ਫੋਕੇ ਰਿਸ਼ਤੇ

(ਸਮਾਜ ਵੀਕਲੀ)

ਅੱਜ ਬੜੇ ਚਿਰਾਂ ਬਾਅਦ ਰਿਸ਼ਤੇਦਾਰੀ ‘ਚੋਂ ਲਗਦੀ ਹਰਸ਼ਰਨ ਭਾਬੀ ਤੇ ਉਨ੍ਹਾਂ ਦਾ ਪਰਿਵਾਰ ਸਾਡੇ ਘਰ ਆਏ । ਚਾਹ- ਪਾਣੀ ਪੀਣ ਪਿੱਛੋਂ ਮੈਂ ਰਸੋਈ ਚ ਖਾਣਾ ਬਣਾਉਣ ਲੱਗੀ ਤਾਂ ਭਾਬੀ ਵੀ ਮੇਰੇ ਕੋਲ ਹੀ ਆ ਕੇ ਖਡ਼੍ਹੀ ਹੋ ਗਈ। ਉਨ੍ਹਾਂ ਦਾ ਮੇਰੇ ਨਾਲ ਕਾਫ਼ੀ ਪਿਆਰ ਹੈ।

” ਭਾਬੀ ਕੀ ਗੱਲ, ਅੱਜ ਤਾਂ ਬੜੇ ਉਦਾਸ- ਉਦਾਸ ਨਜ਼ਰ ਆ ਰਹੇ ਹੋ?” ਮੈਂ ਭਾਬੀ ਦਾ ਲਟਕਦਾ ਚਿਹਰਾ ਦੇਖ ਭਾਬੀ ਨੂੰ ਜ਼ੋਰ ਦੇ ਕੇ ਪੁੱਛਿਆ ਤਾਂ ਭਾਬੀ ਬੋਲੀ,”ਬਸ ਮੰਨ ਕੀ ਦੱਸਾਂ ….ਮੇਰੇ ਬਾਰੇ ਤਾਂ ਤੈਨੂੰ ਸਭ ਪਤਾ ਹੀ ਐ । ਇਹ ਤਾਂ ਮੇਰੀ ਜ਼ਰਾ ਪਰਵਾਹ ਨਹੀਂ ਕਰਦੇ ਜਿਵੇਂ ਮੈਂ ਇਨ੍ਹਾਂ ਦੀ ਕੁਝ ਲੱਗਦੀ ਹੀ ਨਾ ਹੋਵਾਂ ।ਜਵਾਨੀ ਤਾਂ ਇਸੇ ਤਰ੍ਹਾਂ ਲੰਘ ਗਈ ……..ਪਰ ਹੁਣ ਬਰਦਾਸ਼ਤ ਨਹੀਂ ਹੁੰਦਾ । ਪਤੀ ਤਾਂ ਪਤੀ…… ਢਿੱਡੋਂ ਜੰਮਿਆ ਪੁੱਤ ਵੀ ਵੱਢ ਖਾਣ ਨੂੰ ਪੈਂਦਾ ਹੈ। ਨੂੰਹ ਨੇ ਤਾਂ ਕੀ ਇੱਜ਼ਤ ਕਰਨੀ …..ਘਰ ‘ਚ ਜੋ ਮਰਜ਼ੀ ਹੋਵੇ ਮੈਨੂੰ ਕੁਝ ਪਤਾ ਨਹੀਂ ਹੁੰਦਾ। ਕੋਈ ਕਦਰ ਨਹੀਂ ਮੇਰੀ ਘਰ ‘ਚ । ਇਹ ਤਾਂ ਸ਼ੁਰੂ ਤੋਂ ਹੀ ਮੇਰੇ ਨਾਲ ਕੋਈ ਗੱਲ ਖੁੱਲ੍ਹ ਕੇ ਨਹੀਂ ਕਰਦੇ। ਸਿੱਧੇ ਮੂੰਹ ਨਹੀਂ ਬੋਲਦੇ….। ਬਸ ਰੋਹਬ ਹੀ ਪਾਈ ਜਾਣਗੇ ..ਜਿਵੇਂ ਮੇਰੇ ਅੰਦਰ ਦਿਲ ਹੋਵੇ ਹੀ ਨਾ ……ਮੈਨੂੰ ਵੀ ਬੁਰਾ ਲਗਦੈ ਮੰਨ… ਮੈਂ ਵੀ ਆਖ਼ਿਰ ਇਨਸਾਨ ਹਾਂ …….” ਬੋਲਦਿਆਂ- ਬੋਲਦਿਆਂ ਭਾਬੀ ਫਿਸ ਪਈ ਤੇ ਉਸ ਦੀਆਂ ਅੱਖਾਂ ‘ਚੋਂ ਹੰਝੂਆਂ ਦੀ ਬਰਸਾਤ ਹੋਣ ਲੱਗੀ ।

“ਬਸ ਇੰਨਾ ਟੈਨਸ਼ਨਾਂ ਨਾਲ ਹੀ ਬੀਮਾਰੀਆਂ ਤੇ ਬਿਮਾਰੀਆਂ ਲੱਗ ਗਈਆਂ ਨੇ ਮੈਨੂੰ ।” ਤੇ ਭਾਬੀ ਭੁੱਬੀਂ ਰੋ ਪਈ । ਮੈਂ ਭਾਬੀ ਨੂੰ ਕਲਾਵੇ ‘ਚ ਲੈ ਕੇ ਚੁੱਪ ਕਰਾਉਣ ਦੀ ਕੋਸ਼ਿਸ਼ ਕਰਨ ਲੱਗੀ। ਇੰਨੇ ਨੂੰ ਸੰਦੀਪ (ਭਾਬੀ ਦਾ ਬੇਟਾ) ਨੇ ਆਵਾਜ਼ ਮਾਰੀ ਤਾਂ ਭਾਬੀ ਹੰਝੂ ਪੂੰਝਦੀ ਬਾਹਰ ਚਲੀ ਗਈ। ਖਾਣਾ ਖਾ ਕੇ ਸ਼ਾਮ ਨੂੰ ਸਾਰਾ ਪਰਿਵਾਰ ਚਲਾ ਗਿਆ।

ਅਜੇ ਹਫ਼ਤਾ ਹੀ ਮਸਾਂ ਬੀਤਿਆ ਸੀ ਕਿ ਸਾਨੂੰ ਪਤਾ ਲੱਗਾ ਕਿ…. ਭਾਬੀ ਦੇ ਦਿਮਾਗ ਦੀ ਨਾੜੀ ਫਟਣ ਨਾਲ ਉਸ ਦੀ ਮੌਤ ਹੋ ਗਈ ਹੈ…. ਇੰਝ ਅਚਾਨਕ ! ਅਸੀਂ ਜਿਵੇਂ ਭੱਜ ਕੇ ਉਨ੍ਹਾਂ ਦੇ ਘਰ ਗਏ । ਅੱਗੇ ਭਾਬੀ ਨੂੰ ਮੁਰਦਾ ਹਾਲਤ ‘ਚ ਪਏ ਦੇਖ ਮੈਂ ਤਾਂ ਭੁੱਬੀਂ ਰੋ ਪਈ ਤੇ ਭਾਬੀ ਦੀਆਂ ਸਾਰੀਆਂ ਗੱਲਾਂ ਮੇਰੇ ਦਿਲੋ – ਦਿਮਾਗ ‘ਚ ਘੁੰਮਣ ਲੱਗੀਆਂ।

ਮੈਂ ਦੇਖਿਆ ਭਾਬੀ ਦਾ ਪਤੀ ਤੇ ਸੰਦੀਪ ਦਾਹ-ਸਸਕਾਰ ਦੀ ਤਿਆਰੀ ‘ਚ ਲੱਗੇ ਹੋਏ ਸੀ। ਕਿਸੇ ਦੀ ਅੱਖ ‘ਚੋਂ ਮੈਨੂੰ ਕੋਈ ਵੀ ਹੰਝੂ ਨਜ਼ਰ ਨਹੀਂ ਆਇਆ ਤੇ ਨਾ ਹੀ ਕਿਸੇ ਦੇ ਵੀ ਚਿਹਰੇ ਤੇ ਕੋਈ ਦੁੱਖ ਜਾਂ ਸ਼ਿਕਨ ।

‘ਹਾਏ ਰੱਬਾ! ਕਿਵੇਂ…. ਕਿਵੇਂ ….ਕੋਈ ਆਪਣੇ ਘਰ ਦੇ ਹੀ ਜੀਅ ਨਾਲ ਇੰਜ ਬਦਸਲੂਕੀ ਕਰ ਸਕਦੈ ।ਇਹ ਕਿਹੋ ਜਿਹੀ ਮਰਦਾਨਗੀ ਕੇ ਉਸ ਨਾਲ ਰਹਿੰਦੀ ਔਰਤ ਆਪਣਾ ਜੀਣ ਦਾ ਹੱਕ ਵੀ ਖੋਹ ਦੇਵੇ । ਉਸ ਰਿਸ਼ਤੇ ਦਾ ਕੀ ਫ਼ਾਇਦਾ ਜਿਸ ‘ਚ ਰੱਤਾ ਪਿਆਰ ਨਾ ਹੋਵੇ । ਸਾਰੀ ਜ਼ਿੰਦਗੀ ਇਕੋ ਘਰ ‘ਚ ਇਕੱਠੇ ਬੈਠਣਾ ਉੱਠਣਾ ਪਰ ਦੁੱਖ -ਸੁੱਖ ਸਾਂਝਾ ਨਾ ਕੀਤਾ ਤਾਂ ਕਾਹਦੀ ਜ਼ਿੰਦਗੀ?ਤੇ ਕਾਹਦੇ ਰਿਸ਼ਤੇ ? ਇਸ ਨਾਲੋਂ ਤਾਂ ਖ਼ਤਮ ਕਰ ਦੇਣਾ ਚਾਹੀਦਾ ਇਹੋ ਜਿਹੇ ਫੋਕੇ ਰਿਸ਼ਤਿਆਂ ਨੂੰ। ਬਸ ਸਿਰਫ਼ ਸਮਾਜ ਦੇ ਡਰ ਤੋਂ ਪਤਾ ਨਹੀਂ ਕਿਉਂ ਅਸੀਂ ਸਾਰੀ ਉਮਰ ਇਹੋ ਜਿਹੇ ਬੋਝਲ ਰਿਸ਼ਤਿਆਂ ਦਾ ਬੋਝ ਚੁੱਕੀ ਫਿਰਦੇ ਹਾਂ।’ ਤੇ ਡਾਹਢੇ ਹੀ ਦੁਖੀ ਮਨ ਨਾਲ ਮੈਂ ਉਸੇ ਵੇਲੇ ਘਰ ਪਰਤ ਆਈ ।

ਮਨਪ੍ਰੀਤ ਕੌਰ ਭਾਟੀਆ
ਐਮ.ਏ, ਬੀ.ਐਡ ।
ਫਿਰੋਜ਼ਪੁਰ ਸ਼ਹਿਰ।

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਹੜ੍ਹ, ਤੂਫ਼ਾਨ ਤੇ ਕੋਵਿਡ ਵਾਇਰਸ ਦਾ ਵਰਤਾਰਾ ਆਮ ; ਤੜਫ਼ ਰਿਹੈ ਆਸਟ੍ਰੇਲੀਆ ਦਾ ਅਵਾਮ
Next articleਬੁਰਾ – ਭਲਾ