ਫੁੱਲ ਦੀ ਪੀੜ

(ਸਮਾਜ ਵੀਕਲੀ)

ਰਾਤੀਂ ਫੁੱਲ ਸੁਪਨੇ ਵਿੱਚ ਆਇਆ ,
ਮਹਿਕਾਂ ਨਾਲ ਸੰਵਾਦ ਰਚਾਇਆ।
ਕਹਿਣ ਲੱਗਾ ਮੈਂ ਖ਼ੁਸ਼ੀਆਂ ਵੰਡਾਂ ,
ਖ਼ੁਸ਼ਬੋਆਂ ਦਾ ਮੈਂ ਮੇਲਾ ਲਾਇਆ ।
ਉਦਾਸ ਹੋਇਆਂ ਨੂੰ ਮੈਂ ਰੌਣਕ ਵੰਡਾਂ,
ਮੈਂ ਕਿਸੇ ਦਾ ਨਾ ਦਿਲ ਦੁਖਾਇਆ।
ਸਭਨਾਂ ਨੂੰ ਸਦਾ ਹੀ ਮਹਿਕਾਂ ਵੰਡਾਂ,
ਮੈਂ ਮੇਰ ਤੇਰ ਨਾ ਕਦੇ ਪੁਗਾਇਆ ।
ਤਿਤਲੀਆਂ ਨੂੰ ਮੈਂ ਮਿੱਠਾ ਰਸ ਵੰਡਾਂ,
ਭੌਰਿਆਂ ਦੀ ਮੈਂ ਖ਼ੁਸ਼ੀ ਲਿਆਇਆ।
ਬਸ ਦੋ ਪਲਾਂ ਦੀ ਖ਼ੁਸ਼ੀ ਵਾਸਤੇ ,
ਮੇਰਾ ਜੀਵਨ ਮਾਰ ਮੁਕਾਇਆ।
ਮੈਨੂੰ ਮੇਰੇ ਮੂਲ ਤੋਂ ਵੱਖ ਕਰਕੇ ,
ਕਿਸੇ ਦੇ ਵਾਲ਼ਾਂ ਵਿੱਚ ਟਿਕਾਇਆ।
ਵਿਆਹਾਂ ‘ ਚ ਗੇਟ ਤੇ ਸੂਲ਼ੀ ਚੜ੍ਹਾਂ ,
ਮੈਂ ਸ਼ਾਮ ਨੂੰ ਪੈਰਾਂ ਥੱਲੇ ਆਇਆ।
ਮੇਰੇ ਹੁਸਨ ਦੀ ਖ਼ੁਸ਼ੀ ਵਰਤਕੇ ,
ਮੈਨੂੰ ਕੂੜੇ ਢੇਰਾਂ ਨਾਲ ਲਿਟਾਇਆ।
ਮੇਰੇ ਜਿਉਂਦੇ ਦਾ ਕਤਲ ਕਰਕੇ ,
ਅਰਥੀ ‘ ਚ ਲਾਸ਼ ਉੱਤੇ ਪਾਇਆ।
ਮੈਥੋਂ ਉਦੋਂ ਦੁੱਖ ਝੱਲਿਆ ਨਾ ਜਾਵੇ,
ਭ੍ਰਿਸ਼ਟ ਲੋਕਾਂ ਦੇ ਗਲ਼ ਪਾਇਆ।
ਆਪਣੀਆਂ ਖ਼ੁਸ਼ੀਆਂ ਲੈਣ ਵਾਸਤੇ,
ਧਰਮ ਸਥਾਨਾਂ ਤੇ ਬਲੀ ਚੜ੍ਹਾਇਆ।
ਮੇਰੇ ਸਜੀਵ ਦਾ ਕਤਲ ਕਰਕੇ ,
ਨਿਰਜੀਵ ਪੱਥਰਾਂ ਉੱਪਰ ਪਾਇਆ।
ਮੈਂ ਹਮੇਸ਼ਾ ਹੀ ਖ਼ੁਸ਼ੀਆਂ ਵੰਡਦਾ ,
ਦਰਦ ਮੇਰਾ ਨਾ ਨਜ਼ਰੀਂ ਆਇਆ।
ਬੋਲਦਾ ਫੁੱਲ ਖਾਮੋਸ਼ ਹੋ ਗਿਆ ,
ਰੋਂਦੇ ਫ਼ੁੱਲ ਦਾ ਗੱਚ ਭਰ ਆਇਆ।
ਭ੍ਰਮ ‘ਚ ਤੋੜ ਫ਼ੁੱਲਾਂ ਨੂੰ ਸੇਵਾ ਕਰਦੈਂ ,
ਪਾਪਾਂ ਭਾਰ ਸਿਰ ਹੋਰ ਵਧਾਇਆ।
ਇਕਬਾਲ ਫੁੱਲਾਂ ਦੀ ਬਲੀ ਨਾ ਚਾੜੋ ,
ਫੁੱਲ ਵੀ ਹੈ ਕੁਦਰਤ ਦਾ ਜ਼ਾਇਆ।
ਇਕਬਾਲ ਸਿੰਘ ਪੁੜੈਣ
8872897500

‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleIndia’s Dec merchandise exports up over 38% YoY
Next articleWet spell over east, central India, dense fog over north India: IMD