ਨਵਾਂਸ਼ਹਿਰ (ਸਮਾਜ ਵੀਕਲੀ) ( ਚਰਨਜੀਤ ਸੱਲ੍ਹਾਂ ) ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਰਜਿਸਟ੍ਰੇਸ਼ਨ ਨੰਬਰ 295 ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਇੱਕ ਅਹਿਮ ਮੀਟਿੰਗ ਜ਼ਿਲ੍ਹਾ ਪ੍ਰਧਾਨ ਡਾਕਟਰ ਬਲਕਾਰ ਕਟਾਰੀਆ ਜੀ ਦੀ ਪ੍ਰਧਾਨਗੀ ਹੇਠ ਕੀਤੀ ਗਈ। ਮੀਟਿੰਗ ਵਿੱਚ ਸੂਬਾ ਚੇਅਰਮੈਨ ਡਾਕਟਰ ਪ੍ਰੇਮ ਸਲੋਹ ਅਤੇ ਸੂਬਾ ਮੀਤ ਪ੍ਰਧਾਨ ਡਾਕਟਰ ਬਲਵੀਰ ਗਰਚਾ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ।ਮੀਟਿੰਗ ਵਿੱਚ ਐਸੋਸੀਏਸ਼ਨ ਨੂੰ ਪੇਸ਼ ਆ ਰਹੀਆਂ ਮੁਸਕਲਾਂ ਤੇ ਵਿਚਾਰ ਚਰਚਾ ਕੀਤੀ ਗਈ। ਸੂਬਾ ਚੇਅਰਮੈਨ ਡਾਕਟਰ ਪ੍ਰੇਮ ਸਲੋਹ, ਸੂਬਾ ਮੀਤ ਪ੍ਰਧਾਨ ਡਾਕਟਰ ਬਲਵੀਰ ਗਰਚਾ,ਜ਼ਿਲ੍ਹਾ ਪ੍ਰਧਾਨ ਡਾਕਟਰ ਬਲਕਾਰ ਕਟਾਰੀਆ ਅਤੇ ਜ਼ਿਲ੍ਹਾ ਚੇਅਰਮੈਨ ਡਾਕਟਰ ਸੁਰਿੰਦਰ ਪਾਲ ਸਿੰਘ ਜੈਨਪੁਰ ਨੇ ਮੀਟਿੰਗ ਦੌਰਾਨ ਸੰਬੋਧਨ ਕਰਦਿਆਂ ਆਪਣੇ ਸਾਂਝੇ ਬਿਆਨ ਵਿੱਚ ਕਿਹਾ ਕਿ ਦੇਸ਼ ਦੀ ਆਜ਼ਾਦੀ ਲਈ ਚੜ੍ਹਦੀ ਜਵਾਨੀ ਵਿੱਚ ਫਾਂਸੀ ਦੇ ਰੱਸੇ ਚੁੰਮਣ ਵਾਲ਼ੇ, ਆਪਣੀਆਂ ਜਾਨਾਂ ਕੁਰਬਾਨ ਕਰਨ ਵਾਲੇ ਸ਼ਹੀਦ ਸਾਡੇ ਦੇਸ਼ ਦਾ ਬੇਸ਼ਕੀਮਤੀ ਸਰਮਾਇਆ ਹਨ। ਉਨ੍ਹਾਂ ਦੇ ਸੁਪਨਿਆਂ ਨੂੰ ਸਾਕਾਰ ਕਰਨਾ ਸਾਡਾ ਸਾਰਿਆਂ ਦਾ ਫ਼ਰਜ਼ ਏ।ਪਰ ਸਮੇਂ ਸਮੇਂ ਦੀਆਂ ਸਰਕਾਰਾਂ ਸ਼ਹੀਦਾਂ ਨੂੰ ਆਪਣੇ ਮਤਲਬ ਲਈ ਹੀ ਯਾਦ ਕਰਦੀਆਂ ਹਨ ਉਨ੍ਹਾਂ ਦਾ ਸ਼ਹੀਦਾਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਦਾ ਦੂਰ ਦੂਰ ਵਾਸਤਾ ਵੀ ਨਹੀਂ ਹੈ। ਜ਼ਿਲ੍ਹਾ ਜਨਰਲ ਸਕੱਤਰ ਡਾਕਟਰ ਰਜਿੰਦਰ ਸਿੰਘ ਲੱਕੀ ਅਤੇ ਜ਼ਿਲ੍ਹਾ ਕੈਸ਼ੀਅਰ ਡਾਕਟਰ ਕਸ਼ਮੀਰ ਸਿੰਘ ਬਛੌੜੀ ਨੇ ਮੀਟਿੰਗ ਦੌਰਾਨ ਸੰਬੋਧਨ ਕਰਦਿਆਂ ਦੱਸਿਆ ਕਿ 28 ਸਤੰਬਰ ਦਿਨ ਐਤਵਾਰ ਨੂੰ ਸ਼ਹੀਦ ਭਗਤ ਸਿੰਘ ਜੀ ਦੇ ਜਨਮ ਦਿਹਾੜੇ ਤੇ ਹਰ ਸਾਲ ਦੀ ਤਰ੍ਹਾਂ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਸਮੂਹ ਮੈਡੀਕਲ ਪ੍ਰੈਕਟੀਸ਼ਨਰਜ਼ ਪਿੰਡ ਖਟਕੜ ਕਲਾਂ ਵਿਖੇ ਪਹੁੰਚ ਕੇ ਸ਼ਹੀਦ ਭਗਤ ਸਿੰਘ ਜੀ ਦੀ ਸਮਾਰਕ ਤੇ ਸ਼ਰਧਾ ਦੇ ਫੁੱਲ ਭੇਟ ਕਰਨਗੇ। ਉਸ ਤੋਂ ਪਹਿਲਾਂ ਸਮੂਹ ਮੈਂਬਰ ਪਿੰਡ ਕਾਹਮਾ ਵਿਖੇ ਇਕੱਠੇ ਹੋਣਗੇ ਅਤੇ ਉੱਥੋਂ ਪਿੰਡ ਖਟਕੜ ਕਲਾਂ ਤੱਕ ਨਸ਼ਿਆਂ ਦੇ ਖਿਲਾਫ ਇੱਕ ਚੇਤਨਾ ਮਾਰਚ ਕੱਢਿਆ ਜਾਵੇਗਾ। ਆਲ ਮੈਡੀਕਲ ਪ੍ਰੈਕਟੀਸ਼ਨਰਜ਼ ਇੰਡੀਆ ਵੈਲਫ਼ੇਅਰ ਸੁਸਾਇਟੀ ਦੇ ਕੇਂਦਰੀ ਜੁਆਇੰਟ ਸਕੱਤਰ ਅਤੇ ਬਹਿਰਾਮ ਬਲਾਕ ਦੇ ਪ੍ਰਧਾਨ ਡਾਕਟਰ ਜਤਿੰਦਰ ਸਹਿਗਲ ਅਤੇ ਜ਼ਿਲ੍ਹਾ ਆਰਗੇਨਾਈਜ਼ਿਰ ਸਕੱਤਰ ਡਾਕਟਰ ਸੁਰਿੰਦਰ ਮਹਾਲੋਂ ਨੇ ਸਮੂਹ ਬਲਾਕ ਪ੍ਰਧਾਨ ਨੂੰ ਹਦਾਇਤ ਕੀਤੀ ਕਿ ਉਹ ਆਪਣੇ ਆਪਣੇ ਬਲਾਕ ਦੇ ਮੈਂਬਰਾਂ ਦੀ 100% ਸ਼ਮੂਲੀਅਤ ਯਕੀਨੀ ਬਣਾਉਣ। ਇਸ ਸਮੇਂ ਜ਼ਿਲ੍ਹਾ ਵਾਇਸ ਚੇਅਰਮੈਨ ਡਾਕਟਰ ਅਨੂੰਪਿੰਦਰ ਸਿੰਘ ਸੂੰਢ, ਬੰਗਾ ਬਲਾਕ ਦੇ ਪ੍ਰਧਾਨ ਡਾਕਟਰ ਅਮ੍ਰਿਤ ਲਾਲ ਫਰਾਲਾ, ਜ਼ਿਲ੍ਹਾ ਵਾਇਸ ਕੈਸ਼ੀਅਰ ਡਾਕਟਰ ਸਤਨਾਮ ਸਿੰਘ ਬਜੀਦਪੁਰ, ਸੜੋਆ ਬਲਾਕ ਦੇ ਪ੍ਰਧਾਨ ਡਾਕਟਰ ਜਸਵੀਰ ਸਿੰਘ ਗੜ੍ਹੀ ਅਤੇ ਬਲਾਕ ਜਾਡਲਾ ਦੇ ਜ਼ਿਲ੍ਹਾ ਆਗੂ ਡਾਕਟਰ ਨਿਰਮਲ ਸਿੰਘ ਆਦਿ ਮੈਂਬਰ ਹਾਜ਼ਰ ਸਨ।
ਚੜ੍ਹਦੀ ਜਵਾਨੀ ਵਿੱਚ ਦੇਸ਼ ਲਈ ਫਾਂਸੀ ਦੇ ਰੱਸੇ ਚੁੰਮਣ ਵਾਲੇ ਸ਼ਹੀਦ ਸਾਡੇ ਦੇਸ਼ ਦਾ ਕੀਮਤੀ ਸਰਮਾਇਆ ਹਨ:- ਡਾਕਟਰ ਪ੍ਰੇਮ ਸਲੋਹ, ਡਾਕਟਰ ਬਲਕਾਰ ਕਟਾਰੀਆ, ਡਾਕਟਰ ਜੈਨਪੁਰ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



