ਬ੍ਰਿਗੇਡੀਅਰ ਲਿੱਧੜ ਨੂੰ ਵੀ ਫੌਜੀ ਸਨਮਾਨਾਂ ਨਾਲ ਅੰਤਿਮ ਵਿਦਾਈ

ਨਵੀਂ ਦਿੱਲੀ (ਸਮਾਜ ਵੀਕਲੀ): ਤਾਮਿਲਨਾਡੂ ’ਚ ਵਾਪਰੇ ਹੈਲੀਕਾਪਟਰ ਹਾਦਸੇ ’ਚ ਸੀਡੀਐੱਸ ਬਿਪਿਨ ਰਾਵਤ ਅਤੇ 11 ਹੋਰਾਂ ਨਾਲ ਜਾਨ ਗੁਆਉਣ ਵਾਲੇ ਬ੍ਰਿਗੇਡੀਅਰ ਐੱਲ ਐੱਸ ਲਿੱਧੜ ਦਾ ਅੱਜ ਇਥੇ ਬਰਾੜ ਸਕੁਏਅਰ ਸ਼ਮਸ਼ਾਨਘਾਟ ’ਚ ਪੂਰੇ ਫ਼ੌਜੀ ਸਨਮਾਨਾਂ ਨਾਲ ਸਸਕਾਰ ਕਰ ਦਿੱਤਾ ਗਿਆ। ਬ੍ਰਿਗੇਡੀਅਰ ਲਿੱਧੜ ਦੀ ਧੀ ਆਸ਼ਨਾ ਨੇ ਪਿਤਾ ਦੀ ਚਿਖਾ ਨੂੰ ਅਗਨੀ ਦਿਖਾਈ। ਇਸ ਤੋਂ ਪਹਿਲਾਂ ਅੱਜ ਸਵੇਰੇ ਰੱਖਿਆ ਮੰਤਰੀ ਰਾਜਨਾਥ ਸਿੰਘ, ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਅਤੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਸਮੇਤ ਫ਼ੌਜ ਦੇ ਸੀਨੀਅਰ ਅਧਿਕਾਰੀਆਂ ਨੇ ਬ੍ਰਿਗੇਡੀਅਰ ਲਿੱਧੜ ਦੀ ਦੇਹ ’ਤੇ ਸ਼ਰਧਾ ਦੇ ਫੁੱਲ ਭੇਟ ਕੀਤੇ।

ਸਸਕਾਰ ਤੋਂ ਬਾਅਦ ਬ੍ਰਿਗੇਡੀਅਰ ਲਿੱਧੜ ਦੀ ਪਤਨੀ ਗੀਤਿਕਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਸ ਨੂੰ ਮਾਣ ਨਾਲੋਂ ਜ਼ਿਆਦਾ ਦਰਦ ਮਹਿਸੂਸ ਹੋ ਰਿਹਾ ਹੈ। ਉਨ੍ਹਾਂ ਕਿਹਾ,‘‘ਜ਼ਿੰਦਗੀ ਅਜੇ ਬਹੁਤ ਲੰਮੀ ਹੈ ਪਰ ਜੇਕਰ ਇਹੋ ਰੱਬ ਦੀ ਮਰਜ਼ੀ ਹੈ ਤਾਂ ਅਸੀਂ ਇਸ ਨੂੰ ਸਹਿਣ ਕਰਾਂਗੇ। ਅਸੀਂ ਨਹੀਂ ਚਾਹੁੰਦੇ ਸੀ ਕਿ ਉਹ ਇੰਜ ਵਾਪਸ ਆਉਂਦੇ।’’ ਉਨ੍ਹਾਂ ਕਿਹਾ ਕਿ ਧੀ ਆਸ਼ਨਾ ਲਿੱਧੜ (17) ਲਈ ਇਹ ਬਹੁਤ ਵੱਡਾ ਘਾਟਾ ਹੈ। ਆਸ਼ਨਾ ਨੇ ਕਿਹਾ ਕਿ ਉਸ ਦੇ ਪਿਤਾ ਨਾਇਕ ਸਨ ਅਤੇ ਇਹ ਪੂਰੀ ਕੌਮ ਦਾ ਘਾਟਾ ਹੈ। ਪਿਤਾ ਨੂੰ ਆਪਣਾ ਚੰਗਾ ਦੋਸਤ ਕਰਾਰ ਦਿੰਦਿਆਂ ਉਸ ਨੇ ਦੱਸਿਆ ਕਿ ਉਹ ਹਰੇਕ ਵਿਅਕਤੀ ’ਚ ਜੋਸ਼ ਭਰ ਦਿੰਦੇ ਸਨ।

ਜ਼ਿਕਰਯੋਗ ਹੈ ਕਿ 26 ਜੂਨ, 1969 ਨੂੰ ਜਨਮੇ ਬ੍ਰਿਗੇਡੀਅਰ ਲਿੱਧੜ ਜਨਵਰੀ 2021 ਤੋਂ ਸੀਡੀਐੱਸ ਦੇ ਰੱਖਿਆ ਸਹਾਇਕ ਸਨ। ਉਨ੍ਹਾਂ ਨੂੰ ਦਸੰਬਰ 1990 ’ਚ ਜੰਮੂ ਕਸ਼ਮੀਰ ਰਾਈਫਲਜ਼ ’ਚ ਕਮਿਸ਼ਨ ਮਿਲਿਆ ਸੀ ਅਤੇ ਕਾਂਗੋ ’ਚ ਸੰਯੁਕਤ ਰਾਸ਼ਟਰ ਸ਼ਾਂਤੀ ਸੈਨਾ ’ਚ ਉਨ੍ਹਾਂ ਆਪਣੀ ਬਟਾਲੀਅਨ ਦੀ ਕਮਾਨ ਸੰਭਾਲੀ ਸੀ। ਉਨ੍ਹਾਂ ਦੇ ਹੱਥ ’ਚ ਭਾਰਤ ਦੀਆਂ ਉੱਤਰੀ ਸਰਹੱਦਾਂ ’ਤੇ ਤਾਇਨਾਤ ਬ੍ਰਿਗੇਡ ਦੀ ਕਮਾਨ ਵੀ ਸੀ। ਉਹ ਮਿਲਟਰੀ ਅਪਰੇਸ਼ਨ ਡਾਇਰੈਕਟੋਰੇਟ ਦੇ ਡਾਇਰੈਕਟਰ ਅਤੇ ਕਜ਼ਾਖਸਤਾਨ ’ਚ ਰੱਖਿਆ ਸਹਾਇਕ ਵੀ ਰਹੇ ਸਨ।

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਹੈਲੀਕਾਪਟਰ ਹਾਦਸਾ: ਹਵਾਈ ਸੈਨਾ ਵੱਲੋਂ ਅਫ਼ਵਾਹਾਂ ਤੋਂ ਬਚਣ ਦੀ ਸਲਾਹ
Next articleਪੁਲੀਸ ਕਾਰਵਾਈ ਿਵੱਚ ਕਿਸੇ ਕਿਸਾਨ ਦੀ ਮੌਤ ਨਹੀਂ ਹੋਈ: ਤੋਮਰ