ਜਲਦ ਹੀ ਫਾਇਰ ਸਟੇਸ਼ਨ ਸ਼ਹਿਰ ਤੋਂ ਬਾਹਰ ਖੁੱਲ੍ਹੀ ਜਗ੍ਹਾ ‘ਤੇ ਹੋਵੇਗਾ ਸ਼ਿਫਟ – ਡਾ. ਰਵਜੋਤ ਸਿੰਘ

ਥਾਂ ਦੀ ਸ਼ਨਾਖ਼ਤ ਕਰਕੇ ਕਰੀਬ 2.50 ਕਰੋੜ ਨਾਲ ਬਣੇਗਾ ਨਵਾਂ ਫਾਇਰ ਸਟੇਸ਼ਨ

ਹੁਸ਼ਿਆਰਪੁਰ (ਸਮਾਜ ਵੀਕਲੀ)  (ਸਤਨਾਮ ਸਿੰਘ ਸਹੂੰਗੜਾ) ਪੰਜਾਬ ਦੇ ਸਥਾਨਕ ਸਰਕਾਰਾਂ ਮੰਤਰੀ ਡਾ. ਰਵਜੋਤ ਸਿੰਘ ਨੇ ਕਿਹਾ ਕਿ ਸ਼ਹਿਰ ਵਿਚਲੇ ਭੀੜ-ਭਾੜ ਵਾਲੇ ਇਲਾਕੇ ਵਿੱਚੋਂ ਜਲਦ ਹੀ ਫਾਇਰ ਸਟੇਸ਼ਨ ਨੂੰ ਇੱਕ ਢੁੱਕਵੀੰ ਅਤੇ ਖੁੱਲ੍ਹੀ ਥਾਂ ‘ਤੇ ਸਥਾਪਤ ਕੀਤਾ ਜਾਵੇਗਾ। ਆਪਣੇ ਸਥਾਨਕ ਦਫ਼ਤਰ ਵਿਖੇ ਲੋਕਾਂ ਦੀਆਂ ਸਮੱਸਿਆਵਾਂ ਦੀ ਸੁਣਵਾਈ ਕਰਦਿਆਂ  ਕੈਬਨਿਟ ਮੰਤਰੀ ਡਾ. ਰਵਜੋਤ ਸਿੰਘ ਨੇ ਕਿਹਾ ਕਿ ਲੋਕ ਮਸਲਿਆਂ ਨੂੰ ਪੂਰੀ ਤਰਜੀਹ ਦੇ ਆਧਾਰ ‘ਤੇ ਹੱਲ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਫਾਇਰ ਸਟੇਸ਼ਨ ਸ਼ਹਿਰ ਦੇ ਅੰਦਰਲੇ ਹਿੱਸੇ ਵਿਚ ਸਥਿਤ ਹੋਣ ਕਾਰਨ ਐਮਰਜੈੰਸੀ ਵੇਲੇ ਅਕਸਰ ਮੁਸ਼ਕਲ ਪੇਸ਼ ਆਉਂਦੀ ਸੀ ਜਿਸ ਦੇ ਮੱਦੇਨਜਰ ਢੁੱਕਵੀਂ ਜਗ੍ਹਾ ਦੀ ਸ਼ਨਾਖ਼ਤ ਕੀਤੀ ਕਾਂ ਰਹੀ ਸੀ। ਉਨ੍ਹਾਂ ਕਿਹਾ ਕਿ ਕਰੀਬ 2.50 ਕਰੋੜ ਰੁਪਏ ਦੀ ਲਾਗਤ ਨਾਲ ਖੁੱਲ੍ਹੀ ਜਗ੍ਹਾ ‘ਤੇ ਨਵਾਂ ਫਾਇਰ ਸਟੇਸ਼ਨ ਸਥਾਪਤ ਕੀਤਾ ਜਾਵੇਗਾ। ਸਥਾਨਕ ਸਰਕਾਰਾਂ ਮੰਤਰੀ ਡਾ. ਰਵਜੋਤ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿਚ ਸੂਬਾ ਸਰਕਾਰ ਹਰ ਖੇਤਰ ਦੇ ਚਹੁੰਮੁਖੀ ਵਿਕਾਸ ਲਈ ਲਗਾਤਾਰ ਉਪਰਾਲੇ ਕਰ ਰਹੀ ਹੈ । ਉਨ੍ਹਾਂ ਕਿਹਾ ਕਿ ਸਿੱਖਿਆ, ਸਿਹਤ ਖੇਤਰ ਤੋਂ ਇਲਾਵਾ ਪੰਜਾਬ ਵਿਚ ਨੌਜਵਾਨਾਂ ਨੂੰ ਰੋਜ਼ਗਾਰ ਦੇ ਮੌਕੇ ਮੁਹੱਈਆ ਕਰਵਾਏ ਜਾ ਰਹੇ ਹਨ। ਡਾ. ਰਵਜੋਤ ਨੇ ਦੱਸਿਆ ਕਿ ਸੂਬੇ ਦੇ ਸ਼ਹਿਰਾਂ ਦੀ ਸਾਫ-ਸਫਾਈ ਅਤੇ ਸੀਵਰੇਜ ਦੀ ਸੁਚੱਜੀ ਵਿਵਸਥਾ ਲਈ ਪੰਜਾਬ ਸਰਕਾਰ ਵਲੋਂ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ, ਜਿਸ ਤਹਿਤ ਲੰਘੇ ਦਿਨੀਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ 7 ਜਿਲਿਆਂ ਵਿੱਚ ਸੀਵਰੇਜ ਲਾਈਨਾਂ ਦੀ ਸਫਾਈ ਨੂੰ ਹੋਰ ਬੇਹਤਰ ਕਰਨ ਲਈ 14.30 ਕਰੋੜ ਰੁਪਏ ਦੀ ਮਸ਼ੀਨਰੀ ਦਿੱਤੀ ਗਈ ਹੈ, ਉਨ੍ਹਾਂ ਦੱਸਿਆ ਕਿ ਸੂਬੇ ਦੇ ਵੱਖ-ਵੱਖ ਸ਼ਹਿਰਾਂ ਵਿਚ ਸਫਾਈ ਲਈ 40 ਕਰੋੜ ਰੁਪਏ ਦੀ ਲਾਗਤ ਨਾਲ 730 ਮਸ਼ੀਨਾਂ ਖਰੀਦੀਆਂ ਗਈਆਂ ਹਨ ਜਿਸ ਨਾਲ ਸ਼ਹਿਰਾਂ ਅੰਦਰ ਸਫਾਈ ਅਤਿ-ਆਧੁਨਿਕ ਢੰਗ ਨਾਲ ਹੋਵੇਗੀ। ਉਨ੍ਹਾਂ ਦੱਸਿਆ ਕਿ ਨਵੀਂ ਮਸ਼ੀਨਰੀ ਆਉਣ ਨਾਲ ਸੀਵਰੇਜ ਦੀ ਸਫਾਈ ਲਈ ਕਰਮਚਾਰੀਆਂ ਨੂੰ ਮੈਨਹੋਲ ਵਿਚ ਉਤਰਨਾ ਨਹੀਂ ਪਵੇਗਾ ਅਤੇ ਉਨ੍ਹਾਂ ਨੂੰ ਮਸ਼ੀਨਾ ਨਾਲ ਸੀਵਰੇਜ ਸਾਫ ਕਰਨ ਦੀ ਸਿਖਲਾਈ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਆਉਂਦੇ ਦਿਨਾਂ ਵਿੱਚ ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਸਥਾਨਕ ਸਰਕਾਰਾਂ ਵਿਭਾਗ ਨਾਲ ਸੰਬੰਧਤ ਵੱਖ-ਵੱਖ ਕਾਰਜਾਂ ਨੂੰ ਮਨਜ਼ੂਰ ਕਰਕੇ ਉਨ੍ਹਾਂ ‘ਤੇ ਕੰਮ ਸ਼ੁਰੂ ਕਰਵਾਇਆ ਜਾਵੇਗਾ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

Previous articleਵਿਧਾਇਕ ਜਿੰਪਾ ਨੇ ਵਾਰਡ ਨੰਬਰ 19 ’ਚ 16 ਲੱਖ ਰੁਪਏ ਦੀ ਲਾਗਤ ਨਾਲ ਗਲੀਆਂ ਦੇ ਨਿਰਮਾਣ ਕਾਰਜ ਦੀ ਕਰਵਾਈ ਸ਼ੁਰੂਆਤ
Next articleਕੌਮੀ ਲੋਕ ਅਦਾਲਤ ਵਿਚ 4044 ਕੇਸਾਂ ਦਾ ਮੌਕੇ ‘ਤੇ ਨਿਪਟਾਰਾ