ਅੰਮ੍ਰਿਤਸਰ (ਸਮਾਜ ਵੀਕਲੀ): ਸੋਨੇ ਦੇ ਗਹਿਣੇ ਤਿਆਰ ਕਰਨ ਵਾਲੇ ਇਕ ਕਾਰੀਗਰ ਕੋਲੋ ਸੋਨਾ ਲੁੱਟਣ ਦੇ ਮਾਮਲੇ ਵਿੱਚ ਪੁਲੀਸ ਨੇ ਅੱਜ 5 ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਇਨ੍ਹਾਂ ਕੋਲੋਂ 44 ਗਰਾਮ ਸੋਨਾ, ਇਕ ਦਾਤਰ, 2 ਖਿਡੋਨਾ ਪਿਸਤੌਲਾਂ ਤੇ ਇਕ ਮੋਟਰਸਾਈਕਲ ਬਰਾਮਦ ਕੀਤਾ ਹੈ।
ਗ੍ਰਿਫ਼ਤਾਰ ਕੀਤੇ ਮੁਲਜ਼ਮਾਂ ਦੀ ਸ਼ਨਾਖਤ ਗੁਰਪ੍ਰੀਤ ਸਿੰਘ ਉਰਫ ਗੋਪੀ, ਅਕਾਸ਼ਦੀਪ ਸਿੰਘ ਉਰਫ ਰਾਜਾ, ਮਨਦੀਪ ਸਿੰਘ ਉਰਫ ਸਾਜਨ, ਮਨਿੰਦਰ ਸਿੰਘ ਉਰਫ ਰੋਹਿਤ ਤੇ ਹਰਪ੍ਰੀਤ ਸਿੰਘ ਉਰਫ ਸਾਬੀ ਵਜੋ ਹੋਈ ਹੈ। ਇਨ੍ਹਾਂ ਦੇ ਕੁਝ ਹੋਰ ਸਾਥੀ ਫਿਲਹਾਲ ਫਰਾਰ ਹਨ ਤੇ ਪੁਲੀਸ ਵੱਲੋਂ ਇਨ੍ਹਾਂ ਦੀ ਵੀ ਸ਼ਨਾਖਤ ਕਰ ਲਈ ਗਈ ਹੈ। ਪੁਲੀਸ ਨੇ ਥਾਣਾ ਬੀ ਡਵੀਜਨ ਵਿੱਚ ਕੇੇਸ ਦਰਜ ਕੀਤਾ ਗਿਆ ਸੀ। ਇਸ ਸਬੰਧ ਵਿੱਚ ਲੁੱਟ ਦਾ ਸ਼ਿਕਾਰ ਹੋਏ ਸੰਦੀਪ ਕੁਮਾਰ ਨੇ ਪੁਲੀਸ ਨੂੰ ਦੱਸਿਆ ਕਿ ਸੁਲਤਾਨ ਵਿੰਡ ਰੋਡ ਸਥਿਤ ਕਿੰਗ ਪਲਾਜ਼ਾ ਵਿੱਚ ਉਸਦੀ ਦੁਕਾਨ ਹੈ, ਜਿਥੇ ਉਹ ਸੋਨੇ ਦੇ ਗਹਿਣੇ ਬਨਾਉਣ ਦਾ ਕੰਮ ਕਰਦਾ ਹੈ।
ਬੀਤੇ ਦਿਨ ਜਦੋਂ ਉਹ ਆਪਣੀ ਦੁਕਾਨ ਵਿੱਚ ਕੰਮ ਕਰ ਰਿਹਾ ਸੀ ਤਾਂ ਇਹ ਵਿਅਕਤੀ ਜਿਨ੍ਹਾਂ ਨੇ ਮੁੰਹ ਢੱਕੇ ਹੋਏ ਸਨ, ਦੁਕਾਨ ’ਚ ਦਾਖਲ ਹੋਏ ਤੇ ਹਥਿਆਰ ਦਿਖਾ ਕੇ ਸੋਨਾ ਖੋਹ ਕੇ ਫਰਾਰ ਹੋ ਗਏ। ਪੁਲੀਸ ਕਮਿਸ਼ਨਰ ਵਿਕਰਮ ਜੀਤ ਦੁੱਗਲ ਵੱਲੋਂ ਜਾਂਚ ਵਾਸਤੇ ਟੀਮ ਬਣਾਈ ਸੀ। ਇਸ ਸਬੰਧ ’ਚ ਅੱਜ ਪੁਲੀਸ ਦੇ ਡੀਸੀਪੀ ਮੁਖਵਿੰਦਰ ਸਿੰਘ ਭੁੱਲਰ ਨੇ ਦੱਸਿਆ ਕਿ ਇਸ ਦੀ ਜਾਂਚ ਦੌਰਾਨ ਪੁਲੀਸ ਨੇ ਇਨ੍ਹਾਂ ਪੰਜ ਵਿਅਕਤੀਆਂ ਨੂੰ ਸ਼ਹੀਦ ਉਧਮ ਸਿੰਘ ਨਗਰ ਕੋਲ ਦਾਰੇ ਦੀ ਬੰਬੀ ਤੋਂ ਕਾਬੂ ਕੀਤਾ ਹੈ। ਪੁਲੀਸ ਕੋਲ ਇਸ ਸਬੰਧ ਵਿੱਚ ਸੂਚਨਾ ਪੁੱਜੀ ਸੀ ਜਿਸ ਦੇ ਆਧਾਰ ’ਤੇ ਕਾਰਵਾਈ ਕਰਦਿਆਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਨੂੰ ਅਦਾਲਤ ’ਚ ਪੇਸ਼ ਕਰਕੇ ਪੁੱਛਗਿੱਛ ਵਾਸਤੇ ਰਿਮਾਂਡ ਹਾਸਲ ਕੀਤਾ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly