(ਸਮਾਜ ਵੀਕਲੀ) “ਹੋਰ ਫੇਰ ਕਿਵੇਂ ਓਂ..? ਪਵਣ ਗੁਰੂ ਦਿਉ ਸ਼ਾਗਿਰਦੋ, ਪਾਣੀ ਪਿਤਾ ਦੇ ਪੁੱਤਰੋ ਤੇ ਮਾਤਾ ਧਰਤੀ ਦਿਉ ਲਾਡਲਿਉ…! ਖੁਸ਼ ਤਾਂ ਬੜੇ ਓ ਨਾ ਮੈਨੂੰ ਯਾਨਿ ਆਤਿਸ਼ਬਾਜ਼ੀ ਨੂੰ ਅੱਗ ਲਾ ਕੇ .. ਪਰ ਮੈਨੂੰ ਅੱਗ ਲਾਉਣ ਤੋਂ ਬਾਅਦ ਦੀ ਕਹਾਣੀ ਵੀ ਤਾਂ ਸੁਣਦੇ ਜਾਉ ਜਰਾ..।
ਹੈਂਅ.. ਸੁਣੋਗੇ…, ਤਿਆਰ ਓ ਸੁਣਨ ਨੂੰ…, ਵੇਖ ਲਓ…, ਕਹਾਣੀ ਕੌੜੀ ਬਹੁਤ ਲੱਗਣੀ ਥੋਨੂੰ।
ਕੀ ਕਿਹਾ ???… ਕੋਈ ਚੱਕਰ ਨਹੀਂ…, ਸੁਣਾ ਦਵਾਂ.., ਚੱਲੋ ਸੁਣੋ ਫੇਰ…..!!!!” ਥੋਡੇ ਅੱਗ ਲਾਉਣ ਤੋਂ ਬਾਅਦ ਪਹਿਲਾਂ ਤਾਂ ਮੈਂ ਲਾਟਾਂ ਤੇ ਧੂੰਆਂ ਛੱਡਦੀ ਚੜ੍ਹੀ ਆਸਮਾਨ ਵੱਲ ਨੂੰ … ਤੇ ਰੱਜ ਕੇ ਪਲੀਤ ਕੀਤਾ ਥੋਡੇ ‘ਪਵਣੁ ਗੁਰੂ’ ਨੂੰ…, ਫੇਰ ਠਾਅਹ.. ਕਰਕੇ ਪਟਾਕਾ ਛੱਡਣ ਤੋਂ ਬਾਅਦ ਜਾ ਡਿੱਗੀ ਨਹਿਰ ‘ਚ.., ਪਾਈ ਫੇਰ ਜ਼ਹਿਰੀਲੀ ਸੁਆਹ ਥੋਡੇ ‘ਪਾਣੀ ਪਿਤਾ’ ਦੇ ਸਿਰ ਵਿੱਚ…. ਤੇ ਅੰਤ ਤੈਰ ਕੇ ਜਾ ਪਹੁੰਚੀ ਇੱਕ ਖੇਤ ‘ਚ…, ਅਟਕ ਗਈ ਗੋਭੀ ਦੇ ਇੱਕ ਬੂਟੇ ਦੀਆਂ ਜੜ੍ਹਾਂ ਵਿੱਚ…, ਬਚੀ ਖੁਚੀ ਸੁਆਹ ਬੂੰਦ ਬੂੰਦ ਕਰ ਕੇ ਪਾਈ ਉਹਦੀ ਜੜ੍ਹਾਂ ‘ਚ… ਯਾਨਿ ਕਰ ਦਿੱਤਾ ਬਾਂਝ…, ਥੋਡੀ ‘ਮਾਤਾ ਧਰਤਿ ਮਹਤੁ’ ਨੂੰ … ਤੇ ਤੁਸੀ ਉਲਝੇ ਰਹੇ ਕੂਕਾਂ, ਤਾੜੀਆਂ ਤੇ ਕਿਤੇ ਕਿਤੇ ਜੈਕਾਰਿਆਂ ਵਿੱਚ..!!!
ਪਰ ਇੱਕ ਗੱਲ ਧੁਰ ਅੰਦਰਲੀ ਦੱਸਾਂ ??.., ਕਿਸੇ ਹੋਰ ਦੇ ਹੱਥੋਂ ਸੜਨ ਜਾਂ ਮੱਚਣ ਦਾ ਅਫ਼ਸੋਸ ਕੋਈ ਨਹੀਂ ਮੈਨੂੰ …. ਕਿਉਂਕਿ ਮੈਨੂੰ ਤਾਂ ਬਣਾਇਆ ਹੀ ਇਸੇ ਲਈ ਜਾਂਦੈਂ … ਪਰ ਜਦੋਂ ਤੁਸੀ ‘ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ’, ‘ਪਾਣੀ ਪਿਤਾ ਜਗਤ ਕਾ, ‘ਸਾਚੇ ਤੇ ਪਵਨਾ ਭਇਆ ਪਵਨੈ ਤੇ ਜਲੁ ਹੋਇ’ ਜਾਂ ‘ਪਹਿਲਾ ਪਾਣੀ ਜੀਉ ਹੈ ਜਿਤੁ ਹਰਿਆ ਸਭੁ ਕੋਇ’ ਕਹਿਣ ਵਾਲ਼ੇ ਸਾੜਦੇ ਓਂ ਨਾ… ਹੈਰਾਨੀ ਤੇ ਪ੍ਰੇਸ਼ਾਨੀ ਜਰੂਰ ਹੁੰਦੀ ਐ.., ਥੋਡੀ ਕਹਿਣੀ ਅਤੇ ਕਰਨੀ ‘ਤੇ!!!!”
ਰੋਮੀ ਘੜਾਮੇਂ ਵਾਲ਼ਾ।
98552-81105 (ਵਟਸਪ ਨੰ.)
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly