ਉੱਡਦਾ ਪੰਛੀ

(ਸਮਾਜ ਵੀਕਲੀ)
 ਅਚਾਨਕ ਤੱਕਿਆ ਉਸ
ਇਕ ਉੱਡਦਾ ਪੰਛੀ
ਵਿਹੜੇ ਵਿਚ ਉਸਦੇ ਆ ਬੈਠਾ
ਖ਼ੂਬਸੂਰਤ ਰੰਗਾਂ ਵਾਲਾ ਪੰਛੀ
ਬਹੁਤ ਪਿਆਰਾ ਲੱਗ ਰਿਹਾ ਸੀ
ਦੂਰੋਂ ਬੈਠੀ ਇੱਕ ਟੱਕ ਉਸਨੂੰ
ਬੜੇ ਪਿਆਰ ਨਾਲ ਨਿਹਾਰਦੀ ਰਹੀ
ਨੇੜੇ ਜਾ ਉਸਨੂੰ ਬੁਲਾਉਣਾ ਚਾਹਿਆ
ਪਰ ਫੁਰਰ ਕਰ ਉੱਡ ਗਿਆ ਉਹ
ਅਗਲੇ ਦਿਨ ਬਾਹਰ ਚੋਗਾ ਰੱਖ
ਉਡੀਕ ਕਰਨ ਲੱਗੀ
ਪੰਛੀ ਆਇਆ ਚੋਗਾ ਚੁਗਣ ਲੱਗਾ
ਹਿੰਮਤ ਨਹੀਂ ਹੋਈ ਨੇੜੇ ਜਾ
ਉਸਨੂੰ ਫੜਣ ਦੀ
ਚੋਗਾ ਚੁੱਗ ਫਿਰ ਉੱਡ ਗਿਆ
ਰੋਜ਼ ਹੀ ਇਸੇ ਤਰਾਂ ਚੱਲਦਾ ਰਿਹਾ
ਹਿੰਮਤ ਕਰ ਉਸਨੂੰ ਪੁਚਕਾਰਨਾ ਸ਼ੁਰੂ ਕੀਤਾ
ਉਹ ਵੀ ਬਹੁਤ  ਘੁਲ ਮਿਲ ਗਿਆ
ਚੋਗਾ ਚੁਗਦਾ ਰਹਿੰਦਾ ਉਹ
ਮੈਂ ਉਸ ਕੋਲ ਬੈਠੀ ਢੇਰ ਸਾਰੀਆਂ
ਗੱਲਾਂ ਕਰਦੀ ਉਸ ਨਾਲ
ਅਛੋਪਲੇ ਜਿਹੇ ਪਕੜ ਇਕ ਦਿਨ
ਅੰਦਰ ਲੈ ਆਈ
ਡਰਦਾ ਨਹੀਂ ਸੀ ਹੁਣ ਉਹ
ਸਾਰੇ ਘਰ ਵਿਚ ਇਧਰ ਉਧਰ
ਘੁੰਮਦਾ ਰਹਿੰਦਾ , ਚੋਗਾ ਚੁੱਗਦਾ
ਪਾਣੀ ਪੀ ਸੌਂ ਜਾਂਦਾ
ਮੈਂ ਪਿਆਰ ਨਾਲ ਉਸਨੂੰ
ਨਿਹਾਰਦੀ ਰਹਿੰਦੀ
ਹੁਣ ਮੇਰੀ ਜਾਣ ਵੱਸਦੀ ਸੀ
ਉਸ ਪਿਆਰੇ ਪੰਛੀ ਵਿਚ
ਬੂਹਾ ਖੁੱਲ੍ਹਾ ਦੇਖ ਇਕ ਦਿਨ
  ਉੱਡ ਗਿਆ ਉਹ ਪੰਛੀ

  ਬੂਹਾ ਖੁਲ੍ਹਾ  ਰੱਖ ਹੁਣ ਉਹ
ਬਾਹਰ ਦੇਖਦੀ ਰਹਿੰਦੀ ਹੈ
ਉਡੀਕ ਹੈ ਉਸਨੂੰ ਉੱਡਦੇ ਪੰਛੀ
ਦੇ ਵਾਪਿਸ ਪਰਤ ਆਉਣ ਦੀ
ਸੁਣਿਆ ਸੀ ਕਿ ਪੰਛੀ
ਸ਼ਾਮ ਨੂੰ ਆਪਣੇ ਆਲ੍ਹਣਿਆਂ ਵਿੱਚ
ਪਰਤ ਆਉਂਦੇ ਹਨ
ਸ਼ਾਇਦ ਉਹ ਉੱਡਦਾ ਪੰਛੀ ਵੀ
ਕਦੀ ਵਾਪਿਸ ਆ ਉਸਨੂੰ
ਹੈਰਾਨ ਕਰ ਦਏਗਾ ।

ਰਮਿੰਦਰ ਰੰਮੀ

Previous articleਬਾਬਾ ਬੰਦਲੀ ਸ਼ੇਰ ਦਾ ਸਲਾਨਾ ਜੋੜ ਮੇਲਾ ਮੁਨਾਇਆ
Next articleपिता, पुत्र और हिंदुत्व का एजेंडा