ਹੁਸ਼ਿਆਰਪੁਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ)
ਗ੍ਰਾਮ ਪੰਚਾਇਤਾਂ ਦੀਆਂ ਆਮ ਚੋਣਾਂ 2024 ਲਈ 1 ਜਨਵਰੀ 2023 ਦੇ ਆਧਾਰ ‘ਤੇ ਤਿਆਰ ਕੀਤੀਆਂ ਗਈਆਂ ਵੋਟਰ ਸੂਚੀਆਂ ਨੂੰ ਅੱਪਡੇਟ ਕਰਨ ਲਈ ਜ਼ਿਲ੍ਹੇ ਦੇ ਸਮੂਹ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰਾਂ ਵੱਲੋਂ 20, 21 ਤੇ 22 ਅਗਸਤ ਨੂੰ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ। ਇਨ੍ਹਾਂ ਤਿੰਨ ਦਿਨਾਂ ਨੂੰ ਅਧਿਕਾਰੀ ਪਿੰਡਾਂ ਵਿਚ ਜਾ ਕੇ ਨਵੀਂ ਵੋਟ ਬਣਾਉਣ, ਕਟਾਉਣ ਜਾਂ ਤਬਦੀਲ ਕਰਨ ਸਬੰਧੀ ਦਰਖ਼ਾਸਤਾਂ ਪ੍ਰਾਪਤ ਕਰਨਗੇ। ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਕੋਮਲ ਮਿੱਤਲ ਨੇ ਦੱਸਿਆ ਕਿ ਗ੍ਰਾਮ ਪੰਚਾਇਤਾਂ ਦੀਆਂ ਆਮ ਚੋਣਾਂ ਲਈ ਵੋਟਰਾਂ ਦੀ ਯੋਗਤਾ ਮਿਤੀ 01.01.2023 ਦੇ ਆਧਾਰ ‘ਤੇ ਵੋਟਰ ਸੂਚੀਆਂ ਦੀ ਅੰਤਿਮ ਪ੍ਰਕਾਸ਼ਨਾ ਮਿਤੀ 07.01.2024 ਨੂੰ ਕਰਵਾਈ ਜਾ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਵੋਟਰ ਸੂਚੀਆਂ ਸਬੰਧੀ 29 ਦਸੰਬਰ, 2023 ਤੱਕ ਦਾਅਵੇ ਅਤੇ ਇਤਰਾਜ਼ ਪ੍ਰਾਪਤ ਕਰਕੇ 5 ਜਨਵਰੀ ਨੂੰ ਉਨ੍ਹਾਂ ਦਾ ਨਿਪਟਾਰਾ ਕਰਕੇ ਅੰਤਿਮ ਪ੍ਰਕਾਸ਼ਨਾ ਕੀਤੀ ਗਈ ਸੀ। ਉਨ੍ਹਾਂ ਜ਼ਿਲ੍ਹੇ ਵਿਚ ਸਬੰਧਤ ਗ੍ਰਾਮ ਪੰਚਾਇਤਾਂ ਦੀ ਹਦੂਦ ਅੰਦਰ ਪੈਂਦੀ ਆਮ ਜਨਤਾ ਨੂੰ ਅਪੀਲ ਕੀਤੀ ਹੈ ਕਿ ਉਹ ਫਾਰਮ ਨੰ: 1 ਵੋਟਾਂ ਬਣਾਉਣ ਲਈ, ਫਾਰਮ ਨੰ: 2 ਕਿਸੇ ਇਤਰਾਜ਼/ਵੋਟਾਂ ਕੱਟਣ ਲਈ ਅਤੇ ਫਾਰਮ ਨੰ: 3 ਦਿੱਤੇ ਗਏ ਪਰਟੀਕੁਲਰ ਦੇ ਇੰਦਰਾਜ ਵਿਚ ਸੋਧ (ਪਤੇ ਵਿਚ ਤਬਦੀਲੀ ਜਾਂ ਪਤੇ ਵਿਚ ਸੋਧ ਜਾਂ ਕੋਈ ਹੋਰ ਸੋਧ ਲਈ) ਵਰਤੋਂ ਵਿਚ ਲਿਆ ਸਕਦੇ ਹਨ। ਇਹ ਫਾਰਮ ਸਾਰੇ ਚੋਣ ਰਜਿਸਟਰੇਸ਼ਨ ਅਫ਼ਸਰਾਂ (ਐਸ.ਡੀ.ਐਮਜ਼਼) ਦੇ ਦਫ਼ਤਰਾਂ ਵਿਚ ਉਪਲੱਬਧ ਹਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly