(ਸਮਾਜ ਵੀਕਲੀ)
ਕਿੱਥੇ ਚਲੀ ਏਂ ਤਿਆਰ ਹੋ ਕੇ ਸਵੇਰੇ-ਸਵੇਰੇ? ਜਗਤਾਰ ਨੇ ਪਤਨੀ ਸੁਨੀਤਾ ਨੂੰ ਤਿਆਰ ਹੁੰਦਿਆਂ ਦੇਖ ਕੇ ਪੁੱਛਿਆ।
ਜੀ, ਮੈਂ ਤੁਹਾਨੂੰ ਦੱਸਿਆ ਤਾਂ ਸੀ ਕਿ ਮੇਰੀ ਭੂਆ ਦੇ ਮੁੰਡੇ ਦਾ ਵਿਆਹ ਹੈ। ਮੈਨੂੰ ਉਹਨੇ ਖਾਸ ਤੌਰ ਤੇ ਬੁਲਾਇਆ ਹੈ। ਜੇ ਨਾ ਗਈ ਤਾਂ ਰਿਸ਼ਤਾ ਟੁੱਟ ਜਾਣਾ, ਵੀਰੇ ਨਾਲੋਂ। ਤੁਹਾਨੂੰ ਤਾਂ ਪਤਾ ਹੀ ਹੈ ਕਿ ਕਿੰਨਾ ਮੋਹ ਕਰਦਾ ਹੈ ਉਹ ਮੇਰਾ। ਸੁਨੀਤਾ ਨੇ ਵਾਲ਼ ਵਾਹੁੰਦਿਆਂ ਜਵਾਬ ਦਿੱਤਾ।
ਪਰ ਮੈਂ ਤੈਨੂੰ ਕੱਲ੍ਹ ਕਹਿ ਦਿੱਤਾ ਸੀ ਕਿ ਮੈਂ ਨਹੀਂ ਜਾ ਸਕਦਾ। ਮੈਨੂੰ ਹੋਰ ਵੀ ਵਥੇਰੇ ਕੰਮ ਹੁੰਦੇ ਹਨ। ਤੇਰੇ ਰਿਸ਼ਤੇਦਾਰਾਂ ਦੇ ਵਿਆਹਾਂ ਲਈ ਵਿਹਲਾ ਨਹੀਂ ਬੈਠਾ ਹੋਇਆ ਮੈਂ। ਜਿਹੜੀਆਂ ਰੋਟੀਆਂ ਖਾਂਦੀ ਏ, ਓਹ ਕਮਾਉਣੀਆਂ ਵੀ ਪੈਂਦੀਆਂ ਹਨ। ਜਗਤਾਰ ਨੇ ਗੁੱਸੇ ਵਿੱਚ ਕਿਹਾ।
ਕੋਈ ਗੱਲ ਨਹੀਂ ਜੀ । ਤੁਸੀਂ ਕੱਲ੍ਹ ਜਾਣ ਤੋਂ ਮਨ੍ਹਾਂ ਕਰ ਦਿੱਤਾ ਸੀ। ਇਸ ਲਈ ਮੈਂ ਤੁਹਾਨੂੰ ਮਜ਼ਬੂਰ ਨਹੀਂ ਕਰਾਂਗੀ। ਮੈਂ ਅਤੇ ਬੱਚੇ ਜਾ ਆਉਂਦੇ ਹਾਂ। ਤੁਸੀਂ ਆਪਣਾ ਕੰਮ ਕਰ ਲਿਓ। ਨਾਲ਼ੇ ਵੀਰੇ ਨੇ ਕਿਹਾ ਸੀ ਕਿ ਉਹ ਆਪੇ ਗੱਡੀ ਭੇਜ ਦਵੇਗਾ, ਸਾਡੇ ਲਈ। ਸੁਨੀਤਾ ਨੇ ਕਿਹਾ।
ਕੀ ਕਿਹਾ…..? ਤੂੰ ਜਾਏਂਗੀ…..? ਤੈਨੂੰ ਸ਼ਰਮ ਤਾਂ ਨਹੀਂ ਆਈ, ਇਹ ਗੱਲ ਕਹਿੰਦੀ ਨੂੰ?ਤੂੰ ਮੈਨੂੰ ਪੁੱਛਣਾ ਵੀ ਜ਼ਰੂਰੀ ਨਹੀਂ ਸਮਝਿਆ, ਇਸ ਬਾਰੇ। ਤੇਰੀ ਹਿੰਮਤ ਐਨੀ ਵੱਧ ਗਈ ਕਿ ਆਪਣੇ ਵੀਰੇ ਨੂੰ ਕਹਿ ਕੇ ਗੱਡੀ ਵੀ ਮੰਗਵਾ ਲਈ। ਤੈਨੂੰ ਅਹਿਸਾਸ ਵੀ ਹੈ ਕਿ ਮੇਰੀ ਕੀ ਇੱਜ਼ਤ ਰਹਿ ਗਈ ਹੋਣੀ ਓਥੇ? ਫਿੱਟੇ ਮੂੰਹ ਐਹੀ ਜਿਹੀ ਜ਼ਨਾਨੀ ਦੇ! ਜੀਹਨੂੰ ਖਸਮ ਦੀ ਇੱਜ਼ਤ ਦੀ ਪਰਵਾਹ ਹੀ ਨਹੀਂ। ਜਗਤਾਰ ਗੁੱਸੇ ਵਿੱਚ ਲਾਲ-ਪੀਲਾ ਹੋ ਕੇ ਬੋਲਿਆ।
ਪਰ…. ਪਰ…. ਮੈਂ ਐਹੋ ਜਿਹਾ ਕੀ ਗਲਤ ਕਰ ਦਿੱਤਾ। ਤੁਸੀਂ ਹੀ ਕਿਹਾ ਸੀ ਕਿ ਮੈਂ ਤਾਂ ਵਿਹਲਾ ਨਹੀਂ। ਤੂੰ ਵੇਖ ਲਵੀਂ ਜੇ ਜਾਣਾ ਏ। ਮੈਂ ਸੋਚਿਆ ਕਿ ਮੈਂ ਬੱਚਿਆਂ ਨੂੰ ਲੈ ਕੇ ਜਾ ਆਉਂਦੀ ਹਾਂ। ਸੁਨੀਤਾ ਨੇ ਕੁੱਝ ਕੁ ਡਰਦਿਆਂ ਕਿਹਾ।
ਵੇਖ ਤਾਂ ਕਿਵੇਂ ਜ਼ਬਾਨ ਚੱਲਦੀ ਏ! ਮੈਂ ਤਾਂ ਉੰਝ ਹੀ ਕਹਿ ਦਿੱਤਾ ਸੀ। ਮੈਨੂੰ ਕੀ ਪਤਾ ਸੀ ਕਿ ਮਹਾਂਰਾਣੀ ਮੈਥੋਂ ਬਿਨਾਂ ਹੀ ਜਾਣ ਲਈ ਤਿਆਰ ਹੋ ਜਾਵੇਗੀ। ਓ ਬੱਲੇ ਤੇਰੇ! ਬੇਸ਼ਰਮ ਜ਼ਨਾਨੀ ਦੇ। ਜਗਤਾਰ ਫ਼ੇਰ ਭੜਕਿਆ।
ਸੁਨੀਤਾ ਨੂੰ ਹੁਣ ਕੁੱਝ ਵੀ ਸਮਝ ਨਹੀਂ ਆ ਰਹੀ ਸੀ ਕਿ ਉਹ ਕੀ ਕਰੇ। ਐਨੇ ਨੂੰ ਜਗਤਾਰ ਫਿਰ ਗਰਜਿਆ….
ਕਿਤੇ ਨੀਂ ਜਾਣਾ ਤੂੰ। ਘਰ ਬੈਠ ‘ਰਾਮ ਨਾਲ਼। ਲੱਤਾਂ ਤੋੜ ਦਊਂ ਜੇ ਬਾਹਰ ਪੈਰ ਰੱਖਿਆ ਤਾਂ……।
ਪਰ ਜੀ… ਵੀਰੇ ਨੇ ਗੱਡੀ ਭੇਜ ਦਿੱਤੀ ਹੋਣੀ। ਉਹਨੂੰ ਕੀ ਕਹਾਂਗੀ? ਜੇ ਕਹਿੰਦੇ ਹੋ ਤਾਂ ਮੈਂ ਛੇਤੀ ਮੁੜ ਆਵਾਂਗੀ। ਬੱਸ ਜ਼ਰਾ ਸ਼ਗਨ ਫੜਾ ਕੇ ਆ ਜਾਵਾਂਗੀ। ਨਾਲ਼ੇ ਬੱਚੇ ਵੀ ਤਿਆਰ ਹੋ ਗਏ ਹਨ ਹੁਣ। ਸੁਨੀਤਾ ਨੇ ਮਿੰਨਤ ਕੀਤੀ।
ਤੈਨੂੰ ਸੁਣਿਆ ਨਹੀਂ ਇੱਕ ਵਾਰ? ਨਹੀਂ ਜਾਣਾ ਮਤਲਬ ਨਹੀਂ ਜਾਣਾ। ਸਹੀ ਕਹਿੰਦੇ ਸਨ ਸਿਆਣੇ ਕਿ ਔਰਤ ਪੈਰ ਦੀ ਜੁੱਤੀ ਹੁੰਦੀ ਹੈ ਤੇ ਇਹ ਪੈਰਾਂ ਵਿਚ ਹੀ ਜੱਚਦੀ ਹੈ। ਅੱਜ ਤੈਨੂੰ ਮਨਮਰਜ਼ੀ ਕਰਨ ਦਿੱਤੀ ਤਾਂ ਕੱਲ੍ਹ ਨੂੰ ਹੋਰ ਮੇਰੇ ਸਿਰ ਤੇ ਚੜ੍ਹ ਕੇ ਬੈਠੇਗੀ। ਜਗਤਾਰ ਨੇ ਛਾਤੀ ਚੌੜੀ ਕਰਦਿਆਂ ਕਿਹਾ…. ਖਬਰਦਾਰ! ਜੇ ਅੱਗੇ ਤੋਂ ਮੇਰੀ ਇਜਾਜ਼ਤ ਤੋਂ ਬਿਨਾਂ ਕੁੱਝ ਸੋਚਿਆ ਵੀ ਤਾਂ!
ਪੈਰ ਦੀ ਜੁੱਤੀ…! ਐਨੀ ਘਟੀਆ ਸੋਚ…! ਸੋਚ ਕੇ ਸੁਨੀਤਾ ਦਾ ਖੂਨ ਖੌਲ੍ਹ ਉੱਠਿਆ।
ਉਹ ਇੱਕਦਮ ਖੜੀ ਹੁੰਦਿਆਂ ਬੋਲੀ…. ਮੈਂ ਜ਼ਰੂਰ ਜਾਵਾਂਗੀ।
ਤੇਰੀ ਐਨੀ ਮਜ਼ਾਲ? ਜਗਤਾਰ ਨੇ ਜ਼ੋਰ ਕੇ ਥੱਪੜ ਮਾਰਨ ਲਈ ਹੱਥ ਚੁੱਕਿਆਂ ਪਰ ਸੁਨੀਤਾ ਨੇ ਅੱਗੋਂ ਹੱਥ ਫੜ ਕੇ ਮਰੋੜ ਦਿੱਤਾ ….. ਬੱਸ ਬਹੁਤ ਹੋ ਗਿਆ। ਬਹੁਤ ਸਹਿ ਲਿਆ, ਹੁਣ ਹੋਰ ਨਹੀਂ। ਮੈਂ ਸੰਸਕਾਰੀ ਜ਼ਰੂਰ ਹਾਂ ਪਰ ਗੁਲਾਮ ਨਹੀਂ ਹਾਂ। ਮੈਂ ਵੀ ਇਨਸਾਨ ਹਾਂ। ਮੇਰੀ ਵੀ ਕੋਈ ਮਰਜ਼ੀ ਹੈ। ਤੇ ਇੱਕ ਹੋਰ ਗੱਲ, ਔਰਤ ਪੈਰ ਦੀ ਜੁੱਤੀ ਨਹੀਂ ਸਿਰ ਦਾ ਤਾਜ਼ ਹੁੰਦੀ ਹੈ।
ਇੰਨੇ ਨੂੰ ਬਾਹਰੋਂ ਗੱਡੀ ਦਾ ਹਾਰਨ ਵੱਜਿਆ ਤੇ ਸੁਨੀਤਾ ਦੋਵਾਂ ਬੱਚਿਆਂ ਦਾ ਹੱਥ ਫੜ ਬਾਹਰ ਵੱਲ ਤੁਰ ਪਈ।
ਠੀਕ ਹੈ ਫ਼ੇਰ। ਜੇ ਜਾਣਾ ਹੀ ਐ ਤਾਂ ਵਾਪਸ ਨਾ ਆਈਂ। ਓਥੇ ਹੀ ਰਹੀਂ ਆਪਣੇ ਵੀਰੇ ਕੋਲ਼। ਵੇਖਾਂ ਕਿੰਨੇ ਦਿਨ ਰੋਟੀਆਂ ਖੁਆ ਲੈਂਦਾ ਤੈਨੂੰ। ਜਗਤਾਰ ਨੇ ਆਖ਼ਰੀ ਜੂਆ ਖੇਡਿਆ।
ਕਿਉਂ ਨਾ ਆਵਾਂ? ਇਹ ਮੇਰਾ ਵੀ ਘਰ ਹੈ। ਇੱਕ ਇੱਕ ਅਰਮਾਨ ਲਗਾਕੇ ਇਸ ਮਕਾਨ ਨੂੰ ਘਰ ਬਣਾਇਆ ਹੈ ਮੈਂ। ਪਰ ਹਾਂ…. ਜੇਕਰ ਤੁਹਾਨੂੰ ਕੋਈ ਸਮੱਸਿਆਂ ਹੈ ਤਾਂ ਤੁਸੀਂ ਇਹ ਘਰ ਛੱਡ ਕੇ ਜਾ ਸਕਦੇ ਹੋ। ਮੈਂ ਤੇ ਮੇਰੇ ਬੱਚੇ ਇੱਥੇ ਹੀ ਰਹਾਂਗੇ। ਬਾਕੀ ਗੱਲ ਖਾਣ ਦੀ ਤਾਂ ਉਹ ਮੈਂ ਵੀ ਕਮਾ ਸਕਦੀ ਹਾਂ। ਐਨੇ ਜੋਗੀ ਹੈਗੀ ਹਾਂ ਮੈਂ ਵੀ। ਇਹ ਤਾਂ ਸਿਰਫ਼ ਤੁਹਾਡੀ ਨਾਂਹ ਕਰਕੇ ਮੈਂ ਨੌਕਰੀ ਨਹੀਂ ਕੀਤੀ। ਚੰਗਾ…ਚੱਲਦੀ ਹਾਂ, ਸ਼ਾਮ ਤੱਕ ਮੁੜ ਆਵਾਂਗੀ।
ਤੇ ਹਾਂ ਸੱਚ…… ਤੁਹਾਡੀ ਰੋਟੀ ਬਣਾ ਕੇ ਰੱਖ ਦਿੱਤੀ ਹੈ,ਖਾ ਲਿਓ। ਨਾਲ਼ੇ ਰੋਟੀ ਸਿਰਫ਼ ਕਮਾਉਣੀ ਨਹੀਂ ਬਣਾਉਣੀ ਵੀ ਪੈਂਦੀ ਹੈ। ਕਹਿ ਕੇ ਸੁਨੀਤਾ ਬਾਹਰ ਨਿਕਲ ਗਈ ਤੇ ਜਗਤਾਰ ਨਿੰਮੋਝੂਣਾ ਜਿਹਾ ਹੋ ਕੇ ਉਹਨੂੰ ਵੇਖਦਾ ਹੀ ਰਹਿ ਗਿਆ।
ਮਨਜੀਤ ਕੌਰ ਲੁਧਿਆਣਵੀ
ਸ਼ੇਰਪੁਰ, ਲੁਧਿਆਣਾ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly