ਤਿਉਹਾਰਾਂ ਤੇ ਆਤਸ਼ਬਾਜੀ ਬਿਮਾਰੀਆਂ ਤੇ ਪ੍ਰਦੂਸ਼ਣ ਨੂੰ ਸੱਦਾ

ਪੱਤਰਕਾਰ ਹਰਜਿੰਦਰ ਸਿੰਘ ਚੰਦੀ
(ਸਮਾਜ ਵੀਕਲੀ) ਪੰਜਾਬ ਦੀ ਧਰਤੀ ਤੇ ਪ੍ਰਦੂਸ਼ਣ ਦਾ ਵਧਣਾ ਚਿੰਤਾ ਦਾ ਹੀ ਨਹੀਂ ਚਿੰਤਨ ਦਾ ਵੀ ਵਿਸ਼ਾ ਹੈ। ਬਦਕਿਸਮਤੀ ਹੈ ਕਿ ਪੁਰਾਤਨ ਸਮੇਂ ਤੋਂ ਚੱਲੇ ਆ ਰਹੇ ਤਿਉਹਾਰ ਦਾ ਇਤਿਹਾਸਕ ਪਿਛੋਕੜ ਨੂੰ ਸਮਝਣ ਦੀ ਬਜਾਏ ਮਨਮਤਿ ਦੇ ਧਾਰਨੀ ਬਣਦੇ ਜਾ ਰਹੇ ਹਾਂ । ਦਾਲ ਵਿਚ ਕੋਕੜੂਆਂ ਜਿਨੀ ਗਿਣਤੀ ਹੋਵੇਗੀ ਉਨ੍ਹਾਂ ਬੁਧੀਜੀਵੀਆਂ ਦੀ ਜਿੰਨਾ ਨੂੰ ਪੁਰਾਤਨ ਤਿਉਹਾਰਾਂ ਦੇ ਪਿਛੋਕੜ ਬਾਰੇ ਜਾਣਕਾਰੀ ਹੈ। ਪੁਰਾਤਨ ਸਮੇਂ ਤੋਂ ਅਜੋਕੇ ਸਮੇਂ ਤੱਕ ਤਿਉਹਾਰ ਮਨਾਉਣ ਦੇ ਢੰਗ ਵਿਚ ਆਈ ਹੈਰਤਅੰਗੇਜ਼  ਤਬਦੀਲੀ ਨੇ ਮਨੁੱਖ  ਦੀ ਜੋ ਮਾਨਸਿਕਤਾ ਦੀ ਤਰਜਮਾਨੀ ਬਿਆਨ ਕੀਤੀ ਹੈ ਉਸ ਤੇ ਵੀ ਚਿੰਤਨ ਕਰ ਦੀ ਲੋੜ ਹੈ। ਉਹ ਇਸ ਲਈ ਵੀ ਜ਼ਰੂਰੀ ਹੈ ਕਿ ਅੱਜ ਦਾ ਮਨੁੱਖ ਵਿਕਸਿਤ ਮਨੁੱਖ ਹੈ। ਉਹ ਪੜਿਆ ਲਿਖਿਆ ਹੈ। ਉਹ ਚੰਗੇ ਮਾੜੇ ਦੀ ਪਹਿਚਾਣ ਕਰ ਸਕਦਾ ਹੈ। ਉਹ ਸਾਇਂਸ ਦੇ ਯੁੱਗ ਦਾ ਯੁੱਗ ਪੁਰਸ਼ ਹੈ। ਪਰ ਜਿਸ ਰਫ਼ਤਾਰ ਨਾਲ ਅੱਜ ਦਾ ਮਨੁੱਖ ਵਿਨਾਸ਼ ਕਾਰੀ ਬਿਪਰੀਤ ਬੁੱਧੀ ਤੇ ਚਲਦਾ ਹੋਇਆ ਸਭ ਤੋਂ ਸਿਆਣਾ ਹੋਣ ਦਾ ਭਰਮ ਪਾਲੀ ਬੈਠਾ ਹੈ ਉਹ ਦੂਸਰਿਆਂ ਲਈ ਖ਼ਤਰੇ ਤੋਂ ਘੱਟ ਨਹੀਂ ਹੈ। ਭਾਰਤ ਵਰਸ਼ ਰਿਸ਼ੀਆਂ ਮੁਨੀਆਂ ਦਾ ਦੇਸ਼ ਹੈ ਇਸ ਦੀ ਸਭਿਅਤਾ ਦੀ ਚਰਚਾਂ ਪੂਰੀ ਦੁਨੀਆ ਵਿਚ ਹੈ। ਭਾਰਤ ਵਿਸ਼ਵ ਗੁਰੂ ਹੋਣ ਦਾ ਮਾਣ ਪ੍ਰਾਪਤ ਕਰਦਾ ਹੈ। ਇਸ ਦੇਸ਼ ਵਿੱਚ ਇਕ ਮਨੁੱਖ ਦੂਜੇ ਦੇ ਦੁਖ ਦਰਦ ਦਾ ਸਾਥੀ ਹੋਵੇ। ਦੂਜੇ ਦਿਆਂ ਦੁਖਾਂ , ਤਕਲੀਫਾਂ ਨੂੰ ਆਪਣੀ ਦੁਖ ਤਕਲੀਫ ਸਮਝਦਾ ਹੋਵੇ ਉਸ ਮਨੁੱਖ ਤੋਂ ਮਨੁੱਖਤਾ ਦੇ ਵਿਨਾਸ਼ ਦੀ ਆਸ ਨਹੀਂ ਕੀਤੀ ਜਾ ਸਕਦੀ। ਕੁਦਰਤ ਵੱਲੋਂ ਸਭ ਤੋਂ ਸੋਹਣੀ ਕਲਾਂ ਕਿਰਤੀ ਜੇਕਰ ਕੋਈ ਸਾਜੀ ਗਈ ਤਾਂ ਉਹ ਮਨੁੱਖ ਹੈ, ਪਰ ਅਜੋਕੇ ਸਮੇਂ ਇਸ ਮਨੁੱਖ ਵੱਲੋਂ ਹੀ ਕੁਦਰਤ ਨਾਲ ਸਭ ਤੋਂ ਵੱਧ ਛੇੜਛਾੜ ਅਤੇ ਕੁਦਰਤ ਨੂੰ ਪ੍ਰਦੂਸ਼ਿਤ ਕਰਕੇ ਇਸ ਦਾ ਸਭ ਤੋਂ ਵੱਧ ਘਾਣ ਕੀਤਾ ਹੈ। ਮਨੁੱਖ ਵੱਲੋਂ ਬੇ ਹਤਾਸ਼ਾ ਜੰਗਲਾਂ ਦੀ ਕਟਾਈ, ਪਾਣੀ ਦੀ ਬਰਬਾਦੀ, ਧਰਤੀ ਨੂੰ ਦਵਾਈਆਂ ਪਾ ਕੇ ਬੰਜਰ ਬਣਾਉਣ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ ਜਿਸ ਦਾ ਖਮਿਆਜ਼ਾ ਪੱਛੂ, ਪੰਛੀਆਂ, ਜਾਨਵਰਾਂ, ਮਨੁਖਾਂ ਨੂੰ ਭਿਆਨਕ ਬਿਮਾਰੀਆਂ ਦੇ ਰੂਪ ਵਿਚ ਭੁਗਤਣਾ ਪੈ ਰਿਹਾ ਹੈ। ਹਰ ਤਿਉਹਾਰ ਤੇ ਦਿਨ ਰਾਤ ਪਟਾਖਿਆਂ ਨੂੰ ਚਲਾ ਕੇ ਬਰੂਦ ਫੂਕਣਾ ਕਿਥੋਂ ਦੀ ਸਿਆਣਪ ਹੈ। ਕੁਝ ਬੁਧੀਜੀਵੀਆਂ ਵੱਲੋਂ ਗਰੀਨ ਦਿਵਾਲੀ ਆਦਿ ਤਿਉਹਾਰਾਂ ਨੂੰ ਮਨਾਉਣ ਦਾ ਸੱਦਾ ਦਿੱਤਾ ਗਿਆ,ਪਰ ਸੋਚਣ ਵਾਲੀ ਗੱਲ ਹੈ ਇਸ ਨੂੰ ਕਿੰਨੀ ਕੁ ਜੰਨਤਾਂ ਵੱਲੋਂ ਪ੍ਰਵਾਨ ਕੀਤਾ ਗਿਆ। ਮੈਨੂੰ ਅੱਜ ਤੱਕ ਦੁਨੀਆ ਦਾ ਕੋਈ ਅਜਿਹਾ ਤਿਉਹਾਰ ਨਹੀਂ ਮਿਲਿਆ ਜਿਸ ਦੇ ਪਿਛੋਕੜ ਵਿਚ ਕਿਸੇ ਰਿਸ਼ੀ ਮੁਨੀ, ਗੁਰੂ ਪੀਰ, ਵੱਲੋਂ ਇਨ੍ਹਾਂ ਦਿਨਾਂ ਤੇ ਰਾਤ ਦਿਨ ਪਟਾਕੇ ਚਲਾਉਣ ਦੀ ਗੱਲ ਕੀਤੀ ਹੋਵੇ। ਕੀ ਸਾਨੂੰ ਪਤਾ ਹੈ ਕਿ  ਪ੍ਰਦੂਸ਼ਣ ਨਾਲ ਅੱਖਾਂ,ਸਾਹ, ਅਲਰਜੀ, ਸਮੇਤ ਹੋਰ ਕਿੰਨੀਆਂ ਭਿਆਨਕ ਬਿਮਾਰੀਆਂ ਫੈਲ ਰਹੀਆਂ ਹਨ। ਸਾਡੀ ਬੇ ਸ਼ਰਮੀ ਦੀ ਹੱਦ ਹੈ ਕਿ ਅਸੀਂ ਗਲੀ ਮਹੱਲੇ ਵਿੱਚ ਕੋਈ ਮਰਗ ਹੋਣ ਜਾ ਕਿਸੇ ਦੇ ਬਿਮਾਰ ਹੋਣ ਦੀ ਪ੍ਰਵਾਹ ਨਹੀਂ ਕਰਦੇ ਬਸ ਪਾਗਲਾਂ ਵਾਂਗ ਠਾਹ ਠਾਹ ਪੈਸੇ ਦੀ ਬਰਬਾਦੀ ਅਤੇ ਵਾਤਾਵਰਨ ਦਾ ਬੇੜਾ ਗ਼ਰਕ ਕਰਨ ਤੇ ਤੁਲੇ ਹੋਏ ਹਾਂ। ਆਪਣੀ ਕੁਝ ਪਲ ਦੀ ਖੁਸ਼ੀ ਲਈ ਦੂਜਿਆਂ ਨੂੰ ਪ੍ਰੇਸ਼ਾਨ ਕਰਨਾ ਕਿਨੀ ਕੁ ਸਿਆਣਪ ਵਾਲੀ ਗੱਲ ਹੈ। ਹੁਣ ਗਲ ਕਰਦੇ ਹਾਂ ਸਰਕਾਰਾਂ ਦੇ ਦੋਹਰੇ ਕਿਰਦਾਰ ਦੀ ਇਕ ਪਾਸੇ ਲੋਕਾਂ ਨੂੰ ਗਰੀਨ ਦਿਵਾਲੀ ਮਨਾਉਣ ਦਾ ਸੱਦਾ ਦੇਣ ਵਾਲੇ ਹੁਕਮਰਾਨ ਦੂਜੇ ਪਾਸੇ ਪਟਾਕਿਆਂ ਦੀਆਂ ਫੈਕਟਰੀਆਂ ਤੋਂ ਮਾਲੀਆ ਇਕੱਤਰ ਕਰਨ ਦੀਆਂ ਡੀਂਗਾਂ ਮਾਰਦੇ ਨਹੀਂ ਥੱਕਦੇ ਜਦ ਕਿ ਇਹ ਖੁਦ ਉਸ ਹਵਾ ਵਿਚ ਸਾਹ ਲੈਂਦੇ ਹਨ ਜਿਸ ਵਿਚ ਜਨਤਾ ਦਾ ਦਮ ਘੁੱਟ ਰਿਹਾ ਹੁੰਦਾ ਹੈ। ਇਸ ਲਈ ਜੇਕਰ ਇਸ ਪ੍ਰਦੂਸ਼ਣ ਲਈ ਕਿਸੇ ਹੱਦ ਤੱਕ ਇਨ੍ਹਾਂ ਨੂੰ ਜ਼ਿੰਮੇਵਾਰ ਠਹਿਰਾਇਆ ਜਾਵੇ ਤਾਂ ਕੋਈ ਅਤਿਕਥਨੀ ਨਹੀਂ ਹੋਵੇਗੀ। ਅਦਾਲਤਾਂ ਦੇ ਵਾਰ ਵਾਰ ਕਹਿਣ ਤੇ ਵੀ ਕਨੂੰਨ ਲਾਗੂ ਨਹੀਂ ਹੋ ਰਹੇ। ਇਹ ਕਿਸੇ ਇਕ ਮਨੁੱਖ ਦਾ ਫਰਜ਼ ਨਹੀਂ ਹੈ ਅਤੇ ਨਾ ਹੀ ਕਿਸੇ ਇਕ ਘਰ ਦੀ ਸਮੱਸਿਆ ਇਹ ਸਾਡੇ ਦੇਸ਼ ਦਾ ਭਵਿੱਖ ਹੈ। ਇਸ ਲਈ ਸਾਨੂੰ ਸਾਰਿਆਂ ਨੂੰ ਆਪੋ ਆਪਣੀ ਗਲਤੀ ਨੂੰ ਸੁਧਾਰਨ ਦੀ ਲੋੜ ਹੈ। ਤਾਂ ਜੋ ਅਸੀਂ ਆਪਣੇ ਰਹਿਣ ਜਿਊਣ ਲਈ ਸਾਫ ਸੁਥਰਾ ਵਾਤਾਵਰਨ ਬਚਾ ਸਕੀਏ ਇਸ ਲਈ ਸਾਡੀਆਂ ਸਨਮਾਨਯੋਗ ਸੰਸਥਾਵਾਂ ਨੂੰ ਜੰਗੀ ਪੱਧਰ ਤੇ ਮੁਖ ਭੂਮਿਕਾ ਨਿਭਾਉਣ ਦੀ ਲੋੜ ਹੈ।
ਪੇਸ਼ਕਸ਼ -ਪੱਤਰਕਾਰ ਹਰਜਿੰਦਰ ਸਿੰਘ ਚੰਦੀ ਮਹਿਤਪੁਰ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਖਾਲਿਸਤਾਨੀ ਕੱਟੜਪੰਥੀਆਂ ਨੇ ਕੈਨੇਡੀਅਨ ਮੰਦਰ ‘ਚ ਹਿੰਦੂ ਮੰਦਰ ਨੂੰ ਬਣਾਇਆ ਨਿਸ਼ਾਨਾ, ਸ਼ਰਧਾਲੂਆਂ ਦੀ ਕੁੱਟਮਾਰ
Next articleਗਿਫਟ ਵੰਡ ਕੇ ਈਸਵਰ ਟਰੇਡਿੰਗ ਕੰਪਨੀ ਭੀਲੋਵਾਲ ਨੇ ਦੀਵਾਲੀ ਦੇ ਪਵਿੱਤਰ ਤਿਉਹਾਰ ਦੀ ਪਲੰਬਰਾਂ ‘ਤੇ ਸਫਾਈ ਕਰਮਚਾਰੀਆਂ ਨਾਲ ਖੁਸ਼ੀ ਕੀਤੀ ਸਾਂਝੀ