ਹੁਸ਼ਿਆਰਪੁਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਅੱਜ ਫੂਡ ਸੇਫਟੀ ਟੀਮ ਹੁਸ਼ਿਆਰਪੁਰ ਵੱਲੋਂ ਜ਼ਿਲ੍ਹੇ ਦੇ ਵੱਖ-ਵੱਖ ਖੇਤਰਾਂ ਵਿੱਚ ਖਾਧ ਪਦਾਰਥਾਂ ਦੀ ਗੁਣਵੱਤਾ ਦੀ ਜਾਂਚ ਲਈ ਚੈਕਿੰਗ ਮੁਹਿੰਮ ਚਲਾਈ ਗਈ। ਫੂਡ ਸੇਫਟੀ ਅਫਸਰ ਸ੍ਰੀ ਵਿਵੇਕ ਕੁਮਾਰ ਦੀ ਅਗਵਾਈ ਹੇਠ ਟੀਮ ਵੱਲੋਂ ਹੁਸ਼ਿਆਰਪੁਰ ਸ਼ਹਿਰ ਵਿੱਚ ਸਥਿਤ ਖਾਧ ਪਦਾਰਥ ਵਿਕਰੇਤਾਵਾਂ ਦੀ ਚੈਕਿੰਗ ਕੀਤੀ ਗਈ। ਜਿਸ ਦੌਰਾਨ ਗੱਜਕ ਦਾ ਇੱਕ ਸੈਂਪਲ ਭਰਿਆ ਗਿਆ। ਇਸ ਤੋਂ ਇਲਾਵਾ ਬੁੱਲੋਵਾਲ ਰੋਡ ’ਤੇ ਸਥਿਤ ਗੁੜ ਦੇ ਬੇਲਣਿਆਂ ਦੀ ਵੀ ਜਾਂਚ ਕੀਤੀ ਗਈ ਅਤੇ ਉਥੋਂ ਗੁੜ ਦੇ ਦੋ ਸੈਂਪਲ ਇਕੱਠੇ ਕੀਤੇ ਗਏ। ਲੋਹੜੀ ਤਿਉਹਾਰ ਦੇ ਮੱਦੇਨਜ਼ਰ ਲੋਕਾਂ ਵੱਲੋਂ ਵੱਧ ਮਾਤਰਾ ਵਿੱਚ ਵਰਤੇ ਜਾਣ ਵਾਲੇ ਖਾਧ ਪਦਾਰਥਾਂ ਦੀ ਗੁਣਵੱਤਾ ਯਕੀਨੀ ਬਣਾਉਣ ਲਈ ਆਟਾ, ਗੁੜ ਅਤੇ ਗੱਜਕ ਦੇ ਕੁੱਲ ਚਾਰ ਸੈਂਪਲ ਭਰੇ ਗਏ ਹਨ। ਇਨ੍ਹਾਂ ਵਿੱਚੋਂ ਇੱਕ ਸੈਂਪਲ ਸ਼ਿਕਾਇਤ ਦੇ ਆਧਾਰ ’ਤੇ ਭਰਿਆ ਗਿਆ ਹੈ। ਸਾਰੇ ਸੈਂਪਲ ਟੈਸਟਿੰਗ ਲਈ ਫੂਡ ਲੈਬ ਖਰੜ ਭੇਜੇ ਗਏ ਹਨ ਅਤੇ ਰਿਪੋਰਟ ਪ੍ਰਾਪਤ ਹੋਣ ਉਪਰੰਤ ਨਿਯਮਾਂ ਅਨੁਸਾਰ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸਿਹਤ ਅਧਿਕਾਰੀ ਡਾ. ਜਤਿੰਦਰ ਭਾਟੀਆ ਨੇ ਦੱਸਿਆ ਕਿ ਚੈਕਿੰਗ ਦੌਰਾਨ ਸਾਰੇ ਖਾਧ ਪਦਾਰਥ ਵਿਕਰੇਤਾਵਾਂ ਨੂੰ FSSAI ਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਨ, ਵੈਧ ਲਾਇਸੈਂਸ ਰੱਖਣ ਅਤੇ ਸਾਫ਼-ਸੁਥਰੇ ਤਰੀਕਿਆਂ ਨਾਲ ਖਾਧ ਪਦਾਰਥਾਂ ਦੀ ਤਿਆਰੀ ਤੇ ਵਿਕਰੀ ਕਰਨ ਲਈ ਸਖ਼ਤ ਹਦਾਇਤਾਂ ਦਿੱਤੀਆਂ ਗਈਆਂ ਹਨ। ਉਹਨਾਂ ਕਿਹਾ ਕਿ ਜੇਕਰ ਕੋਈ ਵੀ ਵਿਕਰੇਤਾ ਖਾਧ ਪਦਾਰਥਾਂ ਵਿੱਚ ਮਿਲਾਵਟ ਕਰਦਾ ਜਾਂ ਗੁਣਵੱਤਾ ਨਾਲ ਸਮਝੌਤਾ ਕਰਦਾ ਪਾਇਆ ਗਿਆ, ਤਾਂ ਉਸ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly



