(ਸਮਾਜ ਵੀਕਲੀ)
ਉਹ ਕਰਦਾ ਰਿਹਾ
ਪੰਜ ਕੋਸ਼ਾਂ ਦੀ ਆਲੋਚਨਾ!
ਤੇ ਮੈਂ ਸੂਖਮ , ਸਥੂਲਤਾ ਦੇ
ਕਾਰਣ ਲੱਭਦੀ ਰਹੀ!
ਉਸਦੇ ਤਰਕ ਤੇ ਦਲੀਲਾਂ
ਮੇਰੇ ਵਿਵੇਕ ਨੂੰ
ਹਰਾ ਨਾ ਸਕੇ!
ਮੇਰੀ ਆਜਾਦ ਆਤਮਾ!
ਉਸਦੇ ਦੋ ਟਕਿਆਂ ਦੇ
ਹੰਕਾਰ ਦੀ ਮੌਹਤਾਜ
ਨਹੀਂ ਹੋ ਸਕੀ!
ਮੈਂ ਪੜ੍ਹਦੀ ਰਹੀ
ਮਿਥਿਹਾਸਿਕ ਤੱਥ
ਤੇ ਉਹ ਸੜੇ ਹੋਏ ਇਤਿਹਾਸ ਦੀ
ਲਾਸ਼ ਢੋਂਦਾ ਰਿਹਾ!
ਮੇਰੀ ਹੋਂਦ ਨੇ ਏਥੇ ਵਿਸ਼ਰਾਮ ਲਿਆ !
ਤੇ ਮੈਂ ਇੱਕ ਸ਼ਾਂਤਮਈ ਵੇਦਾਂਤ ਦੀ
ਨੀਂਹ ਰੱਖ ਦਿੱਤੀ !
ਹੁਣ ਮੈਂਨੂੰ ਉਪਨਿਸ਼ਦ ਹੋਣ ਤੋਂ
ਕੌਣ ਰੋਕ ਸਕਦਾ ਹੈ?
ਗੱਲ ਤਾਂ ਕੁਝ ਵੀ ਨਹੀਂ
ਦਵੈਤ-ਅਦਵੈਤ ਦੇ ਭਰਮ ਤੋਂ ਪਰੇ
ਇੱਕ ਮੂਲ਼ ਤੱਤ ਦੀ ਗੱਲ ਹੈ!
ਜਿਸਦੇ ਮੂਲ਼ ਦੀਆਂ ਸ਼ਾਖਾਵਾਂ ਵਿੱਚੋਂ,
ਕੋਈ ਸ਼ਾਖ…..
ਤੇਰੇ ਤੱਕ ਆ ਗਈ ਹੋਵੇਗੀ!
ਉਸ ਨੇ ਪੁੱਛਿਆ ਮੈਂ ਕਿੱਥੇ ਹਾਂ?
ਮੈਂ ਕਿਹਾ ਏਥੇ ਹੀ ਕਿਤੇ!
ਮੇਰੇ ਮੱਥੇ ਦੇ ਅੰਦਰ ਪਸਰੇ
ਆਭਾ-ਮੰਡਲ ਦੇ
ਟੁਕੜਿਆਂ ਵਿਚ ਕਿਧਰੇ!
ਏਧਰ ਓਧਰ ਹੋ ਗਿਆ ਹੋਵੇਂਗਾ !
ਜਿਵੇਂ ਗੰਗਾ ਦਾ ਪੁੱਤਰ ਹੋ ਕੇ
ਚਾਹੁੰਦਾ ਹੋਵੇ ਸ਼ਾਂਤਨੂੰ ਦੇ
ਪਾਂਡਵ ਦੀ ਹਾਰ!
ਪਰ ਵਿੱਚੋਂ ਜਾਣਦਾ ਹੋਵੇ
ਕਿ ਕੇਸ਼ਵ ਸਹੀ ਜਗ੍ਹਾ ਖੜ੍ਹੇ ਨੇ!
~ ਰਿਤੂ ਵਾਸੂਦੇਵ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ