ਸਬਦਾਂ ਦੀ ਪਰਵਾਜ਼-18.

jasvir singh pabla

(ਸਮਾਜਵੀਕਲੀ)

ਧੋ,ਧੋਣਾ ਅਤੇ ਧੁਪਣਾ ਸ਼ਬਦਾਂ ਵਿਚਲਾ ਅੰਤਰ: ਕੀ, ਕਿਉਂ ਅਤੇ ਕਿਵੇਂ?
“”””””””””””””””””””””””””””””””””””””””””””””””””””””””””””””””””””””””””””””
ਧੋ,ਧੋਣਾ ਅਤੇ ਧੁਪਣਾ ਆਦਿ ਸਾਰੇ ਸ਼ਬਦ ਸੰਸਕ੍ਰਿਤ ਮੂਲ ਦੇ ਹਨ। ਇਹਨਾਂ ਸ਼ਬਦਾਂ ਦੇ ਅਰਥਾਂ ਵਿੱਚ ਜੋ ਮਾਮੂਲੀ ਅੰਤਰ ਹਨ, ਉਹ ਇਹਨਾਂ ਸ਼ਬਦਾਂ ਵਿਚਲੀਆਂ ਧੁਨੀਆਂ ਕਾਰਨ ਹੀ ਹਨ। ‘ਭਾਸ਼ਾ ਵਿਭਾਗ ਪੰਜਾਬ’ ਦੇ ਸ਼ਬਦ-ਕੋਸ਼ ਅਨੁਸਾਰ ‘ਧੋਣਾ’ ਸ਼ਬਦ ਸੰਸਕ੍ਰਿਤ ਦੇ ‘ਧਾਵਨ’ ਸ਼ਬਦ ਤੋਂ ਬਣਿਆ ਹੈ ਜੋਕਿ ਅੱਗੋਂ ਮੂਲ ਸ਼ਬਦ ਜਾਂ ਧਾਤੂ ‘ਧਾਵ’ ਤੋਂ ਬਣਿਆ ਹੈ। ਕੋਸ਼ ਅਨੁਸਾਰ ‘ਧੋਤਾ ਹੋਇਆ’ (ਭੂਤਕਾਲ) ਸ਼ਬਦ ਸੰਸਕ੍ਰਿਤ ਦੇ ‘ਧੌਤ’ ਸ਼ਬਦ ਤੋਂ ਬਣਿਆ ਹੋਇਆ ਹੈ।
ਧੋ ਤੇ ਧੋਣਾ ਸ਼ਬਦ ਤਾਂ ਉਪਰੋਕਤ ਅਨੁਸਾਰ ਸਪਸ਼ਟ ਹੀ ਹਨ ਕਿ ਇਹ ਸ਼ਬਦ ਧਾਵ/ਧੋ ਧਾਤੂ ਤੋਂ ਹੀ ਬਣੇ ਹੋਏ ਹਨ ਪਰ ‘ਧੁਪਣ’ ਸ਼ਬਦ ਬਾਰੇ ਭਾਸ਼ਾ ਵਿਭਾਗ ਦੇ ਸ਼ਬਦ-ਕੋਸ਼ ਅਨੁਸਾਰ ਇਹ ਸ਼ਬਦ ਪ੍ਰਾਕ੍ਰਿਤ ਦੇ ‘ਧੁਵਣ’ ਸ਼ਬਦ ਤੋਂ ਹੋਂਦ ਵਿੱਚ ਆਇਆ ਹੈ।

ਬੇਸ਼ੱਕ ਇਹ ਸ਼ਬਦ ‘ਧੁਵਣ’ ਸ਼ਬਦ ਤੋਂ ਹੀ ਬਣਿਆ ਹੋਵੇ ਪਰ ਤਾਂ ਵੀ ਧੁਪਣ ਅਤੇ ਧੁਵਨ ਸ਼ਬਦਾਂ ਵਿਚਲੀਆਂ ਧੁਨੀਆਂ ਅਤੇ ਉਹਨਾਂ ਦੇ ਅਰਥਾਂ ਅਨੁਸਾਰ ਇਹਨਾਂ ਸ਼ਬਦਾਂ ਦੇ ਅਰਥਾਂ ਵਿੱਚ ਕੋਈ ਖ਼ਾਸ ਅੰਤਰ ਨਹੀਂ ਹੈ (ਵ ਧੁਨੀ ਦੇ ਅਰਥਾਂ ਬਾਰੇ ਇੱਕ ਵੱਖਰਾ ਲੇਖ ਛੇਤੀ ਹੀ)। ਪਰ ਕਿਉਂਕਿ ਇਸ ਸਮੇਂ ਸਾਡੇ ਕੋਲ਼ ਮਿਆਰੀ ਰੂਪ ਵਿੱਚ ਸ਼ਬਦ ‘ਧੁਪਣ’ ਹੀ ਮੌਜੂਦ ਹੈ ਇਸ ਲਈ ਹੁਣ ਇਸ ਸ਼ਬਦ ਵਿਚਲੀਆਂ ਧੁਨੀਆਂ ਅਤੇ ਉਹਨਾਂ ਦੇ ਅਰਥਾਂ ਅਨੁਸਾਰ ਹੀ ਇਸ ਸ਼ਬਦ ਨੂੰ ਵਿਚਾਰਿਆ ਜਾਵੇਗਾ ਕਿ ਧੁਪ ਜਾਂ ਧੁਪਣ (ਧੁ+ਪ+ਣ) ਸ਼ਬਦਾਂ ਦੀ ਵਿਉਤਪਤੀ ਕਿਵੇਂ ਹੋਈ ਹੈ ਅਤੇ ਇਸ ਸ਼ਬਦ ਵਿਚਲੀਆਂ ਧੁਨੀਆਂ ਦੇ ਕੀ ਅਰਥ ਹਨ।

ਸਪਸ਼ਟ ਹੈ ਕਿ ਪਹਿਲੀ ਧੁਨੀ (ਧੁ) ਤਾਂ ‘ਧਾਵ’ ਜਾਂ ਧੋ ਸ਼ਬਦ ਤੋਂ ਹੀ ਬਣੀ ਹੈ ਜਿਸ ਦੇ ਅਰਥ ਉਪਰੋਕਤ ਅਨੁਸਾਰ ਧੋਣਾ ਹੀ ਹਨ। ਦੂਜੀ ਧੁਨੀ ਪ ਦੇ ਅਰਥ ਹਨ- ਦੋ ਜਾਂ ਦੂਜਾ ਆਦਿ। ਸੋ, ਪ ਧੁਨੀ ਦੇ ਇਹਨਾਂ ਅਰਥਾਂ ਅਨੁਸਾਰ ‘ਧੁਪ’ ਸ਼ਬਦ ਦੇ ਅਰਥ ਹੋਏ- ਕੱਪੜੇ ਆਦਿ ਦਾ ਕਿਸੇ ਦੂਜੇ ਦੁਆਰਾ ਧੋਤਾ ਜਾਣਾ। ‘ਧੁਪਣ’ ਸ਼ਬਦ ਦੇ ਅਰਥਾਂ ਨੂੰ ਅੰਜਾਮ ਦੇਣ ਵਾਲੀ ਇਹ ਇਸ ਸ਼ਬਦ ਵਿਚ ਇੱਕ ਅਹਿਮ ਧੁਨੀ ਹੈ। ਇਸ ਧੁਨੀ ਦੇ ਅਰਥਾਂ ਨਾਲ਼ ਹੀ ‘ਧੁਪਣ’ ਸ਼ਬਦ ਦੇ ਅਰਥ “ਦੂਜੇ ਤੋਂ ਧੁਆਉਣਾ” ਬਣਦੇ ਹਨ। ‘ਧੁਪਣਾ’ ਵਿਚਲੀ ਤੀਜੀ ਧੁਨੀ ਣਾ ਜਾਂ ਨਾ ਦੇ ਅਰਥ ਹਨ- ਕਿਸੇ ਕੰਮ ਦੇ ਕਾਰਜ ਨੂੰ ਅੱਗੇ ਤੱਕ ਲੈ ਕੇ ਜਾਣ ਦੀ ਪ੍ਰਕਿਰਿਆ ਭਾਵ ਕਿਸੇ ਕੰਮ ਨੂੰ ਕਰਨਾ ਜਾਂ ਕੀਤੇ ਜਾਣਾ, ਜਿਵੇਂ: ਆਉਣਾ, ਜਾਣਾ, ਖਾਣਾ, ਪੀਣਾ, ਕਰਨਾ, ਭਰਨਾ, ਸਿਊਂਣਾ, ਪਰੋਣਾ, ਬੈਠਣਾ, ਖਲੋਣਾ ਆਦਿ। ਇਹਨਾਂ ਤੇ ਅਜਿਹੇ ਅਨੇਕਾਂ ਹੋਰ ਸ਼ਬਦਾਂ ਦੇ ਅੰਤ ਵਿੱਚ ਲੱਗੀਆਂ ਣ/ਨ ਧੁਨੀਆਂ ਆਮ ਤੌਰ ‘ਤੇ ਅਜਿਹੇ ਸ਼ਬਦਾਂ ਨੂੰ ਕਿਰਿਆ-ਸ਼ਬਦ ਹੀ ਬਣਾਉਂਦੀਆਂ ਹਨ।

ਜਿੱਥੋਂ ਤੱਕ ‘ਪ’ ਧੁਨੀ ਦੇ ਅਰਥਾਂ ਦਾ ਸੰਬੰਧ ਹੈ, ਇਸ ਦੇ ਅਰਥਾਂ ਸੰਬੰਧੀ ਦੋ ਕਿਸ਼ਤਾਂ ਵਿੱਚ ਲਿਖਿਆ ਮੇਰਾ ਇੱਕ ਵਿਸਤ੍ਰਿਤ ਲੇਖ ‘ਸ਼ਬਦਾਂ ਦੀ ਪਰਵਾਜ਼’ ਸਿਰਲੇਖ ਅਧੀਨ ਲੜੀ ਨੰਬਰ ਚਾਰ ਅਤੇ ਪੰਜ ਅਧੀਨ ਮੇਰੇ ਫ਼ੇਸਬੁੱਕ ਪੰਨੇ ਤੋਂ ਵੀ ਪੜ੍ਹਿਆ ਜਾ ਸਕਦਾ ਹੈ ਜਿਸ ਵਿੱਚ ਪ ਧੁਨੀ ਵਾਲ਼ੇ ਅਨੇਕਾਂ ਸ਼ਬਦਾਂ ਵਿੱਚ ਇਸ ਧੁਨੀ ਦੇ ਉਪਰੋਕਤ ਅਰਥਾਂ ਦਾ ਨਿਰੂਪਣ ਕੀਤਾ ਗਿਆ ਹੈ। ਉਦਾਹਰਨ ਦੇ ਤੌਰ ‘ਤੇ ਇਸ ਲੇਖ ਵਿੱਚੋਂ ਇੱਥੇ ਇੱਕਾ-ਦੁੱਕਾ ਅਜਿਹੇ ਸ਼ਬਦਾਂ ਦਾ ਜ਼ਿਕਰ ਕਰਨਾ ਜ਼ਰੂਰੀ ਹੈ ਜਿਸ ਨਾਲ਼ ਪ ਧੁਨੀ ਦੇ ਉਪਰੋਕਤ ਅਰਥ ਸਪਸ਼ਟ ਹੋ ਸਕਣ:
ਉਪ: ਵੱਡੇ ਤੋਂ ਛੋਟਾ ਜਾਂ ਦੂਜੇ ਦਰਜੇ ਵਾਲ਼ਾ।
“””””””””””””””””””””””””””””””””””””””””””””””
ਉਪ ਅਗੇਤਰ/ਸ਼ਬਦ ਦਾ ਅਰਥ ਹੈ- ਦੂਜੀ ਥਾਂ ਵਾਲ਼ਾ। ਦੂਜੀ ਥਾਂ ਦਾ ਭਾਵ ਇੱਥੇ ਛੋਟੀ ਥਾਂ ਵਾਲਾ ਹੈ, ਭਾਵ ਵੱਡੇ ਤੋਂ ਛੋਟਾ ਜਾਂ ਦੂਜੇ ਦਰਜੇ ਦਾ, ਜਿਵੇਂ: ਉਪ ਮੰਤਰੀ, ਉਪ ਰਾਸ਼ਟਰਪਤੀ ਆਦਿ। ਇਸ ਸ਼ਬਦ ਦੇ ਇਹ ਅਰਥ ਪ ਧੁਨੀ ਦੀ ਮੌਜੂਦਗੀ ਕਾਰਨ ਹੀ ਬਣੇ ਹਨ।
ਪਰੰਪਰਾ:
“””””””””
ਇਸ ਸ਼ਬਦ ਵਿਚ ਪਹਿਲੇ ਪ ਅੱਖਰ ਦਾ ਅਰਥ ਹੈ- ਦੂਜੇ ਥਾਂ ਅਰਥਾਤ ਪਿੱਛੇ ਤੋਂ ਚੱਲੀ ਆ ਰਹੀ ਅਤੇ ਦੂਜੇ ਪ ਦਾ ਅਰਥ ਹੈ- ਦੂਜੇ ਥਾਂ ਅਰਥਾਤ ਅੱਗੇ ਵੱਲ ਜਾਣ ਵਾਲ਼ੀ (ਕੋਈ ਰੀਤੀ/ਰਿਵਾਜ) ਆਦਿ।
ਧੁਪਣਾ:
“”””””””
ਸੋ, ਪ ਧੁਨੀ ਦੇ ਉਪਰੋਕਤ ਅਰਥਾਂ ਅਨੁਸਾਰ ‘ਧੁਪਣਾ’ ਸ਼ਬਦ ਦੇ ਅਰਥ ਹੋਏ- ਕੱਪੜਿਆਂ ਆਦਿ ਦਾ ਕਿਸੇ ਦੂਜੇ ਦੁਆਰਾ ਧੋਤੇ ਜਾਣਾ, ਜਿਵੇਂ:
” ਤੁਹਾਡੇ ਕੱਪੜੇ ਧੁਪ ਕੇ ਆ ਗਏ ਹਨ।”
ਇਸ ਵਾਕ ਦਾ ਭਾਵ ਹੈ ਕਿ ਤੁਸੀਂ ਆਪਣੇ ਕੱਪੜੇ ਆਪ ਨਹੀਂ ਧੋਤੇ ਸਗੋਂ ਇਹ ਕਿਸੇ ਦੂਜੇ ਜਾਂ ਹੋਰ ਦੁਆਰਾ (ਕਿਸੇ ਵਿਅਕਤੀ, ਧੋਬੀ, ਕੱਪੜੇ ਧੋਣ ਵਾਲੀ ਮਸ਼ੀਨ ਆਦਿ ਵਿੱਚ) ਧੋਤੇ ਗਏ ਹਨ। ਇਸ ਦੇ ਉਲਟ ‘ਧੋ’ ਜਾਂ ‘ਧੋਣ’ ਤੋਂ ਭਾਵ ਹੈ ਕਿ ਕੱਪੜੇ ਧੋਣ ਦਾ ਕੰਮ ਵਿਅਕਤੀ ਖ਼ੁਦ ਕਰ ਰਿਹਾ ਹੈ। ਇਹਨਾਂ ਅਰਥਾਂ ਵਾਲ਼ੇ ਵਾਕ ਨੂੰ ਅਸੀਂ ਇਸ ਤਰ੍ਹਾਂ ਨਹੀਂ ਲਿਖ ਸਕਦੇ ਕਿ ਉਹ ਆਪਣੇ ਕੱਪੜੇ ਧੁਪ ਰਿਹਾ ਹੈ ਸਗੋਂ ਇਹ ਲਿਖਾਂਗੇ ਕਿ ਉਹ ਆਪਣੇ ਕੱਪੜੇ ਧੋ ਰਿਹਾ ਹੈ ਜਾਂ ਧੋਬੀ ਕੱਪੜੇ ਧੋ ਰਿਹਾ ਹੈ, ਆਦਿ।
‘ਧੁਪ’ ਸ਼ਬਦ ਦੇ ਅਰਥਾਂ ਨੂੰ ਸਪਸ਼ਟ ਕਰਨ ਲਈ ਕੁਝ ਹੋਰ ਵਾਕਾਂ ਵਿੱਚ ਇਸ ਦੀ ਵਰਤੋਂ ਦੀਆਂ ਉਦਾਹਰਨਾਂ:
੧. ਮੇਰੇ ਕੱਪੜੇ ਧੁਪ ਕੇ ਆ ਗਏ ਹਨ
੨. ਤੁਹਾਡੇ ਕੱਪੜੇ ਧੋਬੀ ਕੋਲ ਧੁਪਣ ਲਈ ਦਿੱਤੇ ਹੋਏ ਹਨ।
ਉਪਰੋਕਤ ਵਾਕਾਂ ਵਿੱਚ ਵਰਤੇ ਗਏ ਧੁਪ ਅਤੇ ਧੁਪਣ ਸ਼ਬਦਾਂ ਤੋਂ ਇਹ ਗੱਲ ਪੂਰੀ ਤਰ੍ਹਾਂ ਸਪਸ਼ਟ ਹੋ ਜਾਂਦੀ ਹੈ ਕਿ ਕੱਪੜੇ ਧੋਤੇ ਜਾਣ ਦਾ ਕੰਮ ਆਪ ਨਹੀਂ ਸਗੋਂ ਕਿਸੇ ਦੂਜੇ ਵਿਅਕਤੀ ਜਾਂ ਸਾਧਨ ਦੁਆਰਾ ਕੀਤਾ ਜਾ ਰਿਹਾ ਹੈ।
“ਪੰਜਾਬੀ ਸ਼ਬਦ-ਰੂਪ ਅਤੇ ਸ਼ਬਦ-ਜੋੜ ਕੋਸ਼” (ਪੰ.ਯੂ.ਪਟਿਆਲ਼ਾ) ਵਿੱਚ ਵੀ ਵਿਚਾਰ-ਅਧੀਨ ਸ਼ਬਦ ‘ਧੁਪ’ ਦਾ ਇੰਦਰਾਜ ‘ਪ’ ਅੱਖਰ ਨਾਲ਼ ਹੀ ਕੀਤਾ ਗਿਆ ਹੈ। ਉੱਥੇ ਵੀ ਜਿਸ ਵਾਕ ਰਾਹੀਂ ਇਸ ਸ਼ਬਦ ਦੀ ਉਦਾਹਰਨ ਦਿੱਤੀ ਗਈ ਹੈ, ਉਹ ਹੈ:
“ਕੱਪੜਾ ਧੁਪ ਗਿਆ ਹੈ।”
ਇਸ ਵਾਕ ਦਾ ਭਾਵ ਵੀ ਇਹੋ ਹੀ ਹੈ ਕਿ ਜਿਸ ਵਿਅਕਤੀ ਦਾ ਕੱਪੜਾ ਹੈ, ਉਹ ਉਸ ਨੇ ਆਪ ਨਹੀਂ ਧੋਤਾ ਸਗੋਂ ਇਹ ਕਿਸੇ ਹੋਰ ਨੇ ਜਾਂ ਕਿਸੇ ਮਸ਼ੀਨ ਆਦਿ ਦੁਆਰਾ ਹੀ ਧੋਤਾ ਗਿਆ ਹੈ। ਪੰਜਾਬੀ ਦੇ ਇੱਕ ਬਹੁਤ ਹੀ ਪਿਆਰੀ ਅਤੇ ਨਵੇਕਲ਼ੀ ਸ਼ੈਲੀ ਦੇ ਲੇਖਕ ਡਾ. ਕਰਨੈਲ ਸਿੰਘ ‘ਅੰਬਰੀਸ਼’ ਨੇ ਵੀ ਆਪਣੇ ਇੱਕ ਲੇਖ “ਸਾਵੇ ਮੱਘ ਅਤੇ ਪੌਂਗ ਡੈਮ” ਵਿੱਚ ‘ਧੁਪ’ (ਧੋਣਾ) ਸ਼ਬਦ ਦੀ ਵਰਤੋਂ ਇਸ ਪ੍ਰਕਾਰ ਕੀਤੀ ਹੈ:
“……ਦੋ ਦਿਨ ਪਹਿਲਾਂ ਵਰ੍ਹੇ ਮੀਂਹ ਕਾਰਨ ਧੁੱਪ ਪਾਰਦਰਸ਼ੀ ਤੇ ਨਿੱਕੀ ਕਣਕ ਦੇ ਖੇਤ ਅਜੇ ਵੀ ਧੁਪੇ ਹੋਏ ਤੇ ਹਰੇ ਜਾਪਦੇ ਨੇ। ਜਨਵਰੀ ਦਾ ਅੱਧ ਹੋਣ ਕਾਰਨ ਧੁੱਪ ਸੁਖਾਵੀਂ ਤੇ ਨਿੱਘੀ ਹੈ।”
ਡਾ.ਅੰਬਰੀਸ਼ ਦੀਆਂ ਇਹਨਾਂ ਸਤਰਾਂ ਵਿੱਚ ਵੀ ‘ਧੁਪ’ ਦਾ ਭਾਵ ਖੇਤਾਂ ਨੂੰ ਕੁਦਰਤ ਦੁਆਰਾ (ਭਾਵ ਕਿਸੇ ਦੂਜੇ ਦੁਆਰਾ) ਮੀਂਹ ਨਾਲ਼ ਧੋਤੇ ਜਾਣ ਤੋਂ ਹੀ ਹੈ।
ਸੋ, ਇਸ ਪ੍ਰਕਾਰ ਅਸੀਂ ਦੇਖਦੇ ਹਾਂ ਕਿ ‘ਧੁਪ’ ਜਾਂ ‘ਧੁਪਣ’ ਸ਼ਬਦਾਂ ਦਾ ਸੂਰਜ ਦੀ ਧੁੱਪ ਨਾਲ਼ ਕੋਈ ਸੰਬੰਧ ਨਹੀਂ ਹੈ ਸਗੋਂ ਇਸ ਦਾ ਸੰਬੰਧ ਕੇਵਲ ਤੇ ਕੇਵਲ ਕਿਸੇ ਦੂਜੇ ਦੁਆਰਾ ਕੱਪੜੇ ਧੋਤੇ ਜਾਣ ਤੋਂ ਹੀ ਹੈ। ਇਸ ਦੇ ਨਾਲ ਹੀ ਦੂਜੀ ਗੱਲ ਇਹ ਵੀ ਸਪਸ਼ਟ ਹੋ ਜਾਂਦੀ ਹੈ ਕਿ ਸੰਸਕ੍ਰਿਤ ਮੂਲ ਦੇ ਹਿੰਦੀ/ਪੰਜਾਬੀ ਆਦਿ ਭਾਸ਼ਾਵਾਂ ਦੇ ਸਾਰੇ ਸ਼ਬਦ ਮੂਲ ਸ਼ਬਦਾਂ ਜਾਂ ਧਾਤੂਆਂ ਤੋਂ ਹੀ ਨਹੀਂ ਬਣੇ ਹੋਏ ਸਗੋਂ ‘ਧੁਪ’ ਸ਼ਬਦ ਵਾਂਗ ਬਹੁਤ ਸਾਰੇ ਸ਼ਬਦ ਅਜਿਹੇ ਵੀ ਹਨ ਜਿਹੜੇ ਸਿੱਧੇ ਧੁਨੀਆਂ ਤੇ ਉਹਨਾਂ ਦੇ ਅਰਥਾਂ ਦੀ ਬਦੌਲਤ ਹੀ ਹੋਂਦ ਵਿੱਚ ਆਏ ਹਨ, ਕਿਸੇ ਅਟੇ-ਸਟੇ ਜਾਂ ਤੀਰ-ਤੁੱਕੇ ਨਾਲ਼ ਨਹੀਂ।
………………………

ਜਸਵੀਰ ਸਿੰਘ ਪਾਬਲਾ,
ਲੰਗੜੋਆ, ਨਵਾਂਸ਼ਹਿਰ।
ਫ਼ੋਨ ਨੰ. 98884-03052.

ਸਮਾਜ ਵੀਕਲੀਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪੰਜਾਬ ਦੀ ਰਾਣੀ
Next articleਫਾਹਾ ਵੱਡੋ, ਰਾਜਨੀਤਕ ਦਲਾਂ ਦਾ