ਅਪ੍ਰੈਲ(ਸਮਾਜ ਵੀਕਲੀ): ਕੈਨੇਡਾ ਅਤੇ ਅੰਮ੍ਰਿਤਸਰ ਦਰਮਿਆਨ ਸਿੱਧੀਆਂ ਉਡਾਣਾਂ ਸ਼ੁਰੂ ਕਰਵਾਉਣ ਲਈ ਕੈਨੇਡਾ ਵਿੱਚ ਵਿਰੋਧੀ ਧਿਰ ਦੇ ਨੇਤਾ ਪੀਅਰ ਪੋਇਲੀਵਰ ਵਲੌਂ ਵਿੱਢੀ ਗਈ ਮੁਹਿੰਮ ਦਾ ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਨੇ ਪੁਰਜ਼ੋਰ ਸਵਾਗਤ ਕੀਤਾ ਹੈ। ਯਾਦ ਰਹੇ ਕਿ ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ, ਅੰਮ੍ਰਿਤਸਰ ਲਈ ਬਿਹਤਰ ਹਵਾਈ ਸੰਪਰਕ ਸਥਾਪਤ ਕਰਨ ਲਈ ਪਿਛਲੇ ਕਈ ਸਾਲਾਂ ਤੋਂ ਕੰਮ ਕਰ ਰਿਹਾ ਹੈ।
ਬੀਤੇ ਦਿਨੀਂ ਕੰਜ਼ਰਵੇਟਿਵ ਪਾਰਟੀ ਦੇ ਨੇਤਾ ਪੋਇਲੀਵਰ ਨੇ ਓਨਟਾਰੀਓ ਸੂਬੇ ਦੇ ਸ਼ਹਿਰ ਬਰੈਂਪਟਨ ਵਿੱਚ ਆਪਣੀ ਪਾਰਟੀ ਵਲੋਂ ਕਰਵਾਏ ਗਏ ਇੱਕ ਭਰਵੇਂ ਸਮਾਗਮ ਵਿੱਚ ਕੈਨੇਡਾ ਦੀ ਮੌਜੂਦਾ ਸਰਕਾਰ ‘ਤੇ ਨਿਸ਼ਾਨਾਂ ਸਾਧਦਿਆਂ ਕਿਹਾ ਕਿ ਪੰਜਾਰੀ ਭਾਈਚਾਰਾ ਲੰਮੇ ਸਮੇਂ ਤੋਂ ਕੈਨੇਡਾ ਅਤੇ ਅੰਮ੍ਰਿਤਸਰ ਦਰਮਿਆਨ ਸਿੱਧੀਆਂ ਉਡਾਣਾਂ ਸ਼ੁਰੂ ਕਰਨ ਵਿੱਚ ਵਰਕਾਰ ਵਲੌਂ ਸਹੂਲਤ ਕਰਨ ਦੀ ਮੰਗ ਕਰ ਰਿਹਾ ਹੈ। ਪਰ ਕਈ ਸਾਲਾਂ ਬਾਅਦ ਵੀ, ਲਿਬਰਲ ਸਰਕਾਰ ਇਸ ਮੰਗ ਨੂੰ ਪੂਰਾ ਕਰਨ ਵਿੱਚ ਅਸਫਲ ਰਹੀ ਹੈ।
ਇਸ ਇਕੱਠ ਵਿੱਚ ਮੰਗ ਦੇ ਸਮਰਥਕਾਂ ਨੇ ਹੱਥ ਵਿੱਚ “ਕੈਨੇਡਾ ਤੋਂ ਅੰਮ੍ਰਿਤਸਰ ਲਈ ਸਿੱਧੀਆਂ ਉਡਾਣਾਂ”, “ਓਪਨ ਦ ਸਕਾਈਜ਼ ਟੂ ਅੰਮ੍ਰਿਤਸਰ” ਵਾਲੇ ਪੋਸਟਰ ਫੜੇ ਹੋਏ ਸਨ। ਉਹਨਾਂ ਨੂੰ ਸੰਬੋਧਨ ਕਰਦਿਆਂ ਪੋਇਲੀਵਰ ਨੇ ਕਿਹਾ ਕਿ ਸਾਲ 2022 ਵਿੱਚ, ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਸਰਕਾਰ ਨੇ ਭਾਰਤ ਨਾਲ ਓਪਨ ਸਕਾਈਜ਼ ਸਮਝੌਤੇ ‘ਤੇ ਹਸਤਾਖਰ ਕੀਤੇ, ਗੌਰਤਲਬ ਹੈ ਕਿ ਇਸ ਵਿੱਚ ਅੰਮ੍ਰਿਤਸਰ ਹਵਾਈ ਅੱਡੇ ਨੂੰ ਸ਼ਾਮਲ ਨਹੀਂ ਕੀਤਾ ਗਿਆ ਸੀ। ਅੰਮ੍ਰਿਤਸਰ ਜਾਣ ਲਈ ਯਾਤਰੂਆਂ ਨੂੰ ਭਾਰਤ ਪਹੁੰਚਣ ‘ਤੇ ਅਕਸਰ ਹਿਵਾਈ ਅੱਡੇ ਤੇ ਅੰਮ੍ਰਿਤਸਰ ਵਾਸਤੇ ਅਗਲੀ ਉਡਾਣ ਲਈ ਕਈ ਘੰਟੇ ਦਾ ਵਾਧੂ ਇੰਤਜ਼ਾਰ ਕਰਨਾ ਪੈਂਦਾ ਹੈ ਜਾਂ ਪੰਜਾਬ ਨੂੰ ਸੜਕ ਰਾਹੀਂ ਪਹੁੰਚਣ ਲਈ 8 ਤੋਂ 10 ਘੰਟੇ ਦਾ ਵਾਧੂ ਸਮਾਂ ਲੱਗਦਾ ਹੈ।
ਉਨ੍ਹਾਂ ਅੱਗੇ ਕਿਹਾ, “ਮੈਂ ਆਪਣੇ ਡਿਪਟੀ ਲੀਡਰ ਟਿਮ ਉੱਪਲ, ਸ਼ੈਡੋ ਮੰਤਰੀ ਜਸਰਾਜ ਸਿੰਘ ਹੱਲਨ ਅਤੇ ਹੋਰਨਾਂ ਪਾਰਟੀ ਮੈਂਬਰਾਂ ਨਾਲ ਰਲ ਕੇ ਕੈਨੇਡਾ ਤੋਂ ਅੰਮ੍ਰਿਤਸਰ ਲਈ ਸਿੱਧੀ ਉਡਾਣ ਸ਼ੁਰੂ ਕਰਨ ਲਈ ਮੁਹਿੰਮ ਸ਼ੁਰੂ ਕਰ ਰਿਹਾ ਹਾਂ ਤਾਂ ਜੋ ਲੱਖਾਂ ਕੈਨੇਡੀਅਨ ਜੋ ਕਿ ਪੰਜਾਬ ਨਾਲ ਸੰਬੰਧ ਰੱਖਦੇ ਹਨ, ਸਿੱਧੀ ਹਵਾਈ ਯਾਤਰਾ ਕਰ ਸਕਣ।
ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਦੇ ਗਲੋਬਲ ਕਨਵੀਨਰ ਸਮੀਪ ਸਿੰਘ ਗੁਮਟਾਲਾ, ਜੋ ਕਿ ਅਮਰੀਕਾ ਤੋਂ ਵਿਸ਼ੇਸ਼ ਤੌਰ ਤੇ ਇਸ ਸਮਾਗਮ ਵਿੱਚ ਪੁੱਜੇ ਹੋਏ ਸਨ ਨੇ ਮੰਚ ਤੋਂ ਸੰਬੋਧਤ ਕਰਦਿਆਂ ਹੋਇਆ ਕਿਹਾ ਕਿ ਅੰਮ੍ਰਿਤਸਰ ਨੂੰ ਹਵਾਈ ਸਮਝੋਤਿਆਂ ਵਿੱਚ ਸ਼ਾਮਲ ਕਰਨ ਅਤੇ ਸਿੱਧੀਆਂ ਉਡਾਣਾਂ ਸਥਾਪਤ ਕਰਨ ਬਾਬਤ ਭਾਰਤ ਨਾਲ ਹਵਾਈ ਸਮਝੌਤਿਆਂ ‘ਤੇ ਮੁੜ ਗੱਲਬਾਤ ਕਰਨ ਲਈ ਪੋਲੀਵਰ ਦੇ ਸੱਦੇ ਦੀ ਅਸੀਂ ਪੁਰਜ਼ੋਰ ਸ਼ਲਾਘਾ ਕਰਦੇ ਹਾਂ।
ਸਿੱਧੀਆਂ ਉਡਾਣਾਂ ਨਾ ਸਿਰਫ਼ ਪੰਜਾਬੀ ਭਾਈਚਾਰੇ ਨੂੰ ਲਾਭ ਪਹੁੰਚਾਉਣਗੀਆਂ ਬਲਕਿ ਕੈਨੇਡਾ ਵੱਸਦੇ ਹੋਰਨਾਂ ਭਾਈਚਾਰਿਆਂ ਦੇ ਨਾਗਰਿਕਾਂ ਨੂੰ ਵੀ ਸਿੱਖਾਂ ਦੇ ਸਭ ਤੋਂ ਪਵਿੱਤਰ ਅਸਥਾਨ “ਹਰਿਮੰਦਰ ਸਾਹਿਬ” ਸਮੇਤ ਪੰਜਾਬ ਦੇ ਸੱਭਿਆਚਾਰ ਅਤੇ ਵਿਰਾਸਤ ਦਾ ਅਨੁਭਵ ਕਰਨ ਦਾ ਮੌਕਾ ਵੀ ਪ੍ਰਦਾਨ ਕਰਣਗੀਆਂ। ਗੁਮਟਾਲਾ ਨੇ ਅੱਗੇ ਕਿਹਾ, ਪੋਲੀਵਰ ਦਾ ਹਵਾਈ ਸਮਝੋਤਿਆਂ ਸੰਬੰਧੀ ਭਾਰਤ ਨਾਲ ਪੁਨਰ-ਗੱਲਬਾਤ ਦਾ ਸੱਦਾ ਸਹੀ ਦਿਸ਼ਾ ਵਿੱਚ ਇੱਕ ਸਕਾਰਾਤਮਕ ਕਦਮ ਹੈ।
ਕੈਨੇਡਾ ਵਿੱਚ ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਦੇ ਬੁਲਾਰੇ ਮੋਹਿਤ ਧੰਜੂ ਅਤੇ ਉੱਤਰੀ ਅਮਰੀਕਾ ਖੇਤਰ ਦੇ ਕਨਵੀਨਰ ਅਨੰਤ ਸਿੰਘ ਢਿੱਲੋਂ ਨੇ ਇਹਨਾਂ ਯਤਨਾਂ ਲਈ ਪੋਲੀਵਰ ਅਤੇ ਸੰਸਦ ਮੈਂਬਰ ਟਿਮ ਉੱਪਲ ਦਾ ਧੰਨਵਾਦ ਕੀਤਾ ਹੈ ਅਤੇ ਕੰਜ਼ਰਵੇਟਿਵ ਲੀਡਰਸ਼ਿਪ ਨੂੰ ਕੈਨੇਡਾ ਅਤੇ ਏਅਰ ਇੰਡੀਆ ਸਮੇਤ ਹੋਰਨਾਂ ਭਾਰਤੀ ਏਅਰਲਾਈਨ ਤੱਕ ਵੀ ਯਤਨ ਜਾਰੀ ਰੱਖਣ ਲਈ ਅਪੀਲ ਕੀਤੀ ਤਾਂ ਜੋ ਭਾਈਚਾਰੇ ਦੇ ਇਸ ਸੁਪਨੇ ਨੂੰ ਜਲਦ ਹਕੀਕਤ ਵਿੱਚ ਬਦਲਿਆਂ ਜਾ ਸਕੇ।
ਯਾਦ ਰਹੇ ਜਨਵਰੀ 2022 ਵਿੱਚ, ਇਨੀਸ਼ੀਏਟਿਵ ਦੇ ਬੁਲਾਰੇ ਧੰਜੂ ਦੁਆਰਾ ਕੈਨੇਡਾ ਦੀ ਪਾਰਲੀਮੈਂਟ ਵਿੱਚ ਪਾਈ ਗਈ ਇੱਕ ਸੰਸਦੀ ਪਟੀਸ਼ਨ ਜੋ ਕਿ ਕੰਜ਼ਰਵੇਟਿਵ ਪਾਰਟੀ ਦੇ ਸੰਸਦ ਮੈਂਬਰ ਬ੍ਰੈਡ ਵਿਸ ਵਲੋਂ ਸਪਾਂਸਰ ਕੀਤੀ ਗਈ ਸੀ ਨੂੰ ਮਾਤਰ 30 ਦਿਨਾਂ ਦੇ ਥੋੜ੍ਹੇ ਸਮੇਂ ਵਿੱਚ ਲਗਭਗ 20,000 ਕੈਨੇਡਾ ਵਿੱਚ ਰਹਿੰਦੇ ਲੋਕਾਂ ਵਲੋਂ ਹਸਤਾਖਰ ਕੀਤੇ ਗਏ ਸਨ ਅਤੇ ਇਹ ਮਸਲਾ ਸੰਸਦ ਦੇ ਗਲਿਆਰਿਆਂ ਵਿੱਚ ਵੀ ਗੁੰਜਿਆ ਸੀ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly