ਫਲੋਰਿਡਾ ਹਾਦਸਾ: ਲਾਪਤਾ ਲੋਕਾਂ ’ਚ ਭਾਰਤੀ ਜੋੜਾ ਤੇ ਇੱਕ ਬੱਚੀ ਸ਼ਾਮਲ

ਹਿਊਸਟਨ/ਲੰਡਨ, (ਸਮਾਜ ਵੀਕਲੀ): ਅਮਰੀਕਾ ਫਲੋਰਿਡਾ ’ਚ ਇੱਕ 12 ਮੰਜ਼ਿਲੀ ਰਿਹਾਇਸ਼ੀ ਇਮਾਰਤ ਦਾ ਇੱਕ ਹਿੱਸਾ ਢਹਿਣ ਕਾਰਨ ਲਾਪਤਾ ਹੋਏ 150 ਦੇ ਕਰੀਬ ਲੋਕਾਂ ’ਚ ਇੱਕ ਭਾਰਤੀ-ਅਮਰੀਕੀ ਜੋੜਾ ਤੇ ਉਨ੍ਹਾਂ ਦੀ ਇੱਕ ਸਾਲਾ ਬੱਚੀ ਵੀ ਸ਼ਾਮਲ ਹੈ। ਸਥਾਨਕ ਮੀਡੀਆ ਨੇ ਇਸ ਸਬੰਧੀ ਜਾਣਕਾਰੀ ਦਿੱਤੀ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਮਿਆਮੀ ਬੀਚ ਤੋਂ ਕਰੀਬ ਸੱਤ ਮੀਲ ਦੂਰ ਸਥਿਤ ਚੈਂਪੀਅਨ ਟਾਵਰਜ਼ ਦਾ ਇੱਕ ਹਿੱਸਾ ਅਚਾਨਕ ਢਹਿ ਗਿਆ ਜਿਸ ਮਗਰੋਂ ਖੋਜ ਤੇ ਬਚਾਅ ਕਾਰਜ ਸ਼ੁਰੂ ਕੀਤੇ ਗਏ ਹਨ। ਅਧਿਕਾਰੀਆਂ ਨੇ ਦੱਸਿਆ ਕਿ ਹੁਣ ਤੱਕ 9 ਲੌਕਾਂ ਦੀ ਮੌਤ ਹੋਣ ਦੀ ਪੁਸ਼ਟੀ ਹੋਈ ਹੈ। ਇੱਥੇ ਮੌਜੂਦ ਸਰੀਨਾ ਪਟੇਲ ਨੇ ਦੱਸਿਆ ਕਿ ਮਲਬੇ ਹੇਠ ਅਮਰੀਕੀ-ਭਾਰਤੀ ਵਿਸ਼ਾਲ ਪਟੇਲ (42), ਉਸ ਦੀ ਪਤਨੀ ਭਾਵਨਾ ਪਟੇਲ (38) ਤੇ ਉਨ੍ਹਾਂ ਦੀ ਇੱਕ ਸਾਲ ਦੀ ਧੀ ਆਇਸ਼ਨੀ ਪਟੇਲ ਵੀ ਇਮਾਰਤ ਢਹਿਣ ਕਾਰਨ ਲਾਪਤਾ ਹੋਏ ਲੋਕਾਂ ’ਚ ਸ਼ਾਮਲ ਦੱਸੇ ਜਾ ਰਹੇ ਹਨ। ਉਸ ਨੇ ਦੱਸਿਆ ਕਿ ਜਦੋਂ ਇਹ ਘਟਨਾ ਵਾਪਰੀ ਤਾਂ ਵਿਸ਼ਾਲ ਆਪਣੇ ਪਰਿਵਾਰ ਸਮੇਤ ਘਰ ’ਚ ਹੀ ਸੀ। ਉਨ੍ਹਾਂ ਨਾਲ ਫੋਨ ’ਤੇ ਕਈ ਵਾਰ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਸੰਪਰਕ ਨਹੀਂ ਹੋ ਸਕਿਆ। ਭਾਵਨਾ ਬਰਤਾਨਵੀ ਤੇ ਅਮਰੀਕੀ ਨਾਗਰਿਕ ਹੈ।

ਇਸੇ ਦੌਰਾਨ ਇਮਾਰਤ ਢਹਿਣ ਕਾਰਨ ਲਾਪਤਾ ਹੋਏ ਲੋਕਾਂ ਦੇ ਪਰਿਵਾਰਾਂ ਦੀ ਹਾਲਤ ਤਰਸਯੋਗ ਬਣੀ ਹੋਈ ਹੈ। ਉਹ ਆਪਣੇ ਪਰਿਵਾਰਕ ਮੈਂਬਰਾਂ ਦੀ ਸਲਾਮਤੀ ਲਈ ਅਰਦਾਸਾਂ ਕਰ ਰਹੇ ਹਨ। ਮੀਡੀਆ ਰਿਪੋਰਟਾਂ ਅਨੁਸਾਰ ਹੁਣ ਤੱਕ ਨੌਂ ਲੋਕਾਂ ਦੇ ਮਾਰੇ ਜਾਣ ਦੀ ਪੁਸ਼ਟੀ ਹੋਈ ਹੈ ਤੇ 150 ਦੇ ਕਰੀਬ ਲੋਕ ਲਾਪਤਾ ਦੱਸੇ ਜਾ ਰਹੇ ਹਨ। ਜ਼ਿਕਰਯੋਗ ਹੈ ਕਿ 24 ਜੂਨ ਨੂੰ ਮਿਆਮੀ ਬੀਚ ਤੋਂ ਕਰੀਬ ਸੱਤ ਮੀਲ ਦੌਰ ਸਥਿਤ ਚੈਂਪੀਅਨ ਟਾਵਰਜ਼ ਦਾ ਇੱਕ ਹਿੱਸਾ ਢਹਿ ਗਿਆ ਸੀ।

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

 

 

 

 

 

 

Previous articleਸੀਰੀਆ ਵਿਚ ਅਮਰੀਕੀ ਬਲਾਂ ’ਤੇ ਰਾਕੇਟ ਹਮਲੇ
Next articleਕਰੋਨਾ: ਇਟਲੀ ਵਿੱਚ ਅਭਿਆਸ ਕਰੇਗੀ ਮੈਰੀਕੌਮ