ਬੀਨਾ ਬਾਵਾ,ਲੁਧਿਆਣਾ
(ਸਮਾਜ ਵੀਕਲੀ) “ਨਾਂ ਐਂ ਕਿਵੇਂ ਮੈਂ ਤੈਥੋਂ ਇਹ ਪੈਸੇ ਫੜ ਲਾਂ,ਮੈਂ ਸਰਕਾਰੀ ਮੁਲਾਜ਼ਮ ਆਂ,ਸਰਕਾਰ ਤੋਂ ਕੰਮ ਕਰਨ ਦੀ ਚੰਗੀ ਚੋਖੀ ਤਨਖਾਹ ਲੈਂਦਾ ਆਂ,ਇਹ ਸਾਰੀਆਂ ਫਾਇਲਾਂ ਦਾ ਕੰਮ ਭੁਗਤਾਉਣਾ ਮੇਰੀ ਹੀ ਡਿਊਟੀ ਆ,ਮੈਂਨੂੰ ਪਤਾ ਕਿਹੜੀ ਫਾਇਲ ਕਦੋਂ ਨਿਪਟਾਉਣੀ ਆ ਸਾਹਬ ਨੇ |”
ਸੁਰਿੰਦਰ ਸਿੰਘ ਨੇ ਆਪਣੇ ਪੁੱਤ ਤੋਂ ਵੀ ਛੋਟੇ ਮੁੰਡੇ ਦੁਆਰਾ ਉਸਦੀ ਤਲੀ ਤੇ 500 ਦਾ ਨੋਟ ਧੱਕੇ ਨਾਲ਼ ਰੱਖਣ ਤੇ ਪਰਾਂ ਧੱਕਦਿਆਂ ਥੋੜ੍ਹਾ ਖਿਝ ਕੇ ਕਿਹਾ |
ਉਸ ਨੌਜਵਾਨ ਮੁੰਡੇ ਦਲਬੀਰ ਨੇ ਫੇਰ ਸੁਰਿੰਦਰ ਸਿੰਘ ਨੂੰ ਕਹਿਣਾ ਸ਼ੁਰੂ ਕੀਤਾ,”ਸਰ,ਮੈਂ ਅੱਜ ਹੀ ਇਹ ਫਾਈਲ ਵਾਲਾ ਕੰਮ ਕਰਵਾਉਣਾ ਹੈ ਪੱਕਾ,ਉਹਦੇ ਲਈ ਮੈਂ ਥੋਨੂੰ 500 ਦੀ ਥਾਂ 2000 ਰੁਪਏ ਦੇ ਦਿੰਨਾ,ਪਰ ਮੇਰਾ ਕੰਮ ਪੱਕਾ ਹੋ ਜਾਵੇ ਅੱਜ ਹੀ…ਮੇਰਾ ਤਾਂ ਪੱਕਾ ਅਸੂਲ ਹੈ ਕਿ ਜਿਹੜਾ ਕੰਮ ਕਰਨ ਦੀ ਠਾਣ ਲਈ,ਉਹ ਤਾਂ ਫੇਰ ਉਦੋਂ ਹੀ ਹੋ ਕੇ ਹੀ ਰਹੇਗਾ…ਉਹਦੇ ਲਈ ਭਾਵੇਂ ਕੁੱਝ ਵੀ ਕਰਨਾ ਪਵੇ…|”
ਕਹਿੰਦਿਆਂ ਦਲਬੀਰ ਨੇ ਧੱਕੇ ਨਾਲ਼ ਪੈਸੇ ਸੁਰਿੰਦਰ ਦੀ ਜੇਬ ਵੱਲ ਧੱਕਦਿਆਂ,ਆਪਣੀ ਫਾਈਲ ਖਿੱਚਣ ਦੀ ਕੋਸ਼ਿਸ਼ ਵੀ ਕੀਤੀ |
ਸੁਰਿੰਦਰ ਸਿੰਘ ਨੇ ਦਲਬੀਰ ਨੂੰ ਸੰਬੋਧਨ ਕਰਦਿਆਂ ਫੇਰ ਬੋਲਣਾ ਸ਼ੁਰੂ ਕੀਤਾ,”ਦੇਖ ਕਾਕਾ,ਕੰਮ ਤਾਂ ਤੇਰਾ ਤੇਰੀ ਫਾਇਲ ਦੀ ਵਾਰੀ ਆਉਣ ਤੇ ਹੀ ਹੋਣਾ…ਆਹ ਜਿਹੜੀ ਰਿਸ਼ਵਤ ਤੂੰ ਮੈਨੂੰ ਦੇ ਕੇ ਆਪਣੇ ਪੱਕੇ ਅਸੂਲਾਂ ਤੇ ਜ਼ਿੱਦ ਦੀ ਗੱਲ ਕਰ ਰਿਹਾਂ,ਤੈਨੂੰ ਸ਼ਾਇਦ ਪਤਾ ਨੀਂ ਹਲੇ ਕਿ ਤੇਰਾ ਵਾਹ ਕਿਸ ਕਲਰਕ ਨਾਲ਼ ਪਿਆ…ਸੁਰਿੰਦਰ ਸਿੰਘ ਨੇ ਜ਼ਿੰਦਗੀ ਭਰ ਰਿਸ਼ਵਤ ਦੇ ਪੈਸੇ ਨੂੰ ਘਰ ਦੀ ਦੇਹਲੀ ਨੀਂ ਟੱਪਣ ਦਿੱਤੀ |ਇਮਾਨਦਾਰੀ ਨਾਲ਼ ਨੌਕਰੀ ਕਰਨਾ ਹੀ ਮੇਰਾ ਮੁੱਢਲਾ ਅਸੂਲ ਸੀ ਤੇ ਭਾਵੇਂ ਮੈਂ ਭੁੱਖਾ ਕਿਉਂ ਨਾਂ ਮਰ ਜਾਵਾਂ,ਮੈਂ ਆਪਣੇ ਅਸੂਲਾਂ ਤੇ ਪੱਕਾ ਹੀ ਰਹਿਣਾ,
ਰਿਸ਼ਵਤ ਲੈਣੀ ਮੇਰੇ ਲਈ ਮੌਤ ਨੂੰ ਗਲ਼ ਲਾਉਣ ਸਮਾਨ ਹੈ |ਜੇ ਹੁਣ ਦੁਬਾਰਾ ਤੂੰ ਮੈਨੂੰ ਮਜਬੂਰ ਕੀਤਾ ਤਾਂ ਮੈਂ ਹੁਣੇ ਹੀ ਭ੍ਰਿਸ਼ਟਾਚਾਰ ਵਿਰੋਧੀ ਮਹਿਕਮੇ ਨੂੰ ਫੋਨ ਲਾ ਬੁਲਾ ਲੈਣਾ |”
ਸੁਰਿੰਦਰ ਸਿੰਘ ਦੇ ਐਨਾ ਕਹਿਣ ਤੇ ਦਲਬੀਰ ਸਿੰਘ ਨੇ ਉੱਠ ਕੇ ਸੁਰਿੰਦਰ ਸਿੰਘ ਦੇ ਪੈਰਾਂ ਨੂੰ ਹੱਥ ਲਾਏ ਤੇ ਕਿਹਾ,”ਸ.ਸੁਰਿੰਦਰ ਸਿੰਘ ਜੀ,ਮੈਂ ਭ੍ਰਿਸ਼ਟਾਚਾਰ -ਵਿਰੋਧੀ ਮਹਿਕਮੇ ਦਾ ਨਵਾਂ ਸੀਨੀਅਰ ਅਫ਼ਸਰ ਹੀ ਹਾਂ |ਮੈਂ ਮਹਿਕਮੇ ਤੋਂ ਤੁਹਾਡੀ ਇਮਾਨਦਾਰੀ ਤੇ ਜ਼ਿੰਦਗੀ ਦੇ ਅਸੂਲਾਂ ਬਾਰੇ ਬਹੁਤ ਸੁਣਿਆ ਸੀ ਤੇ ਅੱਜ ਪਰਖ ਵੀ ਲਿਆ |ਮੈਨੂੰ ਤੁਹਾਡੇ ਤੇ ਪੂਰਾ ਮਾਣ ਹੈ…ਤੁਹਾਨੂੰ ਦਿੱਤੀ ਤਕਲੀਫ ਲਈ ਮਾਫ਼ ਕਰਨਾ ਸਰ…ਤੁਹਾਡੇ ਵਰਗੇ ਹੀ ਸਭ ਦੀ ਜ਼ਿੰਦਗੀ ਦੇ ਅਸੂਲ ਜਰੂਰ ਪੱਕੇ ਹੋਣੇ ਚਾਹੀਦੇ ਹਨ |”
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly