ਨਵੇਂ ਖੰਭਾਂ ਦੀ ਪਰਵਾਜ਼  (ਕਹਾਣੀ)

ਮਨਜੀਤ ਕੌਰ ਧੀਮਾਨ,
(ਸਮਾਜ ਵੀਕਲੀ)-  ਵੀਰ ਜੀ, ਦੱਸੋ ਮੈਂ ਇਸ ਵਾਰ ਤੁਹਾਡੇ ਲਈ ਕਿਹੋ ਜਿਹੀ ਰੱਖੜੀ ਲੈ ਕੇ ਆਵਾਂ? ਰੌਸ਼ਨੀ ਨੇ ਆਪਣੇ ਵੱਡੇ ਭਰਾ ਮਨੋਜ ਨੂੰ ਫ਼ੋਨ ਤੇ ਪੁੱਛਿਆ।
                ਰੱਖੜੀ….? ਮੈਂ…. ਮੈਂ….ਮਨੋਜ ਨੂੰ ਕੁਝ ਸੁੱਝ ਨਹੀਂ ਰਿਹਾ ਸੀ।
                ਵੀਰ ਜੀ, ਤੁਸੀਂ ਅਕਸਰ ਛੋਟੇ ਹੁੰਦਿਆਂ ਆਪਣੀ ਪਸੰਦ ਦੀ ਰੱਖੜੀ ਮੰਗਵਾਉਂਦੇ ਹੁੰਦੇ ਸੀ ਤੇ ਪਸੰਦ ਦੀ ਰੱਖੜੀ ਨਾ ਹੋਣ ਤੇ ਲੜ ਪੈਂਦੇ ਸੀ,ਇਸ ਲਈ ਪੁੱਛਿਆ ਮੈਂ। ਰੌਸ਼ਨੀ ਨੇ ਛੇੜਦਿਆਂ ਕਿਹਾ।
             ਹਾਂ ਰੌਸ਼ਨੀ, ਕੀ ਹਾਲ ਹੈ? ਅੱਗੋਂ ਫ਼ੋਨ ਭਾਬੀ ਮੀਨਾਕਸ਼ੀ ਨੇ ਫੜ੍ਹ ਲਿਆ ਸੀ।
           ਠੀਕ ਹਾਂ,ਭਾਬੀ ਜੀ। ਰੌਸ਼ਨੀ ਹੈਰਾਨ ਜਿਹੀ ਹੋ ਕੇ ਬੋਲੀ।
          ਅੱਛਾ, ਰੌਸ਼ਨੀ, ਇਸ ਵਾਰ ਰੱਖੜੀ ਨਹੀਂ ਮਨਾਉਣੀ। ਮੇਰੇ ਪੇਕਿਆਂ ਵਿੱਚ ਕੋਈ ਮਰਗ ਹੋ ਗਿਆ ਸੀ। ਪਿੰਡ ਦਾ ਮਹੌਲ ਹੈ, ਤੈਨੂੰ ਪਤਾ ਹੀ ਹੈ ਕਿ ਲੋਕ ਕਿਵੇਂ ਗੱਲਾਂ ਕਰਨ ਲੱਗ ਪੈਂਦੇ ਨੇ। ਚੱਲ ਚੰਗਾ!ਫ਼ੇਰ ਗੱਲ ਕਰਾਂਗੇ। ਕਹਿ ਕੇ ਮੀਨਾਕਸ਼ੀ ਨੇ ਫ਼ੋਨ ਰੱਖ ਦਿੱਤਾ।
                  ਇਹ ਕੀ? ਭਾਬੀ ਨੇ ਤਾਂ ਮੇਰੀ ਗੱਲ ਵੀ ਨਹੀਂ ਸੁਣੀ। ਕਿੰਨਾਂ ਚਾਅ ਸੀ ਮੈਨੂੰ ਰੱਖੜੀ ਬੰਨ੍ਹਣ ਦਾ, ਪਰ ਭਾਬੀ ਨੇ ਤਾਂ ਓਹੋ ਗੱਲ ਸੱਚ ਕਰ ਦਿੱਤੀ ਕਿ ਮਾਵਾਂ ਬਿਨ ਪੇਕੇ ਨਹੀਂ ਹੁੰਦੇ, ਰੌਸ਼ਨੀ ਕੱਲਿਆਂ ਬੋਲ-ਬੋਲ ਕੇ ਰੋਈ ਜਾ ਰਹੀ ਸੀ।
              ਰੌਸ਼ਨੀ, ਤੂੰ ਉਦਾਸ ਨਾ ਹੋ। ਕੋਈ ਨਾ ਕੋਈ ਕਾਰਨ ਹੋ ਸਕਦਾ ਹੈ। ਉਹ ਐਸ ਤਰ੍ਹਾਂ ਦੇ ਨਹੀਂ ਹਨ। ਆਪਾਂ ਅਸਲੀ ਕਾਰਨ ਪਤਾ ਕਰਦੇ ਹਾਂ। ਪਿੱਛੇ ਖੜ੍ਹੇ ਰੌਸ਼ਨੀ ਦੇ ਘਰਵਾਲ਼ੇ ਦੀਪਕ ਨੇ ਸਾਰੀ ਗੱਲ ਸੁਣ ਕੇ ਸੋਚਦਿਆਂ ਕਿਹਾ।
            ਤੁਸੀਂ ਸੱਚ ਕਹਿ ਰਹੇ ਹੋ।ਵੀਰ ਜੀ ਨੇ ਵੀ ਗੱਲ ਨਹੀਂ ਕੀਤੀ। ਕੋਈ ਨਾ ਕੋਈ ਗੱਲ ਜ਼ਰੂਰ ਹੈ। ਰੌਸ਼ਨੀ ਨੇ ਸੋਚਦਿਆਂ ਕਿਹਾ।
             ਤੂੰ ਫ਼ਿਕਰ ਨਾ ਕਰ। ਸਾਰੀ ਗੱਲ ਮੇਰੇ ਤੇ ਛੱਡ ਦੇ। ਕਹਿ ਕੇ ਦੀਪਕ ਬਾਹਰ ਨਿਕਲ ਗਿਆ।
            ਸ਼ਾਮ ਨੂੰ ਦੀਪਕ ਨੇ ਰੌਸ਼ਨੀ ਨੂੰ ਤਿਆਰ ਹੋਣ ਲਈ ਕਿਹਾ ਤੇ ਉਹ ਸਮੇਤ ਬੱਚਿਆਂ ਦੇ, ਪਿੰਡ ਪਹੁੰਚ ਗਏ।
            ਰਾਹ ਵਿੱਚ ਪੈਂਦੇ ਬਜ਼ਾਰ ਤੋਂ ਉਹਨਾਂ ਨੇ ਬਹੁਤ ਸਾਰੇ ਕੱਪੜੇ, ਖਿਡੌਣੇ ਤੇ ਮਿਠਾਈਆਂ ਆਦਿ ਖ਼ਰੀਦ ਲਈਆਂ।
              ਭੂਆ ਆਏ! ਭੂਆ ਆਏ! ਬੱਚਿਆਂ ਦਾ ਰੌਲਾ ਸੁਣ ਕੇ ਮੀਨਾਕਸ਼ੀ ਤੇ ਮਨੋਜ ਬਾਹਰ ਆ ਗਏ। ਤੇ ਰੌਸ਼ਨੀ ਨੂੰ ਪਰਿਵਾਰ ਸਮੇਤ ਦੇਖ ਕੇ ਹੈਰਾਨ ਹੋ ਗਏ।
             ਕੀ ਹੋਇਆ ਵੀਰ ਜੀ? ਤੁਸੀਂ ਸਾਨੂੰ ਦੇਖ਼ ਕੇ ਖ਼ੁਸ਼ ਨਹੀਂ ਹੋਏ। ਕੀ ਹੁਣ ਮੈਂ ਆਪਣੇ ਘਰ ਆ ਵੀ ਨਹੀਂ ਸਕਦੀ? ਰੌਸ਼ਨੀ ਨੇ ਮਨੋਜ ਨੂੰ ਗਲੇ ਮਿਲ਼ਦਿਆਂ ਕਿਹਾ।
             ਨਹੀਂ ਐਹੋ ਜਿਹੀ ਗੱਲ ਨਹੀਂ, ਲਾਡੋ। ਤੁਸੀਂ ਬੈਠੋ ਮੈਂ ਹੁਣੇ ਚਾਹ ਪਾਣੀ ਲਿਆਉਂਨੀ ਹਾਂ। ਮਨੋਜ ਦੀ ਥਾਂ ਮੀਨਾਕਸ਼ੀ ਨੇ ਜਵਾਬ ਦਿੱਤਾ ਤੇ ਰਸੋਈ ਵੱਲ ਤੁਰ ਗਈ।
               ਰੌਸ਼ਨੀ ਬਾਹਰ ਖੇਡਦੇ ਬੱਚਿਆਂ ਕੋਲ਼ ਚਲੀ ਗਈ।
        ਪੁੱਤ ਆਜੋ, ਖਿਡੌਣੇ ਦੇਵਾਂ, ਨਾਲੇ ਚੀਜ਼ੀਆਂ।ਭੂਆ ਜੀ, ਭੂਆ ਜੀ ਕਰਦੇ ਬੱਚੇ ਭੱਜ ਕੇ ਆ ਗਏ। ਰੌਸ਼ਨੀ ਨੇ ਗੱਡੀ ਵਿੱਚੋਂ ਸਮਾਨ ਕੱਢ ਕੇ ਦੇਣਾ ਸ਼ੁਰੂ ਕੀਤਾ ਤਾਂ ਵੱਡੀ ਭਤੀਜੀ ਓਸਦੇ ਗਲ਼ ਲੱਗ ਗਈ।
        ਕੀ ਹੋਇਆ ਪੁੱਤਰ, ਮੈਨੂੰ ਦੱਸ। ਰੌਸ਼ਨੀ ਨੇ ਪਿਆਰ ਨਾਲ ਉਸਦਾ ਸਿਰ ਪਲੋਸਦਿਆਂ ਕਿਹਾ।
         ਭੂਆ ਜੀ, ਪਾਪਾ ਨੂੰ ਬਹੁਤ ਲੋਸ(ਨੁਕਸਾਨ)ਹੋਇਆ ਹੈ। ਸਾਰਾ ਵਿਜ਼ਨਸ ਡੁੱਬ ਗਿਆ। ਬਹੁਤ ਕਰਜ਼ਾ ਵੀ ਹੋ ਗਿਆ ਹੈ। ਘਰੇ ਰਾਸ਼ਨ ਵੀ ਮੁੱਕਿਆ ਹੋਇਆ। ਸਕੂਲ ਦੀ ਫ਼ੀਸ ਵੀ ਰਹਿੰਦੀ ਹੈ ਤੇ…… ਤੇ….. ਕੁੜੀ ਹਟਕੋਰੇ ਲੈਣ ਲੱਗੀ।
               ਓ..ਅ…ਅ! ਮੇਰਾ ਬੱਚਾ! ਬੱਸ ਪੁੱਤ!ਮੈਂ ਸਭ ਸਮਝ ਗਈ। ਤੂੰ ਫ਼ਿਕਰ ਨਾ ਕਰ। ਤੇਰੀ ਭੂਆ ਹੈ ਨਾ। ਸਭ ਠੀਕ ਹੋ ਜਾਣਾ। ਕਹਿ ਕੇ ਰੌਸ਼ਨੀ ਨੇ ਕੁੜੀ ਨੂੰ ਕਲਾਵੇ ਵਿੱਚ ਲੈ ਲਿਆ।
              ਇਹ ਕੀ ਹੈ? ਰੌਸ਼ਨੀ ਦੇ ਜਾਣ ਤੋਂ ਬਾਅਦ ਮਨੋਜ ਨੂੰ ਜਦੋਂ ਕੁੜੀ ਨੇ ਇੱਕ ਲਿਫ਼ਾਫ਼ਾ ਫੜਾਇਆ ਤਾਂ ਉਹਨੇ ਹੈਰਾਨ ਹੁੰਦਿਆਂ ਕਿਹਾ।
             ਪਤਾ ਨਹੀਂ, ਪਾਪਾ ਜੀ, ਇਹ ਭੂਆ ਜੀ ਫੜਾ ਗਏ ਸਨ ਅਤੇ ਉਨ੍ਹਾਂ ਨੇ ਕਿਹਾ ਸੀ ਕਿ ਮੇਰੇ ਜਾਣ ਤੋਂ ਬਾਅਦ ਆਪਣੇ ਪਾਪਾ ਨੂੰ ਦੇ ਦੇਵੀਂ। ਕੁੜੀ ਨੇ ਦੱਸਿਆ।
               ਮਿਨਾਕਸ਼ੀ! ਛੇਤੀ ਆ। ਮਨੋਜ ਨੇ ਲਿਫ਼ਾਫ਼ਾ ਖੋਲਦਿਆਂ ਆਵਾਜ਼ ਮਾਰੀ।
              ਤੂੰ ਰੌਸ਼ਨੀ ਨੂੰ ਕਿਉਂ ਦੱਸਿਆ? ਤੈਨੂੰ ਮਨਾਂ ਕੀਤਾ ਸੀ ਮੈਂ…. ਫ਼ੇਰ ਵੀ ਤੂੰ….! ਮਿਨਾਕਸ਼ੀ ਦੇ ਕੋਲ਼ ਆਉਂਦਿਆਂ ਹੀ ਮਨੋਜ ਗੁੱਸੇ ਵਿੱਚ ਬੋਲਿਆ।
               ਜੀ, ਮੈਂ ਕੁਝ ਨਹੀਂ ਦੱਸਿਆ ਉਹਨੂੰ। ਹੋਇਆ ਕੀ ਹੈ? ਦੱਸੋ ਤਾਂ ਸਹੀ। ਮਿਨਾਕਸ਼ੀ ਨੇ ਵੀ ਹੈਰਾਨੀ ਨਾਲ ਕਿਹਾ।
               ਆਪੇ ਦੇਖ਼ ਲੈ। ਮਨੋਜ ਨੇ ਲਿਫ਼ਾਫ਼ਾ ਫੜਾਉਂਦਿਆਂ ਕਿਹਾ।
             ਲਿਫ਼ਾਫ਼ੇ ਵਿੱਚ ਇੱਕ ਬਲੈਂਕ ( ਖਾਲੀ)ਚੈੱਕ ਸੀ ਤੇ ਕੁਝ ਪੈਸੇ ਤੇ ਇੱਕ ਚਿੱਠੀ। ਮਿਨਾਕਸ਼ੀ ਨੇ ਚਿੱਠੀ ਕੱਢ ਕੇ ਪੜ੍ਹਨੀ ਸ਼ੁਰੂ ਕੀਤੀ।
             ਵੀਰ ਜੀ, ਐਨਾ ਕੁਝ ਹੋ ਗਿਆ, ਪਰ ਤੁਸੀਂ ਮੈਨੂੰ ਨਹੀਂ ਦੱਸਿਆ। ਤੁਸੀਂ ਬੇਸ਼ਕ ਮੈਨੂੰ ਆਪਣੀ ਨਹੀਂ ਸਮਝਦੇ,ਪਰ ਮੇਰੇ ਤਾਂ ਤੁਸੀਂ ਵੱਡੇ ਵੀਰ ਜੀ ਹੋ, ਮਾਂ ਬਾਪ ਦੀ ਥਾਂ ਵੀ ਹੁਣ ਤੁਸੀਂ ਹੀ ਹੋ। ਮੈਂ ਜਿੰਨੇ ਜੋਗੀ ਹਾਂ , ਉਨੀਂ ਕੁ ਮਦਦ ਕਰ ਰਹੀ ਹਾਂ। ਉਮੀਦ ਹੈ ਤੁਸੀਂ ਇਸ ਨਾਲ਼ ਦੁਬਾਰਾ ਆਪਣਾ ਕੰਮ ਸ਼ੁਰੂ ਕਰ ਲਵੋਗੇ। ਨਰਾਜ਼ ਨਾ ਹੋਇਓ, ਇਹ ਰਕਮ ਉਧਾਰ ਸਮਝ ਕੇ ਰੱਖ ਲਿਓ। ਮੈਨੂੰ ਪਤਾ ਹੈ ਕਿ ਤੁਸੀਂ ਫ਼ੇਰ ਤੋਂ ਨਵੇਂ ਸਿਰੇ ਤੋਂ ਸ਼ੁਰੂਆਤ ਕਰੋਗੇ ਤੇ ਇੱਕ ਦਿਨ ਪਹਿਲਾਂ ਨਾਲੋਂ ਵੀ ਵੱਧ ਤਰੱਕੀ ਕਰੋਗੇ। ਤੁਹਾਡੀ ਲਾਡਲੀ ਭੈਣ…..
                ਰੌਸ਼ਨੀ।
ਚਿੱਠੀ ਪੜ੍ਹ ਕੇ ਦੋਨਾਂ ਦੀਆਂ ਅੱਖਾਂ ਭਰ ਆਈਆਂ ਪਰ ਮਨੋਜ ਨੇ ਉੱਠਦਿਆਂ ਕਿਹਾ,” ਹਾਂ ਭੈਣੇ! ਤੂੰ ਸਹੀ ਕਿਹਾ ਹੈ, ਮੈਂ ਦੁਬਾਰਾ ਸ਼ੁਰੂਆਤ ਕਰਾਂਗਾ….. ਇਹ ਤੇਰੇ ਨਵੇਂ ਦਿੱਤੇ ਖੰਭਾਂ ਦੀ ਪਰਵਾਜ਼ ਹੈ….”ਕਹਿੰਦੇ ਹੋਏ ਮਨੋਜ ਇੱਕ ਨਵੀਂ ਉਡਾਰੀ ਭਰਨ ਲਈ ਬਾਹਰ ਨਿਕਲ ਗਿਆ।
ਮਨਜੀਤ ਕੌਰ ਧੀਮਾਨ, 
ਸ਼ੇਰਪੁਰ, ਲੁਧਿਆਣਾ।     
 ਸੰ:9464633059

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleDes Raj Kali – a literary and Intellectual Stalwart: an Obituary
Next articleਰੱਖੜੀ ਬੰਨ੍ਹਾ ਲੈ