ਫੁੱਟਬਾਲ ਅਕੈਡਮੀ ਮਜਾਰਾ ਡੀਂਗਰੀਆਂ

(ਸਮਾਜ ਵੀਕਲੀ) ਮਾਹਿਲਪੁਰ ਦੇ ਖਿੱਤੇ ਨੂੰ ਫੁੱਟਬਾਲ ਜਗਤ ਵਿੱਚ ਪੰਜਾਬ ਦੀ ਫੁੱਟਬਾਲ ਰਾਜਧਾਨੀ ਦੇ ਲਕਬ ਨਾਲ ਜਾਣਿਆ ਜਾਂਦਾ ਹੈ। ਸੰਧੂਰੀ ਅੰਬੀਆਂ ਨਾਲ ਲਬਰੇਜ਼ ਇਸ ਜਰਖੇਜ਼ ਧਰਤੀ ਨੇ ਕਈ ਨਾਮੀਂ ਫੁੱਟਬਾਲ ਖਿਡਾਰੀ ਪੈਦਾ ਕੀਤੇ ਹਨ। ਮਾਹਿਲਪੁਰ ਦੇ ਨਾਲ ਲਗਦੇ ਇਲਾਕਿਆਂ ਜਿਵੇਂ ਕਿ ਪਾਲਦੀ ਅਤੇ ਬੱਡੋਂ ਦੀਆਂ ਫੁੱਟਬਾਲ ਅਕੈਡਮੀਆਂ ਵਲੋਂ ਸਕੂਲੀ ਵਿਦਿਆਰਥੀਆਂ ਨੂੰ ਫੁੱਟਬਾਲ ਦੀ ਚਿਣਗ ਲਗਾਉਣ ਦਾ ਇੱਕ ਲੰਮਾ ਇਤਿਹਾਸ ਹੈ। ਹੁਣ ਇਨ੍ਹਾਂ ਅਕੈਡਮੀਆਂ ਵਿੱਚ ਇੱਕ ਨਵਾਂ ਨਾਮ ਆਪਣੀ ਚਮਕ ਬਿਖੇਰ ਰਿਹਾ ਹੈ, ਅਸੀਂ ਗੱਲ ਕਰਨ ਰਹੇ ਹਾਂ ਫੁੱਟਬਾਲ ਐਕਡਮੀ ਮਜਾਰਾ ਡਿਗਰੀਆਂ ਦੀ, ਇਸ ਫੁੱਟਬਾਲ ਅਕੈਡਮੀ ਨੇ ਬਹੁਤ ਹੀ ਘੱਟ ਸਮੇਂ ਵਿੱਚ ਵੱਡੀਆਂ ਉਪਲਬਧੀਆਂ ਸਰ ਕੀਤੀਆਂ ਹਨ। ਭਵਿੱਖ ਇਸ ਅਕੈਡਮੀ ਦਾ ਨਾਮਕਰਣ ਪਿੰਡ ਦੇ ਜੰਮਪਲ ਸਵ: ਕੈਪਟਨ ਨਰੰਜਨ ਸਿੰਘ ਜੀ ਦੇ ਨਾਮ ਤੋਂ ਰੱਖਣ ਦੀ ਤਜਵੀਜ਼ ਹੈ। ਦੱਸ ਦੇਈਏ ਸਵਰਗੀ ਓਲੰਪੀਅਨ ਕੈਪਟਨ ਨਰੰਜਨ ਸਿੰਘ ਢਿੱਲੋਂ ਜੀ ਨੇ 1936 ਵਿੱਚ ਬਰਲਿਨ ਵਿਖੇ ਹੋਈਆਂ ਓਲਪਿੰਕ ਖੇਡਾਂ ਵਿੱਚ ਲੰਮੀ ਛਾਲ ਵਰਗ ਵਿੱਚ ਭਾਰਤੀ ਟੀਮ ਵਲੋਂ ਨੁਮਾਇੰਦਗੀ ਕੀਤੀ ਸੀ। ਲੰਮੀ ਛਾਲ ਵਿੱਚ 1934 ਤੋਂ 1957 ਤੱਕ ਰਾਸ਼ਟਰੀ ਕੀਰਤੀਮਾਨ ਵੀ ਉਨ੍ਹਾਂ ਦੇ ਨਾਮ ਹੀ ਰਿਹਾ। ਉਮੀਦ ਹੈ ਕਿ ਬਹੁਤ ਜਲਦ ਇਹ ਅਕੈਡਮੀ ਉਨ੍ਹਾਂ ਦੇ ਨਾਮ ਤੋਂ ਹੀ ਜਾਣਿਆ ਜਾਇਆ ਕਰੇਗੀ। ਇਸ ਅਕੈਡਮੀ ਦਾ ਸੰਚਾਲਨ ਫੁੱਟਬਾਲ ਨਾਲ ਬੇਇੰਤਹਾ ਇਸ਼ਕ ਕਰਨ ਵਾਲਾ ਪੇਸ਼ੇ ਤੋਂ ਨੌਜਵਾਨ ਕੰਪਿਊਟਰ ਅਧਿਆਪਕ ਸੰਦੀਪ ਕੁਮਾਰ ਕਰ ਰਿਹਾ ਹੈ। ਆਪਣੇ ਅਧਿਆਪਨ ਸਫ਼ਰ ਦੇ ਨਾਲ ਹੀ 2005 ਤੋਂ ਸਰਰਾਰੀ ਸੀਨੀਅਰ ਸੈਕੰਡਰੀ ਸਕੂਲ ਮਜਾਰਾ ਡਿਗਰੀਆਂ ਵਿਖੇ ਲੜਕੀਆਂ ਦੀ ਅੰਡਰ-14 ਟੀਮ ਬਣਾ ਕੇ ਉਸ ਨੇ ਮਾਣਮੱਤੀਆ ਪ੍ਰਾਪਤੀਆਂ ਕਰ ਵਿਖਾਈਆਂ ਜਿਸ ਵਿੱਚ ਸਕੂਲ ਦੀਆਂ ਖਿਡਾਰਣਾ ਨੇ ਜਿਲ੍ਹੇ, ਸਟੇਟ ਅਤੇ ਰਾਸ਼ਟਰੀ ਪੱਧਰ ਉਪਰ ਵੱਡੀਆਂ ਮੱਲਾਂ ਮਾਰੀਆਂ। ਸਾਲ 2016-17 ਦੌਰਾਨ ਜਿਲ੍ਹਾ ਜਿੱਤਣ ਮਗਰੋਂ ਸਕੂਲ ਦੀਆਂ ਛੇ ਖਿਡਾਰਨਾਂ ਨੂੰ ਅੰਡਰ-14 ਪੰਜਾਬ ਟੀਮ ਵਿੱਚ ਵੀ ਚੁਣਿਆ ਗਿਆ। ਅਗਲੇ ਹੀ ਸਾਲ ਸਾਲ 2017-18 ਦੋਰਾਨ ਸਕੂਲ ਦੀਆਂ ਦਸ ਖਿਡਾਰਨਾਂ ਦੀ ਜਿਲ੍ਹੇ ਦੀ ਟੀਮ ਲਈ ਚੋਣ ਹੋਈ ਤੇ ਇਨ੍ਹਾਂ ਖਿਡਾਰਣਾ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੋਲਤ ਹੁਸ਼ਿਆਰਪੁਰ ਜਿਲ੍ਹੇ ਨੂੰ ਅੰਡਰ-14 ਪੰਜਾਬ ਦਾ ਵਿਜੇਤਾ ਬਣਨ ਦਾ ਮਾਣ ਹਾਸਿਲ ਹੋਇਆ। ਇਸ ਹੀ ਲੜੀ ਵਿੱਚ 2018 -2019 ਵਿੱਚ ਅੰਡਰ 17 ਕੁੜੀਆ ਦੀ ਟੀਮ ਵੀ ਸਟੇਟ ਚੈਪੀਅਨ ਬਣੀ। ਕੁੜੀਆਂ ਦੀ ਮੁੰਡਿਆ ਨਾਲ ਪ੍ਰੈਕਟਿਸ ਮੈਚ ਲਗਾ ਕੇ ਉਨ੍ਹਾਂ ਵਿੱਚ ਜਿੱਤਣ ਅਤੇ ਜੂਝਣ ਦੀ ਚਿਣਗ ਲਗਾਉਣਾ ਇਸ ਸਭ ਸੰਦੀਪ ਕੁਮਾਰ ਦੇ ਹਿੱਸੇ ਆਉਂਦਾ ਹੈ।

ਫਿਰ ਸਾਲ 2022-23 ਵਿੱਚ ਸਕੂਲ ਨੂੰ ਖੇਡ ਵਿਭਾਗ ਵਲੋਂ ਅੰਡਰ-14 ਮੁੰਡਿਆਂ ਦਾ ਰਿਹਾਇਸ਼ੀ ਵਿੰਗ ਮਿਲਿਆ ਤੇ ਪਹਿਲੇ ਹੀ ਸਾਲ ਪੰਜਾਬ ਸਟੇਟ ਗੇਮਜ਼ ਵਿੱਚ ਇਸ ਅਕੈਡਮੀ ਦੇ ਸੱਤ ਖਿਡਾਰੀ ਹੁਸ਼ਿਆਰਪੁਰ ਦੀ ਟੀਮ ਵੱਲੋਂ ਖੇਡੇ ਤੇ ਸਟੇਟ ਵਿੱਚੋਂ ਦੂਜਾ ਸਥਾਨ ਪ੍ਰਾਪਤ ਕੀਤਾ। ਅਕੈਡਮੀ ਦੇ ਚਾਰ ਖਿਡਾਰੀ (ਅਰਜਨ, ਕਿਰਨਜੀਤ, ਰੋਹਿਤ, ਅਮਿਤ) ਪੰਜਾਬ ਦੀ ਟੀਮ ਦਾ ਹਿੱਸਾ ਬਣੇ ਤੇ ਨੈਸ਼ਨਲ ਸਕੂਲ ਗੇਮਾਂ ਵਿੱਚ ਪੰਜਾਬ ਦੀ ਪ੍ਰਤੀਨਿਧਤਾ ਕੀਤੀ। 23-24 ਵਿੱਚ ਹੀ ਖੇਡ ਵਿਭਾਗ ਪੰਜਾਬ ਵੱਲੋਂ ਅੰਡਰ-14 ਦੇ ਨਾਲ ਮੁੰਡਿਆਂ ਦਾ ਅੰਡਰ-17 ਦਾ ਰਿਹਾਇਸ਼ੀ ਵਿੰਗ ਵੀ ਅਕੈਡਮੀ ਨੂੰ ਦਿੱਤਾ ਗਿਆ। ਅੰਡਰ-17 ਦੀ ਟੀਮ ਨੇ ਸਟੇਟ ਵਿੱਚ ਵਧੀਆ ਪ੍ਰਦਰਸ਼ਨ ਕੀਤਾ ਤੇ ਪ੍ਰੀ ਕੁਆਰਟਰ ਤੱਕ ਪਹੁੰਚੇ ਤੇ ਨਾਲ ਹੀ ਐਕਡਮੀ ਦੇ ਦੋ ਖਿਡਾਰੀਆਂ ਸਤਵਿੰਦਰ ਸਿੰਘ ਭੱਟੀ, ਪ੍ਰੇਮ ਕੁਮਾਰ ਨੇ ਨੈਸ਼ਨਲ ਕੈਂਪ ਵਿੱਚ ਆਪਣੀ ਜਗ੍ਹਾ ਬਣਾਈ।

ਇਸ ਸਾਲ ਹੀ ਇੱਕ ਹੋਰ ਮਾਣਮੱਤੀ ਪ੍ਰਾਪਤੀ ਸਰ ਕਰਦਿਆਂ ਅੰਡਰ-15 ਇੰਟਰਨੈਸ਼ਨਲ ਸੁਬਰਤੋ ਕੱਪ ਜੋ ਕਿ ਬੰਗਲੌਰ ਵਿਖੇ ਸੰਪੰਨ ਹੋਇਆ, ਉਸ ਵਿੱਚ ਇਸ ਐਕਡਮੀ ਦੇ ਵਿੰਗ ਨੂੰ ਭਾਵੇਂ ਕਿ ਕੁਆਰਟਰ ਫਾਈਨਲ ਵਿੱਚ ਬੰਗਲਾਦੇਸ਼ ਦੀ ਟੀਮ ਨਾਲ ਹੋਏ ਫਸਵੇਂ ਮੁਕਾਬਲੇ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ ਪਰੰਤੂ ਟੀਮ ਨੇ ਵਧੀਆ ਪ੍ਰਦਰਸ਼ਨ ਕਰਕੇ ਹਰ ਇੱਕ ਦਾ ਦਿਲ ਜਿੱਤ ਲਿਆ। ਅਕੈਡਮੀ ਦੇ ਖਿਡਾਰੀ ਅਰਜੁਨ ਨੂੰ ਉਨ੍ਹਾਂ 25 ਖਿਡਾਰੀਆਂ ਵਿੱਚ ਸ਼ਾਮਿਲ ਕੀਤਾ ਗਿਆ ਸੀ ਜਿੰਨਾਂ ਨੂੰ ਸਕਾਲਰਸ਼ਿਪ ਦਿੱਤੀ ਜਾਵੇਗੀ। ਇੱਥੇ ਇਹ ਵੀ ਜਿਕਰਯੋਗ ਹੈ ਕਿ ਪੰਜਾਬ ਦੀ ਅੰਡਰ-15 ਟੀਮ 17 ਸਾਲ ਬਾਅਦ ਪਹਿਲੀ ਵਾਰ ਇਸ ਪ੍ਰਸਿੱਧ ਫੁੱਟਬਾਲ ਟੂਰਨਾਮੈਂਟ ਵਿੱਚ ਭਾਗ ਲੈਣ ਗਈ ਸੀ। ਦੱਸਣਾ ਬਣਦਾ ਹੈ ਕਿ ਸੁਬਰਤੋ ਕੱਪ ਅੰਤਰਰਾਸ਼ਟਰੀ ਫੁੱਟਬਾਲ ਟੂਰਨਾਮੈਂਟ ਇੱਕ ਵੱਕਾਰੀ ਅੰਤਰ-ਸਕੂਲ ਫੁੱਟਬਾਲ ਟੂਰਨਾਮੈਂਟ ਹੈ ਜੋ 1960 ਤੋਂ ਲਗਾਤਾਰ ਹਰ ਸਾਲ ਆਯੋਜਿਤ ਕੀਤਾ ਜਾਂਦਾ ਹੈ। ਟੂਰਨਾਮੈਂਟ ਦਾ ਨਾਮ ਪਹਿਲੇ ਭਾਰਤੀ ਹਵਾਈ ਸੈਨਾ ਦੇ ਮੁਖੀ ਏਅਰ ਮਾਰਸ਼ਲ ਸੁਬਰੋਤੋ ਮੁਖਰਜੀ ਦੇ ਨਾਮ ‘ਤੇ ਰੱਖਿਆ ਗਿਆ ਹੈ, ਇਹ ਇੱਕ ਵਿਲੱਖਣ ਟੂਰਨਾਮੈਂਟ ਹੈ ਜਿੱਥੇ ਸਾਰੇ ਰਾਜਾਂ ਅਤੇ ਵਿਦੇਸ਼ਾਂ ਦੀਆਂ ਚੈਂਪੀਅਨ ਸਕੂਲ ਟੀਮਾਂ ਇਸ ਵਿੱਚ ਹਿੱਸਾ ਲੈਂਦੀਆਂ ਹਨ। ਇਹ ਐਕਡਮੀ ਨਵੇਂ ਉਭਰ ਰਹੇ ਖਿਡਾਰੀਆਂ ਲਈ ਇੱਕ ਆਸ ਦੀ ਕਿਰਨ ਬਣਦੀ ਜਾ ਰਹੀ ਹੈ। ਖਿਡਾਰੀਆਂ ਨੂੰ ਹਰ ਪ੍ਰਕਾਰ ਦੀ ਸਹੂਲਤ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਕਿ ਉਹ ਆਪਣਾ ਉਮਦਾ ਪ੍ਰਦਰਸ਼ਨ ਕਰ ਸਕਣ।

ਜੇਕਰ ਸਹਿਯੋਗੀ ਸੱਜਣਾਂ ਦੀ ਗੱਲ ਕੀਤੀ ਜਾਏ ਤਾਂ ਦਸ਼ਮੇਸ਼ ਸਪੋਰਟਸ ਕਲੱਬ ਮਜਾਰਾ ਡਿੰਗਰੀਆਂ ਵੱਲੋਂ ਅਕੈਡਮੀ ਨੂੰ ਖਿਡਾਰੀਆਂ ਦੇ ਸੋਣ ਲਈ 21 ਬੈੱਡ ਬਣਾ ਕੇ ਦਿੱਤੇ ਗਏ। ਹਰਜਿੰਦਰ ਸਿੰਘ ਅਮਰੀਕਾ, ਕੁਲਜੀਤ ਸਿੰਘ ਸੋਗੀ, ਕੋਚ ਬਿਪਨ ਰਾਣਾ, ਸਨੀ ਕੁਮਾਰ ਉੱਚਾ, ਰਵਿੰਦਰ ਸਿੰਘ, ਮਨਦੀਪ ਸਿੰਘ ਢਿੱਲੋਂ , ਸਰਵੇਸ਼ ਪਾਠਕ, ਗੋਲਡੀ ਢਿਲੋ, ਜੱਸਾ ਢਿਲੋੰ, ਸਤਬੀਰ ਝੰਮਟ, ਸਰਪੰਚ ਸਤਵਿੰਦਰ ਸਿੰਘ ਪੈਂਸਰਾ, ਸਰਪੰਚ ਦਲਜੀਤ ਕੌਰ ਦੀਪਾ ਪੈਸਰਾ ਆਦਿ ਹੋਰ ਪਿੰਡ, ਇਲਾਕਾ ਅਤੇ ਪਰਵਾਸੀ ਸੱਜਣਾਂ ਦਾ ਇਸ ਐਕਡਮੀ ਲਈ ਵੱਡਾ ਸਹਿਯੋਗ ਰਿਹਾ ਹੈ। ਹੁਣ ਜੋ ਐਕਡਮੀ ਦੀ ਨਵੀਂ ਇਮਾਰਤ ਬਣ ਰਹੀ ਉਸ ਵਿੱਚ ਸਭ ਤੋਂ ਵੱਡਾ ਸਹਿਯੋਗ ਪੰਡਿਤ ਸਤਿੰਦਰ ਪਾਠਕ ਜੀ ਦੀ ਪ੍ਰੇਰਨਾ ਸਦਕਾ ਢਿਲੋਂ ਪਰਿਵਾਰ ਕਨੇਡਾ ਵੱਲੋਂ ਆਪਣੇ ਪਿਤਾ ਸਵ: ਸਰਦਾਰ ਕੈਪਟਨ ਨਰੰਜਨ ਸਿੰਘ ਢਿੱਲੋਂ ਜੀ ਦੀ ਨਿੱਘੀ ਯਾਦ ਵਿੱਚ ਬਣਾਈ ਜਾ ਰਹੀ ਹੈ। ਪੰਡਿਤ ਬਬੀ ਪਾਠਕ ਅਤੇ ਅਮਰੀਕ ਸਿੰਘ ਜੀ ਦੀ ਯੋਗ ਅਗਵਾਈ ਹੇਠ ਵਿੱਚ ਇਹ ਸਾਰਾ ਕਾਰਜ ਹੋ ਰਿਹਾ ਹੈ। ਇਨ੍ਹਾਂ ਸਾਰੇ ਕਾਰਜਾਂ ਵਿੱਚ ਜੋ ਨਾਮ ਕੇਂਦਰੀ ਭੂਮਿਕਾ ਵਿੱਚ ਹੈ ਉਹ ਹੈ ਕੰਪਿਊਟਰ ਅਧਿਆਪਕ ਸੰਦੀਪ ਕੁਮਾਰ ਦਾ ਜਿਹੜੇ ਕਿ ਤਨ-ਮਨ-ਧਨ ਨਾਲ ਦਿਨ-ਰਾਤ ਇਸ ਐਕਡਮੀ ਦੇ ਕਾਰਜਾਂ ਵਿੱਚ ਜੁੱਟੇ ਰਹਿੰਦੇ ਹਨ। ਪ੍ਰਿੰਸੀਪਲ ਜਰਨੈਲ ਸਿੰਘ ਜੀ ਵੀ ਹਰ ਤਰ੍ਹਾਂ ਦੇ ਸਹਿਯੋਗ ਲਈ ਹਮੇਸ਼ਾ ਤਤਪਰ ਰਹਿੰਦੇ ਹਨ। ਸੰਦੀਪ ਸਿੰਘ ਦੇ ਨਾਲ-ਨਾਲ ਬਿਪਨ ਰਾਣਾ ਤੇ ਸਨੀ ਕੁਮਾਰ ‘ਉੱਚਾ’ ਖਿਡਾਰੀਆਂ ਨੂੰ ਕੋਚਿੰਗ ਦੀਆਂ ਸੇਵਾਵਾਂ ਦੇ ਰਹੇ ਹਨ। ਡਾਕਟਰ ਮੋਹਣ ਸਿੰਘ ਜੀ ਸੂਨੀ ਬੱਚਿਆਂ ਨੂੰ ਪਹਿਲੇ ਹੀ ਦਿਨ ਤੋਂ ਮੁਫ਼ਤ ਮੈਡੀਕਲ ਸੁਵਿਧਾ ਪ੍ਰਦਾਨ ਕਰ ਰਹੇ ਹਨ। ਰਵਿੰਦਰ ਸਿੰਘ ਚਾਂਦਸੂ ਜੱਟਾ ਜੀ ਵਾਰਡਨ ਦੀ ਸੇਵਾ ਵੀ ਬਾਖੂਬੀ ਨਿਭਾ ਰਹੇ ਹਨ।

ਲੋੜ ਹੈ ਤਾਂ ਬਸ ਇਹੋ ਜਿਹੇ ਕਾਰਜ ਕਰ ਰਹੀਆਂ ਅਕੈਡਮੀਆਂ ਨਾਲ ਖੇਡ ਪ੍ਰੇਮੀਆਂ ਦੀ ਵੱਧ ਤੋਂ ਵੱਧ ਨਾਲ ਜੁੜ ਕੇ ਸਹਿਯੋਗ ਦੇਣ ਦੀ, ਤਾਂ ਜੋ ਆਪਣੀ ਆਉਣ ਵਾਲੀ ਪੀੜੀ ਨੂੰ ਖੇਡਾਂ ਨਾਲ ਜੋੜ ਕੇ ਸਮਾਜਿਕ ਕੁਰੀਤੀਆਂ ਤੋਂ ਬਚਾਇਆ ਜਾ ਸਕੇ, ਫਿਰ ਕੀ ਪਤਾ ਕਲ ਨੂੰ ਇਨ੍ਹਾਂ ਹੀ ਮੈਦਾਨਾਂ ਵਿੱਚ ਖੇਡਣ ਵਾਲਾ ਕੋਈ ਖਿਡਾਰੀ ਅਰਜੁਨ ਅਵਾਰਡੀ ਜਰਨੈਲ ਸਿੰਘ ਬਣ ਕੇ ਹੋਰਨਾਂ ਲਈ ਰਾਹ ਦਸੇਰਾ ਬਣ ਜਾਏ ! ਸਰਕਾਰ, ਵਿਭਾਗ ਅਤੇ ਸਮਾਜਿਕ ਸੰਸਥਾਵਾਂ ਨੂੰ ਵੀ ਹੋਰ ਪਹਿਲਕਦਮੀ ਕਰਕੇ ਇਨ੍ਹਾਂ ਖਿਡਾਰੀਆਂ ਲਈ ਹੋਰ ਉਸਾਰੂ ਕਦਮ ਉਠਾਉਣਾ ਸਮੇਂ ਦੀ ਮੰਗ ਹੈ।

ਜਗਜੀਤ ਸਿੰਘ ਗਣੇਸ਼ਪੁਰ,
ਪਿੰਡ ਤੇ ਡਾਕ: ਗਣੇਸ਼ਪੁਰ ਭਾਰਟਾ,
ਜਿਲਾਂ ਹੁਸ਼ਿਆਰਪੁਰ,
ਸੰਪਰਕ:94655-76022

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

 

 

Previous articleਸ਼ਹੀਦ ਏ ਆਜ਼ਮ ਸ. ਭਗਤ ਸਿੰਘ ਯਾਦਗਾਰੀ ਟੂਰਨਾਮੈਂਟ ਦੇ ਦੂਜੇ ਦਿਨ ਹੋਏ ਦਿਲਕਸ਼ ਮੁਕਾਬਲੇ ।
Next article8 ਦਸੰਬਰ ਨੂੰ ਹੋਵੇਗੀ ‘ਫ਼ਰੀਦਨਾਮਾ’ ਕਿਤਾਬ ਲੋਕ ਅਰਪਣ