ਬਤੌਰ ਨਿਰਦੇਸ਼ਕ ‘ਦਾਸਤਾਨ-ਏ-ਸਰਹਿੰਦ’ ਹੈ ਉਨ੍ਹਾਂ ਦੀ ਆਉਣ ਵਾਲੀ ਫਿਲਮ
ਫ਼ਰੀਦਕੋਟ/ਭਲੂਰ 25 ਜੁਲਾਈ (ਬੇਅੰਤ ਗਿੱਲ ਭਲੂਰ )-ਪੰਜਾਬੀ ਫ਼ਿਲਮਾਂ ਦੇ ਨਾਮੀ ਨਿਰਦੇਸ਼ਕ ਮਨਪ੍ਰੀਤ ਸਿੰਘ ਬਰਾੜ ਅੱਜ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਅਰਾਈਆਂਵਾਲਾ ਵਿਖੇ ਆਪਣੇ ਮਿੱਤਰ ਚਰਨਜੀਤ ਸਿੰਘ ਅਰਾਈਆਂਵਾਲਾ ਦੇ ਗ੍ਰਹਿ ਪਹੁੰਚੇ। ਇੱਥੇ ਉਨ੍ਹਾਂ ਦੀ ਸੱਭਿਆਚਾਰਕ ਤੇ ਸਾਹਿਤਕ ਪ੍ਰੇਮੀਆਂ ਨਾਲ ਇਕ ਸਾਦੀ ਤੇ ਪ੍ਰਭਾਵਸ਼ਾਲੀ ਮਿਲਣੀ ਕਰਵਾਈ ਗਈ। ਇਸ ਮੌਕੇ ਨਿਰਦੇਸ਼ਕ ਮਨਪ੍ਰੀਤ ਸਿੰਘ ਬਰਾੜ ਨੇ ਆਪਣੇ ਫ਼ਿਲਮੀ ਤਜਰਬੇ ਸਾਂਝੇ ਕਰਦਿਆਂ ਦੱਸਿਆ ਕਿ ਉਨ੍ਹਾ ਨੂੰ ਲੇਖਕ- ਨਿਰਦੇਸ਼ਕ ਵਜੋਂ, ਪਾਲੀਵੁੱਡ ਤੇ ਬਾਲੀਵੁੱਡ ਦੇ ਨਾਮੀਂ ਨਿਰਦੇਸ਼ਕਾਂ ਨਾਲ ਕੰਮ ਕਰਨ ਦਾ ਖੂਬਸੂਰਤ ਸਮਾਂ ਮਿਲਦਾ ਰਿਹਾ , ਜਿਸ ਦਾ ਤਜਰਬਾ ਅੱਜ ਉਨ੍ਹਾਂ ਦੀ ਝੋਲੀ ਵਿੱਚ ਹੈ। ਸਭ ਤੋਂ ਪਹਿਲੀ ਫ਼ਿਲਮ ਬਤੌਰ ਨਿਰਦੇਸ਼ਕ ‘ਪੰਦਰਾਂ ਲੱਖ ਕਦੋਂ ਆਊਗਾ’ ਤੋਂ ਸ਼ਰੂਆਤ ਕਰਕੇ ‘ਹੇਟਰਜ਼’ ਤੱਕ ਸਫ਼ਲਤਾ ਨਾਲ ਕੰਮ ਕੀਤਾ। ਹੁਣ ਉਨ੍ਹਾਂ ਦੀਆਂ ਆਉਣ ਵਾਲੀਆਂ ਫਿਲਮਾਂ ‘ਜ਼ਿੰਦੇ ਕੁੰਡੇ ਲਾ ਲੋ, ਅਤੇ ‘ਦਾਸਤਾਨ-ਏ-ਸਰਹਿੰਦ’ ਹੈ। ਇਸ ਤੋਂ ਪਹਿਲਾਂ ਬਤੌਰ ਸਹਾਇਕ ਨਿਰਦੇਸ਼ਕ ਵਜੋਂ 15 ਕਾਮੇਡੀ ਭਰਪੂਰ ਤੇ ਪਰਿਵਾਰਕ ਫ਼ਿਲਮਾਂ ਬਣਾ ਚੁੱਕੇ ਹਨ।
ਜਿਨ੍ਹਾਂ ’ਚੋਂ ਪ੍ਰਮੁੱਖ ਨਿਰਦੇਸ਼ਕ ਸ਼ਿਤਿਜ਼ ਨਾਲ ਪਹਿਲੀ ਫ਼ਿਲਮ ‘ਜੱਟਸ ਇਨ ਗੋਲ ਮਾਲ, ਅਮਿਤੋਜ ਮਾਨ ਨਾਲ ‘ਹਾਣੀ’ ਮਨਜੀਤ ਮਾਨ-ਗੁਰਦਾਸ ਮਾਨ ਨਾਲ ‘ਦਿਲ ਵਿਲ ਪਿਆਰ ਵਿਆਰ’ ਅਤੇ ਫ਼ਰੀਦਕੋਟੀਏ ਨਾਮਵਰ ਗੀਤਕਾਰ ਸਵ.ਗੁਰਚਰਨ ਵਿਰਕ ਨਾਲ ‘ਤੂਫਾਨ ਸਿੰਘ’, ‘ਪਾਣੀ ‘ਚ ਮਧਾਣੀ’ , ਸਹੁਰਿਆਂ ਦਾ ਪਿੰਡ ਆ ਗਿਆ, ਬਾਜਰੇ ਦਾ ਸਿੱਟਾ, ਨਿਡਰ, ਮੈਂ ਤੇਰੀ ਤੂੰ ਮੇਰਾ’ ਤੇ ਹੋਰ ਵੀ ਕਈ ਫਿਲਮਾਂ ਕਰ ਚੁੱਕੇ ਹਨ। ਉਨ੍ਹਾਂ ਕਿਹਾ ਕਿ ਅਜੋਕੇ ਦੌਰ ’ਚ ਪੰਜਾਬੀ ਸਿਨੇਮਾ ਬਹੁਤ ਵੱਡੇ ਪੱਧਰ ਤੱਕ ਪਹੁੰਚ ਗਿਆ ਹੈ। ਉਨ੍ਹਾਂ ਆਖਿਆ ਕਿ ਆਉਂਦੇ ਸਮੇਂ ’ਚ ਉਹ ਪੰਜਾਬ ਦੇ ਸ਼ਾਨਾਮੱਤੇ ਸੱਭਿਆਚਾਰ ਨੂੰ ਨਿਰੰਤਰ ਫ਼ਿਲਮਾਂ ਰਾਹੀਂ ਪੇਸ਼ ਕਰਦੇ ਰਹਿਣਗੇ। ਇਸ ਮੌਕੇ ਮਾਰਕੀਟ ਕਮੇਟੀ ਫ਼ਰੀਦਕੋਟ ਦੇ ਚੇਅਰਮੈਨ ਅਮਨਦੀਪ ਸਿੰਘ ਬਾਬਾ ਨੇ ਉਨ੍ਹਾਂ ਨੂੰ ਜੀ ਆਇਆਂ ਨੂੰ ਆਖਿਆ। ਨੌਜਵਾਨ ਚਰਨਜੀਤ ਸਿੰਘ ਅਰਾਈਆਂ ਵਾਲਾ ਨੇ ਉਨ੍ਹਾਂ ਦੀ ਹਾਜ਼ਰੀਨ ਨਾਲ ਜਾਣ-ਪਹਿਚਾਣ ਕਰਵਾਈ। ਇਸ ਮੌਕੇ ਐਮ.ਸੀ.ਕਮਲਜੀਤ ਸਿੰਘ ਅਤੇ ਗੁਰਜੰਟ ਸਿੰਘ ਚੀਮਾ ਨੇ ਕਿਹਾ ਕਿ ਮਨਪ੍ਰੀਤ ਸਿੰਘ ਬਰਾੜ ਤੋਂ ਆਉਂਦੇ ਸਮੇਂ ’ਚ ਪੰਜਾਬੀਆਂ ਨੂੰ ਵੱਡੀਆਂ ਉਮੀਦਾਂ ਹਨ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly