(ਸਮਾਜ ਵੀਕਲੀ)
ਕਦੇ ਕੁਦਰਤ ਦੀਆਂ ਮਾਰਾਂ ਝੱਲਦਾ,
ਕਦੇ ਧੱਕੇਸ਼ਾਹੀਆਂ ਹੁਕਮਰਾਨ ਦੀਆਂ।
ਧੰਨ ਜਿਗਰਾ ਅੰਨ ਦੇ ਦਾਤੇ ਦਾ,
ਝੱਲੇ ਜੋ ਮਾਰਾਂ ਨੁਕਸਾਨ ਦੀਆਂ।
ਪੱਕੀ ਕਣਕ ਨੂੰ ਅੱਗ ਲੱਗ ਜਾਵੇ,
ਨਾ ਰੋਕਿਆਂ ਕਿਸੇ ਦੇ ਰੁਕਦੀ ਆ।
ਸੰਦ -ਸੰਦੇੜਾ ਤੇ ਟਰੈਕਟਰ -ਟਰਾਲੀ
ਸਭ ਸੁਆਹ ਬਣ ਕੇ ਗੱਲ ਮੁੱਕਦੀ ਆ।
ਇਕ ਚੰਗਿਆਰੀ ਢਿੱਲੀਆਂ ਤਾਰਾਂ ਕਰਕੇ,
ਮੱਚ ਜਾਵਣ ਰੀਝਾਂ ਸੱਧਰਾਂ ਕਿਸਾਨ ਦੀਆਂ।
ਧੰਨ ਜਿਗਰਾ ਅੰਨ ਦੇ ਦਾਤੇ ਦਾ,
ਝੱਲੇ ਜੋ ਮਾਰਾਂ ਨੁਕਸਾਨ ਦੀਆਂ।
ਪਰਾਲੀ ਦਾ ਧੂੰਆਂ ਸਭ ਨੂੰ ਚੁਭਦਾ,
ਤੈਨੂੰ ਜੁਰਮਾਨੇ ਤੱਕ ਵੀ ਲਾ ਦਿੰਦੇ ।
ਫਸਲ ਮੱਚੀ ਕਿਸੇ ਧੂੰਆਂ ਨਾ ਦਿਖਿਆ,
ਹਾਕਮ ਏਹਦਾ ਵੀ ਬੀਮਾ ਕਰਾ ਦਿੰਦੇ।
ਹੁਣ ਕੋਈ ਸੈਟੇਲਾਈਟ ਨੀ ਖਿਚਦਾ,
ਖੁਫੀਆ ਰਿਪੋਟਾਂ ਨੁਕਸਾਨ ਦੀਆਂ।
ਧੰਨ ਜਿਗਰਾ ਅੰਨ ਦੇ ਦਾਤੇ ਦਾ,
ਝੱਲੇ ਜੋ ਮਾਰਾਂ ਨੁਕਸਾਨ ਦੀਆਂ।
ਘੰਟੇ ਤੱਕ ਕੰਬਾਇਨ ਨੇ ਆਉਣਾ ਸੀ,
ਪਹਿਲਾਂ ਗੜੇਮਾਰੀ ਜਿਹੀ ਆ ਗਈ ਏ।
ਪੱਕੀ ਫਸਲ ਨੂੰ ਹੇਠਾਂ ਸੁੱਟ ਹਨੇਰੀ,
ਮੁੜ ਧਰਤੀ ਤੇ ਲੰਮਾ ਪਾ ਗਈ ਏ।
ਨਾ ਡੰਗਰਾਂ ਲਈ ਪੱਠੇ ਛੱਡੇ,
ਨਾ ਕਣਕਾਂ ਛੱਡੀਆਂ ਖਾਣ ਦੀਆਂ।
ਧੰਨ ਜਿਗਰਾ ਅੰਨ ਦੇ ਦਾਤੇ ਦਾ,
ਝੱਲੇ ਜੋ ਮਾਰਾਂ ਨੁਕਸਾਨ ਦੀਆਂ।
ਖੇਤੀ ਕਰਮਾਂ ਸੇਤੀ ਹੁੰਦੀ,
ਕਹਿ ਗਏ ਸੱਚ ਸਿਆਣੇ ਆ।
ਮਿਹਨਤ ਪਰ ਕਿਉਂ ਮਿੱਟੀ ਬਣਜੇ,
ਕੀ ਇਹ ਵੀ ਰੱਬ ਦੇ ਭਾਣੇ ਆ।
ਦੀਪ ਦੇ ਮਨ ਵਿੱਚ ਉਠਦੀਆਂ ਰਮਜ਼ਾਂ,
ਡੂੰਘੇ ਇਸ ਸਵਾਲ ਦੀਆਂ।
ਧੰਨ ਜਿਗਰਾ ਅੰਨ ਦੇ ਦਾਤੇ ਦਾ,
ਝੱਲੇ ਜੋ ਮਾਰਾਂ ਨੁਕਸਾਨ ਦੀਆਂ।
-ਕੁਲਦੀਪ ਸਿੰਘ ਬਾਦਸ਼ਾਹਪੁਰੀ