
(ਸਮਾਜ ਵੀਕਲੀ) ਜਿੱਥੇ ਮਨੋਬਲ ਦੀ ਮਜ਼ਬੂਤੀ ਹੁੰਦੀ ਹੈ, ਉੱਥੇ ਰਸਤੇ ਆਪਣੇ ਆਪ ਬਣ ਜਾਂਦੇ ਹਨ। ਰਾਜਸਥਾਨ ਦੇ ਬਾੜਮੇਰ ਜ਼ਿਲ੍ਹੇ ਦੇ ਪਿੰਡ ਗਿਰਾਬ ਦੇ ਕਿਸਾਨ ਅਰਜੁਨ ਸਿੰਘ ਰਾਜਪੁਰੋਹਿਤ ਦੇ ਪੁੱਤਰ ਹਾਕਮ ਸਿੰਘ ਇਸ ਗੱਲ ਦਾ ਉਦਾਹਰਣ ਹੈ। ਐਥਲੈਟਿਕਸ ਖੇਡ ਨਾਲ ਜੁੜਿਆ ਹੋਇਆ ਇਹ 30 ਸਾਲਾ ਨੌਜਵਾਨ 21 ਕਿਲੋਮੀਟਰ ਹਾਫ ਮੈਰਾਥਨ ਦੌੜ ਦਾ ਮਾਹਰ ਖਿਡਾਰੀ ਹੈ, ਪਰ ਉਸ ਦੀ ਦੌੜ ਸਿਰਫ਼ ਮੈਦਾਨੀ ਇਲਾਕਿਆਂ ਤੱਕ ਸੀਮਿਤ ਨਹੀਂ ਰਹੀ। ਉਸ ਨੇ ਆਪਣੇ ਸਰੀਰਕ ਸਮਰਥ ਅਤੇ ਅਡਿੱਗ ਮਨੋਬਲ ਨੂੰ ਧਾਰਮਿਕ ਨਿਸ਼ਠਾ ਨਾਲ ਜੋੜ ਕੇ ਇੱਕ ਅਜਿਹਾ ਕਾਰਨਾਮਾ ਕਰ ਦਿਖਾਇਆ ਜੋ ਸਾਰੀ ਨੌਜਵਾਨ ਪੀੜ੍ਹੀ ਲਈ ਪ੍ਰੇਰਣਾ ਬਣ ਗਿਆ ਹੈ। ਹਾਕਮ ਸਿੰਘ ਨੇ 1 ਅਪ੍ਰੈਲ ਤੋਂ 15 ਜੂਨ ਤਕ ਰਾਜਸਥਾਨ ਦੇ ਬਾੜਮੇਰ ਸਥਿੱਤ ਬ੍ਰਹਮ ਧਾਮ ਆਸੋਤਰਾ ਤੋਂ ਉੱਤਰਾਖੰਡ ਦੇ ਚਾਰ ਧਾਮ ਯਮੁਨੋਤਰੀ, ਗੰਗੋਤਰੀ, ਕੇਦਾਰਨਾਥ ਅਤੇ ਬਦਰੀਨਾਥ ਤਕ ਲਗਭਗ 2500 ਕਿਲੋਮੀਟਰ ਦੀ ਪੈਦਲ ਯਾਤਰਾ ਸਿਰਫ਼ 75 ਦਿਨਾਂ ਵਿੱਚ ਪੂਰੀ ਕੀਤੀ ਹੈ। ਹਰ ਰੋਜ਼ ਉਹ ਲਗਭਗ 30 ਤੋਂ 40 ਕਿਲੋਮੀਟਰ ਦੀ ਦੂਰੀ ਤੈਅ ਕਰਦਾ, ਪਰ ਹੈਰਾਨੀ ਦੀ ਗੱਲ ਇਹ ਸੀ ਕਿ ਉਸ ਦੇ ਚਿਹਰੇ ਉੱਤੇ ਥਕਾਵਟ ਦੀ ਥਾਂ ਚਮਕ ਅਤੇ ਅੰਦਰੋਂ ਉਤਸ਼ਾਹ ਨਜ਼ਰ ਆਉਂਦਾ ਸੀ। ਜਲੰਧਰ ਵਿਖੇ ਹੋਈ ਗੱਲਬਾਤ ਦੌਰਾਨ ਹਾਕਮ ਨੇ ਦੱਸਿਆ ਕਿ ਇਹ ਉਸ ਦੀ ਪਹਿਲੀ ਯਾਤਰਾ ਨਹੀਂ ਸੀ। ਇਸ ਤੋਂ ਪਹਿਲਾਂ ਵੀ ਉਹ 33 ਦਿਨਾਂ ਵਿੱਚ 1300 ਕਿਲੋਮੀਟਰ ਦੀ ਪੈਦਲ ਯਾਤਰਾ ਕਰਕੇ ਅਯੋਧਿਆ ‘ਚ ਭਗਵਾਨ ਰਾਮ ਦੇ ਦਰਸ਼ਨ ਕਰ ਚੁੱਕਿਆ ਹੈ। ਸਫ਼ਰ ਦੌਰਾਨ ਹਾਕਮ ਸਿੰਘ ਹਰੇਕ ਥਾਂ ਵਾਤਾਵਰਣ ਬਚਾਉਣ, ਨਸ਼ਾ ਮੁਕਤੀ ਅਤੇ ਧਾਰਮਿਕ ਜਾਗਰੂਕਤਾ ਵੱਲ ਲੋਕਾਂ ਦਾ ਧਿਆਨ ਖਿੱਚ ਰਿਹਾ ਸੀ। ਉਸ ਦੀ ਯਾਤਰਾ ਸਿਰਫ਼ ਸਰੀਰਕ ਸਹਿਣਸ਼ੀਲਤਾ ਦੀ ਨਹੀਂ, ਸਗੋਂ ਸੱਚੀ ਆਤਮਿਕ ਅਡਿੱਗਤਾ, ਲਕਸ਼ੈ ਪ੍ਰਤੀ ਨਿਸ਼ਠਾ ਅਤੇ ਸਮਰਪਣ ਭਾਵਨਾ ਦੀ ਚਮਕਦਾਰ ਮਿਸਾਲ ਸੀ। ਅੱਜ ਜਦੋਂ ਨੌਜਵਾਨ ਆਸਾਨ ਰਸਤੇ ਦੀ ਤਲਾਸ਼ ਕਰਦੇ ਰਹਿੰਦੇ ਹਨ ਤਾਂ ਹਾਕਮ ਵਰਗਾ ਯੁਵਕ ਸਾਨੂੰ ਦੱਸਦਾ ਹੈ ਕਿ ਅਸਲ ਤਾਕਤ ਮਨ ਦੀ ਹੁੰਦੀ ਹੈ। ਉਸ ਦੀ ਇਹ ਅਦਮਿੱਲ ਮਿਹਨਤ ਅਤੇ ਅਟੂਟ ਵਿਸ਼ਵਾਸ ਇਹ ਸਾਬਤ ਕਰਦੇ ਹਨ ਕਿ ਜੇ ਮਨ ਵਿਚ ਲਗਨ ਹੋਵੇ ਤਾਂ ਕੋਈ ਹਿਮਾਲਯ ਪਰਬਤ ਵੀ ਪਾਰ ਕਰ ਸਕਦਾ ਹੈ। ਇਹ ਯਾਤਰਾ ਪਿੰਡ ਗਿਰਾਬ ਦੇ ਨਾਲ-ਨਾਲ ਰਾਜਸਥਾਨ, ਪੰਜਾਬ, ਅਤੇ ਭਾਰਤ ਦੇ ਨੌਜਵਾਨਾਂ ਲਈ ਜਾਗਰੂਕਤਾ, ਆਤਮ ਵਿਸ਼ਵਾਸ ਅਤੇ ਸੇਵਾ ਭਾਵਨਾ ਦੀ ਇਕ ਜਿਉਂਦੀ-ਜਾਗਦੀ ਕਹਾਣੀ ਹੈ।


