ਮੁਰਦਾ ਦਿਲਾਂ ਵਿੱਚ ਜਾਨ ਪਾਉਣ ਵਾਲੀ ਰਚਨਾ

  ਸੁਖਦੇਵ ਸਿੰਘ ਭੁੱਲੜ
(ਸਮਾਜ ਵੀਕਲੀ) ‘ਵਾਰ ਸ੍ਰੀ ਭਗਉਤੀ ਜੀ ਕੀ’ ਰਚਿਤ  ਦਸਮੇਸ਼ ਪਿਤਾ ਜੀ, ਜਿਸ ਨੂੰ ਚੰਡੀ ਦੀ ਵਾਰ ਵੀ ਕਿਹਾ ਜਾਂਦਾ ਏ, ਪੰਜਾਬੀ ਸਾਹਿਤ ਦੀ ਇੱਕ ਅਦੁੱਤੀ ਰਚਨਾ ਹੈ।ਇਹਦੀ ਰਚਨਾ ਦੁਰਗਾ ਦੇਵੀ ਦੀ ਉਸਤਤਿ ਨਹੀਂ, ਜਿਵੇਂ ਕਿ ਸਾਡੇ ਬੁੱਧੀਜੀਵੀ ਜਾਂ ਆਮ ਲੋਕਾਂ ਦੇ ਨਾਲ ਨਾਲ ਸਿੱਖ ਵੀ ਸਮਝਦੇ ਹਨ।ਗੁਰੂ ਜੀ ਦਾ ਮੰਤਵ ਜਾਂ ਆਸ਼ਾ ਸਿਰਫ ਭਾਰਤ ਦੀ ਸੁੱਤੀ ਪਈ ਲੁਕਾਈ ਨੂੰ ਸੰਦੇਸ਼ ਦੇਣਾ ਸੀ ਕਿ ਜੇ ਇੱਕ ਇਸਤਰੀ ਹਥਿਆਰਬੰਦ ਹੋ ਕੇ ਦੁਸ਼ਮਣਾਂ ਦੇ ਆਹੂ ਲਾਹ ਸਕਦੀ ਹੈ ਤਾਂ ਤੁਸੀਂ ਮਰਦ ਹੋ ਕੇ ਜਾਬਰ ਹਕੂਮਤ ਦਾ ਟਾਕਰਾ ਕਿਉਂ ਨਹੀਂ ਕਰ ਸਕਦੇ ? ਸੋ ਜਹਾਲਤ ਦੀ ਨੀਂਦ ਤੋਂ ਜਾਗੋ ਤੇ ਆਪਣੇ ਮਰਦਊਪੁਣੇ ਦੇ ਜ਼ੋਹਰ ਦਿਖਾ ਕੇ, ਹਮਲਾਵਰਾਂ ਦਾ ਮੂੰਹ ਮੋੜੋ।
   ਵਾਰ ਸ੍ਰੀ ਭਗਉਤੀ ਜੀ ਕੀ ਵਿੱਚ ਗੁਰੂ ਜੀ ਨੇ, ਇੱਕ ਪਾਸੇ ਦੁਰਗਾ ਭਵਾਨੀ ਦੀ ਤੇ ਦੂਜੇ ਪਾਸੇ ਮਹਿਖਾਸੁਰ ਦੈਂਤ ਦੀ ਅਗਵਾਈ ਵਿੱਚ ਅਧਰਮ ‘ਤੇ ਧਰਮ ਦੀ ਜਿੱਤ ਵਿਖਾਈ ਹੈ।ਨੇਕੀ ਤੇ ਬਦੀ ਦੀ ਹਾਰ ਦਾ ਵਰਨਣ ਹੈ।
   ‘ਸਭੈ ਦੁਸਟ ਮਾਰੇ।ਮਈਆ ਸੰਤ ਉਬਾਰੇ।’ ਲਿਖ ਕੇ ਦੁਰਗਾ ਮਾਤਾ ਦੇ ਉਪਾਸ਼ਕਾਂ ਦਾ ਵਿਸ਼ਵਾਸ ਪ੍ਰਪੱਕ ਕੀਤਾ ਏ।ਖੂਨੀ ਜੰਗ ਦੇ ਨਜ਼ਾਰੇ ਦਿਖਾ ਕੇ, ਬੁਜ਼ਦਿਲਾਂ ਦਾ ਹੌਂਸਲਾ ਬਲੰਦ ਕੀਤਾ।ਸੁਣੋ ਗੁਰੂ ਜੀ ਦੀ ਜ਼ੁਬਾਨੀ-
 ਪੜੇ ਮੂੜ ਯਾ ਕੋ ਧਨੰ ਧਾਮ ਬਾਢੇ॥
 ਸੁਨੈ ਸੂਮ ਸੋਫੀ ਲਰੈ ਜੁੱਧ ਗਾਢੇ ॥
           (ਦਸਮ ਗ੍ਰੰਥ, ਪੰਨਾ-੧੧੮)
   ਭਾਵ ਜੇ ਕੋਈ ਕਾਇਰ ਵੀ ਇਸ ਪ੍ਰਸੰਗ ਨੂੰ ਪੜ੍ਹੇਗਾ ਜਾਂ ਸੁਣੇਗਾ ਤਾਂ ਉਸ ਵਿੱਚ ਵੀ ਬੀਰ ਰਸ ਦੀ ਭਾਵਨਾ ਜਾਗ ਉਠੇਗੀ।ਉਹ ਖੂਨੀ ਘਮਸਾਨ ਦੇ ਜੰਗ  ਵਿੱਚ ਅੱਗੇ ਹੋ ਕੇ ਲੜੇਗਾ।
    ਇਸ ਵਾਰ ਵਿੱਚ ਦੁਰਗਾ ਰੋਹ ਵਿੱਚ ਆ ਕੇ ਵੱਡੇ-ਵੱਡੇ ਰਾਖਸ਼ਾਂ ਨੂੰ ਮਾਰਦੀ ਏ ਤੇ ਦੇਵਤਿਆਂ ਨੂੰ ਜਿਤਾਉਂਦੀ ਹੈ।ਦਸਮ ਗੁਰੂ ਜੀ ਨੇ ਦੁਰਗਾ ਦਾ ਪਾਤਰ ਸਿਰਜ ਕੇ, ਜਿੱਥੇ ਇਸਤਰੀ ਦੀ ਉਸਤਤਿ ਕੀਤੀ ਏ ਤੇ ਉਹਦੀ ਹੈਸੀਅਤ ਨੂੰ ਵਡਿਆਇਆ ਏ, ਉੱਥੇ ਮਰਦਾਂ ਨੂੰ ਵੀ ਪ੍ਰੇਰਨਾ ਮਿਲਦੀ ਏ ਕਿ ਜੇ ਇੱਕ ਇਕੱਲੀ ਔਰਤ ਖੰਡਾ ਫੜਕੇ ਅਣਗਿਣਤ ਦੈਂਤਾਂ ਨੂੰ ਮਾਰ ਸਕਦੀ ਏ ਤਾਂ ਫਿਰ ਅਸੀਂ ਵੀ ਜਾਬਰਾਂ ਦਾ ਖਾਤਮਾ ਕਿਉਂ ਨਹੀਂ ਕਰ ਸਕਦੇ ? ਇਸ ਪ੍ਰੇਰਨਾ ਸਦਕਾ ਹੀ ਸਿੰਘਾਂ ਨੇ ਪੂਰੀਆਂ ਦੋ ਸਦੀਆਂ ਮੁਗਲ ਸਾਮਰਾਜ ਦਾ ਟਾਕਰਾ ਕਰਕੇ ਜ਼ੁਲਮ ਦਾ ਨਾਸ ਕਰ ਦਿੱਤਾ ਸੀ।ਅਠਾਰ੍ਹਵੀਂ ਸਦੀ ਦੇ ਸਿੰਘ ਇਸ ਵਾਰ ਦਾ ਪਾਠ ਹਰ ਰੋਜ਼ ਕਰਦੇ ਸਨ।ਇਸ ਬਾਰੇ ਲੋਕਾਂ ਵਿੱਚ ਇੱਕ ਗਲਤਫਹਿਮੀ ਵੀ ਪਾਈ ਜਾਂਦੀ ਏ ਕਿ ਚੰਡੀ ਦੀ ਵਾਰ ਦਾ ਪਾਠ ਕਰਨ ਨਾਲ ਲੜਾਈ ਛਿੜ ਪੈਂਦੀ ਏ।ਕਲਾ-ਕਲੇਸ਼ ਖੜ੍ਹਾ ਹੋ ਜਾਂਦਾ ਏ।ਇਹ ਇੱਕ ਨਿਰਮੂਲ ਧਾਰਨਾ ਏ।ਅਸਲ ਵਿੱਚ ਚੰਡੀ ਦੀ ਵਾਰ ਦਾ ਪਾਠ ਕਰਨ ਨਾਲ ਸਰੀਰ ਵਿੱਚ ਇੱਕ ਐਸੀ ਊਰਜਾ ਪੈਦਾ ਹੋ ਜਾਂਦੀ ਏ ਕਿ ਬੁਜ਼ਦਿਲ ਬੰਦਾ ਵੀ ਬੱਬਰ ਸ਼ੇਰ ਵਾਂਗ ਗਰਜ਼ ਉੱਠਦਾ ਏ।ਸੂਰਬੀਰ ਯੋਧਿਆਂ ਨੂੰ ਪੜ੍ਹ ਕੇ ਜੋਸ਼ ਚੜ੍ਹਦਾ ਏ।
   ਮਨ ਨੂੰ ਪ੍ਰਚੰਡ ਕਰਨ ਵਾਲੀ ਤੇ ਛੁੱਪੀਆਂ ਕਲਾਵਾਂ ਨੂੰ ਪ੍ਰਗਟ ਕਰਨ ਵਾਲੀ ਇਸ ਵਾਰ ਵਿੱਚ ਅਲੰਕਾਰਾਂ ਦੀ ਭਰਮਾਰ ਦੇ ਨਾਲ-ਨਾਲ ਸ਼ੈਲੀ ਵੀ ਬਹੁਤ ਧੜੱਲੇਦਾਰ ਤੇ ਰੌਚਿਕ ਹੈ।ਜਿਸ ਨੂੰ ਪੜ੍ਹ ਕੇ ਪਾਠਕਾਂ ਦੇ ਰੌਂਗਟੇ ਖੜ੍ਹੇ ਹੋ ਜਾਂਦੇ ਹਨ ਤੇ ਉਹ ਰੋਮਾਂਚਿਕ ਹੋ ਉੱਠਦਾ ਏ।ਕੱਲ੍ਹੀ-ਕੱਲ੍ਹੀ ਪਉੜੀ ਦਾ ਪਾਠ ਕਾਇਰਾਂ ਦੇ ਅੰਦਰ ਸੂਰਬੀਰਤਾ ਦਾ ਹੜ੍ਹ ਲਿਆ ਦਿੰਦਾ ਏ ਤੇ ਖੂਨ ਜੋਸ਼ ਨਾਲ ਉਬਾਲੇ ਖਾਣ ਲੱਗ ਪੈਂਦਾ ਏ।ਦਸਮ ਪਿਤਾ ਜੀ ਦੀ ਕਲਮ ਦਾ ਨਮੂਨਾ ਦੇਖੋ-
 ਜੰਗ ਮੁਸਾਫਾ ਬੱਜਿਆ ਰਣ ਘੁਰੇ ਨਗਾਰੇ ਚਾਵਲੇ।
 ਝੂਲਨ ਨੇਜੇ ਬੈਰਕਾ ਨੀਸਾਣ ਲਸਨਿ ਲਸਾਵਲੇ॥੮॥
ਚੋਟ ਪਈ ਦਮਾਮੇ ਦਲਾਂ ਮੁਕਾਬਲਾ॥੧੦॥
   ਜਾਂ
ਚੋਟਾਂ ਪਵਨ ਨਗਾਰੇ ਅਣੀਆਂ ਜੁੱਟੀਆਂ।
 ਧੂਹ ਲਈਆਂ ਤਰਵਾਰੀ ਦੇਵਾਂ ਦਾਨਵੀ॥੧੧॥
ਢੋਲ ਨਗਾਰੇ ਵਾਏ ਦਲਾਂ ਮੁਕਾਬਲਾ॥
ਰੋਹ ਰੁਹੇਲੇ ਆਏ ਉਤੇ ਰਾਕਸ਼ਾਂ॥੩॥
ਸੂਰੀ ਸੰਘਰਿ ਰਚਿਆ ਢੋਲ ਸੰਖ ਨਗਾਰੇ ਵਾਇ ਕੈ॥
ਚੰਡ ਚਿਤਾਰੀ ਕਾਲਕਾ ਮਨ ਬਹਲਾ ਰੋਸ ਬਢਾਇ ਕੈ॥੪੧॥
    ਥਾਂ-ਥਾਂ ‘ਤੇ ਧੌਂਸੇ, ਨਗਾਰੇ ਤੇ ਢੋਲ ਵੱਜਦੇ ਹਨ।ਸ਼ਬਦਾਂ ਦੀਆਂ ਧੁਨੀਆਂ ਤੇ ਜੰਗੀ ਵਾਤਾਵਰਨ ਉਪਜਦਾ ਏ।ਬੀਰ ਰਸ ਡੁੱਲ੍ਹ-ਡੁੱਲ੍ਹ ਪੈਂਦਾ ਏ।ਜੰਗੀ ਵਾਜੇ ਐਸਾ ਦ੍ਰਿਸ਼ ਪੈਦਾ ਕਰਦੇ ਹਨ ਕਿ ਇੱਕ ਵਾਰ ਤਾਂ ਡੌਲੇ ਫਰਕ ਉੱਠਦੇ ਹਨ।ਗੁਰੂ ਜੀ ਆਪਣੀ ਬੀਰ ਨਾਇਕਾ ਦੀ ਹੀ ਸ਼ਲਾਘਾ ਨਹੀਂ ਕਰਦੇ, ਸਗੋਂ ਦੈਂਤਾਂ ਦੀ ਚੜ੍ਹਤ ਨੂੰ ਵੀ ਥਾਂ-ਪੁਰ-ਥਾਂ  ਬੜੀ ਜੋਸ਼ੀਲੀ ਭਾਸ਼ਾ ਵਿੱਚ ਬਿਆਨ ਕਰਦੇ ਹਨ ਕਿ ਉਹ ਬੜੇ ਜ਼ੋਰ ਨਾਲ ਬੱਦਲਾਂ ਵਾਂਗ ਗੱਜਦੇ ਹਨ।ਘੋੜਿਆਂ ‘ਤੇ ਚੜ੍ਹੇ ਅਤੇ ਸ਼ਸ਼ਤਰਾਂ ਦੇ ਜ਼ੋਹਰ ਦਿਖਾਉਂਦੇ ਹਨ।ਕਈ ਵਾਰ ਦੁਰਗਾ ਨੂੰ ਘੇਰ ਲੈਂਦੇ ਹਨ।ਭਿਆਨਕ ਦੈਂਤਾਂ ਦਾ ਕਰੂਪ ਚਿਹਰਾ ਦੇਖੋ-
ਘੁਰੇ ਨਗਾਰੇ ਦੋਹਰੇ ਰਣ ਸੰਗਲੀਆਲੇ॥
ਧੂੜਿ ਲਪੇਟੇ ਧੂਹਰੇ ਸਿਰਦਾਰ ਜਟਾਲੇ॥
ਉਖਲੀਆਂ ਨਾਸਾਂ ਜਿਨਾ ਮੁਹਿ ਜਾਪਨ ਆਲੇ॥
ਧਾਏ ਦੇਵੀ ਸਾਮਣੇ ਬੀਰ ਮੁਛਲੀਆਲੇ॥
ਸੁਰਪਤ ਜੇਹੇ ਲੜ ਹਟੇ ਬੀਰ ਟਲੇ ਨ ਟਾਲੇ॥
         (ਦਸਮ ਗ੍ਰੰਥ, ਪੰਨਾ-੧੨੧)
ਆਹਰਿ ਮਿਲਿਆ ਆਹਰੀਆਂ ਸੈਣ ਸੂਰਿਆਂ ਸਾਜੀ॥
ਚੱਲੇ ਸਉਹੇ ਦੁਰਗਸਾਹ ਜਣ ਕਾਬੈ ਹਾਜੀ॥
ਇਕ ਘਾਇਲ ਘੂਮਨ ਸੂਰਮੇ ਜਣ ਮਕਤਬ ਕਾਜੀ॥
ਇਕ ਬੀਰ ਪਰੋਤੇ ਬਰਛੀਏ ਜਿਉ ਝੁਕ ਪਉਨ ਨਿਵਾਜੀ॥
ਇਕ ਧਾਵਨ ਦੁਰਗਾ ਸਾਮਣੇ ਜਿਉ ਭੁਖਿਆਏ ਪਾਜੀ॥
          (ਦਸਮ ਗ੍ਰੰਥ, ਪੰਨਾ-੧੨੫)
   ਇਸ ਪਉੜੀ ਵਿੱਚ ਵਿਅੰਗਮਈ ਸ਼ੈਲੀ ਵਰਤ ਕੇ, ਸਮੇਂ ਦੇ ਪ੍ਰਮੁੱਖ ਵਿਅਕਤੀ ਕਾਜ਼ੀ, ਹਾਜੀ ਤੇ ਨਿਵਾਜੀ ਤਾਂ ਕਿ ਸਹਿਮੇ ਹੋਏ ਲੋਕਾਂ ਦੇ ਅੰਦਰੋਂ ਡਰ ਜਾਂ ਕਾਇਰਤਾ ਦਾ ਪ੍ਰਭਾਵ ਖਤਮ ਕਰਕੇ, ਜ਼ਾਲਮ ਦੇ ਬਰਾਬਰ ਬਹਾਦਰੀ ਵਾਲੀ ਭਾਵਨਾ ਪੈਦਾ ਕੀਤੀ ਜਾ ਸਕੇ।ਦਸਮ ਗੁਰੂ ਜੀ ਲੋਕਾਂ ਨੂੰ ਇੱਕ ਸੁਨੇਹਾ ਦੇਣਾ ਚਾਹੁੰਦੇ ਸੀ ਕਿ ਜ਼ੁਲਮ ਕਰਨ ਵਾਲਾ ਵਿਅਕਤੀ ਕਾਇਰ ਤੇ ਡਰਪੋਕ ਹੁੰਦਾ ਏ, ਜਿਹੜਾ ਛੋਟੀ ਜਿਹੀ ਲਲਕਾਰ ਨਾਲ ਈ ਡਰ ਜਾਂਦਾ ਏ।ਮੌਤ ਦਾ ਖੌਫ਼ ਉਹਦੇ ਦਿਲ ਵਿੱਚ ਆਮ ਲੋਕਾਂ ਨਾਲੋਂ ਜ਼ਿਆਦਾ ਹੁੰਦਾ ਏ।ਬੱਸ ਲੋੜ ਹੁੰਦੀ ਏ, ਉਹਦੇ ਸਾਹਮਣੇ ਖੜ੍ਹ ਕੇ ਵੰਗਾਰਨ ਦੀ ਹਿੰਮਤ ਕਰਨ ਦੀ !
 ਅਗਣਤ ਦਾਨੋ ਭਾਰੇ ਹੋਏ ਲੋਹੂਆ॥
 ਜੋਧੇ ਜੇਡੁ ਮੁਨਾਰੇ ਅੰਦਰਿ ਖੇਤ ਦੈ॥
 ਦੁਰਗਾ ਨੋ ਲਲਕਾਰੇ ਆਵਨ ਸਾਮਣੇ॥੩੮॥
ਸਰਣਵਤ ਬੀਜ ਹਕਾਰੇ ਰਹਦੇ ਸੂਰਮੇ॥
ਜੋਧੇ ਜੇਡੁ ਮੁਨਾਰੇ ਦਿੱਸਨ ਖੇਤ ਵਿਚਿ॥
ਸਭਨੀ ਦਸਤ ਉਭਾਰੇ ਤੇਗਾਂ ਧੂਹਿ ਕੈ॥
ਮਾਰੇ ਮਾਰ ਪੁਕਾਰੇ ਆਏ ਸਾਮਣੇ॥੩੫॥
    ਮਹਿਖਾਸੁਰ ਦੀ ਵੰਗਾਰ ਵੀ ਸੁਣਨ ਵਾਲੀ ਏ।ਉਹ ਕਹਿੰਦਾ ਏ ਕਿ ‘ਮੈਂ ਤਾਂ ਇੰਦਰ ਵਰਗੇ ਭਜਾ ਦਿੱਤੇ ਨੇ।ਇਹ ਵਿਚਾਰੀ ਦੁਰਗਾ ਕੀ ਚੀਜ਼ ਏ ?’
ਉਮਲ ਲਥੇ ਜੋਧੇ ਮਾਰੂ ਵੱਜਿਆ॥
ਬੱਦਲ ਜਿਉ ਮਹਿਖਾਸੁਰ ਰਣ ਵਿਚਿ ਗੱਜਿਆ॥
ਇੰਦਰ ਜੇਹਾ ਜੋਧਾ ਮੈਥਉ ਭੱਜਿਆ॥
ਕਉਣੁ ਵਿਚਾਰੀ ਦੁਰਗਾ ਜਿਨ ਰਣੁ ਸਜਿਆ॥੧੬॥
ਚੋਟ ਪਈ ਖਰਚਾਮੀ ਦਲਾਂ ਮੁਕਾਬਲਾ॥
ਘੇਰ ਲਈ ਵਰਿਆਮੀ ਦੁਰਗਾ ਆਇ ਕੈ॥
ਰਾਕਸ਼ ਬੜੇ ਅਲਾਮੀ ਭੱਜ ਨ ਜਾਣਦੇ॥
ਅੰਤ ਹੋਏ ਸੁਰਗਾਮੀ ਮਾਰੇ ਦੇਵਤਾ॥੧੪॥
   ਦੇਵੀ ਦੀ ਤਾਰੀਫ਼ ਗੁਰੂ ਜੀ ਇੰਝ ਕਰਦੇ ਹਨ-
ਕੜਕ ਉੱਠੀ ਰਣ ਚੰਡੀ ਫਉਜਾ ਦੇਖਕੈ॥
ਧੂਹਿ ਮਿਆਨੋ ਖੰਡਾ ਹੋਈ ਸਾਮ੍ਹਣੇ॥੨੭॥
   ਜੰਗ ਦਾ ਨਕਸ਼ਾ ਖਿੱਚਣ ਵਿੱਚ ਗੁਰੂ ਜੀ ਨੇ ਕਮਾਲ ਦੀ ਕਲਾ ਵਿਖਾਈ ਏ।54 ਪਉੜੀਆਂ ਤੇ ਇੱਕ ਦੋਹਰੇ ਸਮੇਤ ਛੋਟੇ ਅਕਾਰ ਵਿੱਚ ਬਹੁਤ ਹੀ ਰੌਚਕ ਸ਼ੈਲੀ ਵਿੱਚ ਅਲੰਕਾਰਾਂ ਦੀ ਵਰਤੋਂ ਕਰਕੇ ਵਾਰ ਨੂੰ ਕਲਮਬੱਧ ਕੀਤਾ ਹੈ।ਹੱਦੋਂ ਵੱਧ ਮੁਹਾਵਰਿਆਂ ਦੀ ਵਰਤੋਂ ਨੇ ਇਸ ਰਚਨਾ ਨੂੰ ਬਹੁਤ ਈ ਦਿਲਚਸਪ ਬਣਾ ਦਿੱਤਾ ਏ।ਨਮੂਨੇ ਮਾਤਰ-
ਸੱਟ ਪਈ ਜਮਧਾਣੀ ਦਲਾਂ ਮੁਕਾਬਲਾ॥
ਧੂਹਿ ਲਈ ਕ੍ਰਿਪਾਣੀ ਦੁਰਗਾ ਮਿਆਨ ਤੇ॥
ਚੰਡੀ ਰਾਕਸਿ ਖਾਣੀ ਵਾਹੀ ਦੈਤ ਨੂੰ॥
ਕੋਪਰ ਚੂਰ ਚਵਾਣੀ ਲਥੀ ਕਰਗ ਲੈ॥
ਪਾਖਰ ਤੁਰਾ ਪਲਾਣੀ ਰੜਕੀ ਧਰਤ ਜਾਇ॥
ਲੈਦੀ ਅਘਾ ਸਿਧਾਣੀ ਸਿੰਗਾਂ ਧਉਲ ਦਿਆ॥੧੯॥
   ਭਾਵ ਜਦ ਦੁਰਗਾ ਦੇਵੀ ਨੇ ਮਹਿਖਾਸੁਰ ਦੈਂਤ ਦੇ ਸਿਰ ਵਿੱਚ ਤਲਵਾਰ ਮਾਰੀ ਤਾਂ ਉਹ ਮਹਿਖਾਸੁਰ ਦੇ ਸਿਰ ਨੂੰ ਭੰਨ ਕੇ, ਮੂੰਹ ਅਥਵਾ ਸਰੀਰ ਨੂੰ ਚੀਰ ਕੇ, ਘੋੜੇ ਦੀ ਕਾਠੀ ‘ਚੋਂ ਸਾਰ ਪਾਰ ਨਿਕਲਦੀ ਹੋਈ, ਘੋੜੇ ਨੂੰ ਦੋਫਾੜ ਕਰਕੇ, ਧਰਤੀ ਨਾਲ ਜਾ ਟਕਰਾਈ।ਏਥੇ ਹੀ ਬੱਸ ਨਹੀਂ, ਸਗੋਂ ਧਰਤੀ ਨੂੰ ਚੀਰ ਕੇ, ਧੌਲੇ ਬਲਦ ਦੇ ਸਿੰਙਾਂ ਤੋਂ ਵੀ ਅੱਗੇ ਕੱਛੂ (ਇਹ ਸਿਧਾਂਤ ਸਨਾਤਨ ਧਰਮ ਦੇ ਪੁਰਾਣਾਂ ਦਾ ਲੇਖ ਏ ਕਿ ਧਰਤੀ ਕੱਛੂਕੁੰਮੇ ਦੀ ਪਿੱਠ ‘ਤੇ ਟਿਕਾਈ ਹੋਈ ਏ ਤੇ ਕੱਛੂਕੁੰਮਾ ਧੌਲੇ ਬਲਦ ਦੇ ਸਿੰਙਾਂ ਵਿਚਕਾਰ ਬੈਠਾ ਏ।ਗੁਰੂ ਜੀ ਨੇ ਇਹ ਵਿਸ਼ੇਸ਼ਣ ਸਿਰਫ਼ ਦ੍ਰਿਸ਼ਟਾਂਤ ਦੇ ਰੂਪ ਵਿੱਚ ਵਰਤਿਆ ਏ।ਵੈਸੇ ਗੁਰਮਤਿ ਦਾ ਸਿਧਾਂਤ ‘ਧੌਲੁ ਧਰਮੁ ਦਇਆ ਕਾ ਪੂਤੁ’ ਹੈ।) ਦੇ ਸਿਰ ਤੱਕ ਜਾ ਅੱਪੜੀ।
    ਦੁਵੱਲੀ ਜੰਗ ਵਿੱਚ ਲੜਦੇ ਹੋਏ ਦੈਂਤਾਂ ਦੇ ਸਰੀਰਾਂ ਵਿੱਚੋਂ ਲਹੂ ਦੇ ਪ੍ਰਨਾਲੇ ਇਉਂ ਵਹਿੰਦੇ ਹਨ, ਜਿਵੇਂ ਮੀਂਹ ਪੈਣ ਨਾਲ ਪਹਾੜਾਂ ਤੋਂ ਬਰਸਾਤੀ ਨਾਲਿਆਂ ਵਿੱਚ ਲਾਲ-ਲਾਲ ਪਾਣੀ ਵਗਦਾ ਏ-
 ਰੱਤੂ ਦੇ ਪ੍ਰਨਾਲੇ ਤਿਨ ਤੇ ਭੁਇ ਪਏ॥੩੮॥
 ਰੱਤੂ ਦੇ ਹੜਵਾਣੀ ਚਲੇ ਬੀਰ ਖੇਤ॥੨੦॥
 ਵਗੈ ਰੱਤੁ ਝੁਲਾਰੀ ਜਿਉਂ ਗੇਰੂ ਬਾਬਰਤਾ॥੧੧॥
   ਭਾਵ- ਲਹੂ ਜਾਂ ਰੱਤ ਦੀਆਂ ਝਾਲਾਰਾਂ  ਇਉਂ ਪੈਂਦੀਆਂ ਹਨ, ਜਿਵੇਂ ਉੱਚੇ ਤੇ ਗੇਰੂ ਰੰਗ ਦੇ ਪਹਾੜ ਤੋਂ ਪਾਣੀ ਦੀਆਂ ਲਹਿਰਾਂ ਲਾਲ ਹੋ ਕੇ ਨੀਵੇਂ ਥਾਂ ਜ਼ੋਰ ਨਾਲ ਡਿੱਗਦੀਆਂ ਨੇ।ਜਾਂ ਫਿਰ ਸ਼ਿਵ ਜੀ ਦੀਆਂ ਜਟਾਂ ਵਿੱਚੋਂ ਗੰਗਾ ਨਿਕਲ ਕੇ ਵਹਿ ਤੁਰਦੀ ਏ-
 ਜਾਪੇ ਚੱਲੇ ਰੱਤ ਦੇ ਸਲਲੇ ਜਟਧਾਰੀ॥੧੮॥
    ਦੈਂਤਾਂ ਦੇ ਵੱਢੇ-ਟੁੱਕੇ ਅੰਗ ਤੇ ਲੋਥਾਂ ਇਉਂ ਪਈਆਂ ਹਨ, ਜਿਵੇਂ ਕਿਸੇ ਤਰਖਾਣ ਨੇ ਜੰਗਲ ਦੇ ਰੁੱਖ ਵੱਢ ਕੇ ਜਾਂ ਮੋਛੇ ਕਰਕੇ ਭਾਵ ਟੋਟੇ-ਟੋਟੇ ਕਰਕੇ ਸੁੱਟ ਦਿੱਤੇ ਹਨ-
 ਜਣ ਲੈ ਕੱਟੇ ਆਰੇ ਦਰਖਤ ਬਾਢੀਆ॥੨੭॥
 ਵੱਢੇ ਗਨ ਤਿਖਾਣੀ ਮੂਏ ਖੇਤ ਵਿਚ॥੧੯॥
 ਜਾਪੇ ਕਟੇ ਬਾਢੀਆ ਰੁਖ ਚੰਦਨਿ ਆਰੀ॥੪੮॥
   ਦੁਰਗਾ ਨੇ ਦੈਂਤਾਂ ਨੂੰ ਬਰਛੀ ਜਾਂ ਨੇਜੇ ਵਿੱਚ ਇਉਂ ਪਰੋ ਦਿੱਤਾ, ਜਿਵੇਂ ਹਲਵਾਈ ਸੀਖ (ਸਿਲਾਈ) ਨਾਲ ਪ੍ਰੋ ਕੇ ਵੜਿਆਂ ਨੂੰ ਕੜਾਹੀ ‘ਚੋਂ ਬਾਹਰ ਕੱਢਦਾ ਏ।ਜਾਂ ਫਿਰ ਇਉਂ ਜਾਪਦਾ ਏ, ਜਿਵੇਂ ਟਾਹਣੀ ਨਾਲ ਔਲੇ ਚਿੰਬੜੇ ਹੁੰਦੇ ਹਨ-
 ਜਾਣ ਹਲਵਾਈ ਸੀਖ ਨਾਲ ਵਿਨ ਵੜੇ ਉਤਾਰੇ॥੫੨॥
 ਬੀਰ ਪਰੋਤੇ ਬਰਛੀਏਂ ਜਣ ਡਾਲ ਚਮੁੱਟੇ ਆਵਲੇ॥੮॥
 ਇਕ ਬੀਰ ਪਰੋਤੇ ਬਰਛੀਏ ਜਿਉ ਝੁਕ ਪਉਨ ਨਿਵਾਜੀ॥੪੫॥
   ਭਾਵ- ਜਿਵੇਂ ਨਿਵਾਜ ਕਰਨ ਵਾਲੇ ਝੁਕਦੇ ਹਨ, ਇਸ ਤਰ੍ਹਾਂ ਬਰਛੀ ਨਾਲ ਵਿੰਨੇ ਹੋਏ ਨੇ।ਤੇਗਾਂ ਇਉਂ ਲਿਸ਼ਕਦੀਆਂ ਹਨ, ਜਿਵੇਂ ਸੰਘਣੇ ਬੱਦਲਾਂ ਵਿੱਚ ਬਿਜਲੀ ਚਮਕਦੀ ਏ ਜਾਂ ਧੁੰਦ ਵਿੱਚ ਸੂਰਜ ਲਿਸ਼ਕਦਾ ਏ-
  ਘਣ ਵਿਚ ਜਿਉਂ ਛੰਛਾਲੀ ਤੇਗਾਂ ਹਸੀਆਂ॥
 ਘੁੱਮਣਆਰਿ ਸਿਆਲੀ ਬਣੀਆਂ ਕੇਜਮਾਂ॥੩੯॥
    ਲਹੂ ਨਾਲ ਲਿੱਬੜੀ ਬਰਛੀ ਸਰੀਰ ‘ਚੋਂ ਨਿਕਲ ਕੇ ਇਉਂ ਜਾਪਦੀ ਏ, ਜਿਵੇਂ ਕੋਈ ਨਵਵਿਆਹੀ ਮੁਟਿਆਰ ਲਾਲ ਸੁਰਖ ਸਾੜੀ ਪਹਿਨ ਕੇ ਤੁਰੀ ਆਉਂਦੀ ਹੋਵੇ-
 ਡੁਬ ਰੱਤੂ ਨਾਲਹੁ ਨਿਕਲੀ ਬਰਛੀ ਦੁਧਾਰੀ॥
 ਜਾਣ ਰਜਾਦੀ ਉਤਰੀ ਪੈਨ੍ ਸੂਹੀ ਸਾਰੀ॥੫੩॥
   ਖੁੱਲ੍ਹੇ ਹੋਏ ਵਾਲ ਤੇ ਜ਼ਖਮੀ ਹੋਏ ਦੈਂਤ ਇੰਝ ਬੇਖ਼ਬਰ ਹੋ ਕੇ ਪਏ ਹਨ, ਜਿਵੇਂ ਕੋਈ ਸ਼ਰਾਬੀ, ਸ਼ਰਾਬ ਨਾਲ ਰੱਜ ਕੇ ਪਿਆ ਹੋਵੇ ਜਾਂ ਕੋਈ ਜਟਾਧਾਰੀ ਸਾਧੂ ਭੰਗ ਪੀ ਕੇ ਮਸਤ ਹੋ ਕੇ ਪਿਆ ਹੋਵੇ-
 ਜਣ ਮਦ ਖਾਇ ਮਦਾਰੀ ਘੂਮਨ ਸੂਰਮੇ॥੩੫॥
 ਪੀਤਾ ਫੁੱਲ ਇਆਣੀ ਘੂਮਨ ਸੂਰਮੇ॥੨੦॥
 ਖੁੱਲੀ ਵਾਲੀਂ ਦੈਂਤ ਅਹਾੜੇ ਸਭੇ ਸੂਰਮੇ॥
 ਸੁੱਤੇ ਜਾਣਿ ਜਟਾਲੇ ਭੰਗਾਂ ਖਾਇ ਕੈ॥੧੭॥
 ਇਕ ਵੱਢੇ ਤੇਗੀਂ ਤੜਫੀਅਨ
 ਮਦ ਪੀਤੇ ਲੋਟਨਿ ਬਾਵਲੇ॥
    ਭਾਵ ਤੇਗਾਂ ਨਾਲ ਵੱਢੇ ਹੋਏ ਇਉਂ ਤੜਫਦੇ ਹਨ, ਜਿਵੇਂ ਸ਼ਰਾਬ ਪੀ ਕੇ ਮਸਤਾਨੇ (ਸ਼ਰਾਬੀ) ਲਿਟਦੇ ਹਨ।ਮਰ ਚੁੱਕੇ ਸਰਣਵਤ ਬੀਜ ਦੀ ਰੂਹ ਨੂੰ ਅਕਾਸ਼ੀ ਹੂਰਾਂ ਇਉਂ ਘੇਰ ਕੇ ਖਲੋ ਜਾਂਦੀਆਂ ਹਨ, ਜਿਵੇਂ ਵਿਆਹ ਸਮੇਂ ਲਾੜੇ ਨੂੰ ਸਾਲੀਆਂ ਘੇਰ ਲੈਂਦੀਆਂ ਹਨ।ਦੇਖੋ- ਚੋਜੀ ਪਿਤਾ ਜੀ ਦੀ ਕਲਮ ਦਾ ਕਮਾਲ-
 ਹੂਰਾਂ ਸਰਣਵਤਬੀਜ ਨੂੰ ਘਤਿ ਘੇਰਿ ਖਲੋਈਆਂ॥
 ਲਾੜਾ ਦੇਖਣ ਲਾੜੀਆਂ ਚਉਗਿਰਦੈ ਹੋਈਆਂ॥੪੨॥
   ਧੌਂਸਿਆਂ ਜਾਂ ਢੋਲ ਨਗਾਰਿਆਂ ਦੀ ਅਵਾਜ਼ ਇਉਂ ਆਉਂਦੀ ਹੈ, ਜਿਵੇਂ ਜਮਰਾਜ ਦਾ ਝੋਟਾ ਅਰੜਾਉਂਦਾ ਏ ਜਾਂ ਖੌਰੂ ਪਾਉਂਦਾ ਏ-
 ਅਗਣਤ ਘੁਰੇ ਨਗਾਰੇ ਦਲਾਂ ਭਿੜੰਦਿਆਂ॥
 ਪਾਏ ਮਹਖਲ ਭਾਰੇ ਦੇਵਾਂ ਦਾਨਵਾਂ॥੧੫॥
 ਘੁਰੇ ਦਮਾਮੇ ਦੋਹਰੇ ਜਮ ਬਾਹਣ ਜਿਉਂ ਅਰੜਾਏ॥੨੩॥
    ਮੈਦਾਨੇ ਜੰਗ ਵਿੱਚ ਦੇਵੀ ਚੁਣ-ਚੁਣ ਕੇ ਸੂਰਮੇ ਇਉਂ ਮਾਰਦੀ ਏ, ਜਿਵੇਂ ਅਕਾਸ਼ ‘ਚੋਂ ਤਾਰੇ ਟੁੱਟ ਕੇ ਡਿੱਗਦੇ ਹਨ-
 ਚੁਣ ਚੁਣ ਜੋਧੇ ਮਾਰੇ ਅੰਦਰ ਖੇਤ ਦੈ॥
 ਜਾਪਨ ਅੰਬਰਿ ਤਾਰੇ ਡਿੱਗਨਿ ਸੂਰਮੇ॥੨੯॥
   ਫੁੱਲਾਂ ਜਾਂ ਫੁੰਮਣਾਂ ਵਾਲੇ ਨੇਜੇ ਚੁੱਕੇ ਹੋਏ ਇਉਂ ਲੱਗਦੇ ਹਨ, ਜਿਵੇਂ ਜਟਾਂ ਵਾਲੇ ਸਾਧੂ ਹੱਥਾਂ ‘ਚ ਝੰਡੀਆਂ ਫੜਕੇ ਗੰਗਾ ਦੀ ਯਾਤਰਾ ਨੂੰ ਜਾਂਦੇ ਹਨ-
 ਨੇਜੇ ਬੰਬਲੀਆਲੇ ਦਿੱਸਨ ਓਰੜੇ॥
 ਚੱਲੇ ਜਾਨ ਜਟਾਲੇ ਨਾਵਣ ਗੰਗ ਨੂੰ॥੪੬॥
   ਦਸਮ ਗੁਰੂ ਜੀ ਨੇ ਆਪਣੀ ਰਚਨਾ ‘ਚੰਡੀ ਦੀ ਵਾਰ’ ਵਿੱਚ ਸ਼ਬਦ ਰਚਨਾ ਅਜਿਹੇ ਢੰਗ ਨਾਲ ਕੀਤੀ ਏ ਅਥਵਾ ਕਾਵਿਕ ਸ਼ੈਲੀ ਐਸੀ ਵਰਤੀ ਏ ਕਿ ਜੰਗ ਦਾ ਨਕਸ਼ਾ ਅੱਖਾਂ ਦੇ ਸਾਹਮਣੇ ਪ੍ਰਤੱਖ ਨਜ਼ਰ ਆਉਂਦਾ ਏ।ਛੰਦਾਂ-ਬੰਦੀ ਦੀ ਚਾਲ ਐਸੀ ਏ ਕਿ ਪੜ੍ਹਨ ਵਾਲਾ ਸ਼ਬਦਾਂ ਵਿੱਚ ਈ ਗੁਆਚ ਜਾਂਦਾ ਏ।ਵਾਰ ਦਾ ਮੁੱਖ ਛੰਦ ਸਿਰਖੰਡੀ ਏ, ਜਿਸ ਦਾ ਭਾਵ ਏ : ਸਿਰ ਉਡਾ ਦਿੱਤਾ ਗਿਆ।ਇਸ ਛੰਦ ਦਾ ਤੁਕਾਂਤ ਅੱਧ ਵਿੱਚ ਮਿਲਦਾ ਏ ਤੇ ਹਰੇਕ ਤੁਕ ਦਾ ਅੱਧ ਤੋਂ ਅੱਗਲਾ ਭਾਗ ਜਾਂ ਹਿੱਸਾ ਸਰੀਰ ਤੋਂ ਵੱਖ ਕੀਤੇ ਸਿਰ ਵਾਂਗ ਉਖੜਿਆ ਹੁੰਦਾ ਏ।ਅਜਿਹੀ ਕਾਵਿਕ ਸ਼ੈਲੀ ਵਰਤ ਕੇ, ਦਸਮ ਗੁਰੂ ਜੀ ਦਾ ਮਕਸਦ ਸਿਰਫ ਦੱਬੇ-ਕੁਚਲੇ ਲੋਕਾਂ ਨੂੰ ਮਾਨਸਿਕ ਤੌਰ ‘ਤੇ ਤਿਆਰ ਕਰਨਾ ਸੀ।ਚੰਡੀ ਦੀ ਵਾਰ ਵਿੱਚ ਮਨੋਕਲਪਿਤ ਯੁੱਧਾਂ-ਜੰਗਾਂ ਦਾ ਚਿੱਤਰ ਚਿਤਰ ਕੇ, ਲੋਕਾਂ ਦੇ ਮਨਾਂ ਵਿੱਚ ਯੁੱਧ ਲਈ ਲੜਨ ਅਤੇ ਮਰਨ-ਮਰਾਉਣ ਦਾ ਚਾਅ ਪੈਦਾ ਕਰਨਾ ਸੀ।ਵਾਰ ਵਿਚਲੇ ਜੰਗੀ ਦ੍ਰਿਸ਼ਾਂ ਨੂੰ ਪੜ੍ਹਦਾ ਹੋਇਆ ਪਾਠਕ ਆਪਣੇ ਹਿਰਦੇ ਵਿੱਚ ਜੋਸ਼ ਮਹਿਸੂਸ ਕਰਦਾ ਏ।ਜੰਗੀ ਚਿੱਤਰਾਂ ਵਿੱਚ ਅੱਖਾਂ ਸਾਹਮਣੇ ਲਹੂ ਨਾਲ ਨੁੱਚੜਦੀਆਂ ਤਲਵਾਰਾਂ, ਤੜਫਦੇ ਜ਼ਖਮੀ ਤੇ ਕੁਰਲਾਉਂਦੇ ਸੂਰਮੇ, ਸਰੀਰਾਂ ਵਿੱਚੋਂ ਸਾਰ-ਪਾਰ ਨਿਕਲੇ ਨੇਜੇ-ਇੱਕ ਖੌਫ਼ਨਾਕ ਚਿੱਤਰ ਪੇਸ਼ ਕਰਦੇ ਹਨ।
    ਵਾਰ ਵਿੱਚ ਤਰ੍ਹਾਂ-ਤਰ੍ਹਾਂ ਦੀ ਮੁਹਾਵਰੇਦਾਰ ਸ਼ੈਲੀ, ਜਿਵੇਂ:ਟਾਹਣੀ ਨਾਲ ਚਿਪਕੇ ਔਲੇ, ਦਰਿਆ ਵਿੱਚ ਡੋਲਦੀ ਕਿਸ਼ਤੀ, ਅਨਾਰ ਨੂੰ ਲਾਲ ਫੁੱਲ ਲੱਗਣਾ, ਕਿਸਾਨ ਦੁਆਰਾ ਫਸਲ ਕੱਟਣੀ, ਤਰਖਾਣ ਦਾ ਆਰੇ ਨਾਲ ਰੁੱਖ ਵੱਢਣਾ, ਸੁਨਿਆਰੇ ਦਾ ਸੋਨਾ ਢਾਲਣਾ,ਘੁਮਿਆਰ ਦਾ ਬਰਤਨ ਬਣਾਉਣਾ, ਹਲਵਾਈ ਦਾ ਵੜੇ ਵਿੰਨਣਾ, ਬਾਜ਼ੀਗਰ ਦਾ ਢੋਲ ਵਜਾਉਣਾ ਆਦਿ ਕਿੱਤਾਕਾਰੀ ਪੱਖ ਨਾਲ ਸੰਬੰਧ ਰੱਖਦਾ ਏ ਤੇ ਬਹਾਦਰੀ ਦਾ ਸੂਚਕ ਪੱਖ: ਸ਼ੇਰ ਵਾਂਗ ਗੱਜਣਾ, ਝੋਟਿਆਂ ਵਾਂਗ ਖੌਰੂ ਪਾਉਣਾ, ਬਿਜਲੀ ਵਾਂਗ ਕੜਕਣਾ ਜਾਂ ਬੱਦਲਾਂ ਵਾਂਗ ਗੱਜਣਾ, ਮੁਨਾਰੇ ਜਿਹੇ ਉੱਚੇ, ਤਾਰਿਆਂ ਦਾ ਟੁੱਟਣਾ ਆਦਿਕ ਅਨੇਕਾਂ ਵੰਨਗੀਆਂ ਪੇਸ਼ ਕੀਤੀਆਂ ਹਨ।
    ਉਸ ਵੇਲੇ ਜੰਗ ਵਿੱਚ ਵਰਤੇ ਗਏ ਹਥਿਆਰਾਂ ਦਾ ਵਰਨਣ ਵੀ ਬਾਖੂਬ ਕੀਤਾ ਏ, ਜਿਵੇਂ: ਤੀਰ, ਤਲਵਾਰ, ਧਨੁੱਖ, ਤੁਫੰਗ,ਗਦਾ, ਤਿਰਸ਼ੂਲ,ਚੱਕਰ, ਨੇਜੇ, ਬਰਛੇ, ਸੰਜੋਅ, ਪਟੇਲਾ, ਪਾਖਰਾ ਆਦਿਕ।ਫਿਰ ਇੱਕ ਹੀ ਹਥਿਆਰ ਦੇ ਅਣਗਿਣਤ ਨਾਮ, ਜੋ ਗਿਣੇ ਨਹੀਂ ਜਾਂਦੇ।ਧੌਂਸੇ, ਨਗਾਰੇ, ਦਮਾਮਾ, ਸੰਖ, ਘੜਿਆਲ, ਸਹਨਾਈ, ਤਬਲਾ, ਸੰਗਲੀਆਲੇ, ਘੁੰਗਰੂ, ਤੂਰ, ਮਚੰਗ, ਤੂੰਬਰ, ਢੋਲ, ਡਫ, ਡਉਰੂ, ਰਣਸਿੰਘਾ ਆਦਿਕ ਮਾਰੂ ਵਾਜਿਆਂ ਦਾ ਜ਼ਿਕਰ ਏ, ਜਿਨ੍ਹਾਂ ਨੂੰ ਗਿਣਨਾ ਅਤਿਕਥਨੀ ਏ।
    ਕਾਲਾ ਸਿੰਘ ਬੇਦੀ ਅਨੁਸਾਰ-“ਚੰਡੀ ਦੀ ਵਾਰ ਇੱਕ ਫੁੱਲਵਾੜੀ ਹੈ ਤੇ ਉਪਮਾ ਇਸ ਵਿੱਚ ਵੱਖਰੇ-ਵੱਖਰੇ ਰੰਗ-ਬਰੰਗੇ ਫੁੱਲ ਹਨ।”
    ਭਾਈ ਕਾਨ੍ਹ ਸਿੰਘ ਨਾਭਾ ਜੀ ਦੇ ਸ਼ਬਦਾਂ ਅਨੁਸਾਰ-“ਚੰਡੀ ਚਰਿੱਤਰ ਤੇ ਚੰਡੀ ਦੀ ਵਾਰ ਦਸਮ ਗ੍ਰੰਥ (ਬਚਿਤਰ ਨਾਟਕ) ਦਾ ਇੱਕ ਭਾਗ ਹੈ।ਦੁਰਗਾ ਦੀ ਇਹ ਕਥਾ ਮਾਰਕੰਡੇ ਪੁਰਾਣ ਤੋਂ ਲਈ ਗਈ ਹੈ।ਇਸ ਪੁਰਾਣ ਦੇ ੮੧ਵੇਂ ਅਧਿਆਇ ਤੋਂ ਲੈ ਕੇ ੯੪ਵੇਂ ਅਧਿਆਇ ਤੱਕ ਦੁਰਗਾ ਦੀ ਕਥਾ ੭੦੦ ਸਲੋਕਾਂ ਵਿੱਚ ਲਿਖੀ ਗਈ ਹੈ।ਜਿਸ ਦਾ ਨਾਉਂ ‘ਦੁਰਗਾ ਸਪਤਸਤੀ’ ਅਤੇ ਦੁਰਗਾ ਪਾਠ ਹੋ ਗਿਆ।”
    ਸ੍ਰੀ ਭਗਾਉਤੀ ਜੀ ਕੀ ਵਾਰ ਜਾਂ ਚੰਡੀ ਦੀ ਵਾਰ ਦਸਮ ਪਿਤਾ ਜੀ ਦੀ ਇੱਕ ਸ਼ਾਹਕਾਰ ਤੇ ਬੀਰ ਰਸ ਪੈਦਾ ਕਰਨ ਵਾਲੀ ਅਦੁੱਤੀ ਰਚਨਾ ਹੈ।
 ਸੁਖਦੇਵ ਸਿੰਘ ਭੁੱਲੜ 
 ਸੁਰਜੀਤ ਪੁਰਾ ਬਠਿੰਡਾ 
 9417046117

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 
Previous article*ਨਵੇਂ ਫੌਜਦਾਰੀ ਕਾਨੂੰਨਾਂ ਵਿਰੁੱਧ ਸਾਂਝੀ ਕਨਵੈਨਸ਼ਨ ਇੱਕ ਸਤੰਬਰ ਨੂੰ*
Next articleਸ਼ਾਨੇ ਦੁਆਬਾ ਵੋਕੇਸ਼ਨਲ ਟ੍ਰੇਨਿੰਗ ਇੰਸਟੀਚਿਊਟ ਹਰਿਆਣਾ ਵੱਲੋਂ “ਤੀਆਂ ਆਂ ਦਾ ਤਿਉਹਾਰ” ਮਨਾਇਆ ਗਿਆ