਪਣੇ ਪਤੀ ਦੀਆਂ ਸ਼ਿਕਾਇਤਾਂ ਵੀ ਲਾਉਂਦੀ ਹੈ ਕਿ ਉਹ ਆਪਣੇ ਵੀਰ ਨੂੰ ਕੁਝ ਅਕਲ ਦੇਵੇ, ਛੋਟੇ ਛੋਟੇ ਮਿਹਣਿਆਂ ਨਾਲ ਕਈ ਵਾਰ ਬਹੁਤ ਹਾਸਾ ਠੱਠਾ ਵੀ ਹੁੰਦਾ ਹੈ ਜਿਸ ਨਾਲ ਘਰ ਦਾ ਮਾਹੌਲ ਖੁਸ਼ਨਮਾ ਹੋ ਜਾਂਦਾ ਹੈ।
ਰਾਤੀ ਕਹਿੰਦਾ ਕਾਂਟੇ ਬਣਾ ਦਊਂ
ਦਿਨ ਨੂੰ ਦੇ ਗਿਆ ਜਵਾਬ ,
ਨਣਦੇ ਨੀ ਤੇਰਾ ਵੀਰ ਪੱਤੇ ਬਾਜ਼।
ਜੇ ਨਨਾਣ ਵੱਡੀ ਹੋਵੇ ਤਾਂ ਭਰਜਾਈ ਆਪ ਨਨਾਣ ਨੂੰ ਹਾਸੇ ਮਜ਼ਾਕ ਵਿੱਚ ਆਪਣੇ ਵੀਰੇ ਨੂੰ ਲਾਡ- ਪਿਆਰ ਨਾਲ ਵਿਗਾੜਿਆ ਹੋਇਆ ਕਹਿ ਕੇ ਬਹੁਤ ਮਖੌਲ ਕਰਦੀ ਹੈ। ਅੱਗੋਂ ਵੱਡੀ ਨਨਾਣ ਵੀ ਭਰਜਾਈ ਨੂੰ ਆਪਣੇ ਹਿਸਾਬ ਨਾਲ ਕਾਬੂ ਕਰਨ ਦੀ ਨਸੀਹਤ ਦਿੰਦੀ ਅਤੇ ਉਸਦਾ ਪੂਰਾ ਖਿਆਲ ਰੱਖਣਾ ਬਾਰੇ ਵੀ ਜ਼ਰੂਰ ਕਹਿੰਦੀ ਹੈ।ਵਿਆਹ ਤੋਂ ਬਾਅਦ ਪਰਿਵਾਰ ਦਾ ਹਰ ਮੈਂਬਰ ਨਵੀਂ ਵਿਆਹੀ ਤੋਂ ਆਪਣੇ- ਆਪਣੇ ਲਈ ਸਮਾਂ ਮੰਗਦਾ ਹੈ। ਪਰ ਕਈ ਵਾਰ ਨਵੀਂ ਵਿਆਹੀ ਸਹੁਰੇ ਪਰਿਵਾਰ ਨੂੰ ਉਹਨਾਂ ਦੀਆਂ ਖਵਾਇਸ਼ਾਂ ਮੁਤਾਬਕ ਸੰਤੁਸ਼ਟ ਕਰਨ ਵਿੱਚ ਥੋੜ੍ਹਾ ਅਸਹਿਜ ਮਹਿਸੂਸ ਕਰਦੀ ਹੈ ।ਪਰ ਜੇਕਰ ਘਰ ਵਿੱਚ ਛੋਟੀ ਜਾਂ ਵੱਡੀ ਨਨਾਣ ਹੋਵੇ ਤਾਂ ਉਹ ਉਸਦੀ ਚੰਗੀ ਸਹੇਲੀ ਬਣ ਕੇ ਅਗਵਾਈ ਕਰ ਸਕਦੀ ਹੈ। ਜਿਸ ਨਾਲ ਘਰ ਦਾ ਮਾਹੌਲ ਸੁਖਾਵਾਂ ਬਣਿਆ ਰਹਿ ਸਕਦਾ ਹੈ। ਕਿਉਂਕਿ ਵਿਆਹੀ ਹੋਈ ਨਨਾਣ ਵੀ ਆਪਣੇ ਸਹੁਰੇ ਪਰਿਵਾਰ ਵਿੱਚ ਅਜਿਹੀਆਂ ਸਮੱਸਿਆਵਾਂ ਦਾ ਸਾਹਮਣਾ ਕਰ ਚੁੱਕੀ ਹੁੰਦੀ ਹੈ।
ਇਸੇ ਤਰ੍ਹਾਂ ਜੇਕਰ ਵਿਆਹੀ ਨਨਾਣ ਆਪਣੇ ਪੇਕੇ ਪਿੰਡ ਆਵੇ ਤਾਂ ਭਰਜਾਈਆਂ ਹਮੇਸ਼ਾ ਖਿੜੇ ਮੱਥੇ ਉਸਦਾ ਸਵਾਗਤ ਕਰਨ। ਮੁਸੀਬਤ ਵੇਲੇ ਵੀ ਉਸਦੀ ਭੈਣ ਜਾਂ ਮਾਂ ਵਾਂਗ ਸਹਾਰਾ ਬਣ ਕੇ ਉਸ ਨੂੰ ਆਪਣੇ ਮਾਪਿਆਂ ਦੀ ਗੈਰ ਮੌਜੂਦਗੀ ਮਹਿਸੂਸ ਨਾ ਹੋਣ ਦਿੱਤੀ ਜਾਵੇ। ਕਿਉਂਕਿ ਮਾਪੇ ਸਦਾ ਨਹੀਂ ਬੈਠੇ ਰਹਿੰਦੇ। ਜੇ ਭਰਾ ਭਰਜਾਈਆਂ ਚੰਗੇ ਹੋਣ ਤਾਂ ਉਨ੍ਹਾਂ ਦਾ ਆਉਣਾ -ਜਾਣਾ ਬਣਿਆ ਰਹਿੰਦਾ ਹੈ ਅਤੇ ਉਨ੍ਹਾਂ ਨੂੰ ਮਰੇ ਮਾਪੇ ਕਦੇ ਯਾਦ ਵੀ ਨਹੀਂ ਆਉਣ ਦਿੰਦੇ। ਇਹੋ ਇਨ੍ਹਾਂ ਰਿਸ਼ਤਿਆਂ ਦੀ ਖ਼ਾਸੀਅਤ ਹੈ ।
ਜੁੱਗ – ਜੁੱਗ ਜੀਣ ਭਰਜਾਈਆਂ, ਪਾਣੀ ਮੰਗੇ ਦੁੱਧ ਦਿੰਦੀਆਂ ।
ਕਈ ਵਾਰ ਭਰਜਾਈ ਆਪਣੀ ਨਨਾਣ ਦੇ ਵਰ ਦੀ ਚੋਣ ਵਿੱਚ ਵੀ ਮਦਦ ਕਰਦੀ ਹੈ । ਜੇਕਰ ਘਰ ਦੇ ਬਾਕੀ ਮੈਂਬਰ ਕਿਸੇ ਕਾਰਨ ਵਿਰੋਧ ਵਿੱਚ ਵੀ ਹੋਣ ਤਾਂ ਇੱਕ ਸੁਘੜ ਸਿਆਣੀ ਭਰਜਾਈ ਉਸ ਮਸਲੇ ਨੂੰ ਸੁਲਝਾਉਣ ਵਿੱਚ ਕਾਫੀ ਮਦਦ ਕਰ ਦਿੰਦੀ ਹੈ। ਜਿਸ ਨਾਲ ਉਹਨਾਂ ਵਿੱਚ ਇਹ ਰਿਸ਼ਤਾ ਹੋਰ ਵੀ ਪਿਆਰਾ ਤੇ ਗੂੜਾ ਹੋ ਜਾਂਦਾ ਹੈ।
ਨਵੇਂ ਵਿਚਾਰਾਂ ਦੇ ਧਾਰਨੀ ਲੋਕਾਂ ਕਾਰਨ ਆਧੁਨਿਕ ਯੁੱਗ ਵਿੱਚ ਰਿਸ਼ਤੇ ਬਹੁਤ ਘਟਦੇ ਜਾ ਰਹੇ ਹਨ। ਬਹੁਤ ਰਿਸ਼ਤੇ ਖਤਮ ਹੀ ਹੁੰਦੇ ਜਾ ਰਹੇ ਹਨ ।ਪਰ ਜੇਕਰ ਇਹ ਨੇੜਲੇ ਰਿਸ਼ਤੇ ਹਨ ਤਾਂ ਉਹਨਾਂ ਨੂੰ ਸਹਿਜ ਕੇ ਰੱਖਣਾ ਚਾਹੀਦਾ ਹੈ ਅਤੇ ਇਸ ਪਿਆਰੇ ਰਿਸ਼ਤੇ ਦਾ ਖ਼ੂਬ ਨਿੱਘ ਤੇ ਆਨੰਦ ਮਾਨਣਾ ਚਾਹੀਦਾ ਹੈ। ਤਾਂ ਹੀ ਅਸੀਂ ਆਪਣੇ ਨਿਵੇਕਲੇ ਸੱਭਿਆਚਾਰ ਦੀ ਪਹਿਚਾਣ ਬਣਾਈ ਰੱਖ ਸਕਦੇ ਹਾਂ।
ਵੀਰ ਮੇਰੇ ਨੇ ਕੁੜਤੀ ਦਿੱਤੀ ,
ਭਾਬੋ ਨੇ ਫੁਲਕਾਰੀ।
ਨੀ ਜੁੱਗ- ਜੁੱਗ ਜੀ ਭਾਬੋ ,
ਲੱਗੇ ਜਾਣ ਤੋਂ ਪਿਆਰੀ।
ਹਰਜਿੰਦਰ ਕੌਰ
ਆਦਮਵਾਲ ਗੜ੍ਹੀ, ਹੁਸ਼ਿ.
9464288784
ਜੁੱਗ ਜੁੱਗ ਜੀ ਭਾਬੋ…
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



